ਪੰਜਾਬ ਵਿਚ “ਫਿਰਕੂ ਮਾਰਚਾਂ” ਅਤੇ ਨਿਰੰਕਾਰੀਆਂ ਦੀ ਤਰ੍ਹਾਂ ਸਿਰਸੇ ਡੇਰੇ ਨੂੰ ਦਿੱਤੀ ਜਾ ਰਹੀ ਸਰਕਾਰੀ ਸਹਿ ਨੂੰ ਸਿੱਖ ਕੌਮ ਬਰਦਾਸਿਤ ਨਹੀਂ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਹਰ ਗੱਲ ਦੀ ਕੋਈ ਵਜ਼ਹ, ਕਾਰਨ ਜ਼ਰੂਰ ਹੁੰਦੇ ਹਨ ਅਤੇ ਉਸਦਾ ਨਾਂਹ-ਵਾਚਕ ਜਾਂ ਹਾਂ-ਵਾਚਕ ਅਸਰ ਵੀ ਜ਼ਰੂਰ ਹੁੰਦਾ ਹੈ । ਜੋ ਪਾਕਿਸਤਾਨ ਨੂੰ ਹਿੰਦ ਵੱਲੋ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸਦੀ ਵਜ਼ਹ ਨਾਲ ਹੀ ਪਾਕਿਸਤਾਨ ਵੱਲੋ ਹਰ ਦੂਸਰੇ-ਚੌਥੇ ਦਿਨ ਸਰਹੱਦ ਉਤੇ ਜੁਆਬੀ ਕਾਰਵਾਈ ਕਰਕੇ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਅਸੀਂ ਗਿੱਦੜ-ਭਬਕੀਆਂ ਤੋ ਡਰਨ ਵਾਲੇ ਨਹੀਂ ਹਾਂ ਅਤੇ ਕਸ਼ਮੀਰ ਮਸਲੇ ਦਾ ਹੱਲ ਕਸ਼ਮੀਰ ਨਿਵਾਸੀਆਂ ਦੀ ਰਾਇ-ਸੁਮਾਰੀ ਅਨੁਸਾਰ ਹੀ ਹੋ ਕੇ ਰਹੇਗਾ । ਇਹ ਧਮਕੀਆਂ ਦਾ ਹੀ ਅਸਰ ਹੈ । ਦੂਸਰਾ ਆਈ.ਐਸ.ਆਈ.ਐਸ. ਨੇ ਆਪਣਾ ਸੈਟਰ ਜੋ ਕਸ਼ਮੀਰ ਵਿਚ ਕਾਇਮ ਕਰ ਲਿਆ ਹੈ, ਉਹ ਵੀ ਮੁਸਲਮਾਨਾਂ ਉਤੇ ਹੋ ਰਹੇ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਦਾ ਅਸਰ ਹੈ । ਬੇਸ਼ੱਕ ਅਸੀਂ ਆਈ.ਐਸ.ਆਈ.ਐਸ. ਦੀ ਵਕਾਲਤ ਤਾਂ ਨਹੀਂ ਕਰਦੇ, ਪਰ ਇਹ ਅਜਿਹਾ ਅਮਲ ਇਸ ਕਰਕੇ ਹੋਇਆ ਹੈ ਕਿਉਂਕਿ ਹਿੰਦੂਤਵ ਹੁਕਮਰਾਨਾਂ ਨੇ 2002 ਵਿਚ ਗੁਜ਼ਰਾਤ ਵਿਚ ਮੁਸ਼ਲਿਮ ਕੌਮ ਦਾ ਕਤਲੇਆਮ ਕੀਤਾ ਸੀ ਅਤੇ ਫਿਰ 2013 ਵਿਚ 60 ਹਜ਼ਾਰ ਸਿੱਖਾਂ ਨੂੰ ਗੁਜਰਾਤ ਵਿਚੋ ਜ਼ਬਰੀ ਉਜਾੜਕੇ ਬੇ-ਜਮੀਨੇ ਤੇ ਬੇ-ਘਰ ਕਰ ਦਿੱਤਾ ਗਿਆ ਸੀ । ਇਸ ਦੇ ਕਾਰਨ ਹੀ ਅੱਜ ਹਿੰਦੂ ਹੁਕਮਰਾਨਾਂ ਨੂੰ ਬਾਹਰੋ ਅਤੇ ਅੰਦਰੋ ਖ਼ਤਰਨਾਕ ਚੁਣੋਤੀਆਂ ਮਿਲ ਰਹੀਆਂ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਵੱਲੋ ਪਾਕਿਸਤਾਨ ਨੂੰ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਅਤੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਅਤੇ ਇਸਾਈਆਂ ਨਾਲ ਹਰ ਖੇਤਰ ਵਿਚ ਹੋ ਰਹੀਆਂ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਉਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੋ ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵੱਲੋ ਜੈਤੋ ਅਤੇ ਬਰਨਾਲਾ ਵਿਚ ਬੀਤੇ ਕੁੱਝ ਦਿਨ ਪਹਿਲੇ ਘੱਟ ਗਿਣਤੀ ਕੌਮਾਂ ਵਿਰੁੱਧ ਸਾਜਿ਼ਸ ਅਧੀਨ ਫਿਰਕੂ ਮਾਰਚ ਕੱਢੇ ਗਏ ਹਨ ਅਤੇ ਪੰਜਾਬ ਵਿਚ ਭਗਵਤ ਵੱਲੋ ਫੇਰੀਆਂ ਮਾਰਕੇ ਹਿੰਦੂ ਕੌਮ ਨੂੰ ਘੱਟ ਗਿਣਤੀ ਕੌਮਾਂ ਵਿਰੁੱਧ ਸੰਗਠਿਤ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਇਹ ਅਮਲ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਅਤੇ ਇਸਾਈਆਂ ਨੂੰ ਚਿੜਾਉਣ ਅਤੇ ਚੁਣੋਤੀ ਦੇਣ ਵਾਲੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਦੂਸਰਾ ਮੋਦੀ ਦੀ ਹਿੰਦੂਤਵ ਹਕੂਮਤ ਵੱਲੋ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਉਸੇ ਤਰ੍ਹਾਂ ਸਹਿ ਤੇ ਸਰਪ੍ਰਸਤੀ ਦੇਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ ਜਿਵੇ ਬੀਤੇ ਸਮੇਂ ਵਿਚ ਸੈਟਰ ਹਕੂਮਤ ਵੱਲੋ ਨਿਰੰਕਾਰੀਆਂ ਨੂੰ ਸਹਿ ਦੇ ਕੇ ਪੰਜਾਬ ਅਤੇ ਹਿੰਦ ਦੇ ਹਾਲਾਤਾਂ ਨੂੰ ਵਿਸਫੋਟਕ ਬਣਾ ਦਿੱਤਾ ਗਿਆ ਸੀ । ਜੋ ਫਿਰ ਤੋ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਗਾਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੇ ਮੰਦਭਾਵਨਾ ਭਰੇ ਅਮਲ ਹੁਕਮਰਾਨਾਂ ਵੱਲੋ ਹੋ ਰਹੇ ਹਨ, ਉਸ ਨੂੰ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਬਿਲਕੁਲ ਬਰਦਾਸਤ ਨਹੀਂ ਕਰਨਗੀਆਂ ਅਤੇ ਸਿਰਸੇ ਵਾਲੇ ਕਾਨੂੰਨ ਅਤੇ ਸਮਾਜ ਦੇ ਦੋਸ਼ੀ ਡੇਰੇਦਾਰ ਨੂੰ ਪੰਜਾਬ ਸੂਬੇ ਵਿਚ ਨਫ਼ਰਤ ਫਿਲਾਉਣ ਦੀ ਆਗਿਆ ਬਿਲਕੁਲ ਨਹੀਂ ਦਿੱਤੀ ਜਾਵੇਗੀ । ਇਸ ਲਈ ਮੋਦੀ ਹਕੂਮਤ, ਬਾਦਲ-ਬੀਜੇਪੀ ਹਕੂਮਤ ਅਤੇ ਹੋਰ ਹਿੰਦੂਤਵ ਤਾਕਤਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਬਲਾਤਕਾਰੀ ਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਸਰਪ੍ਰਸਤੀ ਅਤੇ ਸਹਿ ਦੇਣਾ ਅਤੇ ਫਿਰਕੂ ਮਾਰਚ ਅਤੇ ਪ੍ਰਚਾਰ ਕਰਨਾ ਤੁਰੰਤ ਬੰਦ ਕਰਨ । ਵਰਨਾ ਇਸ ਦੇ ਨਿਕਲਣ ਵਾਲੇ ਮਾਰੂ ਨਤੀਜਿਆਂ ਲਈ ਉਪਰੋਕਤ ਧਿਰਾਂ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੀਆਂ ਅਤੇ ਇਹ ਲਗਾਈ ਜਾ ਰਹੀ ਤੀਲੀ ਦੀ ਅੱਗ ਤੋ ਇਹ ਮਹਿਲਾਂ ਵਾਲੇ ਵੀ ਇਸ ਸੇਕ ਤੋ ਬਚ ਨਹੀਂ ਸਕਣਗੇ । ਜੇਕਰ ਇਕ ਵਾਰੀ ਇਹ ਜਿੰਨ ਬੋਤਲ ਵਿਚੋ ਬਾਹਰ ਨਿਕਲ ਗਿਆ ਤਾਂ ਹੁਕਮਰਾਨ ਚਾਹੁੰਦੇ ਹੋਏ ਵੀ ਇਸ ਨੂੰ ਕਾਬੂ ਨਹੀਂ ਕਰ ਸਕਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>