ਖੂਨੀ ਨਵੰਬਰ 1984 ਦੀ ਯਾਦ ਵਿਚ ਮੁਲਕ ਵਿਚ “ਕੌਮੀ ਪਛਤਾਵਾ ਦਿਨ” ਮਨਾਇਆ ਜਾਣਾ ਚਾਹੀਦਾ ਹੈ

ਪਹਿਲੀ ਨਵੰਬਰ ਤੋਂ 3 ਨਵੰਬਰ ਤਕ, ਦਿੱਲੀ, ਹਰਿਆਣਾ, ਕਾਨਪੁਰ, ਬੋਕਾਰੋ, ਭੂਪਾਲ ਅਤੇ ਸੈਂਕੜੇ ਹੋਰ ਥਾਂਵਾਂ ‘ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਜ਼ਾਰਾਂ ਸਿੱਖਾਂ ਦਾ ਵਹਸ਼ੀਆਣਾ ਕਤਲੇਆਮ ਕੀਤਾ। ਭਾਰਤ ਦੀ ਤਵਾਰੀਖ਼ ਵਿਚ ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਦੁੱਰਾਨੀ (ਅਬਦਾਲੀ) ਨੇ (1757 ਵਿਚ ਦਿੱਲੀ  ਤੇ 1762 ਪੰਜਾਬ ਵਿਚ) ਵੀ ਅਜਿਹਾ ਜ਼ਾਲਮਾਨਾ ਕਤਲੇਆਮ ਨਹੀਂ ਕੀਤਾ ਸੀ। ਹਿਟਲਰ ਨੇ ਜੋ ਯਹੂਦੀਆਂ ਨਾਲ ਕੀਤਾ ਇਹ ਉਸ ਤੋਂ ਵੀ ਵਧ ਵਹਿਸ਼ੀ ਅਤੇ ਘਿਰਣਾ ਭਰਿਆ ਸੀ। ਜੇ ਕਿਸੇ ਨੂੰ ਇਹ ਭਰਮ ਹੈ ਕਿ ਸਿੱਖ ਕਦੇ ਇਸ ਨੂੰ ਭੁੱਲ ਜਾਣਗੇ ਤਾਂ ਉਹ ਪਾਗ਼ਲਾਂ ਦੀ ਦੁਨੀਆਂ ਵਿਚ ਵਸਦਾ ਹੈ। ਹਾਂ, ਬੁਜ਼ਦਿਲ, ਗੀਦੀ, ਬੇਈਮਾਨ, ਨਕਲੀ ਸਿੱਖ, ਚਾਰ ਕੂ ਛਿੱਲੜਾਂ ਅਤੇ ਲੱਲੂ-ਪੰਜੂ ਜਿਹੇ ਅਹੁਦਿਆਂ ਵਾਸਤੇ ਵਿਕ ਜਾਣ ਵਾਲੇ ਨੀਚ, ਤਾਂ ਸ਼ਾਇਦ ਇਸ ਡਰਾਉਣੇ ਜ਼ੁਲਮ ਨੂੰ ਭੁੱਲਣ ਦੀ ਗੱਲ ਕਹਿ ਦੇਣ; ਪਰ ਜਿਸ ਸਿੱਖ ਦੇ ਸੀਨੇ ਵਿਚ ਦਿਲ ਧੜਕਦਾ ਹੈ ਤੇ ਜਿਸ ਦੀ ਜ਼ਮੀਰ ਮਰੀ ਨਹੀਂ, ਉਹ ਇਸ ਕਤਲੇਆਮ ਨੂੰ ਕਦੇ ਵੀ, ਜ਼ਰਾ ਮਾਸਾ ਵੀ ਭੁਲਾ ਨਹੀਂ ਸਕਦਾ।

ਇਹ ਗੱਲ ਤਵਾਰੀਖ਼ ਵਿਚ ਲਿਖੀ ਜਾ ਚੁਕੀ ਹੈ ਕਿ ਰਾਜੀਵ ਗਾਂਧੀ ਨੂੰ ਖ਼ੁਸ਼ ਕਰਨ ਵਾਸਤੇ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚ.ਕੇ,ਐਲ. ਭਗਤ, ਭਜਨ ਲਾਲ, ਧਰਮ ਦਾਸ ਸ਼ਾਸਤਰੀ, ਲਲਿਤ ਮਾਕਨ, ਅਰਜਨ ਦਾਸ (ਆਖ਼ਰੀ ਤਿੰਨਾਂ ਨੂੰ ਤਾਂ ਖਾੜਕੂਆਂ ਨੇ ਸਜ਼ਾ ਦੇ ਦਿੱਤੀ ਸੀ) ਅਤੇ ਹੋਰ ਬਹੁਤ ਸਾਰੇ ਕਾਂਗਰਸੀ ਆਗੂਆਂ ਵਿਚ (ਖ਼ਾਸ ਕਰ ਕੇ ਜਗਦੀਸ਼ ਟਾਈਲਟਰ, ਸੱਜਣ ਕੁਮਾੲ, ਭਜਨ ਲਾਲ ਅਤੇ ਐਚ.ਕੇ.ਐਲ. ਭਗਤ ਵਿਚ) ਦੌੜ ਲੱਗੀ ਹੋਈ ਸੀ ਕਿ ਕੋਣ ਵਧ ਕਤਲ ਕਰਵਾਉਂਦਾ ਹੈ (‘ਹੂ ਆਰ ਗਿਲਟੀ’ ਰਿਪੋਰਟ ਵਿਚ 200 ਦੇ ਕਰੀਬ ਕਾਤਲਾਂ ਦਾ ਜ਼ਿਕਰ ਹੈ)। ਇਹ ਗੱਲ ਅਮਰੀਕਾ ਦੇ ਸਫ਼ੀਰ ਨੇ ਵੀ ਆਪਣੀ ਸਰਕਾਰ ਨੂੰ ਲਿਖੀ ਸੀ, ਜਿਹੜੀ ਕਿ ‘ਵਿਕੀਲੀਕਸ’ ਦੇ ਖ਼ੁਲਾਸਿਆਂ ਵਿਚ ਜ਼ਾਹਿਰ ਹੋ ਚੁਕੀ ਹੈ। ਕਾਂਗਰਸੀਆਂ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਫ਼ਿਰਕੂ ਆਗੂ ਵੀ ਇਸ ਘਿਣਾਉਣੇ ਕਤਲੇਆਮ ਵਿਚ ਸ਼ਾਮਿਲ ਸਨ। ਹੋਰ ਤਾਂ ਹੋਰ ਆਰ.ਐਸ.ਐਸ. ਦੇ ਆਗੂ ਨਾਨਾਜੀ ਦੇਸ਼ਮੁਖ ਨੇ 8 ਨਵੰਬਰ 1984 ਦੇ ਦਿਨ ਇਸ ਕਤਲੇਆਮ ਦੀ ਸ਼ਰੇਆਮ ਹਿਮਾਇਤ ਕੀਤੀ ਸੀ (ਵੇਖੋ: ਪ੍ਰਤੀਪਕਸ਼, 25 ਨਵੰਬਰ 1984)। ਭਾਰਤੀ ਜਨਤਾ ਪਾਰਟੀ ਦੇ ਦਰਜਨਾਂ ਕਾਰਕੁੰਨਾਂ ‘ਤੇ ਅਜ ਵੀ ਮੁਕੱਦਮੇ ਚਲ ਰਹੇ ਹਨ।
ਇਸ ਕਤਲੇਆਮ ਬਾਰੇ ਦੁਨੀਆਂ ਭਰ ਦੇ ਇਨਸਾਨੀ ਹਕੂਕ ਦਾ ਡਰਾਮਾ ਕਰਨ ਵਾਲੇ ਮੁਲਕਾਂ ਦੀ ਚੁਪ ਸ਼ਰਮਨਾਕ ਹੈ। ਅਮਰੀਕਾ, ਜਿਹੜਾ ਕਿਸੇ ਜਗਹ ‘ਤੇ ਚਾਰ ਬੰਦਿਆਂ ਦੇ ਕਤਲ ‘ਤੇ ਕੁਰਲਾ ਉਠਦਾ ਹੈ ਉਸ ਨੂੰ ਇਸ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦਾ ਨੋਟਿਸ ਲੈਣ ਤਕ ਦਾ ਜੀਅ ਨਹੀਂ ਕੀਤਾ। ਇੰਗਲੈਂਡ ਦੀ ਮਾਰਗਰੇਟ ਥੈਚਰ ਤਾਂ ਸਿੱਖਾਂ ‘ਤੇ ਜ਼ੁਲਮ ਵਿਚ ਖ਼ੁਦ ਵੀ ਭਾਈਵਾਲ ਸੀ। ਯੂ.ਐਨ.ਓ.ਵੀ ਇਕ ਵੱਡਾ ‘ਤਮਾਸ਼ਾ ਹਾਊਸ’ ਹੈ; ਉਥੇ ਇਨਸਾਨੀਅਤ ਨਹੀਂ ਬਲਕਿ ਤਾਕਤਵਰ ਮੁਲਕਾਂ ਦੀ ਮਰਜ਼ੀ ਚਲਦੀ ਹੈ; ਇਹ ਬੇਮਾਅਨਾ ‘ਕਿੱਟੀ ਪਾਰਟੀ’ ਤੋਂ ਵਧ ਕੁਝ ਨਹੀਂ ਹੈ।

1985 ਵਿਚ ਰਾਜੀਵ ਗਾਂਧੀ ਨੇ ‘ਰਾਜੀਵ-ਲੌਂਗੋਵਾਲ ਸਮਝੌਤਾ’ ਕਰਨ ਦਾ ਡਰਾਮਾ ਕਰ ਕੇ ਖ਼ੂਨੀ ਨਵੰਬਰ 1984 ਦੇ ਮਸਲੇ ‘ਤੇ ਪੋਚਾ-ਪਾਚੀ ਕਰਨ ਵਾਸਤੇ ਕਮਿਸ਼ਨ ਬਣਾਏ; ਪਰ ਉਹ ਸਿਰਫ਼ ਫੋਕਾ ਦਿਖਾਵਾ ਹੀ ਸਨ। ਹੋਰ ਤਾਂ ਹੋਰ ਬਹੁਤੇ ਜੱਜ ਵੀ ਬੇਈਮਾਨ ਸਨ। ਦਿੱਲੀ ਹਾਈ ਕੋਰਟ, ਸੁਪਰੀਮ ਕੋਰਟ ਨੂੰ ਆਪਣੇ ਸ਼ਹਿਰ ਵਿਚ ਹੋਏ ਤਵਾਰੀਖ਼ ਦੇ ਸਭ ਤੋਂ ਭਿਆਨਕ ਕਤਲੇਆਮ ਦਾ ਨੋਟਿਸ ਲੈਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਕਿਉਂ ਕਿ ਇਹ ਸਿੱਖਾਂ ਦਾ ਕਤਲੇਆਮ ਸੀ। ਮੀਡੀਆ ਨੂੰ ਇਸ ਭਿਆਨਕ ਕਤਲੇਆਮ ਦਾ ਜ਼ਿਕਰ ਵੀ ਵਾਧੂ ਦੀ ਕਾਰਵਾਈ ਜਾਪਿਆ। ਕਾਹਦੀਆਂ ਅਦਾਲਤਾਂ, ਤੇ ਕਾਹਦੇ ਇਨਸਾਫ਼, ਤੇ ਕਾਹਦਾ ਮੀਡੀਆ ਤੇ ਕਾਹਦੀ ਇਨਸਾਨੀਅਤ? ਇਹ ਸਭ ਮਜ਼ਾਕ ਹੀ ਹੈ।

1984 ਤੋਂ ਮਗਰੋਂ ਦੀਆਂ ਚੋਣਾਂ ਮਗਰੋਂ, ਦਿੱਲੀ ਦੇ ਸਿੱਖਾਂ ਨੇ ਕਾਂਗਰਸ ਪਾਰਟੀ ਨੂੰ ਸਜ਼ਾ ਦੇਣ ਵਾਸਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਜਿਤਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਅਪਾਣੀ ਜ਼ਬਰਦਸਤ ਹਾਰ ਮਗਰੋਂ, ਕਾਂਗਰਸ ਨੇ ਸਿੱਖਾਂ ਨੂੰ ਭਰਮਾਉਣ ਦਾ ਡਰਾਮਾ ਸ਼ੁਰੂ ਕਰ ਦਿੱਤਾ। ਪਰਮਜੀਤ ਸਿੰਘ ਸਰਨਾ ਧੜੇ ਨੂੰ ਅੱਗੇ ਲਾ ਕੇ ਸਿੱਖਾਂ ਦੇ ਜ਼ਖ਼ਮਾਂ ‘ਤੇ ਮਰਹਮ ਲਾਉਣ ਦਾ ਦਿਖਾਵਾ ਸ਼ੁਰੂ ਕੀਤਾ। ਪਰ ਕਾਂਗਰਸ ਦੇ ਲੀਡਰਾਂ ਵਿਚ ਨਵੰਬਰ 1984 ਵਾਲੀ ਬਦਨੀਅਤੀ ਅਜੇ ਵੀ ਕਾਇਮ ਸੀ। ਜੇ ਕਾਂਗਰਸ ਜ਼ਰਾ-ਮਾਸਾ ਦਿਖਾਵਾ ਵੀ ਕਰਨਾ ਚਾਹੁੰਦੀ ਤਾਂ ਦੋ ਕੂ ਨਿੱਕੇ ਨਿੱਕੇ ਕਦਮ ਚੁਕ ਕੇ ਸਿੱਖਾਂ ਦਾ ਅੱਧਾ ਕੂ ਗੁੱਸਾ ਖ਼ਤਮ ਕਰ ਸਕਦੀ ਸੀ। ਸ਼ਾਇਦ ਬਹੁਤ ਸਾਰੇ ਸਿੱਖਾਂ ਵਿਚ ਇਸ ਨਾਲ ਖ਼ੂਨੀ ਚੌਰਾਸੀ ਦਾ ਦਰਦ ਘਟ ਜਾਂਦਾ। ਇਹ ਵਾਸਤੇ ਜਗਦੀਸ਼ ਟਾਈਟਲਰ, ਸਜਣ ਕੁਮਾਰ, ਐਚ.ਕੇ,ਐਲ. ਭਗਤ, ਭਜਨ ਲਾਲ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾ ਸਕਦਾ ਸੀ; ਉਨ੍ਹਾਂ ਨੂੰ ਹੋਰ ਫ਼ਾਇਦੇ ਦਿੱਤੇ ਜਾ ਸਕਦੇ ਸੀ। ਕਾਂਗਰਸ ਨੂੰ ਇਨ੍ਹਾਂ ਤੋਂ ਵਜ਼ੀਰੀਆਂ ਖੋਹਣ ਨਾਲ ਕੋਈ ਫ਼ਰਕ ਵੀ ਨਹੀਂ ਸੀ ਪੈਣਾ। ਇਨ੍ਹਾਂ ਨੂੰ ਅੰਦਰੋ-ਅੰਦਰੀ ਮਿੰਨਤਾਂ ਕਰ ਕੇ ਚੁਪ ਵੀ ਕਰਵਾ ਸਕਦੇ ਸੀ। ਪਰ ਜੇ ਇਹ ਨਾ ਮੰਨਦ,ਅਤੇ ਬਹੁਤੀ ਗੜਬੜ ਕਰਦੇ, ਤਾਂ ਇਨ੍ਹਾਂ ਦੀ ਸਕਿਊਰਿਟੀ ਘਟਾ ਕੇ ਇਨ੍ਹਾਂ ਨੂੰ ਇਕ-ਇਕ ਕਰ ਕੇ, ਜਾਂ ਇਕੱਠਿਆਂ ਨੂੰ ਵੀ, ਖਾੜਕੂਆਂ ਦਾ ਨਾਂ ਲਾ ਕੇ ਮਰਵਾਇਆ ਵੀ ਜਾ ਸਕਦਾ ਸੀ ਜਿਵੇਂ ਭਾਰਤ ਵਿਚ ਸਿਆਸੀ ਵਿਰੋਧੀਆਂ ਨਾਲ ਕੀਤਾ ਜਾਂਦਾ ਤੇ ਅੱਜ ਵੀ ਕੀਤਾ ਜਾ ਰਿਹਾ ਹੈ।

ਪਰ, ਰਾਜੀਵ ਅਤੇ ਸੋਨੀਆ ਨੇ ਅਜਿਹਾ ਨਹੀਂ ਕੀਤਾ। ਰਾਜੀਵ ਦੇ ਦਿਲ ਵਿਚ 1991 ਤਕ, ਅਤੇ ਸੋਨੀਆ ਦੇ ਦਿਲ ਵਿਚ 2014 ਤਕ, ਸਿੱਖਾਂ ਵਾਸਤੇ ਸਦਾ ਓਨੀ ਹੀ ਨਫ਼ਰਤ ਰਹੀ ਜਿੰਨੀ ਕਿ 31 ਅਕਤੂਬਰ 1984 ਦੇ ਦਿਨ ਸੀ। ਸਿੱਖਾਂ ਵੱਲੋਂ ਵਾਰ ਵਾਰ ਇਨ੍ਹਾਂ ਕਾਤਲਾਂ ਦੀ ਮੁਖ਼ਾਲਫ਼ਤ ਹੋਣ ਦੇ ਬਾਵਜੂਦ, ਪਹਿਲਾਂ ਰਾਜੀਵ, ਫਿਰ ਨਰਸਿੰਮ੍ਹਾ ਰਾਓ ਤੇ ਮਗਰੋਂ ਸੋਨੀਆ ਨੇ ਇਨ੍ਹਾਂ ਨੂੰ ਬਚਾਉਣ ਵਾਸਤੇ ਪੁਲਸ, ਜੱਜਾਂ, ਵਕੀਲਾਂ, ਸੀ.ਬੀ.ਆਈ. ਰਾਹੀਂ ਪੂਰੀ ਮਦਦ ਕੀਤੀ। ਫਿਰ, ਏਨਾ ਹੀ ਬਸ ਨਹੀਂ, ਇਨ੍ਹਾਂ ਨੂੰ ਵਧੀਆ ਤੋਂ ਵਧੀਆ ਵਜ਼ੀਰੀਆਂ ਵੀ ਦਿੱਤੀਆਂ। ਜਦ ਸਿੱਖ ਰੌਲਾ ਪਾਉਂਦੇ ਸੀ ਤਾਂ ਇਨ੍ਹਾਂ ਤੋਂ ਵਜ਼ੀਰੀ ਖੋਹ ਕੇ ਇਨ੍ਹਾਂ ਦੇ ਟੱਬਰ ਨੂੰ ਉਸ ਦੀ ਥਾਂ ‘ਤੇ ਲੈ ਆਉਂਦੇ ਸਨ ਤੇ ਇਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਉਚੀ ਥਾਂ ਦੇ ਦੇਂਦੇ ਸਨ। ਇਸ ਦਾ ਮਤਲਬ ਸਾਫ਼ ਸੀ ਕਿ ਕਾਂਗਰਸ ਸਿੱਖਾਂ ਦੇ ਖ਼ੂਨੀ ਚੌਰਾਸੀ ਦੇ ਕਤਲੇਆਮ ਦੇ ਜ਼ਿਮੰੇਵਾਰਾਂ ਨੂੰ ਆਪਣਾ ਹੀਰੋ ਸਮਝਦੀ ਸੀ ਅਤੇ ਇਸ ਕਤਲੇਆਮ ਨੂੰ ਸਹੀ ਸਮਝਦੀ ਸੀ। ਜੇ ਕਿਤੇ-ਕਿਤੇ ਕੋਈ ਕਾਂਗਰਸੀ ਦਿਖਾਵੇ ਦਾ ਅਫ਼ਸੋਸ ਕਰਦਾ ਸੀ ਤਾਂ ਸਾਫ਼ ਦਿਸਦਾ ਸੀ ਕਿ ਇਹ ਇਕ ਮਹਿਜ਼ ਡਰਾਮਾ ਹੈ।

20 ਸਾਲ ਤੋਂ ਵੀ ਵਧ, ਭਾਰਤ ਦੀ ਪਾਰਲੀਮੈਂਟ ਵਿਚ, ਮੁਲਕ ਦੇ ਸਭ ਤੋਂ ਵਹਸ਼ੀਆਣਾ, ‘ਖ਼ੂਨੀ ਨਵੰਬਰ ਚੌਰਾਸੀ’ ਦੇ ਕਤਲੇਆਮ ‘ਤੇ ਅਫ਼ਸੋਸ ਦਾ ਮਤਾ ਵੀ ਪਾਸ ਨਾ ਕੀਤਾ (ਉਂਞ ਭਾਜਪਾ ਤੇ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੇ ਵੀ ਅਜਿਹਾ ਨਹੀਂ ਸੀ ਕੀਤਾ)। ਅਖ਼ਰਿ ਕਾਂਗਰਸ ਨੇ ਸਿੱਖ ਸਰੂਪ ਵਾਲੇ, ਪਰ ਜਿਸ ਦੇ ਅੰਦਰ ਸਿੱਖੀ ਮਰੀ ਹੋਈ ਸੀ, ਕੋਲੋਂ ਰਸਮੀ ਜਿਹੀ ਤੇ ਓਪਰੀ ਜਿਹੀ ਮੁਆਫ਼ੀ ਮੰਗਵਾਈ ਤੇ ਉਸ ਵਿਚ ਵੀ ਸਿੱਖਾਂ ‘ਤੇ ਅੱਧਾ ਕੂ ਦੋਸ਼ ਲਾਉਣ ਦੀ ਸ਼ਰਮਨਾਕ ਹਰਕਤ ਕੀਤੀ। ਪਰ, ਇਸ ਮੁਆਫ਼ੀ ਦੇ ਬਾਵਜੂਦ ਸਿੱਖਾਂ ਦੇ ਕਾਤਲਾਂ ਨੂੰ, ਪਹਿਲਾਂ ਵਾਂਙ, ਵਜ਼ੀਰੀਆਂ ਅਤੇ ਅਹੁਦੇ ਦੇਣਾ ਜਾਰੀ ਰੱਖਿਆ। ਹੋਰ ਤਾਂ ਹੋਰ ਜਦ ਕਿਸ਼ੋਰੀ ਲਾਲ ਵਰਗੇ ਕਿਸੇ ਕਾਤਲ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਸ਼ੀਲਾ ਦੀਕਸ਼ਤ ਦੀ ਸਰਕਾਰ ਉਸ ਨੂੰ ਰਿਹਾ ਕਰਨ ਵਾਸਤੇ ਬਹਾਨੇ ਲੱਭਦੀ ਰਹੀ।

ਚਾਹੀਦਾ ਤਾਂ ਇਹ ਸੀ ਕਿ ਮੁਲਕ ਦੇ ਇਸ ਸਭ ਤੋਂ ਵੱਡੇ ਤੇ ਘਿਣਾਉਣੇ ਕਤਲੇਆਮ ਦੀ ਯਾਦ ਵਿਚ ਇਕ “ਕੌਮੀ ਪਛਤਾਵਾ ਦਿਨ”, ਯਾਨਿ ਕੌਮੀ ਸੋਗ ਦਾ ਦਿਨ ਐਲਾਨਿਆ ਜਾਂਦਾ। ਹਰ ਸਾਲ ਪਹਿਲੀ ਨਵੰਬਰ ਨੂੰ ਸਾਰੇ ਮੁਲਕ ਵਿਚ ਛੁੱਟੀ ਕਰ ਕੇ ਇਸ ਕਤਲੇਆਮ ਦਾ ਅਫ਼ਸੋਸ ਮਨਾਇਆ ਜਾਂਦਾ ਅਤੇ ਇਸ ਘਟਨਾ ਦੇ ਦਰਦ ਨੂੰ ਯਾਦ ਕੀਤਾ ਜਾਂਦਾ। ਚਾਹੀਦਾ ਤਾਂ ਇਹ ਸੀ ਕਿ ਸਕੂਲਾਂ ਦੇ ਸਿਲੇਬਸ ਵਿਚ ਇਸ ਘਟਨਾ ਨੂੰ ਪੜ੍ਹਾਇਆ ਜਾਂਦਾ।

ਲਾਲ ਕਿਲ੍ਹਾ, ਪਾਰਲੀਮੈਂਟ ਜਾਂ ਕਨਾਟ ਪਲੇਸ ਵਿਚ, “ਟਾੱਵਰ ਆਫ਼ ਨੈਸ਼ਨਲ ਰੀਪੈਂਟੈਂਸ” (ਕੌਮੀ ਦੁਖਾਂਤ ਦਾ ਮੀਨਾਰ) ਦੇ ਨਾਂ ‘ਤੇ ਇਕ ਵੱਡਾ ਮੀਨਾਰ ਉਸਾਰਿਆ ਜਾਂਦਾ। ਇਸ ਤੋਂ ਇਲਾਵਾ, ਜਿਸ-ਜਿਸ ਜਗਹ ਕਲਤੇਆਮ ਹੋਇਆ ਸੀ, ਉਥੇ-ਉਥੇ ਪਾਰਕ ਬਣਾ ਕੇ ਇਸ ਕੌਮੀ ਦੁਖਾਂਤ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਜਾਂਦੀਆਂ।

ਪਰ ਕਾਂਗਰਸ ਨੇ ਕੁਝ ਵੀ ਨਹੀਂ ਕੀਤਾ। ਕਾਂਗਰਸ ਨੇ ਸਿੱਖਾਂ ਦੇ ਕਾਤਲਾਂ ਦੀ ਆਪਣੇ ਪੁੱਤਰਾਂ ਵਾਂਙ ਪੁਸ਼ਤ-ਪਨਾਹੀ ਕਰਨੀ ਜਾਰੀ ਰੱਖੀ। ਕਾਂਗਰਸ ਦਾ ਵਤੀਰਾ ਦੇਖ ਕੇ ਮੈਨੂੰ ਤਾਂ ਸਦਾ ਅਜਿਹਾ ਮਹਿਸੂਸ ਹੁੰਦਾ ਹੈ ਕਿ “ਖ਼ੂਨੀ ਨਵੰਬਰ 1984” ਅਜੇ ਤਕ ਜਾਰੀ ਹੈ। ਇਸ ਦੇ ਜ਼ਿੰਮੇਦਾਰਾਂ ਨੂੰ ਅਹੁਦੇ ਦੇਣਾ, ਇਸ ਜ਼ੁਲਮ ਦਾ ਈਨਾਮ ਦੇਣਾ ਹੈ। ਸਿਰਫ਼ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਯੌਗਿੰਦਰ ਯਾਦਵ ਤੇ ਉਨ੍ਹਾਂ ਦੇ ਸਾਥੀਆਂ ਨੇ ਇਨਸਾਨੀਅਤ ਦਿਖਾਈ ਹੈ ਅਤੇ ਸਿੱਖਾਂ ਨਾਲ ਸੱਚੀ ਹਮਦਰਦੀ ਦਿਖਾਈ ਹੈ।

ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ; ਇਹ ਕਾਂਗਰਸ ਵੱਲੋਂ ਕੀਤੇ ਇਸ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਹਿੰਦੇ ਰਹੇ ਹਨ। ਹੁਣ ਇਨ੍ਹਾਂ ਹੱਥ ਤਾਕਤ ਹੈ; ਜੇ ਇਹ ਸੰਜੀਦਾ ਹਨ ਤਾਂ ਇਹ ਇਸ ਨੂੰ ਘਟੋ-ਘਟ ਕੌਮੀ ਦੁਖਾਂਤ ਤਾਂ ਐਲਾਨ ਦੇਣ ਅਤੇ ਇਸ ਜ਼ੁਲਮ ਨੂੰ ਭਾਰਤ ਦੇ ਸਕੂਲਾਂ ਦੀਆਂ ਕਿਤਾਬਾਂ ਵਿਚ ਤਵਾਰੀਖ਼ ਦਾ ਹਿੱਸਾ ਬਣਾ ਦੇਣ। ਆਸ ਹੈ ਕਿ ਭਾਜਪਾ ਆਪਣੀਆਂ ਗੱਲਾਂ ਨੂੰ ਅਮਲ ਵਿਚ ਲਿਆਉੰਦੀ ਹੋਈ “ਟਾੱਵਰ ਆਫ਼ ਨੈਸ਼ਨਲ ਰੀਪੈਂਟੈਂਸ” (ਕੌਮੀ ਦੁਖਾਂਤ ਦਾ ਮੀਨਾਰ) ਦੇ ਨਾਂ ‘ਤੇ ਇਕ ਵੱਡਾ ਮੀਨਾਰ ਜ਼ਰੂਰ ਉਸਾਰੇਗੀ ਅਤੇ ਇਸ ਦਿਨ ਨੂੰ “ਕੌਮੀ ਪਛਤਾਵਾ ਦਿਨ” ਦੇ ਤੌਰ ‘ਤੇ ਮਨਾਇਆ ਕਰੇਗੀ ਅਤੇ ਇਸ ਦਿਨ ਸਾਰੇ ਮੁਲਕ ਵਿਚ ਦੋ ਮਿੰਟ ਦੀ ਚੁੱਪ ਰੱਖ ਕੇ ਲੋਕਾਂ ਵਿਚ ਇਹ ਅਹਿਸਾਸ ਭਰਿਆ ਕਰੇਗੀ ਕਿ ਮੁੜ ਕੇ ਕਦੇ ਵੀ, ਕਿਸੇ ਨਾਲ ਵੀ, “ਖ਼ੂਨੀ 1984” ਨਾ ਦੁਹਰਾਈ ਜਾਏ। ਕੌਮੀ ਦੁਖਾਂਤ ਦਾ ਇਹ ਮੀਨਾਰ ਵੱਲਭ ਭਾਈ ਪਟੇਲ ਦੇ ਬੁੱਤ ਤੋਂ ਵਧ ਅਹਮੀਅਤ ਰਖਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>