ਰਕਾਬਗੰਜ ਸਾਹਿਬ ਵਿਖੇ 1984 ਦੇ ਯਾਦਗਾਰ ਦੀ ਉਸਾਰੀ ਕਾਰਜਾਂ ਦੀ 1 ਨਵੰਬਰ ਨੂੰ ਹੋਵੇਗੀ ਸ਼ੁਰੂਆਤ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੀ 30ਵੀਂ ਬਰਸੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਇਸ ਕਤਲੇਆਮ ਦੇ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਅਤੇ ਸਿੱਖਾਂ ਦੀ ਜਾਨ-ਮਾਲ ਦੀ ਰੱਖਿਆਂ ਵੇਲ੍ਹੇ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ‘ਚ ਬਨਣ ਵਾਲੇ “ਨਵੰਬਰ 1984 ਸਿੱਖ ਕਤਲੇਆਮ ਯਾਦਗਾਰ” ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਪੀੜਤ ਪਰਿਵਾਰਾਂ ਦੀ ਮੌਜੂਦਗੀ ‘ਚ ਕਰੇਗੀ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਉਕਤ ਯਾਦਗਾਰ ਦੀ ਉਸਾਰੀ ਲਈ ਗੁਰਦੁਆਰਾ ਕੰਪਲੈਕਸ ਵਿਖੇ ਨਾ ਤਾਂ ਕੋਈ ਪੁਰਾਣੀ ਉਸਾਰੀ ਢਾਹੀ ਜਾਏਗੀ ਤੇ ਨਾ ਹੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗੀ ਅਤੇ ਇਹ ਯਾਦਗਾਰ ਸ਼ਾਂਤੀ, ਸਰਬ-ਧਰਮ ਤੇ ਸਦਭਾਵ ਨੂੰ ਆਪਣੇ ‘ਚ ਸਮੇਟੇ ਹੋਏ ਗੈਰ ਸਿਆਸੀ ਵਿਚਾਰਧਾਰਾ ਦੀ ਹੋਵੇਗੀ।
ਮਨਜੀਤ ਸਿੰਘ ਜੀ.ਕੇ. ਨੇ 1984 ‘ਚ ਮਾਰੇ ਗਏ ਨਿਰਦੋਸ਼ 12000 ਸਿੱਖਾਂ ਨੂੰ ਸ਼ਰਧਾਂਜਲੀ ਦੇਣ ਲਈ 30 ਸਾਲ ਬਾਅਦ ਬਣਾਈ ਜਾ ਰਹੀ ਇਸ ਯਾਦਗਾਰ ਦੀ ਉਸਾਰੀ ਕਾਰਜਾਂ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰਣ ਦੀ ਜਾਣਕਾਰੀ ਦਿੱਤੀ। ਇਸ ਯਾਦਗਾਰ ਦਾ ਨੀਂਹ ਪੱਥਰ ਪਿਛਲੇ ਸਾਲ ਜੂਨ 2013 ‘ਚ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨਾਂ ਵੱਲੋਂ ਰੱਖੇ ਜਾਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਯਾਦਗਾਰ ਦੇ  ਉਸਾਰੀ ਕਾਰਜਾਂ ਨੂੰ ਲਗਭਗ 1.5 ਸਾਲ ‘ਚ ਪੂਰਾ ਹੋਣ ਦੀ ਵੀ ਗੱਲ ਕਹੀ।
ਯਾਦਗਾਰ ਦੀ ਬਨਾਵਟ ਦੀ ਰੁਪਰੇਖਾ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਹ ਯਾਦਗਾਰ ਦੀਵਾਰਨੁਮਾ ਹੋਵੇਗੀ, ਤੇ ਇਸ ਕਤਲੇਆਮ ਦੇ ਦੌਰਾਨ ਮਾਰੇ ਗਏ ਸ਼ਹੀਦਾਂ ਦੇ ਨਾਂ ਉਲੀਕੇ ਜਾਣਗੇ ਅਤੇ ਨਾਲ ਹੀ ਪੱਥਰਾਂ ਤੇ ਕਲਾਕ੍ਰਿਤਿਆਂ ਜਾਂ ਪਾਣੀ ਦੇ ਪ੍ਰਵਾਹ ਰਾਹੀ ਸਜਾਵਟੀ ਦਿਖਾਵਟ ਵੀ ਬਣਾਈ ਜਾਏਗੀ।ਯਾਦਗਾਰ ਸਥਾਨ ਤੇ ਸਿਰਫ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਜਾ ਸਕੇਗਾ ਤੇ ਕਿਸੀ ਵੀ ਸਿਆਸੀ ਆਗੂ ਨੂੰ ਅਪਣੀ ਰਾਜਸੀ ਗੱਲ ਕਹਿਣ ਲਈ ਇਸ ਸਥਾਨ ਦਾ ਇਸਤੇਮਾਲ ਨਹੀਂ ਕਰਣ ਦਿੱਤਾ ਜਾਵੇਗਾ।
ਇਸ ਯਾਦਗਾਰ ਨੂੰ ਗੁਰਦੁਆਰਾ ਕੰਪਲੈਕਸ ਵਿਖੇ ਉਸਾਰਨ ਨੂੰ ਸਹੀਂ ਠਹਿਰਾਉਂਦੇ ਹੋਏ ਜੀ.ਕੇ. ਨੇ ਦੱਸਿਆ ਕਿ ਜਦੋ ਪੰਜਾਬੀ ਬਾਗ ਤੋਂ ਨਿਗਮ ਪਾਰਸ਼ਦ ਸਿਰਸਾ ਨੇ 5 ਨਵੰਬਰ 2012 ਨੂੰ ਪੰਜਾਬੀ ਬਾਗ ‘ਚ ਪਾਰਕਨੁਮਾ ਯਾਦਗਾਰ ਦੱਖਣ ਦਿੱਲੀ ਨਗਰ ਨਿਗਮ ਤੋਂ ਮੰਜ਼ੂਰੀ ਲੇਣ ਤੋਂ ਬਾਅਦ ਨੀਂਹ ਪੱਥਰ ਰੱਖਣ ਦੀ ਕਵਾਇਦ ਸ਼ੁਰੂ ਕੀਤੀ ਸੀ ਤੇ ਉਸ ਵੇਲ੍ਹੇ ਦੀ ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦਿਕਸ਼ਤ ਨੇ ਦਿੱਲੀ ਪੁਲਿਸ ਤੇ ਦਬਾਵ ਪਾਕੇ ਪ੍ਰੋਗਰਾਮ ਨੂੰ ਅਣਮਿਥੇ ਸਮੇਂ ਲਈ ਮੁਲਤਅਵੀ ਕਰਨ ਦਾ ਤੁਗਲਕੀ ਫੁਰਮਾਨ ਸੁਣਾਇਆ ਸੀ, ਉਸਤੋਂ ਬਾਅਦ ਵੀ ਯਾਦਗਾਰ ਨੂੰ ਬਨਾਉਣ ਲਈ ਸਾਨੂੰ ਕੋਈ ਯੋਗ ਸਥਾਨ ਪ੍ਰਾਪਤ ਨਹੀਂ ਹੋ ਸਕਿਆ।
ਪੱਤਰਕਾਰਾਂ ਵੱਲੋਂ ਭਵਿੱਖ ਵਿਚ ਸਰਕਾਰ ਪਾਸੋਂ ਯਾਦਗਾਰ ਦੀ ਉਸਾਰੀ ਲਈ ਕੋਈ ਥਾਂ ਦਿੱਤੇ ਜਾਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਜੀ.ਕੇ. ਨੇ ਉਸ ਸਥਾਨ ਤੇ ਹਸਪਤਾਲ ਜਾ ਸਕੂਲ ਦਿੱਲੀ ਕਮੇਟੀ ਵੱਲੋਂ ਬਨਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਦਿੱਲੀ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਨਵੰਬਰ 1984 ‘ਚ ਸ਼ਹੀਦ ਹੋਏ ਸਿੱਖਾਂ ਨੂੰ ਸਮਰਪਿਤ ਹੈ। ਮੀਡੀਆਂ ਦਾ ਬੀਤੇ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਜਾ ਰਹੀ ਇਨਸਾਫ ਦੀ ਲੜਾਈ ‘ਚ ਸਹਿਯੋਗ ਦੇਣ ਲਈ ਵੀ ਜੀ.ਕੇ. ਨੇ ਧੰਨਵਾਦ ਕੀਤਾ।
ਸਿਰਸਾ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਇਸ ਯਾਦਗਾਰ ਦੇ ਕਾਰਜ ਨੂੰ ਰੋਕਣ ਲਈ ਦਿੱਲੀ ਹਾਈ ਕੋਰਟ ‘ਚ ਦਿੱਤੇ ਗਏ ਹਲਫਨਾਮੇ ਦਾ ਹਵਾਲਾ ਦਿੰਦੇ ਹੋਏ ਸਰਨਾ ਭਰਾਵਾਂ ਦੀ ਇਸ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਗੈਰ ਜ਼ਰੂਰੀ ਦੱਸਿਆ। ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੁਲਕਾ ਵੱਲੋਂ ਲੁਟਿਅਨ ਜ਼ੋਨ ‘ਚ ਕਿਸੇ ਕੋਠੀ ਵਿਖੇ ਕਤਲੇਆਮ ਯਾਦਗਾਰ ਬਨਾਉਣ ਦੀ ਮੀਡੀਆ ਰਾਹੀਂ ਦਿੱਤੀ ਜਾ ਰਹੀ ਤਜਵੀਜ਼ ਤੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਸਿਰਸਾ ਨੇ ਕਿਹਾ ਕਿ ਉਹ ਉਸ ਬੰਦੇ ਬਾਰੇ ਕੁਝ ਨਹੀਂ ਕਹਿਣਗੇ ਜੋ ਪਾਰਟੀ ਦੇ ਨਾਲ ਆਪਣੀ ਸੋਚ ਵੀ ਬਦਲ ਲੈਂਦੇ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਜਦੋਂ ਜੂਨ 2013 ‘ਚ ਇਸ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤੇ ਸ. ਫੁਲਕਾ ਇਸ ਦੇ ਸਭ ਤੋਂ ਵੱਡੇ ਹਿਮਾਇਤੀ ਸਨ।
ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਗੁਰਦੇਵ ਸਿੰਘ ਭੋਲਾ, ਮਨਮਿੰਦਰ ਸਿੰਘ ਆਯੂਰ, ਐਮ.ਪੀ. ਐਸ. ਚੱਡਾ, ਹਰਵਿੰਦਰ ਸਿੰਘ ਕੇ.ਪੀ., ਕੈਪਟਨ ਇੰਦਰਪ੍ਰੀਤ ਸਿੰਘ, ਚਮਨ ਸਿੰਘ, ਬੀਬੀ ਧੀਰਜ ਕੌਰ, ਸਮਰਦੀਪ ਸਿੰਘ ਸੰਨੀ, ਜਸਬੀਰ ਸਿੰਘ ਜੱਸੀ, ਦਰਸ਼ਨ ਸਿੰਘ, ਮਨਮੋਹਨ ਸਿੰਘ, ਗੁਰਵਿੰਦਰ ਪਾਲ ਸਿੰਘ ਅਤੇ ਗੁਰਬਖਸ ਸਿੰਘ ਮੌਂਟੂਸ਼ਾਹ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>