ਨਵ ਪੰਜਾਬ ਦਿਵਸ ਮੌਕੇ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਸਨਮਾਨਿਤ

ਲੁਧਿਆਣਾ : ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ ਵਸਦੇ ਵਿਸ਼ਵ ਪ੍ਰਸਿੱਧ ਪੰਜਾਬੀ ਚਿੱਤਰਕਾਰ ਸ: ਜਰਨੈਲ ਸਿੰਘ ਨੂੰ ਸਨਮਾਨਿਤ ਕਰਦਿਆਂ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਸ: ਜਗਦੇਵ ਸਿੰਘ ਜੱਸੋਵਾਲ ਦਾ ਕਹਿਣਾ ਹੈ ਕਿ ਪੰਜਾਬੀ ਸੂਬਾ ਮੋਰਚੇ ਵਿੱਚ ਅਸੀਂ ਕੈਦਾਂ ਇਸ ਲਈ ਕੱਟੀਆਂ ਸਨ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਮੌਕੇ ਵਧਣ ਪੰਜਾਬੀ ਸਭਿਆਚਾਰ ਵਧੇਰੇ ਪ੍ਰਫੁੱਲਤ ਹੋ ਸਕੇ। ਪਰ ਪੰਜਾਬੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਸਾਰੀਆਂ ਹੀ ਸਰਕਾਰਾਂ ਨੇ ਅੱਜ ਤੱਕ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਨੂੰ ਲਾਜ਼ਮੀ ਨਹੀਂ ਬਣਾਇਆ ਅਤੇ ਨਾਂ ਹੀ ਕੁਤਾਹੀ ਕਰਨ ਵਾਲਿਆਂ ਨੂੰ ਮਿਸਾਲੀ ਸਜਾਵਾਂ ਦਾ ਵਿਧਾਨਕ ਪ੍ਰਬੰਧ ਕੀਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਸੂਬਾ ਮੋਰਚੇ ਦਾ ਵਿਰੋਧ ਕਰਨ ਵਾਲੇ ਤਾਂ ਅੱਜ ਰਾਜ ਭਾਗ ਮਾਣ ਰਹੇ ਹਨ ਅਤੇ ਮੇਰੇ ਵਰਗੇ ਭੁਗਤਿਆ ਹੋਇਆ ਜੁਰਮਾਨਾ ਵਾਪਸ ਮੰਗ ਰਹੇ ਹਨ। ਅੱਜ ਕਿਸੇ ਵੀ ਸਰਕਾਰ ਨੇ ਪੰਜਾਬੀ ਸੂਬੇ ਲਈ ਸਜ਼ਾ ਵਜੋਂ ਹੋਇਆ ਜੁਰਮਾਨਾ ਕਿਸੇ ਵੀ ਵਰਕਰ ਨੂੰ ਨਹੀਂ ਮੋੜਿਆ। ਉਨ੍ਹਾਂ ਆਖਿਆ ਕਿ ਜਰਨੈਲ ਸਿੰਘ ਵਰਗੇ ਚਿਤਰਕਾਰ ਮਾਂ ਬੋਲੀ ਪੰਜਾਬੀ, ਪੰਜਾਬ ਦੇ ਨਾਇਕ ਅਤੇ ਪੰਜਾਬੀ ਪਹਿਰਾਵਾ ਆਪਣੇ ਚਿੱਤਰਾਂ ਵਿੱਚ ਪੇਸ਼ ਕਰਕੇ ਪੰਜਾਬ ਦੇ ਸਭਿਆਚਾਰਕ ਰਾਜਦੂਤ ਵਜੋਂ ਪੂਰੇ ਵਿਸ਼ਵ ਵਿੱਚ ਆਪਣੀ ਜਿੰਮੇਂਵਾਰੀ ਨਿਭਾ ਰਹੇ ਹਨ ਅਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਕਲਾਕਾਰਾਂ, ਗਾਇਕਾਂ ਅਤੇ ਪੰਜਾਬੀ ਮਾਂ ਬੋਲੀ ਦੇ ਸੇਵਕ ਲਿਖਾਰੀਆਂ ਦੀ ਕਦਰਦਾਨੀ ਕਰੀਏ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਹਲੂਣਦਿਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਸਾਲ ਪੰਜਾਬੀ ਸੂਬਾ ਦਿਵਸ ਮੌਕੇ ਕੋਈ ਵੀ ਸਰਗਰਮੀ ਨਾ ਕਰਨਾ ਗਲਤ ਸੁਨੇਹਾ ਭੇਜਦਾ ਹੈ ਅਤੇ ਇਸ ਨੂੰ ਨਵੰਬਰ ਮਹੀਨੇ ਦੇ ਅੰਦਰ ਅੰਦਰ ਹੀ ਕੋਈ ਮਹੱਤਵਪੂਰਨ ਸਰਗਰਮੀ ਕਰਕੇ, ਲਿਖਾਰੀਆਂ ਦਾ ਆਦਰ ਮਾਣ ਕਰਕੇ, ਸੁਧਾਰਨਾ ਚਾਹੀਦਾ ਹੈ।
ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਅਤੇ ਸਕੱਤਰ ਜਨਰਲ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਜਰਨੈਲ ਸਿੰਘ ਚਿਤਰਕਾਰ ਨੇ 1985 ਵਿੱਚ ਪ੍ਰੋ: ਮੋਹਨ ਸਿੰਘ ਦਾ ਚਿੱਤਰ ਤਿਆਰ ਕਰਕੇ ਫਾਉਂਡੇਸ਼ਨ ਨੂੰ ਅਨਮੋਲ ਤੋਹਫ਼ਾ ਦਿੱਤਾ ਸੀ , ਜਿਸ ਦੀਆਂ ਲਗਪਗ 25 ਹਜ਼ਾਰ ਕਾਪੀਆਂ ਛਾਪ ਕੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਘਰਾਂ ਵਿੱਚ ਪਹੁੰਚਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਆਖਿਆ ਕਿ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਨੇੜ ਭਵਿੱਖ ਵਿੱਚ ਕਾਮਾਗਾਟਾ ਮਾਰੂ ਦੁਖਾਂਤ ਦੀ ਸ਼ਤਾਬਦੀ ਨਾਲ ਸਬੰਧਿਤ ਸੈਮੀਨਾਰ ਅਤੇ ਗੀਤ ਸੰਗੀਤ ਰਾਹੀਂ ਉਹ ਇਤਿਹਾਸ ਪੇਸ਼ ਕਰਨ ਲਈ ਸਮਾਗਮ ਰਚਾਇਆ ਜਾਵੇਗਾ। ਇਸ ਮੌਕੇ ਸ: ਜਗਦੇਵ ਸਿੰਘ ਚੇਰੀਟੇਬਲ ਟਰੱਸਟ ਦੇ ਟਰੱਸਟੀ ਮਾਸਟਰ ਸਾਧੂ ਸਿੰਘ ਗਰੇਵਾਲ, ਸ: ਗੁਰਨਾਮ ਸਿੰਘ ਧਾਲੀਵਾਲ, ਪ੍ਰਿਥੀਪਾਲ ਸਿੰਘ, ਸ: ਹਰਭਜਨ ਸਿੰਘ ਰਾਣਾ, ਰਜੀਵ ਕੁਮਾਰ ਲਵਲੀ, ਅਮਰਪ੍ਰੀਤ ਸਿੰਘ ਸਨੀ ਜੱਸੋਵਾਲ, ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ, ਵਿਧਾਇਕ ਅਤੇ ਗਾਇਕ ਮੁਹੰਮਦ ਸਦੀਕ, ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ, ਸੀਨੀਅਰ ਆਗੂ ਗੁਰਦੇਵ ਸਿੰਘ ਲਾਪਰਾਂ, ਅਮਰਜੀਤ ਸਿੰਘ ਟਿੱਕਾ, ਮੋਹਨ ਸਿੰਘ ਫਾਉਂਡੇਸ਼ਨ ਦੇ ਜਨਰਲ  ਸਕੱਤਰ ਡਾ:ਨਿਰਮਲ ਜੌੜਾ, ਸਭਿਆਚਾਰ ਸੱਥ ਪੰਜਾਬ ਦੇ ਚੇਅਰਮੈਨ ਸ: ਜਸਮੇਰ ਸਿੰਘ ਢੱਟ ਸਮੇਤ ਹੋਰ ਕਈ  ਸਿਰਕੱਢ ਵਿਅਕਤੀ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>