ਨਵੀਂ ਦਿੱਲੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਇਤਿਹਾਸ ਤੋਂ ਜਾਣੂੰ ਕਰਵਾਉਂਦੀ ਐਨੀਮੇਸ਼ਨ ਫ਼ਿਲਮ “ਚਾਰ ਸਾਹਿਬਜ਼ਾਦੇ” ਨੂੰ ਪੂਰੇ ਦੇਸ਼ ਵਿਚ ਟੇਕਸ ਫ੍ਰੀ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਾਰਤ ਸਰਕਾਰ ਨੂੰ ਪੱਤਰ ਲਿੱਖਿਆ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕੇਂਦਰੀ ਖਜਾਨਾ ਅਤੇ ਸੁਚਨਾ ਤੇ ਪ੍ਰਸਾਰਣ ਮੰਤਰੀ ਅਰੂਣ ਜੇਤਲੀ ਨੂੰ ਲਿੱਖੀ ਗਈ ਚਿੱਠੀ ‘ਚ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਦੇਸ਼ ਅਤੇ ਕੌਮ ਦੀ ਰੱਖਿਆ ਲਈ ਆਪਣਾ ਸਰਬੰਸ ਵਾਰਣ ਦਾ ਹਵਾਲਾ ਦਿੰਦੇ ਹੋਏ ਧਰਮ ਨਿਰਪੇਖ ਭਾਰਤ ਦੇ ਨਿਰਮਾਣ ਵਾਸਤੇ ਸਿੱਖ ਗੁਰੂਆਂ, ਯੋਧਿਆਂ ਅਤੇ ਜਰਨੈਲਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਵੀ ਜ਼ਿਕਰ ਕੀਤਾ ਗਿਆ।
ਹਰ ਦੇਸ਼ਵਾਸੀ ਨੂੰ ਇਸ ਫ਼ਿਲਮ ਨੂੰ ਆਪਣੇ ਬੱਚਿਆਂ ਨੂੰ ਦਿਖਾਉਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਆਪਣੀ ਲਿੱਖੀ ਚਿੱਠੀ ‘ਚ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਿਆਂ ਵੱਲੋਂ ਚਮਕੌਰ ਦੀ ਗੜੀ ‘ਚ ਅਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਸਰਹਿੰਦ ਵਿਖੇ ਨੀਹਾਂ ਵਿਚ ਚਿਣ ਕੇ ਪ੍ਰਾਪਤ ਕੀਤੀ ਗਈ ਸ਼ਹੀਦੀ ਦਾ ਵੀ ਵੇਰਵਾ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਤਿਲਕ ਅਤੇ ਜਨੇਉੂ ਦੀ ਰਾਖੀ ਲਈ ਦਿੱਤੀ ਗਈ ਸ਼ਹੀਦੀ ਦਾ ਬਾਰੇ ਇਸ ਚਿੱਠੀ ‘ਚ ਗੱਲ ਕਰਦੇ ਹੋਏ ਜੀ.ਕੇ. ਨੇ ਉਕਤ ਫ਼ਿਲਮ ਨੂੰ ਟੇਕਸ ਫ੍ਰੀ ਕਰਨ ਨਾਲ ਮਾਣਮੱਤੇ ਸਿੱਖ ਇਤਿਹਾਸ ਨੂੰ ਆਮ ਲੋਕਾਂ ਤੱਕ ਵੱਧ ਤੋਂ ਵੱਧ ਤਾਦਾਦ ਵਿਚ ਪਹੁੰਚਣ ਦਾ ਵੀ ਦਾਅਵਾ ਕੀਤਾ ਹੈ।
ਚਾਰ ਸਾਹਿਬਜ਼ਾਦੇ ਫ਼ਿਲਮ ਨੂੰ ਟੇਕਸ ਫ੍ਰੀ ਕਰਨ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ
This entry was posted in ਭਾਰਤ.