ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ਰੇਲ ਗੱਡੀ ਚਲਾਈ ਜਾਵੇਗੀ। ਏਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜੇ ਹੋਣ ਦਾ ਭਾਵ ਇਥੇ ਹਰੇਕ ਧਰਮ ਦੇ ਲੋਕ ਸ਼ਰਧਾ ਭਾਵਨਾ ਨਾਲ ਆ ਕੇ ਇਸ ਮੁਕੱਦਸ ਅਸਥਾਨ ਤੇ ਨਤਮਸਤਿਕ ਹੋ ਸਕਦੇ ਹਨ। ਇਹੀ ਕਾਰਨ ਹੈ ਕਿ ਇਥੇ ਵੱਖ-ਵੱਖ ਸੂਬਿਆਂ ਤੋਂ ਆ ਕੇ ਹਰ ਰੋਜ਼ ਹਜਾਰਾਂ ਸ਼ਰਧਾਲੂ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਦਰਸ਼ਨ ਇਸ਼ਨਾਨ ਕਰਦੇ ਹਨ।
ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ ਤੋਂ ਵੀ ਬਹੁਤ ਸਾਰੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਂਦੀ ਹੈ। ਮੱਧ ਪ੍ਰਦੇਸ ਤੋਂ ਸ੍ਰੀ ਹਰਿਮੰਦਰ ਸਾਹਿਬ ਤੀਕ ਰੇਲ ਗੱਡੀ ਚੱਲਣ ਨਾਲ ਉਥੋਂ ਆਉਣ ਵਾਲੇ ਸ਼ਰਧਾਲੂਆਂ ਲਈ ਸਫ਼ਰ ਅਸਾਨ ਤੇ ਸਸਤਾ ਹੋਵੇਗਾ। ਇਸ ਲਈ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ।
ਉਨ੍ਹਾਂ ਅੱਗੇ ਕਿਹਾ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਤਿਕਾਰਯੋਗ ਮਾਤਾ ਗੁੱਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਤੇ ਅਧਾਰਿਤ ਬਣੀ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਨੂੰ ਮੱਧ ਪ੍ਰਦੇਸ ਸੂਬੇ ਵਿੱਚ ਟੈਕਸ ਰਹਿਤ ਕਰਨ ਵਾਲਾ ਮੱਧ-ਪ੍ਰਦੇਸ ਸਰਕਾਰ ਦਾ ਫੈਸਲਾ ਵੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਫਿਲਮ ਮੁਗਲਾਂ ਦੇ ਰਾਜ ਸਮੇਂ ਹੋਏ ਅਨਿਆਂ ਬਾਰੇ ਤੱਥ ਪੇਸ਼ ਕਰਦੀ ਹੈ।
ਮੱਧ ਪ੍ਰਦੇਸ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਰੇਲ ਗੱਡੀ ਚਲਾਉਣੀ ਸ਼ਲਾਘਾਯੋਗ-ਜਥੇਦਾਰ ਅਵਤਾਰ ਸਿੰਘ
This entry was posted in ਪੰਜਾਬ.