ਹਰਿਆਣਾ ਵਿਧਾਨ ਸਭਾ ਚੋਣਾ ਵਿਚ ਬੀ.ਜੇ.ਪੀ.ਦੀ ਹੂੰਝਾ ਫੇਰ ਜਿੱਤ ਨੇ ਮਿਥ ਤੋੜ ਦਿੱਤੀ

ਭਾਰਤ ਦੇ ਇਤਿਹਾਸ ਵਿਚ ਰਾਜਨੀਤਕ ਖੇਤਰ ਵਿਚ ਹੁਣ ਤੱਕ ਦੀਆਂ ਹੋਈਆਂ ਘਟਨਾਵਾਂ ਅਤੇ ਉਥਲ ਪੁਥਲ ਵਿਚ ਭਾਰਤੀ ਜਨਤਾ ਪਾਰਟੀ ਨੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਰਾਜੀਵ ਗਾਂਧੀ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕਿਸੇ ਇੱਕ ਪਾਰਟੀ ਦੇ ਕੇਂਦਰ ਅਤੇ ਰਾਜਾਂ ਵਿਚ ਰਾਜ ਸਥਾਪਤ ਕਰਨ ਦਾ ਸਮਾਂ ਖ਼ਤਮ ਹੋ ਗਿਆ ਹੈ ਅਤੇ ਸਾਂਝੀਆਂ ਸਰਕਾਰਾਂ ਦਾ ਦੌਰ ਚਲ ਪਿਆ ਹੈ ਕਿਉਂਕਿ ਰੀਜਨਲ ਪਾਰਟੀਆਂ ਦਾ ਦਬਦਬਾ ਸ਼ੁਰੂ ਹੋ ਗਿਆ ਸੀ। ਮਈ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਨਾਲ ਇਹ ਮਿਥ ਟੁੱਟ ਗਈ। ਇਥੇ ਹੀ ਬਸ ਨਹੀਂ ਸਗੋਂ ਹਰਿਆਣਾ ਵਿਚ ਵੀ ਵਿਧਾਨ ਸਭਾ ਦੀਆਂ ਚੋਣਾਂ ਨੇ ਸਾਰੇ ਸਮੀਕਰਨ ਬਦਲ ਕੇ ਹੀ ਰੱਖ ਦਿੱਤੇ। ਹਰਿਆਣਾ ਵਿਧਾਨ ਸਭਾ ਦੀਆਂ 15 ਅਕਤੂਬਰ 2014 ਨੂੰ ਹੋਈਆਂ ਚੋਣਾਂ ਵਿਚ ਮੋਦੀ ਦੀ ਲਹਿਰ ਨੇ ਭਾਰਤੀ ਜਨਤਾ ਪਾਰਟੀ ਨੂੰ ਹੂੰਝਾ ਫੇਰ ਜਿੱਤ ਦਿਵਾਕੇ,ਹਰਿਆਣਾ ਵਿਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣਾਈ ਹੈ,ਜਿਸਨੇ ਗੁਆਂਢੀ ਰਾਜ ਪੰਜਾਬ ਦੀ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ ਕਿਉਂਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਤਾਂ ਸਾਂਝੀ ਸਰਕਾਰ ਹੈ ਪ੍ਰੰਤੂ ਹਰਿਆਣਾ ਵਿਚ ਅਕਾਲੀ ਦਲ ਨੇ ਇਨੈਲੋ ਦੀ ਡਟਕੇ ਮਦਦ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੀ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਵਿਚ ਕੋਈ ਵੀ ਕ੍ਰਿਸ਼ਮਾ ਹੋ ਸਕਦਾ ਹੈ। ਜਿਹੜਾ ਹਰਿਆਣਾ 1967 ਵਿਚ ਕੁਝ ਵਿਧਾਨਕਾਰਾਂ ਵੱਲੋਂ ਇੱਕ ਦਿਨ ਵਿਚ ਹੀ 6 ਵਾਰ ਪਾਰਟੀਆਂ ਬਦਲਣ ਕਰਕੇ ਆਇਆ ਰਾਮ ਅਤੇ ਗਿਆ ਰਾਮ ਦੀ ਮਿਥ ਬਣਾਉਣ ਵਾਲਾ ਸੀ,ਉਸਨੇ ਹੀ ਇਹ ਮਿਥ ਖ਼ਤਮ ਕਰਨ ਵਿਚ ਪਹਿਲ ਕਰਕੇ ਸਥਾਈ ਸਰਕਾਰ ਬਣਾਉਣ ਦਾ ਫ਼ਤਵਾ ਦਿੱਤਾ ਹੈ। 1980 ਵਿਚ ਚੌਧਰੀ ਭਜਨ ਲਾਲ ਜਨਤਾ ਪਾਰਟੀ ਦੇ 40 ਵਿਧਾਨਕਾਰਾਂ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਕੇ ਦਲ ਬਦਲੀ ਦਾ ਰਿਕਾਰਡ ਕਾਇਮ ਕਰ ਦਿੱਤਾ ਸੀ। ਹਰਿਆਣਾ ਦੀਆਂ ਅਕਤੂਬਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਵੱਖ ਵੱਖ ਪਾਰਟੀਆਂ ਦੇ 50 ਨੇਤਾਵਾਂ ਨੇ ਦਲ ਬਦਲੀ ਕੀਤੀ ਸੀ,ਦਲਬਦਲੂਆਂ ਵਿਚ ਸਭ ਤੋਂ ਵੱਧ ਕਾਂਗਰਸੀ ਸਨ। 45 ਦਲਬਦਲੂਆਂ ਜਿਨ੍ਹਾਂ ਵਿਚ 12 ਨੇ ਬੀ.ਜੇ.ਪੀ. ਦੇ ਟਿਕਟਾਂ ਤੇ ਚੋਣ ਲੜੀ ਵਿਚੋਂ ਹਰਿਆਣਾ ਦੇ ਸਿਆਣੇ ਵੋਟਰਾਂ ਨੇ ਸਿਰਫ 4 ਹੀ ਜਿਤਾਏ। ਮਈ 2014 ਦੀਆਂ ਲੋਕ ਸਭਾ ਚੋਣਾਂ ਵਿਚ ਸ਼ੁਰੂ ਹੋਈ ਮੋਦੀ ਲਹਿਰ ਅਜੇ ਤੱਕ ਮੱਠੀ ਨਹੀਂ ਹੋਈ। ਇਉਂ ਮਹਿਸੂਸ ਹੋ ਰਿਹਾ ਹੈ ਕਿ ਜੰਮੂ ਕਸ਼ਮੀਰ ਅਤੇ ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਲਹਿਰ ਦੇ ਬਰਕਰਾਰ ਰਹਿਣ ਦੀ ਉਮੀਦ ਹੈ। ਹੁਣ ਉਮੀਦ ਹੈ ਕਿ ਜਨਵਰੀ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੀ ਨਵਾਂ ਕੀਰਤੀ ਮਾਨ ਸਥਾਪਤ ਕਰੇਗੀ। ਪੰਜਾਬ ਵਿਚ ਪਿਛਲੇ ਲਗਪਗ 8 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਚਲ ਰਹੀ ਹੈ ਪ੍ਰੰਤੂ ਉਨ੍ਹਾਂ ਦੇ ਸੰਬੰਧਾਂ ਵਿਚ ਕੜਵਾਹਟ ਹੀ ਰਹੀ ਹੈ ਕਿਉਂਕਿ ਅਕਾਲੀ ਦਲ ਪੰਜਾਬ ਵਿਚ ਬੀ.ਜੇ.ਪੀ.ਨੂੰ ਅਣਡਿਠ ਕਰਕੇ ਮਨਮਾਨੀਆਂ ਕਰ ਰਿਹਾ ਸੀ ਅਤੇ ਭਾਰਤੀ ਜਨਤਾ ਪਾਰਟੀ ਕੁਲੀਸ਼ਨ ਸਰਕਾਰ ਵਿਚ ਘੁਟਨ ਮਹਿਸੂਸ ਕਰ ਰਹੀ ਸੀ। ਇਸ ਵਾਰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿਚ 15 ਪੰਜਾਬੀ ਚੋਣ ਜਿੱਤ ਗਏ ਹਨ,ਜਿਨ੍ਹਾਂ ਵਿਚੋਂ 9 ਭਾਜਪਾ ਦੇ ਹਨ। ਹਰਿਆਣਾ ਵਿਚ ਸਿੱਖਾਂ ਦੀਆਂ 15 ਲੱਖ ਤੋਂ ਵੱਧ ਵੋਟਾਂ ਹਨ। ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਚੋਣਾਂ ਤੋਂ ਐਨ ਪਹਿਲਾਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਣਾ ਕੇ ਸਿੱਖਾਂ ਦੀਆਂ ਵੋਟਾਂ ਲੈਣ ਦਾ ਪੈਂਤੜਾ ਚਲਕੇ ਕਾਂਗਰਸ ਦੀ ਡੁਬਦੀ ਬੇੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਸਿੱਖ ਵੋਟਰਾਂ ਨੇ ਉਨ੍ਹਾਂ ਦੇ ਅਸਰ ਰਸੂਖ ਵਾਲੇ ਵਿਧਾਨ ਸਭਾ ਹਲਕਿਆਂ ਵਿਚੋਂ 9 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਤਾਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਸ਼ਪਸ਼ਟ ਹੈ ਕਿ ਸਿੱਖਾਂ ਨੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਂਤੜੇ ਨੂੰ ਅਸੀਵੀਕਾਰ ਕਰ ਦਿੱਤਾ ਹੈ। ਇੱਕ ਸੀਟ ਕਾਲਿਆਂ ਵਾਲੀ ਤੋਂ ਅਕਾਲੀ ਦਲ ਦਾ ਬਲਕੌਰ ਸਿੰਘ ਇਨੈਲੋ ਦੀ ਮਦਦ ਨਾਲ ਜੇਤੂ ਰਿਹਾ ਹੈ। ਹਾਲਾਂ ਕਿ ਅਕਾਲੀ ਦਲ ਨੇ ਹਰਿਆਣਾ ਵਿਚ ਇਨੈਲੋ ਨਾਲ ਸਮਝੌਤਾ ਕੀਤਾ ਹੋਇਆ ਸੀ ਪ੍ਰੰਤੂ ਸਿੱਖ ਵੋਟਰਾਂ ਨੇ ਇਨੈਲੋ ਨਾਲੋਂ ਭਾਰਤੀ ਜਨਤਾ ਪਾਰਟੀ ਨੂੰ ਤਰਜ਼ੀਹ ਦਿੱਤੀ ਹੈ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ 47 ਭਾਰਤੀ ਜਨਤਾ ਪਾਰਟੀ,19 ਇਨੈਲੋ ,15 ਕਾਂਗਰਸ ,2 ਹਜਕਾਂ ,1 ਬੀ.ਐਸ.ਪੀ.ਅਤੇ 5 ਅਜ਼ਾਦ ਉਮੀਦਵਾਰ ਜਿੱਤੇ ਹਨ। ਭਾਰਤੀ ਜਨਤਾ ਪਾਰਟੀ ਦੀਆਂ ਪਿਛਲੀ ਵਿਧਾਨ ਸਭਾ ਵਿਚ 4 ਸੀਟਾਂ ਸਨ ਜੋ ਵੱਧਕੇ 47 ਹੋ ਗਈਆਂ ਹਨ ਅਤੇ ਵੋਟਾਂ ਦੀ ਫ਼ੀ ਸਦੀ 9 ਤੋਂ ਵੱਧਕੇ 33.20 ਹੋ ਗਈ ਹੈ। ਕਾਂਗਰਸ40 ਸੀਟਾਂ ਤੋਂ 15 ਤੇ ਆ ਗਈ ਹੈ ਤੇ ਉਸਦੀ ਫ਼ੀ ਸਦੀ 35.1 ਤੋਂ ਘਟਕੇ 20.6 ਰਹਿ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਇੱਕ ਪੰਜਾਬੀ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਬਣਾਕੇ ਜਾਟਾਂ ਦੀ ਇਜ਼ਾਰੇਦਾਰੀ ਖ਼ਤਮ ਕਰ ਦਿੱਤੀ ਹੈ। ਹਰਿਆਣੇ ਦਾ ਇਹ ਦੂਜਾ ਪੰਜਾਬੀ ਮੁੱਖ ਮੰਤਰੀ ਹੈ। 1966 ਵਿਚ ਜਦੋਂ ਹਰਿਆਣਾ ਹੋਂਦ ਵਿਚ ਆਇਆ ਸੀ ਤਾਂ ਪਹਿਲੀ ਵਾਰ ਭਗਵਤ ਦਿਆਲ ਸ਼ਰਮਾ ਇੱਕ ਪੰਜਾਬੀ ਮੁੱਖ ਮੰਤਰੀ ਬਣਿਆਂ ਸੀ। ਹੁਣ ਤੱਕ ਹਰਿਆਣਾ ਦੀ ਸਿਆਸਤ ਵਿਚ ਲਾਲ ਪਰਵਾਰਾਂ ਦਾ ਹੀ ਕਬਜ਼ਾ ਰਿਹਾ ਹੈ। ਇਹ ਚੌਥਾ ਲਾਲ ਮੁੱਖ ਮੰਤਰੀ ਬਣਿਆਂ ਹੈ। ਇਸ ਤੋਂ ਪਹਿਲਾਂ ਦੇਵੀ ਲਾਲ 2 ਵਾਰ 1977ਤੋਂ 79 ਅਤੇ 1987 ਤੋਂ 89 ਅਤੇ ਉਸਦਾ ਲੜਕਾ ਓਮ ਪ੍ਰਕਾਸ਼ ਚੌਟਾਲਾ 3 ਵਾਰ,ਬੰਸੀ ਲਾਲ 3 ਵਾਰ 1968 ਤੋਂ 75,1986 ਤੋਂ 87 ਅਤੇ 1996 ਤੋਂ99 ਅਤੇ ਭਜਨ ਲਾਲ ਵੀ 2 ਵਾਰ 1979 ਤੋਂ 86 ਅਤੇ 1991 ਤੋਂ 96 ਤੱਕ ਮੁੱਖ ਮੰਤਰੀ ਬਣਿਆਂ ਸੀ। ਇਸ ਵਾਰ ਇਨ੍ਹਾਂ ਲਾਲ ਪਰਵਾਰਾਂ ਵਿਚੋਂ ਦੇਵੀ ਲਾਲ ਦਾ ਪੋਤਾ ਅਭੈ ਸਿੰਘ ਚੌਟਾਲਾ ਅਤੇ ਪੋਤ ਨੂੰਹ ਨੈਨਾ ਚੌਟਾਲਾ,ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਅਤੇ ਭਜਨ ਲਾਲ ਦਾ ਪੁਤਰ ਕੁਲਦੀਪ ਬਿਸ਼ਨੋਈ ਅਤੇ ਨੂੰਹ ਰੇਨੂਕਾ ਬਿਸ਼ਨੌਈ ਦੋਵੇਂ ਪਤੀ ਪਤਨੀਂ ਵਿਧਾਨਕਾਰ ਚੁਣੇ ਗਏ ਹਨ। ਇਸ ਵਾਰ ਕੁਲ 1351 ਉਮੀਦਵਾਰਾਂ ਵਿਚੋਂ 1122 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆ ਹਨ,ਅਰਥਾਤ 229 ਉਮੀਦਵਾਰ ਹੀ ਆਪਣੀਆਂ ਜ਼ਮਾਨਤਾਂ ਬਚਾ ਸਕੇ ਹਨ,ਇਨ੍ਹਾਂ ਵਿਚ 90 ਜਿੱਤੇ ਹੋਏ ਅਤੇ 139 ਹਾਰੇ ਹੋਏ ਉਮੀਦਵਾਰ ਵੀ ਸ਼ਾਮਲ ਹਨ। ਭਿਵਾਨੀ,ਅਸੰਧ,ਕਰਨਾਲ,ਅਟੇਲੀ,ਗੁੜਗਾਉਂ,ਬਲਮਗੜ੍ਹ ਅਤੇ ਇੰਦਰੀ ਹਲਕਿਆਂ ਵਿਚ ਜਿੱਤਣ ਵਾਲੇ ਉਮੀਦਵਾਰਾਂ ਤੋਂ ਬਿਨਾ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕੌਮੀ ਪਾਰਟੀਆਂ ਦੀਆਂ ਐਨੇ ਵੱਡੇ ਪੱਧਰ ਤੇ ਜ਼ਮਾਨਤਾਂ ਜਬਤ ਹੋਈਆਂ ਹਨ,ਜਿਨ੍ਹਾਂ ਵਿਚ ਕਾਂਗਰਸ ਪਾਰਟੀ ਦੇ 37,ਇਨੈਲੋ ਦੇ 23 ਅਤੇ ਭਾਰਤੀ ਜਨਤਾ ਪਾਰਟੀ ਦੇ 12 ਉਮੀਦਵਾਰ ਸ਼ਾਮਲ ਹਨ। ਜ਼ਮਾਨਤਾਂ ਜਬਤ ਹੋਣ ਵਾਲਿਆਂ ਵਿਚ ਸਾਬਕਾ ਮੰਤਰੀ,ਮੁੱਖ ਸੰਸਦੀ ਸਕੱਤਰ ਅਤੇ ਸਿਟਿੰਗ ਵਿਧਾਇਕ ਵੀ ਸ਼ਾਮਲ ਹਨ। ਇਸ ਵਾਰ 53608 ਵੋਟਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਪਸੰਦ ਨਹੀਂ ਕੀਤਾ। ਜਾਟ ਵੋਟਰਾਂ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਹੀਂ ਦਿੱਤਾ। ਜਾਟ ਵੱਸੋਂ ਵਾਲੇ ਸਿਰਸਾ,ਫਤਿਹਬਾਦ ਅਤੇ ਜਂੀਂਦ ਜਿਲ੍ਹਿਆਂ ਵਿਚ 12 ਸੀਟਾਂ ਵਿਚੋਂ 10 ਇਨੈਲੋ ਨੇ ਜਿੱਤੀਆਂ ਹਨ। ਹਰਿਆਣਾ ਵਿਚ ਜਾਟਾਂ ਦੀ 22 ਫ਼ੀ ਸਦੀ ਵੱਸੋਂ ਹੈ ਜੋ ਕਿ ਕੁਲ ਵੱਸੋਂ ਦੀ ਪੰਜਵਾਂ ਹਿੱਸਾ ਹੈ। ਇਨ੍ਹਾਂ ਜਿਲ੍ਹਿਆਂ ਵਿਚੋਂ ਟੋਹਾਣਾ ਅਤੇ ਉਚਾਣਾ ਦੋ ਸੀਟਾ ਬੀ.ਜੇ.ਪੀ. ਨੇ ਜਿੱਤੀਆਂ ਹਨ। ਉਚਾਣਾ ਤੋਂ ਭਾਰਤੀ ਜਨਤਾ ਪਾਰਟੀ ਦੀ ਜਾਟ ਉਮੀਦਵਾਰ ਚੌਧਰੀ ਵਰਿੰਦਰ ਸਿੰਘ ਦੀ ਪਤਨੀ ਪ੍ਰੇਮ ਲਤਾ ਨੇ ਜਿੱਤੀ ਹੈ ਜੋ ਕੁਝ ਸਮਾਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਸੀ। ਹਾਲਾਂਕਿ ਡੇਰਾ ਸੱਚਾ ਸੌਦਾ ਨੇ ਪਹਿਲੀ ਵਾਰ ਸ਼ਰੇਆਮ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਸੀ । ਸਿਰਸਾ ਡੇਰੇ ਦਾ ਹੈਡਕਵਾਰਟਰ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਸਾ ਰੈਲੀ ਵਿਚ ਡੇਰੇ ਦੀ ਤਾਰੀਫ ਵੀ ਕੀਤੀ ਸੀ। ਡੇਰੇ ਤੋਂ ਮਦਦ ਲੈਣ ਲਈ ਸ਼ੁਸ਼ਮਾ ਸਵਰਾਜ ਡੇਰਾ ਮੁੱਖੀ ਨੂੰ ਮਿਲੀ ਸੀ ਪ੍ਰੰਤੂ ਉਸਦੀ ਭੈਣ ਵੰਧਨਾ ਸ਼ਰਮਾ ਸਫ਼ੀਦੋਂ ਤੋਂ ਫਿਰ ਵੀ ਚੋਣ ਹਾਰ ਗਈ। ਡੇਰਾ ਸੱਚਾ ਸੌਦਾ ਦੇ ਮੁੱਖੀ ਨੇ ਪਹਿਲੀ ਵਾਰ ਆਪਣੀ ਵੋਟ ਪਾਈ ਹੈ ਅਤੇ ਆਪਣੇ ਪਰਵਾਰ ਦੀ ਵੋਟ ਪਾਉਣ ਤੋਂ ਬਾਅਦ ਅਖ਼ਬਾਰਾਂ ਨੂੰ ਫ਼ੋਟੋ ਵੀ ਜਾਰੀ ਕੀਤੀ ਸੀ। ਸਹੁੰ ਚੁਕ ਸਮਾਗਮ ਵਿਚ ਸੱਚਾ ਸੌਦਾ ਮੈਨੇਜਮੈਂਟ ਚੇਅਰਪਰਸਨ ਸਿਰਸਾ ਵਿਪਸਨਾ ਇਨਸਾਨ ਸ਼ਾਮਲ ਹੋਈ ਸੀ। ਯੋਗਾ ਗੁਰੁ ਬਾਬਾ ਰਾਮ ਦੇਵ ਦਾ ਨਜ਼ਦੀਕੀ ਬਾਲਕਿਸ਼ਨ ਵੀ ਮੰਚ ਤੇ ਸ਼ਸ਼ੋਭਤ ਸੀ। ਕਾਂਗਰਸ ਦੇਸਵਾਲ ਬੈਲਟ,ਜਿਸ ਵਿਚ ਰੋਹਤਕ,ਝੱਜਰ ਅਤੇ ਸੋਨੀਪਤ ਜਿਲ੍ਹੇ ਪੈਂਦੇ ਹਨ ਦੀਆਂ 14 ਵਿਚੋਂ 10 ਸੀਟਾਂ ਜਿੱਤ ਗਈ। ਭਾਰਤੀ ਜਨਤਾ ਪਾਰਟੀ ਅੰਬਾਲਾ,ਕੁਰਕਸ਼ੇਤਰ,ਗੁੜਗਾਉਂ,ਕਰਨਾਲ,ਮਹਿੰਦਰਗੜ੍ਹ,ਪੰਚਕੂਲਾ,ਰਿਵਾੜੀ ਅਤੇ ਯਮੁਨਾਨਗਰ ਦੀਆਂ ਸਾਰੀਆਂ ਸੀਟਾਂ ਜਿੱਤ ਗਈ ਹੈ। ਬੀ.ਜੇ.ਪੀ.ਨੇ 24 ਸੀਟਾਂ ਤੇ 20,000 ,8 ਸੀਟਾਂ ਤੇ 10,000,7 ਸੀਟਾਂ ਤੇ 5000 ਅਤੇ 6 ਸੀਟਾਂ ਤੇ 2000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀਆਂ ਹਨ। ਪੁਰਾਣੀ ਵਿਧਾਨ ਸਭਾ ਦੇ 20 ਵਿਧਾਨਕਾਰ ਹੀ ਚੋਣ ਜਿੱਤੇ ਹਨ। ਕਾਂਗਰਸ ਪਾਰਟੀ ਦਾ ਜੈ ਤੀਰਥ ਦਹੀਆ ਰਾਈ ਹਲਕੇ ਤੋਂ ਸਿਰਫ 3 ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ। ਕਾਂਗਰਸ ਦਾ 21 ਵਿਚੋਂ 13 ਜਿਲ੍ਹਿਆਂ ਦੀਆਂ 48 ਸੀਟਾਂ ਵਿਚੋਂ ਅਤੇ ਇਨੈਲੋ ਦਾ 12 ਜਿਲ੍ਹਿਆਂ ਵਿਚੋਂ ਮੁਕੰਮਲ ਸਫਾਇਆ ਹੋ ਗਿਆ ਹੈ। ਬੀ.ਜੇ.ਪੀ.ਨੂੰ 5 ਜਿਲ੍ਹਿਆਂ ਵਿਚੋਂ 1-1 ਸੀਟ ਅਤੇ 3 ਮੁਸਲਮ ਜਿਲ੍ਹਿਆਂ ਮੇਵਾਤ,ਪਲਵਲ ਅਤੇ ਸਿਰਸਾ  ਵਿਚੋਂ ਇੱਕ ਵੀ ਸੀਟ ਨਹੀਂ ਜਿੱਤੀ। ਇਸ ਵਾਰ ਇੱਕ ਹੋਰ ਵਿਲੱਖਣ ਗੱਲ ਹੋਈ ਹੈ ਕਿ ਵਿਧਾਨ ਸਭਾ ਦੇ 90 ਮੈਂਬਰਾਂ ਵਿਚੋਂ 75 ਕਰੋੜਪਤੀ ਹਨ। ਪਿਛਲੀ ਵਿਧਾਨ ਸਭਾ ਵਿਚ 66 ਵਿਧਾਨਕਾਰ ਕਰੋੜਪਤੀ ਸਨ। ਇਸ ਵਾਰ ਬੀ.ਜੇ.ਪੀ. ਦੇ 40,ਕਾਂਗਰਸ ਦੇ 14 ਅਤੇ ਇਨੈਲੋ ਦੇ 13 ਮੈਂਬਰ ਕਰੋੜ ਪਤੀ ਹਨ। ਪਿਛਲੀ ਵਿਧਾਨ ਸਭਾ ਵਿਚ ਔਸਤ ਆਮਦਨ 6.71 ਕਰੋੜ ਸੀ ਜੋ ਇਸ ਵਾਰ ਵੱਧਕੇ 12.97 ਕਰੋੜ ਅਰਥਾਤ ਦੁਗਣੀ ਹੋ ਗਈ ਪ੍ਰੰਤੂ ਸਭ ਤੋਂ ਅਮੀਰ ਉਮੀਦਵਾਰ ਵਿਨੋਦ ਸ਼ਰਮਾ ਚੋਣ ਹਾਰ ਗਏ। ਵਿਨੋਦ ਸ਼ਰਮਾਂ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਹਜਕਾਂ ਨਾਲ ਮਿਲਕੇ ਆਪਣੀ ਨਵੀਂ ਪਾਰਟੀ ਦੇ ਤੌਰ ਤੇ ਲੜਿਆ ਸੀ,ਉਸਦੀ ਪਾਰਟੀ ਹਰਿਆਣਾ ਵਿਚ ਖ਼ਾਤਾ ਵੀ ਖੋਲ੍ਹ ਨਹੀਂ ਸਕੀ। ਇਨੈਲੋ ਪਾਰਟੀ ਦਾ ਮੁੱਖੀ ਓਮ ਪ੍ਰਕਾਸ਼ ਚੌਟਾਲਾ ਅਧਿਆਪਕਾਂ ਦੀ ਭਰਤੀ ਦੇ ਘੁਟਾਲੇ ਕਰਕੇ 10 ਸਾਲ ਦੀ ਜੇਲ੍ਹ ਕੱਟ ਰਿਹਾ ਹੈ ਪ੍ਰੰਤੂ ਬਿਮਾਰੀ ਦਾ ਬਹਾਨਾ ਬਣਾਕੇ ਉਹ ਚੋਣ ਪ੍ਰਚਾਰ ਵੀ ਕਰਦਾ ਰਿਹਾ ਪ੍ਰੰਤੂ ਲੋਕਾਂ ਨੇ ਭਰਿਸ਼ਟਾਚਾਰ ਦੇ ਖ਼ਿਲਾਫ਼ ਫਤਵਾ ਦਿੱਤਾ ਹੈ। ਸੋਨੀਆਂ ਗਾਂਧੀ ਦੇ ਜੁਆਈ ਰਾਬਰਟ ਵਾਡਰਾ ਨੂੰ ਜ਼ਮੀਨ ਅਲਾਟ ਕਰਨ ਦਾ ਮਸਲਾ ਵੀ ਚੋਣ ਦਾ ਮੁੱਦਾ ਬਣਿਆਂ ਰਿਹਾ ਹੈ।
ਹਰਿਆਣਾ ਨੂੰ ਸਾਰੇ ਰਾਜਾਂ ਤੋਂ ਪਛੜਿਆ ਹੋਇਆ ਸੂਬਾ ਗਿਣਿਆ ਜਾਂਦਾ ਹੈ। ਇਸਦੇ ਵਸਿੰਦਿਆਂ ਨੂੰ ਘੱਟ ਪੜ੍ਹੇ ਲਿਖੇ ਅਤੇ ਪਿਛਾਂਹਖਿਚੂ ਵਿਚਾਰਧਾਰਾ ਦੇ ਹਾਮੀ ਕਿਹਾ ਜਾਂਦਾ ਹੈ। ਲੜਕੀਆਂ ਨੂੰ ਵੀ ਬਹੁਤਾ ਪੜ੍ਹਨ ਨਹੀਂ ਦਿੱਤਾ ਜਾਂਦਾ। ਖੱਪ ਪੰਚਾਇਤਾਂ ਵੀ ਇਸ ਰਾਜ ਵਿਚ ਭਾਰੂ ਹਨ। ਉਹ ਆਪਣੇ ਹੀ ਕਾਨੂੰਨ ਚਲਾਉਂਦੀਆਂ ਹਨ। ਪਿਆਰ ਵਿਆਹਾਂ ਨੂੰ ਪ੍ਰਵਾਨ ਹੀ ਨਹੀਂ ਕਰਦੀਆਂ। ਪ੍ਰਧਾਨ ਮੰਤਰੀ ਨੇ ਵੀ ਆਪਣੀ ਚੋਣ ਰੈਲੀ ਵਿਚ ਖੱਪ ਪੰਚਾਇਤਾਂ ਦੀ ਤਾਰੀਫ਼ ਕੀਤੀ ਸੀ। ਖੱਪ ਪੰਚਾਇਤਾਂ ਦੇ ਭਾਰਤੀ ਜਨਤਾ ਪਾਰਟੀ ਦੇ 8 ਉਮੀਦਵਾਰ ਚੋਣਾਂ ਜਿੱਤਕੇ ਵਿਧਾਇਕ ਬਣ ਗਏ ਹਨ,2 ਉਮੀਦਵਾਰ ਬਲਜੀਤ ਸਿੰਘ ਮਲਿਕ ਬੜੋਦਾ ਤੋਂ ਅਤੇ ਟੇਕ ਰਾਮ ਕੰਦੇਲਾ ਜੀਂਦ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਹਨ ਅਤੇ 2 ਹੋਰ ਸ਼ਮਸ਼ੇਰ ਖਰਕਰਾ ਮੈਹਮ ਤੋਂ ਅਤੇ ਸੰਤੋਸ਼ ਦਾਹੀਆ ਬੇਰੀ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਇਨ੍ਹਾਂ ਚੋਣਾਂ ਵਿਚ 13 ਇਸਤਰੀਆਂ ਚੋਣਾਂ ਜਿੱਤ ਗਈਆਂ ਹਨ,ਜਿਨ੍ਹਾਂ ਵਿ 8 ਬੀ.ਜੇ.ਪੀ.,3 ਕਾਂਗਰਸ,1 ਹਜਕਾਂ ਅਤੇ 1 ਇਨੈਲੋ ਨੇ ਜਿੱਤੀਆਂ ਹਨ। ਹਾਲਾਂ ਕਿ ਹਰਿਆਣਾ ਵਿਚ ਲੜਕੀਆਂ ਦੀ ਜਨਮ ਦਰ ਦੇਸ਼ ਹੀ ਨਹੀਂ ਦੁਨੀਆਂ ਵਿਚ 1000 ਲੜਕਿਆਂ ਪਿਛੇ 830 ਸਭ ਤੋਂ ਘੱਟ ਹੈ। ਬੀ.ਜੇ.ਪੀ.ਉਚ ਜਾਤਾਂ,ਵੱਡੇ ਵਿਓਪਾਰੀਆਂ,ਖੱਪ ਪੰਚਾਇਤਾਂ,ਸੱਚੇ ਸੌਦੇ ਦੇ ਪ੍ਰੇਮੀਆਂ ਦੇ ਪ੍ਰਭਾਵ ਹੇਠ ਦਲਿਤਾਂ ਅਤੇ ਪਛੜੇ ਵਰਗਾਂ ਦੀ ਮਦਦ ਲੈਣ ਵਿਚ ਸਫਲ ਰਹੀ ਹੈ। ਰੂੜੀਵਾਦ ਵਿਚਾਰਧਾਰਾ ਵਾਲੇ ਲੋਕ ਜਿਹੜੇ ਲੜਕੀਆਂ ਦੇ ਜੀਨਾਂ ਪਾਉਣ ਅਤੇ ਆਪਣੇ ਗੋਤਰਾਂ ਅਤੇ ਕਬੀਲਿਆਂ ਵਿਚ ਵਿਆਹ ਕਰਾਉਣ ਦੇ ਵਿਰੋਧੀ ਹਨ,ਉਨ੍ਹਾਂ ਦੀ ਮਦਦ ਖੱਪ ਪੰਚਾਇਤਾਂ ਰਾਹੀ ਲੈ ਲਈ ਹੈ। ਹਰਿਆਣਾ ਦੇ 50 ਫ਼ੀ ਸਦੀ ਲੋਕ ਖੱਪ ਪੰਚਾਇਤਾਂ ਦੀ ਸਪੋਰਟ ਕਰਦੇ ਹਨ। ਭਾਜਪਾ ਦਾ ਇਹ ਪੈਂਤੜਾ ਸਫਲ ਰਿਹਾ ਹੈ। ਬੀ.ਜੇ.ਪੀ.ਨੇ ਵੋਟਰਾਂ ਨੂੰ ਫ਼ਿਰਕਿਆਂ ਦੇ ਆਧਾਰ ਤੇ ਵੰਡ ਦਿੱਤਾ ਹੈ ਜੋ ਕਿ ਖ਼ਤਰਨਾਕ ਰੁਝਾਨ ਹੈ,ਜਿਸ ਨਾਲ ਹਿੰਦੂਤਵ ਭਾਰੂ ਹੋਵੇਗਾ ਅਤੇ ਘੱਟ ਗਿਣਤੀਆਂ ਵਿਚ ਅਸੁਰੱਖਿਅਤ ਭਾਵਨਾ ਪੈਦਾ ਹੋਵੇਗੀ। ਹਰਿਆਣਾ ਦੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਨੂੰ ਬਹੁਮੱਤ ਨਾਲ ਜਿੱਤਾਉਣਾ ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਸਿਆਣਪ ਭਰਿਆ ਫੈਸਲਾ ਗਿਣਿਆਂ ਜਾਂਦਾ ਹੈ ਕਿਉਂਕਿ ਕੇਂਦਰ ਵਿਚ ਵੀ ਬੀ.ਜੇ.ਪੀ. ਦੀ ਸਰਕਾਰ ਹੈ, ਜਿਸਦਾ ਰਾਜ ਦੇ ਵਿਕਾਸ ਲਈ ਲਾਭ ਹੋਵੇਗਾ। ਇਨ੍ਹਾਂ ਚੋਣਾਂ ਵਿਚ ਵਿਕਾਸ ਕੋਈ ਮੁੱਦਾ ਹੀ ਨਹੀਂ ਰਿਹਾ ਕਿਉਂਕਿ ਜੇਕਰ ਵਿਕਾਸ ਦੀ ਗੱਲ ਕੀਤੀ ਜਾਂਦੀ ਤਾਂ ਭੁਪਿੰਦਰ ਸਿੰਘ ਹੁੱਡਾ ਨੇ ਸਭ ਤੋਂ ਵੱਧ ਹਰਿਆਣਾ ਦਾ ਵਿਕਾਸ ਕਰਵਾਇਆ ਸੀ। ਦਿੱਲੀ ਵਿਚ ਵੀ ਸ਼ੀਲਾ ਦੀਕਸ਼ਤ ਨੇ ਵਿਕਾਸ ਕਰਵਾਇਆ ਸੀ,ਉਸਨੂੰ ਵੀ ਲੋਕਾਂ ਨੇ ਹਰਾ ਦਿੱਤਾ ਸੀ। ਭਰਿਸ਼ਟਾਚਾਰ ਨੂੰ ਲੋਕਾਂ ਨੇ ਪਛਾੜ ਦਿੱਤਾ ਹੈ। ਅਸਲ ਵਿਚ ਕਾਂਗਰਸ ਦੇ 10 ਸਾਲ ਰਾਜ ਤੋਂ ਅੱਕ ਗਏ ਸਨ,ਉਹ ਤਬਦੀਲੀ ਚਾਹੁੰਦੇ ਸਨ। ਜਿਸ ਪ੍ਰਕਾਰ ਨਾਲ ਭਾਰਤ ਵਿਚ ਭਗਵੀਂ ਲਹਿਰ ਚਲ ਰਹੀ ਹੈ ਤਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਵਿਖ ਵਿਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਵੀ ਭਗਵੀਂ ਲਹਿਰ ਦੇ ਰੰਗ ਵਿਚ ਰੰਗੇ ਹੋਣਗੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>