ਜਾਪਾਨ ਨੇ ਡਾ. ਮਨਮੋਹਨ ਸਿੰਘ ਨੂੰ ਪੁਰਸਕਾਰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਦੁਨੀਆਂ ‘ਚ ਉਹਨਾਂ ਵਰਗੀਆਂ ਸ਼ਖਸ਼ੀਅਤਾਂ ਦੀ ਸਖਤ ਲੋੜ ਹੈ

ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤ-ਜਾਪਾਨ ਸਬੰਧਾਂ ਨੂੰ ਮਜਬੂਤ ਕਰਕੇ ਇੱਕ ਨਿਵੇਕਲੀ ਥਾਂ ਬਣਾਉਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਾਪਾਨ ਸਰਕਾਰ ਵੱਲੋਂ ਆਪਣੇ ਦੇਸ਼ ਦਾ ਸਰਵੋਤਮ ਪੁਰਸਕਾਰ ‘‘ ਦਾ ਗਰੈਂਡ ਕਾਰਡਨ ਆਫ ਦੀ ਆਡਰ ਆਫ ਪਾਲੋਅਨੀਆ ਫਲਾਵਰਜ਼’’ ਦੇਣ ਉਪਰੰਤ ਡਾ. ਮਨਮੋਹਨ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਵਧਾਈ ਦਿੱਤੀ ਤੇ ਕਿਹਾ ਕਿ ਇਹ ਡਾ. ਸਾਹਿਬ ਦੀ ਮਿਹਨਤ, ਇਮਾਨਦਾਰੀ ਤੇ ਦੇਸ਼ ਨੂੰ ਤਰੱਕੀ ਦੀਆਂ ਮੰਜਿਲਾਂ ਤੇ ਪਹੁੰਚਾਉਣ ਕਾਰਨ ਹੀ ਹੋ ਸਕਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਹਿੰਦੋਸਤਾਨ ਦੇ ਇਤਿਹਾਸ ਵਿੱਚ ਅਜਿਹਾ ਸਨਮਾਨ ਅੱਜ ਤੱਕ ਕਿਸੇ ਹੋਰ ਆਗੂ ਨਹੀ ਮਿਲਿਆ ਹੈ।ਉਹਨਾਂ ਕਿਹਾ ਕਿ ਇਹ ਪੁਰਸਕਾਰ ਮਿਲਣਾ ਸਾਬਤ ਕਰਦਾ ਹੈ ਕਿ ਉਹਨਾਂ ਦੀ ਕੋਸ਼ਿਸ਼ ਦੁਨੀਆਂ ਭਰ ਦੇ ਮੁਲਕਾਂ ਨਾਲ ਸੁਖਾਵੇ ਸਬੰਧ ਬਣਾਉਣ ਤੇ ਵਪਾਰ ਨੂੰ ਬੜਾਵਾ ਦੇਣਾ ਸੀ । ਉਹਨਾਂ ਕਿਹਾ  ਕਿ ਜਾਪਾਨ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਨੇ ਜਿਹੜੇ ਜਾਪਾਨ ਨਾਲ ਸੁਖਾਂਵੇ ਤੇ ਵਪਾਰਿਕ ਸਬੰਧ ਬਣਾਉਣ ਦੇ ਉਪਰਾਲੇ ਕੀਤੇ ਉਸ ਲਈ ਜਾਪਾਨ ਵਾਸੀਆਂ ਨੇ ਉਹਨਾਂ ਨੂੰ ਸਰਵਉਤਮ ਪੁਰਸਕਾਰ ਦੇਣ ਲਈ ਚੁਣਿਆ ਹੈ। ਉਹਨਾਂ ਜਪਾਨ ਸਰਕਾਰ ਤੇ ਉਥੋਂ ਦੇ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੇ ਰਤਨ ਡਾ. ਮਨਮੋਹਨ ਸਿੰਘ ਦਾ ਸਨਮਾਨ ਕਰਕੇ ਜਪਾਨ ਨੇ ਪੂਰੇ ਸੰਸਾਰ ਨੂੰ ਦੱਸ ਦਿੱਤਾ ਹੈ ਕਿ ਅੱਜ ਵੀ ਦੁਨੀਆਂ ਵਿੱਚ ਡਾ. ਮਨਮੋਹਨ ਸਿੰਘ ਵਰਗੀਆਂ ਮਹਾਨ ਸਖਸ਼ੀਅਤਾਂ ਮੌਜੂਦ ਹਨ ਜਿਹੜੀਆਂ ਵਿਸ਼ਵ ਸ਼ਾਂਤੀ ਤੇ ਵਿਕਾਸ ਲਈ ਦ੍ਰਿੜ ਹਨ।
ਸ. ਸਰਨਾ ਨੇ ਡਾ. ਮਨਮੋਹਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ 1984 ਵਿੱਚ ਦਿੱਲੀ ਵਿੱਚ ਸਿੱਖਾਂ ਦੇ ਹੋਏ ਨਰਸਿੰਘਾਰ ਦੇ ਪੀੜਤਾਂ ਨੂੰ ਡਾ. ਮਨਮੋਹਨ ਸਿੰਘ ਨੇ ਹੀ 750 ਕਰੋੜ ਰੁਪਏ ਦਿੱਤੇ ਸਨ ਜਿਹਨਾਂ ਵਿੱਚੋ 200 ਕਰੋੜ ਅੱਜ ਵੀ ਪੰਜਾਬ ਸਰਕਾਰ ਕੋਲ ਪਏ ਹਨ ਜਿਹੜੇ ਉਹਨਾਂ ਨੇ ਕਿਸੇ ਵੀ ਪੀੜਤ ਪਰਿਵਾਰ ਤੱਕ ਪੁੱਜਦੇ ਨਹੀ ਕੀਤੇ। ਉਹਨਾਂ ਕਿਹਾ ਕਿ ਜਿਹੜੇ ਮੋਦੀ ਸਰਕਾਰ ਵੱਲੋ 166 ਕਰੋੜ ਦੇਣ ਦੀ ਕਾਵਾਂਰੌਲੀ ਪਾਈ ਜਾ ਰਹੀ ਹੈ ਉਹ ਡਾਂ ਮਨਮੋਹਨ ਸਿੰਘ ਦੁਆਰਾ ਮਨਜੂਰ ਕੀਤੇ ਗਏ ਸਾਢੇ ਸੱਤ ਸੌ ਕਰੋੜ ਵਿੱਚੋਂ ਹੀ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾ ਡਾ. ਮਨਮੋਹਨ ਸਿੰਘ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਵਿਕਾਸ ਲਈ ਵੀ 1600 ਕਰੋੜ ਖਰਚ ਕਰਕੇ ਅੱਜ ਉਥੋ ਦੀ ਕਾਇਆ ਕਲਪ ਕਰ ਦਿੱਤੀ ਹੈ ਅਤੇ 300 ਸਾਲਾ ਸ਼ਤਾਬਦੀ ਸਮੇ ਤੱਕ ਤਾਂ ਉਥੋਂ ਦਾ ਨਕਸ਼ਾ ਹੀ ਬਦਲ ਦਿੱਤਾ ਗਿਆ ਸੀ।

ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਿਰਫ ਕੰਮ ਕਰਨ ਵਿੱਚ ਯਕੀਨ ਰੱਖਦੇ ਸਨ ਤੇ ਉਹਨਾਂ ਨੇ ਜੋ ਕੁਝ ਵੀ ਕੀਤਾ ‘‘ਸਾਈਲੈਂਟ ਪਰੀਚਰ’’ ਬਣ ਕੇ ਕੀਤਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੇ ਨਨਕਾਣਾ ਸਾਹਿਬ ਬੱਸ ਸਰਵਿਸ ਵੀ ਡਾ. ਮਨਮੋਹਨ ਸਿੰਘ ਨੇ ਹੀ ਚਲਾਈ ਸੀ ਤਾਂ ਕਿ ਸਿੱਖ ਆਪਣੇ ਮੁਕੱਦਸ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਣ ਜੋ ਮੀਲ ਪੱਥਰ ਸਾਬਤ ਹੋਈ। ਉਹਨਾਂ ਕਿਹਾ ਕਿ ਭਾਂਵੇ ਡਾ. ਸਾਹਿਬ ਚਪਲ ਚਾਲਾਕ ਸਿਆਸਤਦਾਨ ਨਹੀ ਹਨ ਪਰ ਉਹਨਾਂ ਨੇ ਦਸ ਸਾਲ ਜਿਸ ਤਰੀਕੇ ਨਾਲ ਕੁਲੀਸ਼ਨ ਸਰਕਾਰ ਚਲਾਈ ਤੇ ਵਣੀ ਵਣੀ ਦੇ ਲੱਕੜੀ ਨੂੰ ਇਕੱਠਾ ਕਰਕੇ ਰੱਖਿਆ ਉਹ ਡਾ. ਮਨਮੋਹਨ ਸਿੰਘ ਹੀ ਕਰ ਸਕਦੇ ਹਨ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਦੇਸ਼ ਦੇ ਵਿਕਾਸ ਦਾ ਰੋਡ ਨਕਸ਼ਾ ਤਿਆਰ ਕਰ ਦਿੱਤਾ ਹੈ ਅਤੇ ਹੁਣ ਵੇਖਣਾ ਇਹ ਹੈ ਕਿ ਮੌਜੂਦਾ ਹਾਕਮ ਉਸ ਨੂੰ ਅਮਲੀਜਾਮਾ ਪਹਿਨਾ ਸਕਣਗੇ ਜਾਂ ਨਹੀਂ। ਡਾਕਟਰ ਸਾਹਿਬ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਵਧਾਈ ਦੇਣ ਵਾਲਿਆ ਵਿੱਚ ਸ੍ਰ ਸਰਨਾ ਨੇ ਨਾਲ ਸ੍ਰ ਮਨਜੀਤ ਸਿੰਘ ਸਰਨਾ ਤੇ ਪ੍ਰਭਜੀਤ ਸਿੰਘ ਸਰਨਾ ਵੀ ਸ਼ਾਮਲ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>