ਅੰਮ੍ਰਿਤਸਰ – ਇਰਾਕ ‘ਚ ਫਸੇ ੪੦ ਭਾਰਤੀ ਜਿੰਨ੍ਹਾਂ ‘ਚ ਜਿਆਦਾ ਤਰ ਪੰਜਾਬ ਨਾਲ ਸਬੰਧਿਤ ਹਨ ਨੂੰ ਆਈ ਐਸ ਆਈ ਐਨ ਨਾਮ ਦੇ ਵੱਖਵਾਦੀਆਂ ਵੱਲੋਂ ਅਗਵਾਹ ਕੀਤਾ ਗਿਆ ਸੀ, ਬਾਰੇ ਪੰਜਾਬੀ ਦੇ ਪ੍ਰਮੁੱਖ ਅਖਬਾਰ ‘ਚ ਛਪੀ ਖਬਰ ਕਿ ਇਨ੍ਹਾਂ ਭਾਰਤੀਆਂ ਵਿੱਚੋਂ ੩੯ ਕਾਮਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਬਾਰੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਜੋਰ ਦੇ ਕੇ ਕਿਹਾ ਹੈ ਕਿ ਸਰਕਾਰ ਤੁਰੰਤ ਇਨ੍ਹਾਂ ਭਾਰਤੀਆਂ ਬਾਰੇ ਪਤਾ ਲਗਾ ਕਿ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ ਕਿਉ ਕਿ ਇਨ੍ਹਾਂ ਪੰਜਾਬੀ ਭਾਰਤੀਆਂ ਬਾਰੇ ਸਮੁੱਚਾ ਭਾਰਤ ਖਾਸਕਰ ਪੰਜਾਬ ਚਿੰਤਤ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਾਂ ਦੀ ਰੋਜੀ-ਰੋਟੀ ਕਮਾਉਣ ਖਾਤਰ ਲੱਖਾਂ ਰੁਪਏ ਖਰਚ ਕੇ ਇਰਾਕ ਗਏ ਇਨ੍ਹਾਂ ਪੰਜਾਬੀ ਭਾਰਤੀਆਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ।ਉਨ੍ਹਾਂ ਕਿਹਾ ਕਿ ਜਦੋਂ ਤੋਂ ਇਰਾਕ ‘ਚ ਗ੍ਰਹਿ ਯੁਧ ਤੇਜ ਹੋਇਆ ਹੈ ਉਦੋਂ ਤੋਂ ਹੀ ਇਨ੍ਹਾਂ ਅਗਵਾ ਹੋਏ ਭਾਰਤੀਆਂ ਖਾਸਕਰ ਪੰਜਾਬੀਆਂ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਇਸ ਕਰਕੇ ਪੰਜਾਬੀ ਨੋਜਵਾਨਾ ਦੇ ਪ੍ਰੀਵਾਰ ਡੂੰਘੀ ਚਿੰਤਾਂ ਵਿਚ ਹਨ।ਉਨ੍ਹਾਂ ਕਿਹਾ ਕਿ ਜਦੋਂ ਕੋਈ ਪਰਿਵਾਰ ਦਾ ਮੈਂਬਰ ਵਿਦੇਸ਼ ‘ਚ ਰੋਟੀ ਕਮਾਉਣ ਗਿਆ ਹੋਵੇ ਤਾਂ ਉਸ ਦੇ ਅਗਵਾਹ ਹੋਣ ਬਾਰੇ ਖਬਰ ਆਵੇ ਤਾਂ ਪਰਿਵਾਰ ਲਈ ਪਲ-ਪਲ ਸਮਾਂ ਗੁਜਾਰਨਾ ਮੁਸ਼ਕਿਲ ਹੁੰਦਾ ਹੈ ਪਰ ਹੁਣ ਅਖਬਾਰ ‘ਚ ਛਪੀ ਖਬਰ ਨਾਲ ਕਿ ਇਨ੍ਹਾਂ ਬੇਕਸੂਰ ਨਿਹੱਥੇ ਪੰਜਾਬੀ ਭਾਰਤੀ ਕਾਮਿਆਂ ਨੂੰ ਅਗਵਾਹ ਕਾਰਾਂ ਨੇ ਮਾਰ ਦਿਤਾ ਹੈ ਨਾਲ ਪੂਰੇ ਭਾਰਤ ਖਾਸਕਰ ਪੰਜਾਬ ‘ਚ ਸੋਗ ਦੀ ਲਹਿਰ ਹੈ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉੱਪ-ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਅਗਵਾਹ ਹੋਵੇ ਪੰਜਾਬੀ ਭਾਰਤੀਆਂ ਦਾ ਪਤਾ ਲਗਵਾਇਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਪਹਿਲਾਂ ਹੀ ਇਸ ਮਾਮਲੇ ‘ਚ ਪੰਜਾਬ ਸਰਕਾਰ ਕਾਫੀ ਗੰਭੀਰ ਹੈ ਤੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆਂ ਆਪ ਅਗਵਾਹ ਹੋਏ ਇਨ੍ਹਾਂ ਨੋਜਵਾਨਾਂ ਦੇ ਪ੍ਰੀਵਾਰਾਂ ਨੂੰ ਮਿਲ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ ਪਰ ਹੁਣ ਅਖਬਾਰ ‘ਚ ਛਪੀ ਖਬਰ ਨਾਲ ਕਾਫੀ ਨਿਰਾਸ਼ਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਪੰਜਾਬੀ ਨੋਜਵਾਨਾਂ ਦੇ ਪਰਿਵਾਰਾਂ ਦੇ ਨਾਲ ਹੈ ਤੇ ਪਹਿਲਾਂ ਹੀ ੨੭ ਪੀੜ੍ਹਤ ਪਰਿਵਾਰਾਂ ਦੀ ਆਰਥਕ ਮਦਦ ਕਰ ਚੁੱਕੀ ਹੈ ਤੇ ਬਾਕੀ ਰਹਿੰਦੇ ਪਰਿਵਾਰਾਂ ਦੀ ਮੰਗ ਆਉਣ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।