ਪਿੰਡ ਰਾਜਪੁਰ ਭਾਟਾ ‘ਚ ਹੜ੍ਹਾਂ ਵਿੱਚ ਬਰਾਤੀਆਂ ਨਾਲ ਭਰੀ ਰੁੜ੍ਹੀ ਬੱਸ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਹਾਇਤਾ ਦਿੱਤੀ ਗਈ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਜੰਮੂ-ਕਸ਼ਮੀਰ ਵਿਖੇ ਆਏ ਹੜ੍ਹਾਂ ਦੌਰਾਨ ਹੋਏ ਨੁਕਸਾਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਰਾਹਤ ਟੀਮ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਜ਼ੌਰੀ ਦੇ ਪਿੰਡ ਰਾਜਪੁਰ ਭਾਟਾ ਵਿਖੇ ਪੁੱਜੀ ।ਇਸ ਪਿੰਡ ਵਿੱਚ ੪ ਸਤੰਬਰ ਨੂੰ ਆਏ ਹੜ੍ਹਾਂ ਦੌਰਾਨ ਪਿੰਡ ਦੀ ਇਕ ਬਰਾਤੀਆਂ ਨਾਲ ਭਰੀ ਬੱਸ ਰੁੜ੍ਹ ਗਈ ਸੀ।ਇਸ ਦੁਖਦਾਈ ਹਾਦਸੇ ਵਿੱਚ ੬੬ ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਇਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼੍ਰੋਮਣੀ ਕਮੇਟੀ ਦੀ ਰਾਹਤ ਟੀਮ ਨੇ ਐਲਾਨੀ ਸਹਾਇਤਾ ਰਾਸ਼ੀ ਤਕਸੀਮ ਕੀਤੀ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਨੌਸ਼ਹਿਰਾ ਕਸਬੇ ਤੋਂ ਲਗਭਗ ੧੫ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਰਾਜਪੁਰ ਭਾਟਾ ਸਥਿਤ ਹੈ। ਜਿਥੋਂ ੪ ਸਤੰਬਰ ਨੂੰ ਸ੍ਰ: ਸੁਖਵਿੰਦਰ ਸਿੰਘ ਸਪੁੱਤਰ ਸ੍ਰ: ਭਗਤ ਸਿੰਘ ਦੀ ਬਰਾਤ ਪਿੰਡ ਲਾਮ ਵਿਆਹੁਣ ਲਈ ਰਵਾਨਾ ਹੋਈ ਸੀ। ਪਿੰਡ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ‘ਤੇ ਹੜਾਂ੍ਹ ਦੇ ਤੇਜ਼ ਵਹਾ ਨੇ ਇਸ ਬਰਾਤੀਆਂ ਨਾਲ ਭਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਸਾਰੇ ਦੇ ਸਾਰੇ ੬੬ ਵਿਅਕਤੀਆਂ ਦੀ ਬੱਚਿਆਂ ਸਮੇਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਤੇ ਸਰਕਾਰ ਵੱਲੋਂ ਮ੍ਰਿਤਕ ਐਲਾਨੇ ਉਨ੍ਹਾਂ ੫੧ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਫੈਂਸਲੇ ਅਨੁਸਾਰ ੫੦-੫੦ ਹਜ਼ਾਰ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਅਜੇ ਲਾਪਤਾ ਸੂਚੀ ਵਿੱਚ ਹਨ, ਜਿਨ੍ਹਾਂ ਬਾਰੇ ਅਜੇ ਸਰਕਾਰ ਵਲੋਂ ਕੋਈ ਫੈਂਸਲਾ ਨਹੀਂ ਲਿਆ ਗਿਆ। ਜਦੋਂ ਉਨ੍ਹਾਂ ਬਾਰੇ ਸਪੱਸ਼ਟਤਾ ਆ ਜਾਵੇਗੀ, ਉਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਲੇਰੀ ਕਾਰਵਾਈ ਕਰ ਦਿੱਤੀ ਜਾਵੇਗੀ। ਇਨ੍ਹਾਂ ਵਿਅਕਤੀਆਂ ਨੂੰ ਚੈੱਕ ਤਕਸੀਮ ਕਰਨ ਸਮੇਂ ਸ੍ਰ: ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਹੜਾ ਇਹ ਦੁਖਦਾਈ ਹਾਦਸਾ ਵਾਪਰਿਆ ਹੈ, ਇਸ ਵਿੱਚ ਪੂਰੇ ਦੇ ਪੂਰੇ ਪ੍ਰੀਵਾਰ ਹੀ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਖੱਪਰ ਤਾਂ ਪੂਰਿਆ ਨਹੀਂ ਜਾ ਸਕਦਾ, ਪਰ ਗੁਰੂ ਦੇ ਹੁਕਮ ਅਨੁਸਾਰ ਪਿੱਛੇ ਰਹਿ ਗਏ ਵਾਰਸਾਂ, ਭੈਣ-ਭਰਾਵਾਂ, ਮਿੱਤਰਾਂ-ਸਨੇਹੀਆਂ ਨੂੰ ਗੁਰਮਤਿ ਅਨੁਸਾਰ ਗੁਰੂ ਦੇ ਭਾਣੇ ਵਿੱਚ ਰਹਿ ਕੇ ਹੀ ਅਗਲੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਹ ਤੁੱਛ ਜਿਹੀ ਭੇਟਾ ਸ਼੍ਰੋਮਣੀ ਕਮੇਟੀ ਵੱਲੋਂ ਤੁਹਾਡੇ ਦੁੱਖ ਨੂੰ ਤਾਂ ਦੂਰ ਨਹੀਂ ਕਰ ਸਕਦੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਦੁੱਖ-ਸੁੱਖ ਵਿੱਚ ਸ਼ਾਮਲ ਹੈ, ਇਹ ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਮੌਕੇ ‘ਤੇ ਲਏ ਗਏ ਫੈਂਸਲੇ ਅਨੁਸਾਰ ਇਹ ਰਾਸ਼ੀ ਅਸੀਂ ਤੁਹਾਡੇ ਕੋਲ ਪੁੱਜਦੀ ਕੀਤੀ ਹੈ।ਇਸ ਮੌਕੇ ਸ੍ਰ: ਜਗਜੀਤ ਸਿੰਘ ਮੀਤ ਸਕੱਤਰ, ਸ੍ਰ: ਸਵਰਣ ਸਿੰਘ ਖਾਲਸਾ ਇੰਚਾਰਜ ਜੰਮੂ-ਕਸ਼ਮੀਰ ਸਿੱਖ ਮਿਸ਼ਨ, ਸ੍ਰ: ਇੰਦਰਪਾਲ ਸਿੰਘ ਅਕਾਊਂਟੈਂਟ, ਸ੍ਰ: ਪ੍ਰਵਿੰਦਰ ਸਿੰਘ ਇੰਚਾਰਜ ਯਾਤਰਾ ਵਿਭਾਗ ਅਤੇ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਹੋਰ ਮੈਂਬਰ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>