ਕੁਦਰਤ ਤੇ ਇਨਸਾਨ

ਇਨਸਾਨ ਪੈਸਾ ਅਤੇ ਪਾਵਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਆ ਰਿਹਾ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਪਰ ਇਨਸਾਨ ਇਹ ਭੁੱਲ ਗਿਆ ਕਿ ਜੋ ਤੱਰਕੀ ਲਈ ਉਹ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ ਹੈ ਉਹ ਆਪਣੇ ਆਪ ਦੇ ਨਾਲ ਖਿਲਵਾੜ ਕਰ ਰਿਹਾ ਹੈ। 21ਵੀਂ ਸਦੀ ਵਿੱਚ ਇਨਸਾਨ ਨੇ ਕੁਦਰਤ ਦੇ ਨਾਲ ਖਿਲਵਾੜ ਕਰਕੇ ਤਰੱਕੀ ਤਾਂ ਬਹੁਤ ਕਰ ਲਈ ਹੈ ਪਰ ਇਸ ਨਾਲ ਇਨਸਾਨ ਨੇ ਆਪਣੇ ਲਈ ਆਪ ਹੀ ਸਮਸਿਆ ਮੁੱਲ ਲੈ ਲਈ ਹੈ। ਅੱਜ ਇਨਸਾਨ ਤਰ੍ਹਾਂ ਤਰ੍ਹਾ ਦੀਆਂ ਬਿਮਾਰੀਆਂ ਦੇ ਨਾਲ ਲੜ ਰਿਹਾ ਹੈ। ਪੈਸੇ ਤਾਂ ਇਨਸਾਨ ਨੇ ਬਹੁਤ ਕਮਾ ਲਏ ਪਰ ਜਿਸ ਸਰੀਰ ਨੂੰ ਸੁਖ ਦੇਣ ਲਈ ਪੈਸਾ ਕਮਾਇਆ ਮੁੜ ਉਸੇ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪੈੋਸਾ ਖਰਚ ਰਿਹਾ ਹੈ।

ਅੱਜ ਇਨਸਾਨ ਕੁਦਰਤ ਨੂੰ ਭੁੱਲਦਾ ਜਾ ਰਿਹਾ ਹੈ ਅਤੇ ਕੁਦਰਤ ਇਨਸਾਨ ਨੂੰ। ਪ੍ਰਮਾਤਮਾ ਨੇ ਜਦੋ ਕੁਦਰਤ ਬਣਾਈ ਤਾਂ ਲੱਖਾਂ ਕਰੋੜਾਂ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਬਣਾਏ ਅਤੇ ਇਨਸਾਨ ਵੀ ਬਣਾਇਆ ਅਤੇ ਇਨਸਾਨ ਨੂੰ ਸਭ ਤੋਂ ਵੱਧ ਸਮਰੱਥ ਬਣਾਇਆ ਪਰ ਇਨਸਾਨ ਦੇ ਲਾਲਚ ਨੇ ਕੁਦਰਤ ਨਾਲ ਖਿਲਵਾੜ ਕਾਰਨ ਜੀਵ ਜੰਤੂਆਂ ਦੀ ਜਿੰਦਗੀ ਵੀ ਖਤਰੇ ਵਿੱਚ ਪਾ ਦਿੱਤੀ ਜਿਸ ਕਾਰਨ ਕਈ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਹੀ ਲੁਪਤ ਹੋ ਗਈਆਂ ਅਤੇ ਕਈ ਲੁਪਤ ਹੋਣ ਦੀ ਕਗਾਰ ਤੇ ਹਨ। ਅੱਜ ਵੀ ਹਰ ਇਨਸਾਨ ਕੁਦਰਤ ਦੀ ਸੰਭਾਲ ਕਰਨ ਲਗ ਜਾਵੇਂ ਤਾਂ ਕੁਦਰਤ ਵੀ ਉਸ ਨੂੰ ਬਿਮਾਰੀਆਂ ਅਤੇ ਤਣਾਅ ਤੋਂ ਬਚਾ ਸਕਦੀ ਹੈ।
ਇਨਸਾਨ ਨੂੰ ਧਰਤੀ ਦਾ ਸਭ ਤੋ ਬੁੱਧੀਮਾਨ ਜੀਵ ਮੰਨਿਆ ਗਿਆ ਹੈ ਪਰ ਅੱਜ ਵਿਕਾਸ ਦੀ ਰਫਤਾਰ ਵਿੱਚ ਇਨਸਾਨ ਖੁਦ ਦਾ ਦੁਸ਼ਮਣ ਬਣਦਾ ਜਾ ਰਿਹਾ ਹੈ। ਇਨਸਾਨ ਨੇ ਆਰਥਿਕ, ਭੌਤਿਕ ਤੇ ਸਮਾਜਿਕ ਹਰ ਖੇਤਰ ਵਿੱਚ ਤਰੱਕੀ ਦੇ ਕਦਮ ਚੁੱਕੇ ਹਨ ਪਰ ਹਰ ਖੇਤਰ ਵਿੱਚ ਤਰੱਕੀ ਦਾ ਉਸਦਾ ਇੱਕੋ ਇੱਕ ਮੰਤਵ ਰਿਹਾ ਹੈ ਉਹ ਹੈ ਉਸਦਾ ਆਪਣਾ ਸੁਆਰਥ। ਆਪਣੀ ਤਰੱਕੀ ਦੀ ਅੰਨੀ ਦੌੜ ਵਿੱਚ ਉਸ ਨੇ ਕਦੇ ਨਿਗਾਹ ਹੀ ਨਹੀਂ ਮਾਰੀ ਕਿ ਇਸ ਸੱਭ ਦਾ ਕੁਦਰਤ ਤੇ ਕੀ ਅਸਰ ਪੈ ਰਿਹਾ ਹੈ।  ਇਨਸਾਨ ਕੁਦਰਤ ਦੇ ਮੂਲ ਤੱਤਾਂ ਦਾ ਦੋਹਨ ਕਰ ਰਿਹਾ ਹੈ ਅਤੇ ਇਸ ਨੂੰ ਤਰੱਕੀ ਦਾ ਨਾਮ ਦੇ ਰਿਹਾ ਹੈ ਜਦੋਂ ਕਿ ਇਨਸਾਨ ਖੁਦ ਆਪਣੇ ਇੱਕ ਇੱਕ ਸਾਹ ਲਈ ਇਸ ਕੁਦਰਤ ਉਪਰ ਨਿਰਭਰ ਹੈ ਪਰ ਫਿਰ ਵੀ ਇਸ ਦਾ ਦੋਹਨ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੈ। ਅਜਿਹਾ ਕਰਦਿਆਂ ਉਹ ਇਹ ਨਹੀਂ ਸਮਝਦਾ ਕਿ ਉਹ ਕੁਦਰਤ ਦਾ ਨਹੀਂ ਹਕੀਕਤ ਵਿੱਚ ਆਪਣੇ ਸਾਹਾਂ ਦਾ ਦੋਹਨ ਕਰ ਰਿਹਾ ਹੈ।

ਇਨਸਾਨ ਖੁੱਦ ਕੁਦਰਤ ਦੇ ਪੰਜ ਤੱਤਾਂ ਧਰਤੀ, ਅਕਾਸ਼, ਪਾਣੀ, ਅਗਣੀ ਤੇ ਹਵਾ ਤੋਂ ਬਣਿਆ ਹੋਇਆ ਹੈ ਅਤੇ ਉਸਨੇ ਮੁੜ ਇਹਨਾਂ 5 ਤੱਤਾਂ ਵਿੱਚ ਹੀ ਮਿਲ ਜਾਣਾ ਹੈ ਪਰ ਇਨਸਾਨ ਫਿਰ ਵੀ ਕੁਦਰਤ ਦੇ ਇਹਨਾਂ ਤੱਤਾਂ ਦਾ ਮੁੱਲ ਨਾ ਸਮਝਦੇ ਹੋਏ ਇਹਨਾਂ ਦਾ ਨਜਾਇਜ਼ ਦੋਹਨ ਕਰ ਰਿਹਾ ਹੈ। ਰੱਬ ਨੇ ਮਨੁੱਖ ਨੂੰ ਕੁਦਰਤ ਦੀਆਂ ਇਹ 5 ਨੇਅਮਤਾਂ ਬਖਸ਼ੀਆਂ ਹਨ ਪਰ ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ ਉਹ ਇਹਨਾਂ ਕੁਦਰਤੀ ਨੇਅਮਤਾਂ ਦਾ ਮੁੱਲ ਭੁਲਦਾ ਗਿਆ ਤੇ ਰੱਬ ਦੀ ਦੁਆ ਵਾਂਗ ਪਵਿੱਤਰ ਤੇ ਜੀਵਨਦਾਈ  ਇਹਨਾਂ ਨੇਅਮਤਾਂ ਨੂੰ ਰੋਲਣ ਵਿੱਚ ਮਨੁੱਖ ਨੇ ਕੋਈ ਕੋਰ ਕਸਰ ਬਾਕੀ ਨਾ ਰਹਿਣ ਦਿੱਤੀ।

ਧਰਤੀ ਜੋਕਿ ਸਾਡੀ ਮਾਂ ਸਮਾਨ ਹੈ ਇਸਤੇ ਇਨਸਾਨ ਤੋਂ ਪਹਿਲਾਂ ਹੱਕ ਪੇੜ ਪੌਦਿਆਂ ਦਾ ਹੈ ਕਿਉਂਕਿ ਇਹ ਪੇੜ ਪੌਦੇ ਇਨਸਾਨ ਦੀ ਹੋਂਦ ਤੋਂ ਵੀ ਖਰਬਾਂ ਸਾਲ ਪਹਿਲਾਂ ਤੋਂ ਇਸ ਧਰਤੀ ਤੇ ਹਨ ਤੇ ਜਦੋਂ ਇਨਸਾਨ ਦਾ ਜਨਮ ਹੋਇਆ ਤਾਂ ਉਸਨੂੰ ਆਸਰਾ ਦੇਣ ਵਾਲੇ, ਉਸਦਾ ਪੇਟ ਪਾਲਣ ਵਾਲੇ ਇਹ ਪੇੜ ਪੌਦੇ ਹੀ ਸਨ। ਪਰ ਇਨਸਾਨ ਨੇ ਵਿਕਾਸ ਦੇ ਨਾਮ ਤੇ ਦਰਖਤਾਂ ਦਾ ਏਨਾ ਦੋਹਨ ਕੀਤਾ ਕਿ ਇਸ ਨੇ ਧਰਤੀ ਮਾਂ ਦਾ ਸੀਨਾ ਛਲਨੀ ਕਰ ਦਿੱਤਾ। ਜੰਗਲਾਤ ਨੂੰ ਬਚਾਉਣ ਲਈ ਜੰਗਲਾਤ ਵਿਭਾਗ ਬਣਾਇਆ ਗਿਆ ਪਰ ਫਿਰ ਵੀ ਹਰਿਆਲੀ ਦਾ ਦੋਹਨ ਨਹੀਂ ਰੁਕਿਆ। ਅੱਜ ਦੀ ਭੱਜਦੌੜ ਵਿੱਚ ਮਨੁੱਖ ਪੇੜ ਪੌਦਿਆਂ ਨੂੰ ਆਪਣੀ ਜਿੰਦਗੀ ਤੋਂ ਦੂਰ ਕਰੀ ਜਾ ਰਿਹਾ ਹੈ ਪਰ ਇਹੀ ਪੇੜ ਪੌਦੇ ਜਿੰਦਗੀ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਜਰੂਰੀ ਹਨ।

ਕੁਦਰਤ ਦੀਆਂ ਦਿੱਤੀਆਂ ਸਾਰੀਆਂ ਨੇਅਮਤਾਂ ਵਿੱਚੋਂ ਪਾਣੀ ਸਭ ਤੋਂ ਮੁੱਖ ਹੈ। ਇਹ ਪਾਣੀ ਹੀ ਹੈ ਜੋ ਧਰਤੀ ਨੂੰ ਸੌਰ ਮੰਡਲ ਦੇ ਬਾਕੀ ਗ੍ਰਹਿਾਂ ਤੋਂ ਅਲੱਗ ਕਰਦਾ ਹੈ ਤੇ ਧਰਤੀ ਤੇ ਜੀਵਨ ਵੀ ਇਸੇ ਦੀ ਬਦੌਲਤ ਹੈ। ਅੱਜ ਪੂਰੀ ਦੁਨੀਆਂ ਵਿੱਚ ਪਾਣੀ ਲਈ ਮਾਰੋ ਮਾਰ ਹੋ ਰਹੀ ਹੈ ਅਤੇ ਵਿਕਸਿਤ ਦੇਸ਼ ਜੋ ਆਪਣੇ ਆਪ ਨੂੰ ਸੋਚ ਅਤੇ ਸਮਝ ਵਿੱਚ ਬਹੁਤ ਅਗਾਂਹਵੱਧੂ ਕਹਿੰਦੇ ਹਨ ਉਹਨਾਂ ਦੇਸ਼ਾਂ ਦੀ ਜਨਤਾ ਦੇ ਪਾਣੀ ਲਈ ਤਰਸਣ ਦੀਆਂ ਖਬਰਾਂ ਮੀਡੀਆ ਵਿੱਚ ਆਏ ਦਿਨ ਆਉਦੀਆਂ ਰਹੀਆਂ ਹਨ। ਧਰਤੀ ਦਾ ਲਗਪਗ 70 ਫਿਸਦੀ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਤੇ ਇਸ ਵਿੱਚੋਂ ਬੱਸ 3 ਫੀਸਦੀ ਪਾਣੀ ਹੀ ਪੀਣ ਲਾਇਕ ਹੈ। ਪਰ ਫਿਰ ਵੀ ਪੀਣ ਵਾਲੇ  ਪਾਣੀ ਦੀ ਸੰਭਾਲ ਨਹੀ ਕੀਤੀ ਜਾ ਰਹੀ। ਜੀਵਨ ਦੀ ਸ਼ੁਰੂਆਤ ਵਿੱਚ ਨਦੀਆਂ ਪਾਣੀ ਦਾ ਸਰੋਤ ਸਨ ਪਰ ਸਮੇਂ ਅਤੇ ਜਰੂਰਤ ਨਾਲ ਪਾਣੀ ਦੇ ਹੋਰ ਸੋਮੇ ਪਹਿਲਾਂ ਖੂਹ ਤੇ ਤਲਾਅ ਤੇ ਫਿਰ ਸਬਮਰਸੀਬਲ ਵਰਤੋਂ ਵਿੱਚ ਲਿਆਏ ਗਏ ਪਰ ਉਹ ਸਮਾਂ ਦੂਰ ਨਹੀਂ ਜਦੋਂ ਇਹ ਸਰੋਤ ਵੀ ਫੇਲ ਹੋ ਜਾਣਗੇ ਤਾਂ ਸ਼ਾਇਦ ਇਨਸਾਨ ਨੂੰ ਪਾਣੀ ਦਾ ਮੁੱਲ ਸਮਝ ਵਿੱਚ ਆਵੇਗਾ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ

ਪਾਣੀ ਸੇ ਪੈਦਾ ਹੁਏ, ਪੌਦੇ ਜੰਤੂ ਹਰ ਪ੍ਰਾਣੀ
ਬਿੁਨ ਪਾਣੀ ਹੀ ਛਾਈ ਹੈ, ਹਰ ਗ੍ਰਹਿ ਪਰ ਵਿਰਾਨੀ

ਕੁਦਰਤ ਹਰ ਸਾਲਾਂ ਕਰੋੜਾ ਅਰਬਾਂ ਗੈਲਨ ਸਾਫ ਪਾਣੀ ਧਰਤੀ ਅਤੇ ਇਨਸਾਨ ਨੂੰ ਬਾਰਿਸ਼ ਦੇ ਰੂਪ ਵਿੱਚ ਦਿੰਦੀ ਹੈ ਪਰ ਇਨਸਾਨ ਵਲੋਂ ਇਸ ਪਾਣੀ ਦੀ ਸਹੀ ਸੰਭਾਲ ਨਾ ਕਰਕੇ ਇਹ ਪਾਣੀ ਕੁਦਰਤੀ ਆਫਤਾਂ ਦੇ ਰੂਪ ਵਿੱਚ ਨੁੱਕਸਾਨ ਕਰਦਾ ਹੈ।

ਹਵਾ ਜੋ ਕੁਦਰਤ ਦੇ ਕਣ ਕਣ ਵਿੱਚ ਹੈ ਤੇ ਇਨਸਾਨ ਦੇ ਸਾਹ ਇਸੇ ਤੇ ਚਲਦੇ ਹਨ ਪਰ ਇਨਸਾਨ ਨੇ ਤੱਰਕੀ ਦੇ ਨਾਮ ਤੇ ਇਸਨੂੰ ਪ੍ਰਦੁਸ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੁਦਰਤ ਨਾਲ ਖਿਲਵਾੜ ਕਰਦਿਆਂ ਇਨਸਾਨ ਇਹ ਵੀ ਨਹੀਂ ਸੋਚਦਾ ਕਿ ਉਹ ਹਕੀਕਤ ਵਿੱਚ ਆਪਣੇ ਸਾਹਾਂ ਨਾਲ ਖਿਲਵਾੜ ਕਰ ਰਿਹਾ ਹੈ। ਪਿੰਡਾਂ ਵਿੱਚ ਤਾਂ ਅਜੇ ਫਿਰ ਵੀ ਸਾਫ ਹਵਾ ਮਿਲ ਜਾਵੇਗੀ ਪਰ ਸ਼ਹਿਰਾਂ ਅਤੇ ਮਹਾਨਗਰਾਂ ਵਿੱਚ ਤਾਂ ਇਨਸਾਨ ਸਾਹਾਂ ਰਾਹੀਂ ਧੂੰਆਂ ਤੇ ਜਹਰੀਲੀਆਂ ਗੈਸਾਂ ਹੀ ਲੈ ਰਿਹਾ ਹੈ।

ਪੰਜ ਤੱਤਾਂ ਵਿੱਚੋਂ ਇੱਕ ਅਕਾਸ਼ ਵਿੱਚ ਵੀ ਇਨਸਾਨ ਨੇ ਪੈਰ ਕੀ ਪਾਇਆ ਉਥੇ ਵੀ ਤੱਰਕੀ ਦੀ ਦੌੜ ਵਿੱਚ ਖੁੱਦ ਹੀ ਲੜਨ ਲੱਗ ਪਿਆ। ਅਕਾਸ਼ ਤੇ ਕਬਜੇ ਦੀ ਦੌੜ ਵਿੱਚ ਮੁਲਕਾਂ ਵਲੋਂ ਆਪਣੇ ਸਪੇਸ ਸ਼ਿਪ ਅਤੇ ਉਪਗ੍ਰਹਿ ਸਥਾਪਿਤ ਕੀਤੇ ਜਾ ਰਹੇ ਹਨ ਜੋ ਸੌਰਮੰਡਲ ਦੇ ਵਾਤਾਵਰਨ ਦੇ ਲਈ ਸਮਸਿਆ ਬਣ ਰਹੇ ਹਨ ਅਤੇ ਅਕਾਸ਼ ਵਿੱਚ ਕਚਰੇ ਦੇ ਢੇਰ ਨੂੰ ਵਧਾ ਰਹੇ ਹਨ। ਇਸ ਸੱਭ ਪਿੱਛੇ ਇਨਸਾਨ ਦਾ ਤਰਕ ਹੈ ਕਿ ਉਹ ਕੁਦਰਤ ਨੂੰ ਵੱਧ ਤੋਂ ਵੱਧ ਜਾਣ ਲੈਣਾ ਚਾਹੁੰਦਾ ਹੈ ਪਰ ਉਹ ਇਹ ਭੁੱਲ ਗਿਆ ਹੈ ਕਿ ਕੁਦਰਤ ਇੰਨੀ ਵਿਸ਼ਾਲ ਤੇ ਵਿਲੱਖਣ ਹੈ ਕਿ ਇਸਨੂੰ ਜਾਨਣ ਦੀ ਕੋਸ਼ਿਸ ਵਿੱਚ ਉਹ ਜੀਣਾ ਹੀ ਭੁੱਲਦਾ ਜਾ ਰਿਹਾ ਹੈ।
ਪੰਜਵਾਂ ਤੱਤ ਅਗਨੀ। ਜੇ ਸੰਭਾਲ ਲਵੋ ਤਾਂ ਜੀਵਨ ਨਹੀਂ ਤਾਂ ਵਿਨਾਸ਼ ਲੀਲਾ। ਇਹ ਅਗਨੀ ਬਾਕੀ ਸਾਰੇ ਤੱਤਾਂ ਵਿੱਚ ਊਰਜਾ ਦੇ ਰੂਪ ਵਿੱਚ ਸ਼ਾਮਲ ਹੈ। ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਧਰਤੀ ਵਿੱਚ ਅੰਨ ਉਪਜਾਉਂਦੀ ਹੈ, ਪਾਣੀ ਅਤੇ ਹਵਾ ਤੋਂ ਬਿਜਲੀ ਪੈਦਾ ਕਰਦੀ ਹੈ ਤੇ ਅਕਾਸ਼ ਵਿੱਚ ਤਾਂ ਜੀਵਨਦਾਈ ਸੂਰਜ ਦੇ ਰੂਪ ਵਿੱਚ ਦੁਨੀਆਂ ਨੂੰ ਰੋਸ਼ਨ ਕਰ ਹੀ ਰਹੀ ਹੈ।

ਅੱਜ ਇਨਸਾਨ ਨੂੰ ਇਹਨਾਂ ਪੰਜ ਤੱਤਾਂ ਦੇ ਮਹਤੱਵ ਨੂੰ ਸਮਝਣਾ ਪਵੇਗਾ ਤੇ ਵਿਕਾਸ ਦੇ ਨਾਮ ਤੇ ਕੁਦਰਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਅੱਜ ਦੀ ਯੂਵਾ ਪੀੜੀ ਨੂੰ ਅੱਗੇ ਆਉਣਾ ਪਵੇਗਾ ਕਿਉਕਿ ਕੁਦਰਤ ਦੇ ਨਾਲ ਜੁੜ ਕੇ ਹੀ ਯੂਵਾ ਪੀੜੀ ਇਸ ਕੁਦਰਤ ਦੀ ਸੰਭਾਲ ਕਰ ਸਕਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>