ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ,ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਤੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੱਖ-ਵੱਖ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਦੇਸ਼ ਦੇ 9 ਹਵਾਈ ਅੱਡਿਆਂ ‘ਤੇ 43 ਮੁਲਕਾਂ ਦੇ ਯਾਤਰੂਆਂ ਲਈ ਈ- ਵੀਜ਼ਾ(ਇਲੈਕਟਰਾਨਿਕ ਵੀਜ਼ਾ) ਦੀ ਸਹੂਲਤ ਦਿੱਤੀ ਹੈ,ਉਸੇ ਤਰ੍ਹਾਂ ਦੀ ਸਹੂਲਤ ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡੇ ‘ਤੇ ਵੀ ਦਿੱਤੀ ਜਾਵੇ ਤਾਂ ਜੋ ਦੁਨੀਆਂ ਭਰ ਦੇ ਯਾਤਰੂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਲੈ ਕੇ ਸ੍ਰੀ ਹਰਿ ਮੰਦਰ ਸਾਹਿਬ ਅਤੇ ਹੋਰ ਧਾਰਮਿਕ ਤੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰ ਸਕਣ।ਇਸ ਸਮੇਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਏਅਰ ਇੰਡੀਆ, ਉਜ਼ੇਬਿਕਸਤਾਨ ਏਅਰਵੇਜ਼, ਤੁਰਕਮਿਨਸਤਾਨ ਏਅਰਲਾਈਨਜ਼, ਕਤਰ ਏਅਰਵੇਜ਼ ਦੀਆਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਚੱਲ ਰਹੀਆਂ ਹਨ, ਜਿਨ੍ਹਾਂ ਰਾਹੀਂ ਦੁਨੀਆਂ ਭਰ ਦੇ ਲੋਕ ਸਿੱਧੇ ਗੁਰੂ ਕੀ ਨਗਰੀ ਅੰਮ੍ਰਿਤਸਰ ਆ ਰਹੇ ਹਨ।ਈ- ਵੀਜ਼ਾ(ਇਲੈਕਟਰਾਨਿਕ ਵੀਜ਼ਾ) ਦੀ ਸਹੂਲਤ ਦੇਣ ਨਾਲ ਇਸ ਹਵਾਈ ਅਡੇ ਦੇ ਯਾਤਰੂਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਵੇਗਾ,ਜਿਸ ਨਾਲ ਨਾ ਕੇਵਲ ਹੋਟਲ ਉਦਯੋਗ ਪ੍ਰਫ਼ੁਲਤ ਹੋਵੇਗਾ, ਸਗੋਂ ਪੰਜਾਬ ਦੀ ਆਰਥਕ ਹਾਲਤ ਵੀ ਸੁਧਰੇਗੀ।ਇਸ ਸਮੇਂ ਜਿਨ੍ਹਾਂ 9 ਹਵਾਈ ਅਡਿਆਂ ਨੂੰ ਸਹੂਲਤ ਦਿੱਤੀ ਗਈ ਹੈ ,ਉਨ੍ਹਾਂ ਵਿਚ ਦਿੱਲੀ,ਬੰਗਲੌਰ,ਮੁਬੰਈ,ਚੇਨਈ,ਕੋਲਕਤਾ,ਹੈਦਰਾਬਾਦ,ਕੋਚੀ,ਤਿਰੁਵਨੰਤਪੁਰਮ ,ਗੋਆ ਸ਼ਾਮਲ ਹਨ।ਇਸ ਤਰ੍ਹਾਂ ਅੰਮ੍ਰਿਤਸਰ ਨੂੰ ਅਣ-ਡਿਠ ਕੀਤਾ ਗਿਆ ਹੈ ਕਿਉਂਕਿ ਅੰਮ੍ਰਿਤਸਰ ਇਨ੍ਹਾਂ ਨਾਲੋਂ ਕਿਸੇ ਤਰ੍ਹਾਂ ਵੀ ਘਟ ਨਹੀਂ।