ਕੋਟਕਪੂਰਾ (ਗੁਰਿੰਦਰ ਸਿੰਘ) - ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ. ਹਰਜਿੰਦਰ ਸਿਘ ਦਿਲਗੀਰ ਨੇ ਭਾਰਤ ਦੀ ਵਜ਼ੀਰ ਸੁਸ਼ਮਾ ਸਵਰਾਜ ਵੱਲੋਂ ਭਾਗਵਤ ਗੀਤਾ ਨੂੰ ਭਾਰਤ ਦੀ ਕੌਮੀ ਕਿਤਾਬ ਬਣਾਉਣ ਦੀ ਮੰਗ ਨੂੰ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਰੀਕਾ ਦੇ ਪਰੈਜ਼ੀਡੈਂਟ ਬਾਰਾਕ ਓਬਾਮਾ ਨੂੰ ਗੀਤਾ ਦੀ ਕਾਪੀ ਭੇਟ ਕਰਨ ਸਬੰਧੀ ਜਨਤਕ ਤੌਰ ‘ਤੇ ਕਿਹਾ ਸੀ ਕਿ “ਗੀਤਾ ਤੋਂ ਉਪਰ ਕੋਈ ਕਿਤਾਬ ਨਹੀਂ।” ਇਕ ਸੈਕੂਲਰ ਵਿਧਾਨ ਵਾਲੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਅਜਿਹੇ ਬਹਿਸ ਗੋਚਰੇ ਬਿਆਨ ਨਹੀਂ ਦੇਣੇ ਚਾਹੀਦੇ। ਜਿੱਥੇ ਇਹੋ ਜਿਹੇ ਬਿਆਨ ਇਸ ਅਹੁਦੇ ਦੀ ਸ਼ਾਨ ਘਟਾਉਂਦੇ ਹਨ ਉਥੇ ਇਹ ਦੂਜੇ ਧਰਮਾਂ ਦੇ ਗ੍ਰੰਥਾਂ ਦੀ ਤੌਹੀਨ ਵੀ ਹਨ। ਸੱਚੀ ਗੱਲ ਤਾਂ ਇਹ ਹੈ ਕਿ ਕਿਸੇ ਧਰਮ ਦੇ ਗ੍ਰੰਥਾਂ ਦਾ ਦੂਜੇ ਧਰਮ ਦੇ ਗ੍ਰੰਥਾਂ ਨਾਲ ਮੁਕਾਬਲਾ ਕਰਨਾ ਗ਼ਲਤ ਹਰਕਤ ਹੈ। ਹਰ ਸ਼ਖ਼ਸ ਵਾਸਤੇ ਉਸ ਦੇ ਧਰਮ ਦੇ ਗ੍ਰੰਥ ਸਭ ਤੋਂ ਮਹਾਨ ਹਨ ਤੇ ਉਨ੍ਹਾਂ ਦਾ ਦੂਜੇ ਧਰਮ ਗ੍ਰੰਥਾਂ ਨਾਲ ਟਾਕਰਾ ਕਰਨਾ ਛੋਟੀ ਹਰਕਤ ਹੈ।
ਉਨ੍ਹਾਂ ਹੋਰ ਕਿਹਾ ਕਿ ਹਿੰਦੂਆਂ ਵਾਸਤੇ ਗੀਤਾ ਭਾਵੇਂ ਪਵਿੱਤਰ ਗ੍ਰੰਥ ਹੈ ਪਰ ਇਸ ਵਿਚ ਬਹੁਤ ਸਾਰੀਆਂ ਗੱਲਾਂ ਅੱਜ ਦੇ ਜ਼ਮਾਨੇ ਮੁਤਾਬਿਕ ਢੁਕਵੀਆਂ ਨਹੀਂ ਹਨ। ਦੂਜੇ ਪਾਸੇ ਦੁਨੀਆਂ ਭਰ ਦੇ ਵਿਦਵਾਨਾਂ ਜਿਨ੍ਹਾਂ ਵਿਚ ਨੋਬਲ ਪ੍ਰਾਈਜ਼ ਜੇਤੂ ਪਰਲ ਐਸ. ਬੱਕ, ਅੱਚ. ਐਲ ਬਰਾਡਸ਼ਾਅ ਤੇ ਮੈਕਾਲਿਫ਼ ਵਰਗੇ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਗੁਰੂ ਗ੍ਰਥ ਸਾਹਿਬ ਨੂੰ ‘ਨਵੇਂ ਯੁਗ ਦਾ ਗ੍ਰੰਥ’ ਕਿਹਾ ਹੈ। ਸੱਚ ਪੁੱਛੋ ਤਾਂ ਗੁਰੂ ਗ੍ਰਥ ਸਾਹਿਬ ਸਹੀ ਮਾਅਨਿਆਂ ਵਿਚ ਧਰਮ ਨਿਰਪੇਖ ਹੈ ਤੇ ‘ਦੁਨੀਆਂ ਭਰ ਦਾ ਧਾਰਮਿਕ ਮੈਨੀਫ਼ੈਸਟੋ ਹੈ’। ਕੁਝ ਸਿੱਖ ਇਹ ਵੀ ਕਹਿ ਸਕਦੇ ਹਨ ਕਿ ਗੁਰੂ ਗ੍ਰਥ ਸਾਹਿਬ ਨੂ ਭਾਰਤ ਦਾ ਕੌਮੀ ਗ੍ਰੰਥ ਐਲਾਨਿਆ ਜਾਵੇ। ਪਰ, ਮੈਂ ਸਮਝਦਾ ਹਾਂ ਕਿ ਕਿਸੇ ਕਿਤਾਬ ਜਾਂ ਗ੍ਰੰਥ ਨੂੰ ਇਕ ਮੁਲਕ ਦਾ ਕੌਮੀ ਗ੍ਰੰਥ ਐਲਾਨਣ ਦੀ ਕਾਰਵਾਈ ਹੀ ਗ਼ਲਤ ਹੈ। ਦੁਨੀਆਂ ਭਰ ਵਿਚ 150 ਤੋਂ ਵਧ ਈਸਾਈ ਮੁਲਕ, 50 ਤੋਂ ਵਧ ਮੁਸਲਿਮ ਮੁਲਕ ਅਤੇ ਦਰਜਨ ਦੇ ਕਰੀਬ ਬੋਧੀ ਮੁਲਕ ਹਨ ਪਰ ਕਿਸੇ ਮੁਲਕ ਨੇ ਬਾਈਬਲ ਜਾਂ ਕੁਰਾਨ ਜਾਂ ਧਮਪਦ ਨੂੰ ਕੌਮੀ ਗ੍ਰੰਥ ਨਹੀਂ ਬਣਾਇਆ। ਹੋਰ ਤਾਂ ਹੋਰ ਹਿੰਦੂ ਮੁਲਕ ਨੈਪਾਲ ਨੇ ਵੀ ਕਿਸੇ ਹਿੰਦੂ ਕਿਤਾਬ ਨੂੰ ਕੌਮੀ ਗ੍ਰੰਥ ਨਹੀਂ ਬਣਾਇਆ। ਭਾਰਤ ਦੇ ਵਿਧਾਨ ਮੁਤਾਬਿਕ ਇਹ ਸੈਕੂਲਰ ਮੁਲਕ ਹੈ ਤੇ ਕਿਸੇ ਇਕ ਧਰਮ ਦੀ ਕਿਤਾਬ ਨੂੰ ਇਸ ਦਾ ਕੌਮੀ ਗ੍ਰੰਥ ਨਹੀਂ ਐਲਾਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ. ਵਾਲਿਆਂ ਨੂੰ ਅਜਿਹੀਆਂ ਛੁਰਲੀਆਂ ਤੇ ਸ਼ੋਸ਼ੇ ਛੱਡ ਕੇ ਧਾਰਮਿਕ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੀਦਾ।
ਗੀਤਾ ਨੂੰ ਭਾਰਤ ਦੀ ਅਖੌਤੀ ਕੌਮੀ ਕਿਤਾਬ ਬਣਾਉਣ ਦਾ ਸ਼ੋਸ਼ਾ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਹੈ: ਡਾ. ਦਿਲਗੀਰ
This entry was posted in ਪੰਜਾਬ.