ਗੁਰੂਦੁਆਰਿਆਂ ਦੀ ਜ਼ਮੀਨ ਵਿੱਚ ਏ.ਟੀ.ਐਮ ਨਹੀ ਖੁੱਲਣ ਦਿੱਤੇ ਜਾਣਗੇ- ਸਰਨਾ

ਨਵੀ ਦਿੱਲੀ : ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਗੁਰੂਦੁਆਰੇ ਜਾਂ ਵਿਦਿਅਕ ਅਦਾਰੇ ਦੀ ਜ਼ਮੀਨ ‘ਤੇ ਕਿਸੇ ਵੀ ਬੈਂਕ ਦਾ ਕੋਈ ਵੀ ਏ.ਟੀ.ਐਮ ਨਹੀਂ ਖੁੱਲਣ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਲੋੜ ਪਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਤੋ ਵੀ ਸੰਕੋਚ ਨਹੀ ਕਰੇਗਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਕੁਝ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਵੱਖ ਵੱਖ ਗੁਰੂਦੁਆਰਿਆਂ ਵਿੱਚ ਏ.ਟੀ.ਐਮ ਖੋਹਲਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ ਜਦ ਕਿ ਗੁਰੂਦੁਆਰੇ ਦੀ ਇੱਕ ਇੰਚ ਜ਼ਮੀਨ ਵੀ ਇਹਨਾਂ ਨੂੰ ਆਪਣੇ ਪੱਧਰ ਤੇ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ ਵੀ ਇਸੇ ਤਰਾਂ ਇੱਕ ਬੱਜਰ ਗਲਤੀ ਕਰਕੇ ਮਾਤਾ ਸੁੰਦਰੀ ਜੀ ਕਰੋਲ ਬਾਗ ਅਤੇ ਖਾਲਸਾ ਸਕੂਲ ਦੇਵ ਨਗਰ ਵਿਖੇ ਦੋ ਬੈਂਕ ਖੋਹਲਣ ਲਈ  ਪੰਜਾਬ ਐੰਡ ਸਿੰਘ ਬੈਂਕ ਨੂੰ ਦਿੱਲੀ ਕਮੇਟੀ ਵੱਲੋ ਜਗਾ ਦਿੱਤੀ ਸੀ ਜਿਸ ਦਾ ਨਾਂ ਕੋਈ ਕਿਰਾਇਆ ਆ ਰਿਹਾ ਹੈ ਅਤੇ ਨਾਂ ਹੀ ਅੱਜ ਤੱਕ  ਜ਼ਮੀਨ ਦੀ ਕੀਮਤ ਅਦਾ ਕੀਤੀ ਗਈ ਹੈ ਅਤੇ ਬੈਂਕ ਵਾਲੇ ਅੱਜ ਇਸ ਜ਼ਮੀਨ ਦੇ ਮਾਲਕ ਬਣ ਬੈਠੇ ਹਨ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਹਾਲਤ ਪੂਰੀ ਤਰਾਂ ਕੰਗਾਲਤਾ ਤੱਕ ਪੁੱਜ ਚੁੱਕੀ ਹੈ ਅਤੇ ਜਿਸ ਭੈੜੇ ਮਨਸੂਬਿਆਂ ਨਾਲ ਗੋਲਕ ਦੀ ਲੁੱਟ ਕੀਤੀ ਜਾ ਰਹੀ ਹੈ ਉਸ ਤੋਂ ਸਪੱਸ਼ਟ ਹੈ ਕਿ ਦਿੱਲੀ ਕਮੇਟੀ ਦੇ ਖਰਚੇ ਦਾਹੜੀ ਨਾਲੋਂ ਮੁੱਛਾਂ ਵੱਡੀਆ ਹੋ ਜਾਣ ਵਾਂਗ ਹੋ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਆਹੁਦੇਦਾਰ ਵਾਰ ਵਾਰ ਕਮੇਟੀ ਦੇ ਖਰਚਿਆਂ ਤੇ ਵਿਦੇਸ਼ਾਂ ਦੀ ਸੈਰ ਕਰ ਰਹੇ ਹਨ ਜਿਸ ਦਾ ਸਿੱਖ ਸੰਗਤ ਤੇ ਪੰਥ ਨੂੰ ਕੋਈ ਫਾਇਦਾ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਤੱਕ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਸੰਗਤ ਨੂੰ ਦੱਸ ਨਹੀਂ ਸਕੇ ਕਿ ਉਹਨਾਂ ਦੇ ਵਿਦੇਸ਼ੀ ਦੌਰੇ ਕਿਹੜੇ ਪੰਥਕ ਮਕਸਦ ਲਈ ਸਨ। ਉਹਨਾਂ ਕਿਹਾ ਕਿ ਇਸੇ ਤਰਾਂ ਉੱਤਰਾਖੰਡ ਵਿਖੇ ਵਾਪਰੀ ਤਰਾਸਦੀ ਦੇ ਪੀੜਤਾਂ ਦੀ ਮਦਦ ਦੇ ਬਹਾਨੇ ਵੀ ਗੁਰੂ ਦੀ ਗੋਲਕ ਨੂੰ ਦੋਹੀਂ ਹੱਥੀ ਲੁੱਟਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਜੰਮੂ ਕਸ਼ਮੀਰ ਵਿੱਚ ਹੜ੍ ਪੀੜਤਾਂ ਦੀ ਮਦਦ ਲਈ ਵੀ ਜੋ ਕੁਝ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਕੀਤਾ ਹੈ ਉਹ ਵੀ ਅਖਬਾਰਾਂ ਦੀਆਂ ਸੁਰਖੀਆ ਬਣ ਚੁੱਕਾ ਹੈ ਕਿ ਜੀ. ਕੇ.ਤੇ ਸਿਰਸਾ ਕਸ਼ਮੀਰ ਵਿੱਚ ਦਿੱਲੀ ਕਮੇਟੀ ਦੇ ਖਰਚੇ ਤੇ ਚਾਰਟਰ ਹਵਾਈ ਜ਼ਹਾਜ ਰਾਹੀ ਸੈਰਾਂ ਕਰਦੇ ਰਹੇ ਤੇ ਲੋਕ ਕਸ਼ਮੀਰ ਦੇ ਪਿੰਡਾਂ ਵਿੱਚ ਸਹਾਇਤਾ ਲਈ ਕੁਰਲਾਉਦੇ ਰਹੇ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਨੂੰ ਚੂਨਾ ਲਗਾਉਣ ਵਿੱਚ ਇਹਨਾਂ ਭੱਦਰ ਪੁਰਸ਼ਾਂ ਨੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਕਮੇਟੀ ਦੀ ਜ਼ਮੀਨ ‘ਤੇ ਏ.ਟੀ.ਐਮ ਲਗਵਾ ਕੇ ਇਹਨਾਂ ਵੱਲੋਂ ਦਲਾਲੀਆ ਖਾਣ ਅਤੇ ਬੈਂਕ ਕੋਲੋ ਨਿੱਜੀ ਫਾਇਦੇ ਲੈਣ ਲਈ ਨਵੀ ਸਾਜਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੀ ਜੀ ਕੇ ਤੇ ਸਿਰਸਾ ਯਕੀਨੀ ਬਣਾਉਣਗੇ ਕਿ ਗੁਰੂਦੁਆਰਿਆ ਦੀ ਹਦੂਦ ਵਿੱਚ ਖੋਹਲੇ ਜਾਣ ਵਾਲੇ ਏ.ਟੀ,ਐਮਾਂ ਵਿੱਚ ਬੀੜੀਆ ਸਿਗਰਟਾਂ ਪੀਣ ਵਾਲੇ ਨਹੀ ਆਉਣਗੇ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਆਪਣੇ ਪੱਧਰ ਤੇ  ਗੁਰ ਘਰ ਦੀ ਕਿਸੇ ਵੀ ਜਾਇਦਾਦ ਦੀ ਦੁਰਵਰਤੋਂ ਕਰਨ ਦੀ  ਕੋਈ ਅਜਿਹੀ ਬੱਜਰ ਗਲਤੀ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼ਾਂਤਮਈ ਵਿਰੋਧ ਕਰਦਿਆਂ ਪ੍ਰਬੰਧਕਾਂ ਦੇ ਖਿਲਾਫ ਧਰਨੇ ਮੁਜ਼ਾਹਰੇ ਤੇ ਰੋਸ ਮਾਰਚ ਕੱਢਣ ਤੋਂ ਵੀ ਸੰਕੋਚ ਨਹੀਂ ਕਰੇਗਾ। ਉਹਨਾਂ ਕਿਹਾ ਕਿ ਅਜਿਹੇ ਫੈਸਲੇ ਜਨਰਲ ਹਾਊਸ ਤੇ ਸੰਗਤਾਂ ਦੀ  ਪ੍ਰਵਾਨਗੀ ਲੈ ਬਗੈਰ ਨਹੀਂ ਲੈ ਜਾ ਸਕਦੇ ਅਤੇ ਸਰਕਾਰੀ ਬੈਂਕ ਨੂੰ ਕਿਸੇ ਵੀ ਸੂਰਤ ਵਿੱਚ ਗੁਰੂਦੁਆਰੇ ਦੀ ਜ਼ਮੀਨ ਵਿੱਚ ਏ.ਟੀ.ਐਮ ਖੋਹਲਣ ਨਹੀਂ ਦਿੱਤੇ ਜਾਣਗੇ। ਉਹਨਾਂ ਜੀ ਕੇ ਤੇ ਸਿਰਸਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਦਿੱਲੀ ਕਮੇਟੀ ਦੇ ਅਧੀਨ ਵੱਖ ਵੱਖ ਗੁਰੂਦੁਆਰਿਆਂ ਦੀ ਜ਼ਮੀਨ ਦੇ ਕੋਈ ਮਾਲਕ ਨਹੀਂ ਸਗੋਂ ਸੰਗਤ ਨੇ ਸਿਰਫ  ਉਹਨਾਂ ਨੂੰ ਦਿੱਲੀ ਕਮੇਟੀ ਦੀ ਜਾਇਦਾਦ ਦੀ ਦੇਖ ਭਾਲ ਤੇ ਚੌਕੀਦਾਰਾਂ ਕਰਨ ਦੀ ਹੀ ਇਜ਼ਾਜ਼ਤ ਦਿੱਤੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>