ਕੈਪਟਨ ਸਾਹਬ ਬਾਦਲ ਦੀ ਉਮਰ ਦੀ ਗੱਲ ਕਰਨ ਦੀ ਬਜਾਇ , ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਉਦਮ ਕਰਨ

ਚੰਡੀਗੜ੍ਹ – “ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਜਮਾਤ ਦੇ ਉਪ ਆਗੂ ਦੀਆਂ ਵਿਦੇਸ਼ੀ , ਰੱਖਿਆ, ਮਨੁੱਖੀ ਅਧਿਕਾਰਾਂ ਅਤੇ ਲੋਕਾਂ ਦੇ ਜਾਨ – ਮਾਲ ਦੀ  ਰੱਖਿਆ ਦੇ ਪ੍ਰਬੰਧ ਅਤੇ ਇਨਸਾਫ ਸੰਬੰਧੀ ਵੱਡੀ ਜਿੰਮੇਵਾਰੀਆਂ ਹੁੰਦੀਆ ਹਨ। ਜਿਸ ਉਤੇ ਸਮੇਂ-ਸਮੇਂ ‘ਤੇ ਬੋਲ ਕੇ ਅਤੇ ਸਹੀ ਸਟੈਂਡ ਲੈ ਕੇ ਸਰਕਾਰ ਨੂੰ ਮਨਮਾਨੀਆਂ ਕਰਨ ਜਾਂ ਲੋਕ ਵਿਰੋਧੀ ਅਮਲ ਕਰਨ ਤੋਂ ਰੋਕਣ ਦੀ ਜਿੰਮੇਵਾਰੀ ਹੁੰਦੀ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਲੋਕ ਸਭਾ ਵਿਚ ਵਿਰੋਧੀ ਡਿਪਟੀ ਆਗੂ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਅਤੇ ਰੱਖਿਆ ਨੀਤੀ ਨੂੰ ਸਹੀ ਕਰਵਾਉਣ , ਮਨੁੱਖੀ ਅਧਿਕਾਰਾਂ ਦੇ ਭਾਰਤ ਵਿਚ ਰਹੇ ਹਨਨ ਨੂੰ ਬੰਦ ਕਰਵਾਉਣ ਅਤੇ ਇਥੋਂ ਦੇ ਨਿਵਾਸੀਆਂ ਨੂੰ ਜਾਨ-ਮਾਲ ਦੀ ਹਿਫਾਜਤ ਨੂੰ ਯਕੀਨੀ ਬਣਾਉਣ , ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ, ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣ ਅਤੇ ਪੰਜਾਬ ਸੂਬੇ ਨਾਲ ਹਰ ਪੱਧਰ ਉਤੇ ਹੋ ਰਹੀਆਂ ਬੇਇਨਸਾਫੀਆਂ ਨੂੰ ਦੂਰ ਕਰਵਾਉਣ ਸੰਬੰਧੀ ਨਾਂ ਬੋਲ ਕੇ , ਕੇਵਲ ਸ. ਬਾਦਲ ਦੀ ਉਮਰ ਦੇ ਬੇਨਤੀਜੇ ਮੁੱਦੇ ਦੀ ਗੱਲ ਕਰਕੇ ਆਪਣੀ ਜਿੰਮੇਵਾਰੀ ਪੂਰਨ ਕਰਨ ਤੋਂ ਮੁਨਕਰ ਹੋ ਰਹੇ ਹਨ। ਜਿਸ ਨਾਲ ਕਾਂਗਰਸ ਜਮਾਤ ਦੇ ਵਿਰੋਧੀ ਧਿਰ ਦੇ ਆਗੂ ਦੀ ਅਸਫਲਤਾ ਅਤੇ ਗੈਰਜਿੰਮੇਵਾਰਾਨਾ ਸਪੱਸ਼ਟ ਦਿਖਾਈ ਦੇ ਰਹੀ ਹੈ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਵਿਚ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਾਂ ਨਿਭਾਉਣ ਅਤੇ ਸ. ਬਾਦਲ ਦੀ ਨਿਰਾਰਥਕ ਉਮਰ ਦੀ ਗੱਲ ਉਤੇ ਆਪਣਾ ਕੀਮਤੀ ਸਮਾਂ ਅਤੇ ਅੰਮ੍ਰਿਤਸਰ ਦੇ ਨਿਵਾਸੀਆਂ ਵੱਲੋਂ ਦਿੱਤੀ ਗਈ ਸਿਆਸੀ ਸ਼ਕਤੀ ਨੂੰ ਨਸ਼ਟ ਕਰਨਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ 1984 ਦੇ ਬਲਿਊ ਸਟਾਰ, 1984 ਦੇ ਸਿੱਖ ਕਤਲੇਆਮ ਅਤੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨਾਂ ਨੂੰ ਪੁਲਿਸ ਦੀਆਂ ਕਾਲੀਆਂ ਬਿੱਲੀਆਂ ਰਾਹੀ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਵਾਲੇ ਕਾਤਲ ਪੁਲਿਸ ਅਫਸਰਾਂ ਨੂੰ ਕਾਨੂੰਨ ਅਨੁਸਾਰ ਅਵੱਸ਼ ਸਜਾ ਮਿਲਣੀ ਚਾਹੀਦੀ ਹੈ, ਕੈਪਟਨ ਅਮਰਿੰਦਰ ਸਿੰਘ ਬੀਤੇ ਸਮੇਂ ਵਿਚ ਸਿੱਖ ਕੌਮ ਨੂੰ ਇਹ ਭੁੱਲ ਜਾਣ ਦੀ ਬਿਆਨਬਾਜੀ ਵੀ ਕਰਦੇ ਰਹੇ ਹਨ। ਹੁਣ ਜਦੋਂ ਜੰਮੂ ਕਸ਼ਮੀਰ ਵਿਚ ਕਸ਼ਮੀਰੀ ਨੌਜਵਾਨਾਂ ਦਾ ਫੌਜ ਵੱਲੋਂ ਕਤਲੇਆਮ ਹੋ ਰਿਹਾ ਹੈ, ਮੁਤੱਸਵੀ ਹੁਕਮਰਾਨਾਂ ਵੱਲੋਂ ਘੱਟ ਗਿਣਤੀ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਹਿੰਦੂ ਧਰਮ ਵਿਚ ਤਬਦੀਲ ਕਰਨ ਦੇ ਅਮਲ ਹੋ ਰਹੇ ਹਨ, ਫਰਾਂਸ ਵਿਚ ਦਸਤਾਰ ਉਤੇ ਪਾਬੰਦੀ ਲਗਾਈ ਹੋਈ ਹੈ, ਫੌਜ ਵਿਚ ਸਿੱਖਾਂ ਦੀ ਭਰਤੀ ਨੂੰ 33% ਤੋਂ ਘਟਾ ਕੇ 2% ਕਰ ਦਿੱਤਾ ਗਿਆ ਹੈ। ਦੂਸਰੇ ਮੁਲਕਾਂ ਤੋਂ ਭਾਰੀ ਮਾਤਰਾ ਵਿਚ ਜਦੋਂ ਭਾਰਤ ਵੱਲੋਂ ਜੰਗੀ ਸਾਜੋ ਸਮਾਨ ਲੜਾਕੂ ਜਹਾਜ, ਪਣ ਡੁੱਬੀਆਂ ਦੀ ਖਰੀਦ ਕਰਕੇ ਪੰਜਾਬ ਨੂੰ ਮੈਦਾਨੇ ਜੰਗ ਬਣਾਊਣ ਦੇ ਮਨਸੂਬੇ ਹੋ ਰਹੇ ਹਨ  ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਇਹ ਜਿੰਮੇਵਾਰੀਆਂ ਨਿਭਾਉਣ ਤੋਂ ਕਿਊਂ ਭੱਜ ਰਹੇ ਹਨ? ਵਿਰੋਧੀ ਆਗੂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਵਿਦੇਸ਼ੀ ਅਤੇ ਰੱਖਿਆ ਨੀਤੀ ਨੂੰ ਅਜਿਹਾ ਬਣਾਉਣ ਲਈ ਅਮਲ ਕਰਨ , ਜਿਸ ਨਾਲ ਘਰੇਲੂ ਜੰਗ ਜਾਂ ਕੌਮਾਂਤਰੀ ਮੁਲਕੀ ਜੰਗ ਉਤਪੰਨ ਨਾਂ ਹੋ ਸਕੇ। ਲੇਕਿਨ ਕੈਪਟਨ ਸਾਹਬ ਵੱਲੋਂ ਆਪਣੀਆਂ ਜਿੰਮੇਵਾਰੀਆਂ ਤੋਂ ਅਵੇਸਲੇ ਹੋਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਉਹ ਲੋਕ ਸਭਾ ਵਿਚ ਅਤੇ ਬਾਹਰ ਪਬਲਿਕ ਵਿਚ ਵਿਚਰਦੇ ਹੋਏ ਆਪਣਾ ਸਮਾਂ ਅਤੇ ਸ਼ਕਤੀ ਉਹਨਾਂ ਫਾਲਤੂ ਗੱਲਾਂ ਵਿਚ ਜਾਇਆ ਕਰ ਰਹੇ ਹਨ, ਜਿਹਨਾਂ ਦਾ ਭਾਰਤ ਨਿਵਾਸੀਆਂ ਜਾਂ ਸਿੱਖ ਕੌਮ ਨੂੰ ਕੋਈ ਰਤੀ ਭਰ ਵੀ ਫਾਇਦਾ ਨਹੀਂ ਹੋਣਾ। ਜਿਥੋਂ ਤੱਕ ਵੱਡੀ ਉਮਰ ਦਾ ਸਵਾਲ ਹੈ ਉਹ ਤਾਂ ਕੈਪਟਨ ਸਾਹਬ, ਬਾਦਲ ਸਾਹਬ ਅਤੇ ਸਾਡੇ ਵਰਗੇ ਸਭ ਇਨਸਾਨਾਂ ਉਤੇ ਬੁਢੇਪਾ ਆ ਰਿਹਾ ਹੈ। ਫਿਰ ਇਸ ਦੁਨੀਆਂ ਤੋਂ ਕੂਚ ਕਰਨ ਤੋ ਪਹਿਲੇ ਅਸੀਂ ਆਪਣੀਆਂ ਇਨਸਾਨੀ ਅਤੇ ਮਨੁੱਖਤਾਪੱਖੀ ਜਿੰਮੇਵਾਰੀਆਂ ਤੋਂ ਕਿਊਂ ਭੱਜ ਰਹੇ ਹਾਂ?

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>