ਕਿਸੇ ਬਾਂਹ ਨਾ ਫੜੀ ਸਾਡੇ ਗਰੀਬ ਪੰਜਾਬੀ ਭਰਾਵਾਂ ਦੀ

ਇਰਾਕ ਵਿਚ ਅਗਵਾ ਹੋਏ 40 ਭਾਰਤੀ ਕਾਮਿਆਂ ’ਚੋਂ ਬਹੁਤੇ ਪੰਜਾਬੀ ਹਨ।  ਜਿਨ੍ਹਾਂ ਨੂੰ ਦਿੱਸਦਾ ਤਾਂ ਸੀ ਕਿ ਉਥੇ ਮੌਤ ਨੱਚਦੀ ਹਰ ਪਾਸੇ, ਪਰ ਇਥੇ ਘੁੱਪ ਹਨੇਰੇ ਵਰਗੇ ਭਵਿੱਖ ਵਿਚੋਂ ਨਿਕਲਣ ਲਈ ਉਹ ਵਿਚਾਰੇ ਕਰਜੇ ਚੁੱਕ ਚੁੱਕ ਇਰਾਕ ਨੂੰ ਤੁਰ ਪਏ, ਸੱਪਾਂ ਦੇ ਮੂੰਹਾਂ ਵਿਚੋਂ ਰੋਟੀਆਂ ਲੱਭਣ।

ਹੇ ਪੰਜਾਬ ਦੀਏ ਧਰਤੀਏ, ਸਾਰੇ ਦੇਸ਼ ਦਾ ਢਿੱਡ ਭਰ ਦੇਣ ਦਾ ਤੇਰਾ ਮਾਣ ਕਿਧਰ ਗਿਆ?  ਭੁੱਖ ਕਿਧਰ ਨੂੰ ਲਈ ਜਾਂਦੀ ਤੇਰੇ ਬੱਚੇ?  ਤੂੰ ਸਦੀਆਂ ਤੋਂ ਮੁਲਕ ਦੀਆਂ ਸਰਹੱਦਾਂ ਤੇ ਸਾਰੇ ਮੁਲਕ ਦੀ ਰਾਖੀ ਲਈ ਬੈਠੀ ਏਂ ਤੇ ਤੇਰੇ ਢਿੱਡੋਂ ਜਾਇਆਂ ਦੀ ਜਾਨ ਬਚਾਉਣ ਲਈ, ਵੇਖ ਲਾ ਕੋਈ ਅਗਾਂਹ ਨਹੀਊਂ ਹੋਇਆ!  ਤੂੰ ਤਾਂ ਦਿੱਲੀ ਦੇ ਚਾਂਦਨੀ ਚੌਂਕ ਤਕ ਸੀਸ ਵਾਰਨ ਗਈਉਂ ਤੇ ਸਰਹੰਦ ਦੀਆਂ ਨੀਹਾਂ ਵਿਚ ਆਪਣੇ ਮਾਸੂਮ ਬੱਚੇ ਵੀ ਨਿਛਾਵਰ ਕਰਤੇ।  ਪਰ ਅੱਜ ਇਰਾਕ ਦੀ ਧਰਤੀ ਤੇ ਲਾਵਾਰਿਸਾਂ ਵਾਂਗ ਰੁਲ ਗਏ ਤੇਰੇ ਲਾਲ।

ਮਈ ਜੂਨ ਵਿਚ ਜਦੋਂ ਟੈਲੀਵਿਜ਼ਨ ਉਤੇ ਅਗਵਾ ਦੀਆਂ ਖਬਰਾਂ ਆਈਆਂ ਤਾਂ ਮਾਪਿਆਂ ਦੇ ਕਾਲਜੇ ਨੂੰ ਰੁੱਗ ਭਰੇ ਗਏ।  ਮਾਵਾਂ ਸੁੱਖਣਾ ਸੁੱਖਣ ਲੱਗੀਆਂ।  ਉਹ ਸਰਕਾਰਾਂ ਦੇ ਵਾਸਤੇ ਪਾਉਣ ਲਈ ਚੰਡੀਗੜ੍ਹ ਅਤੇ ਦਿੱਲੀ ਦੇ ਦਰਬਾਰ ਤੱਕ ਗਈਆਂ।  ਮਾਵਾਂ ਫੋਕੇ ਹੌਂਸਲੇ ਅਤੇ ਝੂਠੇ ਵਾਅਦਿਆਂ ਦੀ ਖੈਰ ਝੋਲੀ ਪਵਾ ਕੇ ਮੁੜਦੀਆਂ ਰਹੀਆਂ।  ਲੀਡਰਾਂ ਬਿਆਨ ਦਿੱਤੇ ਕਿ  ਸਭ ਠੀਕ ਠਾਕ ਹੈ।  ਬੜੀਆਂ ਜ਼ਿਆਦਾ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਸੀਂ।  ਇੰਜ ਮਾਮਲਾ ਠੰਡ੍ਹਾ ਜਿਅ੍ਹਾ ਕਰਤਾ ਕਈ ਹੋਰ ਨਵੇਂ ਨਵੇਂ ਪਖੰਡ ਕਰਕੇ।  ਮਾਮਲੇ ਗਰਮ ਕਦੋਂ ਕਰਨੇ ਤੇ ਠੰਡ੍ਹੇ ਕਦੋਂ ਕਰਨੇ, ਜੋ ਇਹ ਕਲਾਕਾਰੀ ਜਾਣਦਾ, ਉਹੀ ਅੱਜ ਕੱਲ੍ਹ ਹਕੂਮਤ ਕਰਦਾ।  ਆਖੀ ਜਾਣ ਹੋ ਰਿਹਾ ਬਸ ਮਸਲਾ ਹੱਲ ਛੇਤੀ।  ਲੋਕੋ ਹੁਣ ਜਦ ਆਪਣੀ ਸਰਕਾਰ ਦੀ ਅਸਲੀਅਤ ਸੁਣੋਗੇ ਤਾਂ ਤੁਹਾਡਾ ਕਲੇਜਾ ਫਟਣਾ ਆ ਜੂ।

ਹਨੇਰੀ ਰਾਤ ਵਿਚ ਆਈ.ਐਸ. ਅੱਤਵਾਦੀ ਜਦੋਂ ਸਾਡੇ ਬੇਬਸ ਪੰਜਾਬੀ ਭਰਾਵਾਂ ਨੂੰ ਲੈ ਕੇ ਤੁਰੇ ਜਾਂਦੇ ਹੋਣਗੇ ਤਾਂ ਉਹਨਾ ਦੇ ਮਨਾ ਵਿਚ ਕੀ ਬੀਤਦੀ ਹੋਵੇਗੀ।  ਜਦੋਂ ਬੰਗਲਾ ਦੇਸ਼ੀਆਂ ਨੂੰ ਇਹਨਾ ਨਾਲੋਂ ਵੱਖ ਕਰ ਲਿਆ ਹੋਵੇਗਾ,  ਤਾਂ ਮੇਰਾ ਅੰਦਾਜ਼ਾ ਇਹ ਹੈ ਕਿ ਜੀਕੂੰ ਸਾਡੇ ਵੀਰਾਂ ਉਹਨਾ ਨੂੰ ਬਾਹੋਂ ਫੜ੍ਹ ਕੇ ਜਰੂਰ ਦੱਸਿਆ ਹੋਵੇਗਾ, ‘‘ਓ ਸਿਰਾਂ ਤੇ ਖੱਫਣ ਬੰਨ੍ਹ ਕੇ ਅਮਰੀਕਾ ਨਾਲ ਲੜ ਰਹੇ ਹਤਾਸ਼ ਹੋਏ ਲੋਕੋ, ਸਾਡੇ ਵੱਡ ਵਡੇਰਿਆਂ ਨੇ ਵੀ ਇਹਨਾ ਸਾਮਰਾਜੀਆਂ ਨਾਲ ਬੜੀ ¦ਮੀ ਲੜਾਈ  ਲੜੀ ਹੈ।  ਖੂਨ ਡੋਲ੍ਹਿਆ ਹੈ।  ਅਸੀਂ ਵੀ ਇਹਨਾ ਦੀਆਂ ਨੀਤੀਆਂ ਤੇ ਸਾਏ ਹੇਠ ਹੋਣ ਕਰਕੇ ਹੀ ਹੁੰਦਿਆਂ ਸੁੰਦਿਆਂ ਕੱਖੋਂ ਹੌਲੇ ਬੈਠੇ ਹਾਂ,  ਤੇ ਇਸ ਹਾਲਤ ਵਿਚ ਤੁਹਾਡੇ ਸਾਹਮਣੇ ਹਾਂ।  ਅਜੇ ਤੱਕ ਅਜ਼ਾਦੀ ਸਾਨੂੰ ਰੋਟੀ ਟੁੱਕ ਦੇਣ ਜੋਗੀ ਨਹੀਂ ਹੋਈ ਗਰੀਬਾਂ ਨੂੰ।

ਪਰ ਸਾਡੇ ਦੇਸ਼ ਹਿੰਦੁਸਤਾਨ ਨੇ ਅਜ਼ਾਦੀ ਮਗਰੋਂ ਅਰਬ ਦੇਸ਼ਾਂ ਦਾ ਹਮੇਸ਼ਾਂ ਸਾਥ ਦਿੱਤਾ ਹੈ।  ਅਰਬ ਇਸਰਾਈਲ ਜੰਗਾਂ ਵਿਚ ਇਸਰਾਈਲ ਦਾ ਵਿਰੋਧ ਕੀਤਾ ਹੈ।  ਅਸੀਂ ਫਲਸਤੀਨ ਦੀ ਅਜਾਦੀ ਦੇ ਸਭ ਤੋਂ ਵੱਡੇ ਹਿਮਾਇਤੀ ਰਹੇ ਹਾਂ।  ਅਸੀਂ ਇਰਾਕ ਉਤੇ ਅਮਰੀਕਾ ਵੱਲੋਂ ਕੀਤੇ ਹਮਲਿਆਂ ਦਾ ਡੱਟ ਕੇ ਵਿਰੋਧ ਕੀਤਾ ਸੀ।  ਸਾਡੇ ਮੁਲਕ ’ਚ ਤਾਂ ਮੁਸਲਮਾਨਾ ਦੀ ਗਿਣਤੀ ਸਾਰੇ ਅਰਬ ਦੇਸ਼ਾਂ ਨਾਲੋਂ ਵੱਧ ਹੈ।  ਇੰਜ ਅਸੀਂ ਮੁਸਲਮਾਨਾ ਦੇ ਹਿਮਾਇਤੀ ਹਿੰਦੁਸਤਾਨ ਦੇ ਬਸ਼ਿੰਦੇ ਹਾਂ।  ਸਾਨੂੰ ਨਾ ਮਾਰੋ।  ਸਾਨੂੰ ਤੁਹਾਡਾ ਮਾਰਨਾ ਬਣਦਾ ਈ ਨਹੀਂ।  ਤੁਸੀਂ ਭੁਲੇਖੇ ’ਚ ਹੋ।  ਅਸੀਂ ਤੁਹਾਡੇ ਕਿਸੇ ਦੁਸ਼ਮਣ ਦੇਸ਼ ਤੋਂ ਨਹੀਂ।’’

ਮੇਰੇ ਮਨ ਦੀ ਆਹਟ ਮੈਨੂੰ ਦੱਸਦੀ ਕਿ ਅੱਤਵਾਦੀ ਸੁਣ ਕੇ ਅੱਗੋਂ ਬੋਲੇ, ‘‘ ਤੁਸੀਂ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ।  ਅੱਜ ਦੀ ਗੱਲ ਕਰੋ।  ਭਾਰਤੀਓ ਅੱਜ ਤੁਸੀਂ ਅਰਬ ਮੁਲਕਾਂ ਦੇ ਨਹੀਂ ਇਸਰਾਈਲ ਦੇ ਯਾਰ ਹੋ।  ਤੁਹਾਡੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਭ ਇਸਰਾਈਲ ਦੇ ਸੱਜਣ ਬਣਨ ਲਈ ਉਤਾਵਲੇ, ਦੌਰੇ ਕਰਦੇ।  ਅੱਜ ਏਸ਼ੀਆ ਵਿਚ ਸਿਰਫ ਤੁਸੀਂ ਹੋ ਜੋ ਸਾਮਰਾਜ ਦੇ ਯਰਾਨੇ ਲਈ ਸਭ ਹੱਦਾਂ ਪਾਰ ਕਰਨ ਲਈ ਬੇਕਰਾਰ ਹੋ।  ਤੁਸੀਂ ਅਮਰੀਕੀ ਕੂੜ ਪ੍ਰਚਾਰ ਦਾ ਹਥਿਆਰ ਬਣੇ ਬੈਠੇ ਹੋ।  ਤੁਸੀਂ ਰਾਤ ਦਿਨੇ ਟੈਲੀਵਿਜ਼ਨ ਖ਼ਬਰਾਂ ਦੇ ਚੈਨਲਾਂ ਉਤੇ ਸਾਡੀ ਮੌਤ ਮੰਗਦੇ ਹੋ ਤਾਂ ਅਸੀਂ ਤੁਹਾਨੂੰ ਜ਼ਿੰਦਗੀ ਕਿਉਂ ਦੇਈਏ?  ਦੱਸੋ?  ਸਾਡੇ ਬਾਰੇ ਅੱਜ ਦੀ ਆਪਣੀ ਸਰਕਾਰੀ ਨੀਤੀ ਦੀ ਗੱਲ ਕਰੋ।  ਅਸੀਂ ਅੱਜ ਤੱਕ ਕਿਸੇ ਭਾਰਤੀ ਨੂੰ ਨਹੀਂ ਮਾਰਿਆ।  ਪਰ ਤੁਹਾਡੀ ਸਰਕਾਰ ਸਾਡਾ ਸਰਵਨਾਸ਼ ਕਰਨ ਵਾਲਿਆਂ ਦੀ ਢਾਣੀ ਦੀ ਪੱਕੀ ਜੋਟੀਦਾਰ ਬਣੀ।  ਕਿਉਂ?  ਜਵਾਬ ਦਿਓ? ਪੰਜਾਬੀਆਂ ਬਥੇਰਾ ਆਖਿਆ,‘‘ਭਰਾਵੋ ਅਸੀਂ ਤਾਂ ਖੁਦ ਸਰਕਾਰਾਂ ਦੇ ਅਣਗੌਲੇ ਹਾਂ।  ਸਾਡਾ ਬਾਬਾ ਨਾਨਕ 500 ਸਾਲ ਪਹਿਲਾਂ ਇਰਾਕ ਆਇਆ ਸੀ……..।’’  ਪਰ ਜੀਕੂੰ ਕਹਿੰਦੇ ਹੋ ਕਿ ਬਦਲੇ ਦੀ ਭਾਵਨਾ ਮੱਤ ਮਾਰ ਦਿੰਦੀ।

ਕਿਸੇ ਪਾਰਟੀ ਦੀ ਸਰਕਾਰ ਤੇ ਲੋਕਾਂ ਵਿਚਲਾ ਫਰਕ ਨਾ ਦਿੱਸਿਆ ਉਨ੍ਹਾਂ ਅੱਤਵਾਦੀਆਂ ਨੂੰ।

ਫਿਰ ਵੀ ਜੇ ਸਾਡੀ ਕੇਂਦਰ ਸਰਕਾਰ ਟਿੱਲ ਦਾ ਜ਼ੋਰ ਲਾ ਦਿੰਦੀ, ਤਾਂ ਹਾਲਾਤ ਹੋਰ ਹੁੰਦੇ।  ਪਰ ਲਗਦਾ ਹੈ ਕਿ ਅਮਰੀਕਾ ਦੇ ਢਏ੍ਹ ਚੜ੍ਹ ਚੁੱਕੀ ਮੋਦੀ ਸਰਕਾਰ ਕੋਲ ਆਈ.ਐਸ. ਮੁਸਲਿਮ ਅੱਤਵਾਦੀਆਂ ਕੋਲੋਂ ਆਪਣੇ ਬੰਦੇ ਛੁਡਵਾਉਣ ਲਈ ਗੱਲ ਕਰਨ ਦਾ ਮਨੋਬਲ ਹੀ ਨਹੀਂ ਸੀ।  ਕਿਹੜੇ ਮੂੰਹ ਨਾਲ ਕਰਦੇ?

ਮੋਦੀ ਸਰਕਾਰ ਨੂੰ ਏਨੀ ਕੁ ਸਧਾਰਣ ਜਿਹੀ ਗੱਲ ਦੀ ਵੀ ਸਮਝ ਨਹੀਂ ਕਿ ਜਿਵੇਂ ਭਾਰਤ ਦੇ ਦੁਸ਼ਮਣਾਂ ਨੂੰ ਅਮਰੀਕਾ ਆਪਣੇ ਦੁਸ਼ਮਣ ਨਹੀਂ ਮੰਨਦਾ, ਠੀਕ ਓਸੇ ਤਰਾਂ ਅਮਰੀਕਾ ਦੇ ਦੁਸ਼ਮਣਾ ਨੂੰ ਵੀ ਭਾਰਤ ਨੇ ਖਾਹਮਖਾਹ ਆਪਣੇ ਵੈਰੀ ਨਹੀਂ ਬਨਾਉਣਾ।  ਪਰ ਭਾਰਤ ਵਿਚ ਚੌਵੀ ਘੰਟੇ ਆਈ.ਐਸ. ਵਿਰੁੱਧ ਪ੍ਰਚਾਰ ਅਤੇ ਬਿਆਨਬਾਜੀ ਚਲਦੀ ਹੈ।  ਮਾਰੋ ਮਾਰੋ ਕਰਦੇ। ਜਦਕਿ ਆਈ.ਐਸ. ਨੇ ਅਜੇ ਤਕ ਭਾਰਤ ਵਿਰੁੱਧ ਕਦੀ ਕੁਝ ਨਹੀਂ ਕੀਤਾ ਤੇ ਨਾ ਬੋਲਿਆ।  ਸਿਰਫ ਸਾਮਰਾਜ ਦੀ ਪਿਛਲੱਗ ਸੋਚ ਕਰਕੇ ਲਾਕੜੀ ਬਣਨ ਦਾ ਚਾਅ ਚੜ੍ਹਿਆ ਸਾਡੇ ਆਲਿਆਂ ਨੂੰ।  ਚੰਗੇ ਸਬੰਧਾਂ ਦਾ ਮਤਲਬ ਕਿਸੇ ਦੀ ਗੋਦ ’ਚ ਈ ਜਾ ਬਹਿਣਾ ਨਹੀਂ ਹੁੰਦਾ।

ਇੰਜ ਇਰਾਕ ਵਿਚ ਚਾਲੀ ਭਾਰਤੀਆਂ ਦੀ ਜਾਨ ਉਤੇ ਜੋ ਬਣੀ, ਉਸ ਲਈ ਉਹਨਾ ਦਾ ਕੋਈ ਨਿੱਜੀ ਦੋਸ਼ ਨਹੀਂ।  ਉਹ ਇਕ ਤਰਾਂ ਸਾਡੇ ਮੁਲਕ ਦੀ ਨਾਸਮਝ ਵਿਦੇਸ਼ ਨੀਤੀ ਦਾ ਸ਼ਿਕਾਰ ਹੋਏ ਹਨ ਅਤੇ ਟਾਰਗੇਟ ਬਣੇ ਹਨ।

ਕਸ਼ਮੀਰ ਤੋਂ ਇਲਾਵਾ ਕਿਸੇ ਅੰਤਰਰਾਸ਼ਟਰੀ ਅੱਤਵਾਦੀ ਗੁੱਟ ਦਾ ਭਾਰਤ ਨਾਲ ਕੋਈ ਸਰੋਕਾਰ ਨਹੀਂ।  ਪਰ ਸਾਡੀ ਸਰਕਾਰ ਅਮਰੀਕਾ ਦੇ ਚੁੱਕੇ ਚੁਕਾਏ ਸਾਰਿਆਂ ਨਾਲ ਉਲਝਣ ਲਈ ਬਿਆਨਬਾਜੀ ਕਰਦੀ ਤੇ ਪੰਗੇ ਲੈਂਦੀ ਰਹਿੰਦੀ ਹੈ।  ਚਾਅ ਚੜ੍ਹਿਆ ਨਵੀਂ ਯਾਰੀ ਦਾ।  ਇਸ ਡੰਕਾ ਵੱਜਣ ਦੇ ਭਰਮ ਵਾਲੀ ਨੀਤੀ ਦਾ ਪਹਿਲਾ ਨਤੀਜਾ ਸਾਹਮਣੇ ਆਇਆ ਹੈ ਇਹ।  ਡੰਕਾ ਨਹੀਂ ਇਹ ਤਾਂ ਡੰਡਾ ਵੱਜਾ ਤਾਲੂ ’ਚ।  ਅਗਾਂਹ ਇਹ ਹੈ ਕਿ ਜੀਹਦੀ ਤੁਸੀਂ ਬਿਨਾਂ ਵਜਾਹ ਤਿੰਨ ਵੇਲੇ ਮੌਤ ਮੰਗੋਗੇ, ਉਹ ਤੁਹਾਡੇ ਲਈ ਕੀ ਮੰਗੇ?  ਆਪ ਹੀ ਦੱਸੋ।  ਉਹ ਤਾਂ ਬੇਗਾਨੇ, ਆਪਣੀ ਸਰਕਾਰ ਨੇ ਕਿਹੜੀ ਘੱਟ ਕੀਤੀ?  ਆਪਣੇ ਵਿਸ਼ਵਾਸ ਦਾ ਕਤਲ ਕੀਤਾ ਹੈ।  ਜੂਨ ਵਿਚ 40 ਬੰਦਿਆਂ ’ਚੋਂ ਇਕ ਪੰਜਾਬੀ ਹਰਜੀਤ ਮਸੀਹ, ਜਿਸਨੇ ਇਰਾਕ ਵਿਚ ਭਾਰਤੀ ਅੰਬੈਸੀ ਨੂੰ ਦੱਸਿਆ ਕਿ ਚਾਲੀਆਂ ਵਿਚੋਂ ਮੈਂ ਇਕੱਲਾ ਬਚ ਕੇ ਆਇਆ ਹਾਂ।  ਉਸਨੂੰ ਅੰਬੈਸੀ ਨੇ ਭਾਰਤ ਸਰਕਾਰ ਨਾਲ ਸਲਾਹ ਕਰਕੇ ਫੜ ਕੇ ਇਕ ਤਰਾਂ ਕੈਦ ਕਰ ਲਿਆ,  ਸਾਰੇ ਭਾਰਤ ਤੋਂ ਚੋਰੀ।  ਅੱਜ ਵੀ ਇਰਾਕ ਦੀ ਭਾਰਤੀ ਅੰਬੈਸੀ ਦੀ ਹਿਰਾਸਤ ’ਚ ਹੈ।

ਸ਼ਾਇਦ ਇਸ ਕਰਕੇ ਕਿ ਉਤੋਂ ਮਹਾਂਰਾਸ਼ਟਰ, ਹਰਿਆਣਾ, ਝਾਰਖੰਡ, ਜੰਮੂ ਕਸ਼ਮੀਰ, ਦਿੱਲੀ ਅਸੈਂਬਲੀਆਂ ਦੀਆਂ ਅਤੇ  ਹੋਰ ਜਿਮਨੀ ਚੋਣਾਂ ਹੋਣੀਆਂ ਸਨ।  ਅਗਰ ਬੰਦੇ ਨਾ ਬਚਾ ਸਕਣ ਦੀ ਨਲੈਕੀ ਚਰਚਿਤ ਹੋਈ ਤਾਂ ਵੋਟਾਂ ’ਚ ਨੁਕਸਾਨ ਹੋਊ।

ਲੋਹੜ ਸਾਈਂ ਦਾ!  ਉਏ ਠੇਠਰੋ, ਮਾਵਾਂ ਪੁੱਤ ਉਡੀਕਣ ਡੲ੍ਹੀਆਂ।  ਨਾ ਆਸ ਦਿੱਸਦੀ, ਤੇ ਨਾ ਉਮੀਦ ਦਾ ਦੀਵਾ ਬੁਝਾਉਣ ਦਾ ਹੀਆ ਪੈਂਦਾ।  ਤੁਸੀਂ ਇਹ ਕੀ ਕੀਤਾ?  ਹਰਜੀਤ ਮਸੀਹ ਨੂੰ ਜੂਨ ਦਾ ਬੰਧਕ ਬਣਾ ਕੇ ਬੈਠੇ ਦੇਸ਼ ਤੋਂ ਚੋਰੀ।  ਕਹਿੰਦੇ ਕਿ ਉਸਨੂੰ ਚੁੱਪ ਰਹਿਣ ਦੇ ਲਾਲਚ ਵੱਜੋਂ ਪੱਕੀ ਨੌਕਰੀ ਦੇਣ ਅਤੇ ਪੈਸਿਆਂ ਦਾ ਗੱਫਾ ਦੇਣ ਦਾ ਵੀ ਲਾਰਾ ਲਾਇਆ ਗਿਆ। ਦੂਜੇ ਪਾਸ ਏਧਰ ਘਰਦਿਆਂ ਨੂੰ ਡਰਾਇਆ ਕਿ ‘ਚੁੱਪ ਰਹੋ, ਨਹੀਂ ਤਾਂ ਓਧਰ ਉਹਦੀ ਜਾਨ ਖਤਰੇ ’ਚ ਪੈ ਸਕਦੀ।  ਦਸੰਬਰ ਦੇ ਅੱਧ ਤਕ ਘਰ ਆਜੂਗਾ।’’

ਪਤਾ ਨਹੀਂ ਇਹੀ ਗੁਮਰਾਹਕੁੰਨ ਲੁਤਰਬਾਜੀ ਕਿੰਨਾ ਚਿਰ ਹੋਰ ਚਲਾਈ ਜਾਂਦੀ ਸਰਕਾਰ, ਪਰ ਏ.ਬੀ.ਪੀ. ਨਿਊਜ਼ ਚੈਨਲ ਦੇ ਖੁਲਾਸੇ ਨੇ ਸਰਕਾਰ ਨੂੰ ਨੰਗਿਆਂ ਕਰ ਦਿੱਤਾ ਹੈ।  ਚੈਨਲ ਦੀ ਟੀਮ ਨੇ ਇਰਾਕ ਜਾ ਕੇ ਅਸਲੀਅਤ ਕੱਢ ਲਿਆਂਦੀ।  ਦੋ ਬੰਗਲਾ ਦੇਸੀ ਮੁੰਡਿਆਂ ਦੱਸਿਆ ਕਿ ਸਾਨੂੰ ਹਰਜੀਤ ਨੇ 39 ਦੇ ਮਾਰੇ ਜਾਣ ਤੇ ਆਪਣੇ ਜ਼ਖਮੀ ਹੋ ਕੇ ਬਚ ਜਾਣ ਬਾਰੇ ਦੱਸਿਆ ਸੀ।  ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਰਲੀਮੈਂਟ ਵਿਚ ਮੰਨੀ ਕਿ ਹਰਜੀਤ ਸਾਡੇ ਕਬਜੇ ਵਿਚ ਹੈ।  ਫਿਰ ਵੀ ਉਸ ਨੇ ਵਿਚ ਨਵੀਂ ਸ਼ੁਰਲੀ ਛੱਡ ਦਿੱਤੀ ਕਿ ‘ਰੈ¤ਡ ਕਰੀਸੈਂਟ’ ਨਾ ਦੀ ਜੱਥੇਬੰਦੀ ਦੇ ਸਰਕਾਰ ਸੰਪਰਕ ਵਿਚ ਹੈ।  ਉਹਨਾ ਨੇ ਅਗਵਾ ਬੰਦਿਆਂ ਦੇ ਮਾਰੇ ਜਾਣ ਬਾਰੇ ਨਹੀਂ ਦੱਸਿਆ।  ਪਰ ਰੈਡ ਕਰੀਸੈਂਟ ਦੇ ਇਕ ਨੁਮਾਇੰਦੇ ਨੇ ਚੈਨਲ ਦੇ ਪੱਤਰਕਾਰ ਦਬੰਗ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਗਲਤ ਦੱਸਿਆ।

ਨਿਚੋੜ ਇਹ ਹੈ ਕਿ ਸਰਕਾਰ ਨੇ ਸਾਡੇ ਅਗਵਾ ਗਰੀਬ ਕਾਮਿਆਂ ਨੂੰ ਛੁਡਾਉਣ ਲਈ ਮੌਕੇ ਸਿਰ ਕੋਈ ਠੋਸ ਹੀਲਾ ਵਸੀਲਾ ਨਹੀਂ ਕੀਤਾ।  ਵਰਨਾ ਅਗਵਾ ਤਾਂ ਇਰਾਕ ਵਿਚ ਕੇਰਲਾ ਦੀਆਂ ਨਰਸਾਂ ਵੀ ਹੋਈਆਂ ਸਨ।  ਉਹ ਤਾਂ ਲੈ ਦੇ ਕੇ, ਜਹਾਜ ਭੇਜ ਕੇ ਵਾਪਸ ਲੈ ਆਂਦੀਆਂ।  ਚੰਗਾ ਹੋਇਆ।  ਅਗਵਾ ਤਾਂ ਪਹਿਲਾਂ ਵਾਜਪਾਈ ਸਰਕਾਰ ਵੇਲੇ ਜਹਾਜ਼ ਦੇ ਮੁਸਾਫਰ ਵੀ ਹੋਏ ਸਨ। ਕਿਵੇਂ ਊਹਨਾ ਨੂੰ ਕੰਧਾਰੋਂ ਵਾਪਸ ਲਿਆਉਣ ਤਕ ਸਾਡੀ ਸਰਕਾਰ ਪੁੱਠੀ ਲਮਕੀ ਰਹੀ ਸੀ।  ਪਰ ਉਹ ਜਹਾਜ਼ ਦੇ ਮੁਸਾਫਰ ਸਨ ਤੇ ਇਹ ਵਿਚਾਰੇ ਆਮ ਕਾਮੇ।  ਇਹਨਾ ਨੂੰ ਵਾਧੂ ਘਾਟੂ ਸਮਝ ਕੇ ਵਾਤ ਨਹੀਂ ਪੁੱਛੀ ਗਈ।

ਉਏ ਸਾਡੇ ਲਾਵਾਰਿਸ ਚਾਲੀ ਗਰੀਬ ਕਾਮੇ ਤੇ ਉਹਨਾ ਦੇ ਬਦਕਿਸਮਤ ਮਾਪਿਓ, ਰੱਬ ਤੁਹਾਡੀਆਂ ਰੂਹਾਂ ਨੂੰ ਚਾਲੀ ਮੁਕਤਿਆਂ ਵਰਗਾ ਹੌਂਸਲਾ ਦੇਵੇ।  ਸਭ ਸੰਵੇਦਨਸ਼ੀਲ ਲੋਕ ਇਸ ਦੁੱਖ ਦੀ ਘੜੀ ਤੁਹਾਡੇ ਦਰਦ ਵਿਚ ਸ਼ਰੀਕ ਹਨ।

ਹੇ ਪੰਜਾਬ ਦੀ ਹਵਾਏ, ਆਪਣੇ ਰੋਂਦੇ ਧੀਆਂ ਪੁੱਤਰਾਂ ਦੀਆਂ ਅੱਖਾਂ ਵਿਚੋਂ ਹੰਝੂ ਸੁਕਾਉਣ ਵਾਗੂੰ ਵਗਣ ਦੀ ਰਹਿਮਤ ਕਰ।  ਜਾਹ ਬੇਆਸਿਆਂ ਦੇ ਵਿਹੜਿਆਂ ਵਿਚ ਪੌਣ ਬਣਕੇ, ਪਰ ਜਾਣ ਲੱਗਿਆਂ ਚਮਕੌਰ ਦੀ ਗੜ੍ਹੀ ਤੋਂ ਹੋ ਕੇ ਹੀ ਜਾਈਂ ਹਰ ਪਾਸੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>