ਸਿੱਖ ਸੰਗਤ ਨਨਕਾਣਾ ਸਾਹਿਬ ਵੱਲੋਂ ਪਿਸ਼ਾਵਰ ‘ਚ ਫ਼ੌਜੀ ਸਕੂਲ ‘ਤੇ ਅੱਤਵਾਦੀ ਹਮਲੇ ਦੀ ਨਿੰਦਾ

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ) – ਪਿਸ਼ਾਵਰ ‘ਚ ਫ਼ੌਜੀ ਸਕੂਲ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਪਾਕਿਸਤਾਨ ਸੋਗ ‘ਚ ਡੁੱਬਿਆ ਹੋਇਆ ਹੈ ਅਤੇ ਸਾਰੇ ਸ਼ਹਿਰਾਂ ‘ਚ ਸੱਨਾਟਾ ਪਸਰਿਆ ਹੋਇਆ ਹੈ ਤੇ ਲੋਕਾਂ ਦੀਆਂ ਅੱਖਾਂ ‘ਚੋਂ ਦਰਦ ਵਹਿ ਰਿਹਾ ਹੈ। ਇਸ ਦੁੱਖ ਦੀ ਘੜੀ ਵਿੱਚ ਸਿੱਖ ਸੰਗਤ ਨਨਕਾਣਾ ਸਾਹਿਬ ਨੇ ਹਮਲੇ ਦੀ ਨਿੰਦਾ ਕੀਤੀ। ਇਸ ਮੌਕੇ ਹਰ ਅੱਖ ‘ਚ ਹੰਝੂ ਸੀ। ਸੰਗਤ ਵੱਲੋਂ ਮੋਮਬੱਤੀ ਮਾਰਚ ਵੀ ਕੱਢਿਆ ਗਿਆ। ਸਿੱਖ ਸੰਗਤਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਸਿੱਖ ਸਕੂਲ ਸਿਸਟਮ (ਨਨਕਾਣਾ ਸਾਹਿਬ) ਦੇ ਬੱਚਿਆਂ ਨੇ ਵੀ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਲਈ ਚੌਪਈ ਸਾਹਿਬ ਦਾ ਪਾਠ ਅਰਦਾਸ ਕੀਤੀ।

ਇਸ ਮੌਕੇ ‘ਤੇ ਬੋਲਦਿਆਂ ਗਿਆਨੀ ਜਨਮ ਸਿੰਘ ਇੰਟਰ ਰਲੀਜੀਅਸ ਪੀਸ ਕੌਂਸਲ (IRPC)  ਦੇ  ਵਾਈਸ ਚੈਅਰਮੈਨ ਸ੍ਰ. ਜਨਮ ਸਿੰਘ ਨੇ ਵੀ ਅਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਕਿਹਾ ਕਈ ਵਾਰ ਅਜਿਹਾ ਕੁਝ ਵਾਪਰਦਾ ਹੈ, ਜੋ ਬਹੁਤ ਭਿਆਨਕ ਵੀ ਹੁੰਦਾ ਹੈ, ਦਰਦਨਾਕ ਵੀ ਹੁੰਦਾ ਹੈ ਅਤੇ ਅਸਿਹ ਵੀ ਹੁੰਦਾ ਹੈ। ਸਕੂਲ ‘ਚ ਪੜ੍ਹਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਜਮਾਤਾਂ ‘ਚ ਜਾ ਕੇ ਗੋਲੀਆਂ ਨਾਲ ਭੁੰਨ ਦੇਣਾ ਬੇਹੱਦ ਘਿਨੌਣਾ ਕਾਰਾ ਹੈ। ਬੱਚਿਆਂ ਦੇ ਮਾਂ-ਬਾਪ ਅਤੇ ਪਰਿਵਾਰਾਂ ਨਾਲ ਜੋ ਬੀਤ ਰਹੀ ਹੈ, ਉਸ ਦਾ ਅੰਦਾਜ਼ਾ ਸਹਜੇ ਹੀ ਲਗਾਇਆ ਜਾ ਸਕਦਾ ਹੈ।

ਕਲਮ, ਕਿਤਾਬ, ਬਸਤੇ ਖੂਨ ‘ਚ ਲੱਥਪੱਥ ਨੇ,
ਨੰਨੇ-ਮੁੰਨੇ ਬੱਚੇ ਖੂਨ ‘ਚ ਲੱਥਪੱਥ ਨੇ।

ਮਾਵਾਂ ਨੇ ਜੋ ਲੰਚ ਵਿੱਚ ਦੇ ਕੇ ਭੇਜੇ ਸੀ,
ਉਹ ਸਬਜ਼ੀ ਤੇ ਪਰੌਂਠੇ ਖੂਨ ‘ਚ ਲੱਥਪੱਥ ਨੇ।

ਮਾਸੂਮ ਬੱਚਿਆਂ ਦੀਆਂ ਲਾਸ਼ਾਂ ਨੂੰ ਹੁਣ ਕੀ ਪਤਾ,
ਉਹਨਾਂ ਦੇ ਖੇਡ-ਖਿਡੌਣੇ ਖੂਨ ‘ਚ ਲੱਥਪੱਥ ਨੇ।

ਛੋਟੀਆਂ-੨ ਗੱਲਾਂ ‘ਤੇ ਲੜ ਪੈਣ ਵਾਲਿਆ ਦੇ,
ਨੰਨੇ-ਮੁੰਨੇ ਝਗੜੇ ਖੂਨ ‘ਚ ਲੱਥਪੱਥ ਨੇ।

ਉਹਨਾਂ ਮਾਂ-ਬਾਪ ਦੀਆਂ ਅੱਖਾਂ ਦਾ ਹੁਣ ਕੀ ਹੋਵੇਗਾ,
ਜਿਹਨਾਂ ਦੇ ਸਾਰੇ ਸੁਪਨੇ ਖੂਨ ‘ਚ ਲੱਥਪੱਥ ਨੇ।

ਅੱਜ ਫਲਕ ਨੂੰ ਦੇਖ ਕੇ ਮੈਨੂੰ ਲੱਗਦਾ ਹੈ,
ਸੂਰਜ, ਚੰਦ, ਸਿਤਾਰੇ ਖੂਨ ‘ਚ ਲੱਥਪੱਥ ਨੇ।

ਗਿਆਨੀ ਜੀ ਨੇ ਕਿਹਾ ਕਿ ਇਵੇਂ ਲੱਗਦਾ ਹੈ ਜਿਵੇਂ ਉਹ ਬੱਚੇ ਕਹਿ ਰਹੇ ਹੋਣ-
“ਮਾਂ ! ਅੱਜ ਸ਼ਾਇਦ ਥੋੜੀ ਦੇਰ ਹੋ ਜਾਵੇ, ਸਕੂਲ ‘ਚੋਂ ਆਉਣ ਵਿੱਚ…
ਤੁਸੀਂ ਗੁੱਸੇ ਨਾ ਹੋਣਾ।
.
.
ਮਾਂ ! ਸ਼ਾਇਦ ਕਦੀ ਵੀ ਘਰ ਨਾ ਆਵਾਂ ਤੁਸੀਂ ਗੁੱਸੇ ਨਾ ਹੋਣਾ।

(IRPC)  ਦੇ ਜਰਨਲ ਸਕੱਤਰ ਡਾ. ਅਮਿਜ਼ਦ ਚਿਸ਼ਤੀ ਨੇ ਵੀ ਪੁਰਜ਼ੋਰ ਲਫ਼ਜ਼ਾਂ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ। ਸਿੱਖਾਂ ਦੇ ਨਾਲ-2 ਹਿੰਦੂ, ਮੁਸਲਮਾਨ ਅਤੇ ਮਸੀਹ ਭਾਈਚਾਰੇ ਨੇ ਵੀ ਕਾਫੀ ਗਿਣਤੀ ’ਚ ਰੋਸ ਮੁਜਾਹਿਰੇ ’ਚ ਹਿੱਸਾ ਲਿਆ ਤੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਦੀ ਸਿੱਖ ਸੰਗਤ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਦੁਨੀਆਂ ਵਿੱਚ ਵੱਸਦੀ ਸਿੱਖ ਕੌਮ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਪਰਿਵਾਰਾਂ ਦੇ ਨਾਲ ਦੁਖ ਵਿੱਚ ਸ਼ਾਮਲ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>