ਕੋਟਕਪੂਰਾ, (ਗੁਰਿੰਦਰ ਸਿੰਘ) – ਆਰ.ਐਸ.ਐਸ., ਭਾਰਤੀ ਜਨਤਾ ਪਾਰਟੀ ਤੇ ਇਸ ਦੇ ਸਹਿਯੋਗੀ ਦਲਾਂ ਤੇ ਟੋਲਿਆਂ ਵੱਲੋਂ ਚਲਾਈ ਜਾ ਰਹੀ ਫ਼ਿਰਕੂ ਲਹਿਰ ਨੇ ਮੁਸਲਮਾਨਾਂ, ਈਸਾਈਆਂ ਅਤੇ ਸਿੱਖਾਂ ਵਿਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਪਹਿਲਾਂ ਤਾਂ ਧਰਮ ਬਦਲੀ ਅਤੇ ਫਿਰ ਘਰ ਵਾਪਸੀ ਦੇ ਨਾਅਰਿਆਂ ਹੇਠ ਮੁਹਿੰਮ ਚਲਾਈ ਜਾ ਰਹੀ ਸੀ, ਜਿਸ ਦਾ ਮੁਸਲਮਾਨਾਂ ਅਤੇ ਈਸਾਈਆਂ ਨੇ ਸਖ਼ਤ ਨੋਟਿਸ ਲਿਆ ਸੀ। ਪਰ ਹੁਣ ਬੀਤੇ ਦਿਨ ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਦੇ ਮੁਖੀ ਬ੍ਰਿਜ ਭੂਸ਼ਨ ਸਿੰਹ ਬੇਦੀ (ਕਾਦੀਆਂ) ਵੱਲੋਂ ਸਿਖਾਂ ਨੂੰ ਹਿੰਦੂ ਕਹਿਣ ‘ਤੇ ਸਿੱਖਾਂ ਵਿਚ ਵੀ ਭਰਪੂਰ ਰੋਸ ਪੈਦਾ ਹੋ ਰਿਹਾ ਹੈ। ਚੇਤੇ ਰਹੇ ਕਿ ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਦੇ ਸਾਬਕਾ ਮੁਖੀ ਰੁਲਦਾ ਸਿੰਘ ਨੂੰ ਜਾਨ ਤੋਂ ਹੱਥ ਧੋਣੇ ਪਏ ਸਨ। ਹਿੰਦੂਆਂ ਵੱਲੋਂ ਚਲਾਈ ਜਾ ਰਹੀ ਇਸ ਲਹਿਰ ‘ਤੇ ਟਿੱਪਣੀ ਕਰਦਿਆਂ ਸਿੱਖ ਦਿਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਹਿਸਟੋਰੀਅਨ ਨੇ ਕਿਹਾ ਹੈ ਕਿ ਹੈ ਕਿ ਪ੍ਰਧਾਨ ਮੰਤਰੀ ਬਣਨ ਮਗਰੋਂ ਹਿੰਦੂ ਫ਼ਾਸ਼ੀਵਾਦੀ ਤਾਕਤਾਂ ਨੇ ਨਫ਼ਰਤ ਦੇ ਪ੍ਰਚਾਰ ਦੀ ਜੋ ਲਹਿਰ ਸ਼ੁਰੂ ਕਰ ਦਿੱਤੀ ਹੈ ਉਹ ਇਸ ਮੁਲਕ ਦੇ ਭਵਿੱਖ ਵਾਸਤੇ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਭਾਜਪਾ ਸਰਕਾਰ ਕੋਲੋਂ ਲੋਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ ਅਤੇ ਉਹ ਆਪਣੇ ਮੈਨੀਫ਼ੈਸਟੋ ਦੇ ਹਰ ਇਕ ਐਲਾਨ ਵਿਚ ਫੇਲ੍ਹ ਹੋ ਰਹੀ ਹੈ; ਇਸ ਕਰ ਕੇ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ ਹਿੰਦੂ ਟੋਲੇ ‘ਘਰ ਵਾਪਸੀ’ ਦਾ ਨਾਅਰਾ ਲਾ ਰਹੇ ਹਨ ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦੋ ਹਜ਼ਾਰ ਸਾਲ ਪਹਿਲਾਂ ਸ੍ਰੀਲੰਕਾ ਤੋਂ ਅਫ਼ਗ਼ਾਨਿਤਾਨ ਤਕ ਸਾਰੇ ਬੋਧੀ ਸਨ; ਇਸ ਦਾ ਸਬੂਤ ਇਸ ਸਾਰੇ ਇਲਾਕੇ ਵਿਚ ਮੌਜੂਦ ਸਤੂਪਾਂ ਤੋਂ ਮਿਲਦਾ ਹੈ। ਜੇ ਘਰ ਵਾਪਸੀ ਦੀ ਗੱਲ ਹੈ ਤਾਂ 90% ਹਿੰਦੂਆਂ ਨੂੰ ਬੋਧੀ ਬਣ ਜਾਣਾ ਚਾਹੀਦਾ ਹੈ। ਸ. ਗੁਰਿੰਦਰ ਸਿੰਘ ਸ਼ਾਮਪੁਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਫ਼ਿਰਕਾਪ੍ਰਸਤ ਹਿਦੂ ਤਾਕਤਾਂ ਦੇਸ਼ ਭਰ ਵਿਚ ਜੋ ਅੱਗ ਬਾਲ ਰਹੀਆਂ ਹਨ ਉਸ ਦੀ ਲਪੇਟ ਵਿਚ ਆ ਕੇ ਹਿੰਦੂ ਆਪਣਾ ਹੀ ਨੁਕਸਾਨ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਅਜਿਹੇ ਅੰਸਰ ਨੂੰ ਨੱਥ ਪਾਵੇ। ਇਸ ਵਿਚ ਹੀ ਦੇਸ਼ ਦਾ ਭਲਾ ਹੈ।
ਜੇ ਘਰ ਵਾਪਸੀ ਦੀ ਗੱਲ ਹੈ ਤਾਂ ਸਾਰੇ ਹਿੰਦੂਆਂ ਨੂੰ ਬੋਧੀ ਬਣ ਜਾਣਾ ਚਾਹੀਦੈ : ਡਾ. ਦਿਲਗੀਰ
This entry was posted in ਪੰਜਾਬ.