ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖਾਨ ਦੀ ਜ਼ਬਾਨੀ

ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਨਾਲ, ਸ਼ਹੀਦੀਆਂ ਨਾਲ ਭਰਿਆ ਪਿਆ ਹੈ।ਸਰਬੰਸਦਾਨੀ  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ।

ਦਸੰਬਰ 1704 ਦੀ ਕੜਕਦੀ ਸਰਦੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿਖੇ ਕਿਲ੍ਹਾ ਆਨੰਦਗੜ੍ਹ ਛੱਡਣਾ ਪਿਆ।ਉਰਦੂ ਦੇ ਨਾਮਵਰ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਬਾਰੇ ਦੋ ਵੱਖ-ਵੱਖ ਉਰਦੂ ਵਿਚ ਮਹਾਕਾਵਿ ਲਿਖੇ ਹਨ।ਇਥੇ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਰਥਾਤ ਸਾਕਾ ਚਮਕੌਰ ਸਾਹਿਬ ਬਾਰੇ ਜ਼ਿਕਰ ਕਰਾਂਗੇ।

ਸ਼ਾਇਰ ਅੱਲ੍ਹਾ ਯਾਰ ਖਾਂ ਆਪਣਾ ਇਹ ਮਹਾਂਕਾਵਿ ਗੁਰੂ ਸਾਹਿਬ ਦੇ ਕਿਲਾ ਅਨੰਦਗੜ੍ਹ ਛੱਡਣ ਅਤੇ ਸਰਸਾ ਲਾਗੇ ਪਰਿਵਾਰ ਦੇ ਵਿਛੜਣ ਪਿਛੋਂ ਚਮਕੌਰ ਸਾਹਿਬ ਵਿਖੇ ਪਧਾਰਨ ਤੋਂ ਸ਼ੁਰੂ ਕਰਦਾ ਹੈ ਜਦੋਂ ਕਲਗੀਧਰ ਪਿਤਾ ਤੋਂ ਬਿਨਾਂ ਹਰ ਸਿੰਘ ਦੁਸ਼ਮਣਾਂ ਦੇ ਝੂਠ, ਫਰੇਬ ਤੇ ਵਿਸ਼ਵਾਸਘਾਤ ਕਾਰਨ ਗੁੱਸੇ ਨਾਲ ਭਰਿਆ ਹੋਇਆ ਹੈ ਇਸ ਦਾ ਬਦਲਾ ਲੈਣਾ ਚਾਹੁੰਦਾ ਹੈ।ਪਰ ਸ੍ਰੀ ਗੁਰੂ ਜੀ ਸ਼ਾਂਤ ਸਨ। ਉਨ੍ਹਾਂ ਨੂੰ ਪਤਾ ਸੀ ਕਿ ਇਸ ਥਾਂ (ਚਮਕੌਰ ਸਾਹਿਬ) ਕਲ ਨੂੰ ਕੀ ਹੋਣ ਵਾਲਾ ਹੈ।ਸ਼ਾਇਰ ਦਾ ਕਹਿਣਾ ਹੈ ਕਿ ਜਦੋਂ ਡੇਢ ਘੜੀ ਰਾਤ ਗਈ, ਤਾਂ ਗੁਰੂ ਜੀ ਆਪਣੇ ਖੇਮੇ ਤੋਂ ਬਾਹਰ  ਆ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਆਖਣ ਲੱਗੇ ਕਿ ਕਲ ਮੈਂ ਇਥੋਂ ਸੁਰਖੁਰੂ ਹੋ ਕੇ ਜਾਵਾਂਗਾ। ਮੈਂ ਤੇਰਾ ਹਾਂ, ਮੇਰੇ ਬੱਚੇ ਵੀ ਤੇਰੇ ਹਨ। ਹੇ ਅਕਾਲ ਪੁਰਖ, ਤੂੰ ਜਿਸ ਹਾਲਤ ਵਿਚ ਵੀ ਰੱਖੇਂ, ਮੈਨੂੰ ਕੋਈ ਗ਼ਿਲਾ ਸ਼ਿਕਵਾ ਨਹੀਂ। ਮੇਰਾ ਖਾਲਸਾ ਭੁੰਜੇ ਜ਼ਮੀਨ ‘ਤੇ ਹੀ ਲੇਟ ਕੇ ਸੌਂ ਰਿਹਾ ਹੈ, ਮੈਨੂੰ ਉਸ ਕਾਰਨ ਚੈਨ ਨਹੀਂ ਆ ਰਹੀ। ਦੋਨੋ ਵੱਡ ਸਾਹਿਬਜ਼ਾਦੇ ਵੀ ਸੌਂ ਰਹੇ ਸਨ। ਗੁਰੂ ਜੀ ਨੂੰ ਪਤਾ ਸੀ ਕਿ ਕੱਲ੍ਹ ਇਹ ਦੋਨੋਂ ਸਾਹਿਬਜ਼ਾਦੇ ਮੈਨੂੰ ਜੁਦਾਈ ਦੇ ਜਾਣ ਗੇ ਅਤੇ ਧਰਮ ਯੁੱਧ ਵਿਚ ਪਰਵਾਨ ਚੜ੍ਹ ਜਾਣਗੇ।ਅਗਲੀ ਸਵੇਰ ਖਾਲਸਾ ਉੱਠ ਕੇ, ਨਹਾ ਧੋ ਕੇ ਦੀਵਾਨ ਵਿਚ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਲੱਗਾ। ਗੁਰੂ ਜੀ ਗੱਦੀ ‘ਤੇ ਬਿਰਾਜਮਾਨ ਸਨ ਅਤੇ ਸਾਹਿਬਜ਼ਾਦੇ ਆਸੇ ਪਾਸੇ ਸ਼ਸ਼ੋਭਿਤ ਸਨ ਜਿਨ੍ਹਾਂ ਦੇ ਸਿਰ ‘ਤੇ ਕਲਗੀਆਂ ਸਜੀਆਂ ਹੋਈਆਂ ਸਨ।ਹਾਲੇ ਦੀਵਾਨ ਦੀ ਸਮਾਪਤੀ ਨਹੀਂ ਹੋਈ ਸੀ ਕਿ ਇਕ ਸਿੰਘ ਨੇ ਆ ਕੇ ਦੱਸਿਆ ਕਿ ਦੁਸ਼ਮਣਾਂ ਨੇ ਚਮਕੌਰ  ਦੀ ਗੜ੍ਹੀ ਨੂੰ ਘੇਰਾ ਪਾ ਲਿਆ ਹੈ, ਆਪ ਜੀ ਦਾ ਕੀ ਹੁਕਮ ਹੈ? ਕਈ ਸਿੰਘਾਂ ਨੇ ਆਪਣੇ ਦੋਨੋ ਹੱਥ ਜੋੜ ਕੇ ਗੁਰੂ ਸਾਹਿਬ ਤੋਂ ਯੁੱਧ ਦੇ ਮੈਦਾਨ ਵਿਚ ਜਾ ਕੇ ਵੈਰੀਆਂ ਨਾਲ ਟਾਕਰਾ ਕਰਨ ਦੀ ਆਗਿਆ ਮੰਗੀ।ਗੁਰੂ ਜੀ ਦੀ ਆਗਿਆ ਤੇ ਅਸ਼ੀਰਵਾਦ ਲੈ ਕੇ ਬਹਾਦਰ ਅਕਾਲੀ ਸਿੰਘ ਸ਼ਸ਼ਤਰਾਂ ਨਾਲ ਲੈਸ ਹੋ ਕੇ ਖੇਮੇ ਤੋਂ ਬਾਹਰ ਆਏ। ਇਹ ਬਹਾਦਰ ਇੱਕ ਇੱਕ ਖਾਲਸਾ ਸਵਾ ਲੱਖ ਨਾਲ ਜੂਝ ਕੇ ਲੜਿਆ। ਪੰਜ ਪਿਆਰਿਆਂ ‘ਚੋਂ ਇੱਕ ਪਿਆਰੇ ਸੱਭ ਤੋਂ ਪਹਿਲਾਂ ਸ਼ਹੀਦ ਹੋਏ।

ਜਦੋਂ ਭਾਈ ਦਇਆ ਸਿੰਘ ਅਤੇ ਭਾਈ ਮੋਹਕਮ ਸਿੰਘ ਦੁਸ਼ਮਣਾਂ ਦਾ ਬਹਾਦਰੀ ਨਾਲ ਮੁਕਬਲਾ ਕਰਦੇ ਹੋਏ ਸ਼ਹੀਦ ਹੋ ਗਏ, ਉਸ ਨੂੰ ਸ਼ਾਇਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:

ਲਾਖੋਂ ਕੇ ਕਤਲ ਕਰਕੇ ‘ਪਯਾਰੇ’ ਗੁਜ਼ਰ ਗਏ!
ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ।

ਆਪਣੇ ਸਤਿਗੁਰੂ ਪਿਤਾ ਤੋਂ ਆਗਿਆ ਅਤੇ ਅਸ਼ੀਰਵਾਦ ਲੈ ਕੇ ਸਾਹਿਬਜ਼ਾਦਾ ਅਜੀਤ ਸਿੰਘ ਘੋੜੇ ‘ਤੇ ਸਵਾਰ ਹੋ ਕੇ ਮੈਦਾਨ ਵਿਚ ਆ ਗਰਜੇ। ਹੱਥ ਵਿਚ ਤਲਵਾਰ ਲਹਿਰਾ ਰਹੀ ਸੀ:-

ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ।

ਬਿਜਲੀ ਵਾਂਗ ਕੀਤੇ ਹਮਲੇ ਨੇ ਵੈਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਤਲਵਾਰ ਅੱਗ ਵਾਂਗ ਵੈਰੀਆਂ ਨੂੰ ਢੇਰ ਕਰ  ਰਹੀ ਸੀ।ਗੁਰੁ ਸਾਹਿਬ ਇਹ ਸਭ ਕੁਝ ਦੇਖ ਰਹੇ ਤੇ ਸ਼ਾਬਾਸ਼ ਦੇ ਰਹੇ ਸਨ :-

ਸ਼ਾਹਜ਼ਾਦਾ ਇ ਜ਼ੀ-ਜਾਹ ਨੇ ਭਾਗੜ ਥੀ ਮਚਾ ਦੀ।
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ।
ਬੜ੍ਹ-ਚੜ੍ਹ ਕੇ ਤਵੱਕੋ ਸੇ ਜ਼ਜਾਅੱਤ ਜੋ ਦਿਖਾ ਦੀ।
ਸਤਿਗੁਰ ਨੇ ਵਹੀਂ ਕਿਲਾੱ ਸੇ ਬੱਚੇ ਕੋ ਨਿਦਾ ਦੀ।
‘ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ!
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ!!’

ਸਾਹਿਬਜ਼ਾਦਾ ਅਜੀਤ ਸਿੰਘ ਦੁਸ਼ਮਣਾਂ ਨੂੰ ਢੇਰੀ ਕਰਦਾ ਹੋਇਆ ਬਹਾਦਰੀ ਨਾਲ ਅੱਗੇ ਵੱਧ ਰਿਹਾ ਸੀ ਕਿ ਕਿਸੇ ਦੁਸ਼ਮਣ ਨੇ ਪਿੱਛੇ ਦੀ ਪਿੱਠ ਵਿਚ ਬਰਛੀ ਦੇ ਮਾਰੀ ਤੇ ਉਹ ਜ਼ਮੀਨ ‘ਤੇ ਆ ਗਿਰੇ:-

ਦਿਲਬੰਦ ਨੇ ਤਲਵਾਰ ਸੇ ਤਸਲੀਮ ਬਜਾਈ।
ਗਰਦਨ ਪਇ ਆਦਾਬ ਦਿਲਾਵਰ ਨੇ ਝੁਕਾਈ।
ਇਸ ਵਕਫਾ ਮੇਂ ਫੌਜਿ ਸਿਤਮ-ਆਰਾ ਉਮੰਡ ਆਈ।
ਬਰਛੀ ਕਿਸੀ ਬਦਬਖ਼ਤ ਨੇ ਪੀਛੇ ਸੇ ਲਗਾਈ।
ਤਿਉਰਾ ਕੇ ਗਿਰੇ ਜ਼ੀਨ ਸੇ ਸ੍ਰਕਾਰ ਜ਼ਮੀਂ ਪਰ।
ਰੂਹ ਖੁਲਦ ਗਈ ਔਰ ਤਨਿ-ਜ਼ਾਰ ਜ਼ਮੀਂ ਪਰ।

ਆਪਣੇ ਸਪੁੱਤਰ ਨੂੰ ਦਸ਼ਮੇਸ਼ ਪਿਤਾ ਨੇ ਸ਼ਹੀਦ ਹੋਇਆ ਦੇਖਿਆ। ਉਸ ਸਮੇਂ ਦੂਸਰੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਪਿਤਾ ਤੋਂ ਆਗਿਆ ਮੰਗੀ ਕਿ ਮੈਨੂੰ ਆਪਣੇ ਭਰਾ  ਪਾਸ ਜਾਣ ਦਿਓ।।ਵੱਡੇ ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ ਸਤਿਗੁਰਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਗਿਆ ਦੇ ਦਿੱਤੀ। ਸਰਬੰਸਦਾਨੀ ਪਿਤਾ ਨੇ ਆਪਣੇ ਸਾਹਿਬਜ਼ਾਦੇ ਨੂੰ ਯੁੱਧ ਦੇ ਮੈਦਾਨ ਵਿਚ ਜਾ ਕੇ ਸੂਰਬੀਰਾਂ ਵਾਂਗ ਜਾਣ ਦੀ ਕੇਵਲ ਆਗਿਆ ਹੀ ਨਹੀਂ ਦਿੱਤੀ, ਸਗੋਂ ਖੁਦ ਉਸ ਦੇ ਹਥਿਆਰ ਸਜਾਏ:-

“ਲੋ ਜਾਓ, ਸਿਧਾਰੋ! ਤੁਮੇਂ ਕਰਤਾਰ ਕੋ ਸੌਂਪਾ!
ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੌਂਪਾ!
ਰੱਬ ਕੋ ਬਿਸਾਰੋ, ਤੁਮੇਂ ਕਰਤਾਰ ਕੋ ਸੌਂਪਾ!
ਸਿੱਖੀ ਕੋ ਉਭਾਰੋ ਤੁਮੇਂ ਕਰਤਾਰ ਕੋ ਸੌਂਪਾ!
ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮ੍ਹੇਂ ਬਖਸ਼ੇਂ!
ਪਿਆਸੇ ਹੋ ਜਾਤ’ ਜਾਮਿ-ਸ਼ਹਾਦਤ ਤੁਮ੍ਹੇਂ ਬਖਸ਼ੇਂ!”

ਪਿਤਾ ਨੂੰ ਫਤਹਿ ਬੁਲਾ ਕੇ ਜੁਝਾਰ ਸਿੰਘ ਸ਼ੇਰਾਂ ਵਾਂਗ ਮੈਦਾਨੇ ਵਿਚ ਆਏ ਅਤੇ ਵੈਰੀਆਂ ‘ਤੇ ਟੁੱਟ ਕੇ ਪੈ ਗਏ:-

ਦਸ ਬੀਸ ਕੋ ਜ਼ਖਮੀਂ ਕੀਆ, ਦਸ ਬੀਸ ਕੋ ਮਾਰਾ।
ਇਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ।
ਖੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ।
ਗ਼ੁਲ ਮਚ ਗਿਆ: “ਇਕ ਤਿਫ਼ਲ ਨੇ ਚਾਲੀਸ ਕੋ ਮਾਰਾ!
ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ!
ਯਿਹ ਨੀਮਚਾ ਲਾਏ ਹੈਂ ਗੁਰੂ ਜੀ ਕੀ ਕਮਰ ਸੇ!!”

ਵੈਰੀਆਂ ਨੂੰ ਢੇਰੀ ਕਰਦੇ ਹੋਏ ਸ਼ੇਰ ਨੇ ਸਭ ਨੂੰ ਭਾਜੜਾਂ ਪਾ ਦਿੱਤੀਆਂ। ਆਪਣੇ ਸ਼ਹੀਦ ਹੋਏ ਵੀਰ ਪਾਸ ਆ ਕੇ ਸਿਰ ਆਪਣੀ ਗੋਦੀ ਵਿਚ ਰੱਖ ਕੇ ਬੋਲੇ:

ਸਰ ਗੋਦ ਮੇਂ ਲੇ ਕਰਕੇ, ਕਹਾ ਭਾਈ ਸੇ “ਬੋਲੋ!
ਇਸ ਖਾਬਿ-ਗਿਰਾਂ ਸੇ ਕਹੀਂ ਹੁਸ਼ਿਆਰ ਤੋ ਹੋ ਲ਼ੋ!
ਹਮ ਕੌਨ ਹੈਂ? ਦੇਖੋ ਤੋ ਜ਼ਰਾ ਆਂਖ ਤੋ ਖੋਲ੍ਹੋ!
ਸੋਨੇ ਕੀ ਹੀ ਠਾਨੀ ਹੈ ਅਗਰ, ਮਿਲ ਕੇ ਤੋ ਸੋ ਲੋ!
ਭਾਈ ਤੁਮੇਂ ਜਬ ‘ਗੰਜਿ ਸ਼ਹੀਦਾਂ’ ਕੀ ਜ਼ਮੀਂ ਹੈ!
ਠਾਨੀ ਹੂਈ ਹਮ ਨੇ ਭੀ ਬਸੇਰੇ ਕੀ ਯਹੀਂ ਹੈ!”

ਇਤਨੇ ਨੂੰ ਇਕ ਤੀਰ ਆ ਕੇ ਛਾਤੀ ਵਿਚ ਲੱਗਾ, ਤਾਂ ਉਹ ਵੀ ਵੱਡੇ ਭਰਾ ਵਾਂਗ ਧਰਮ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ। ਦਸਮੇਸ਼ ਪਿਤਾ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕੀਤਾ ਕਿ ਸਾਹਿਬਜ਼ਾਦੇ ਜ਼ੁਲਮ ਤਸ਼ੱਦਦ ਤੇ ਅਨਿਆਏ ਦਾ ਮੁਕਾਬਲਾ ਅਤੇ ਧਰਮ ਦੀ ਰੱਖਿਆ ਕਰਦੇ ਹੋਏ ਸੂਰਬੀਰਾਂ ਵਾਂਗ ਸ਼ਹੀਦ ਹੋ ਗਏ ਹਨ।

ਦੋਨੋਂ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਾ ਹੋਇਆ ਸ਼ਾਇਰ ਅੱਲ੍ਹਾ ਯਾਰ ਖਾਂ ਜੋਗੀ ਆਖਦਾ ਹੈ ਕਿ ਜੇਕਰ ਸਾਰੇ ਹਿੰਦੁਸਤਾਨ  ਵਿਚ ਕੋਈ ਤੀਰਥ ਹੈ ਤਾਂ ਇਹੋ ਪਾਵਨ ਅਸਥਾਨ ਹੈ ਜਿਥੇ ਇਕ ਪਿਤਾ ਨੇ ਆਪਣੇ ਜਿਗਰ ਦੇ ਦੋ ਟੁਕੜੇ ਪਰਮਾਤਮਾ ਦੀ ਖ਼ਾਤਰ ਕੁਰਬਾਨ ਕਰ ਦਿੱਤੇ:
-
ਬੱਸ, ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ  ਨੇ ਬੱਚੇ ਜਹਾਂ , ਖੁਦਾ ਕੇ  ਲੀਏ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>