ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ

5-6 ਦਿਸੰਬਰ ਦੀ ਰਾਤ ਨੂੰ, ਦੋ ਘੜੀਆਂ ਰਾਤ ਗਈ, ਗੁਰੂ ਸਾਹਿਬ ਚੱਕ ਨਾਨਕੀ ਤੇ ਸਿਰੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਸਕਾਰ ਵਾਲੀ ਜਗ੍ਹਾ (ਗੁਰਦੁਆਰਾ ਸੀਸ ਗੰਜ) ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਇਸ ਜਗ੍ਹਾ ਦੀ ਸੇਵਾ ਸੰਭਾਲ ਦਿੱਤੀ ਅਤੇ ਆਪ ਸਿੰਘਾਂ ਨੂੰ ਨਾਲ ਲੈ ਕੇ ਕਿਲ੍ਹਾ ਅਨੰਦਗੜ੍ਹ ਆ ਗਏ। ਅਨੰਦਗੜ੍ਹ ਆ ਕੇ ਆਪ ਨੇ ਸਭ ਤੋਂ ਪਹਿਲਾਂ 90 ਸਿੰਘਾਂ ਦੇ ਇਕ ਜੱਥੇ ਦੀ ਹਿਫ਼ਾਜ਼ਤ ਵਿਚ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦੇ ਅਤੇ ਇਕ ਦੁੰਨਾ ਸਿੰਘ ਨਾਂ ਦੇ ਸਿੱਖ ਤੇ ਸੁਭਿੱਖੀ ਨਾਂ ਦੀ ਇਕ ਸਿੰਘਣੀ ਨੂੰ ਕੀਰਤਪੁਰ ਵੱਲ ਟੋਰਿਆ। ਇਸ ਮਗਰੋਂ ਔਰੰਗਜ਼ੇਬ ਦੀ ਚਿੱਠੀ ਨੂੰ ਸੰਭਾਲਿਆ, ਫਿਰ ਭਾਈ ਉਦੈ ਸਿੰਘ ਦੀ ਅਗਵਾਈ ’ਚ 50 ਸਿੰਘਾਂ ਦਾ ਜਥਾ ਰਵਾਨਾ ਕੀਤਾ ਆਪ ਵੀ ਪਿੱਛੇ ਟੁਰ ਪਏ। ਇਨ੍ਹਾਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਬੁੱਢਾ ਸਿੰਘ ਦਾ ਜਥਾ ਆ ਰਿਹਾ ਸੀ। ਇਨ੍ਹਾਂ ਪਿੱਛੇ ਭਾਈ ਜੀਵਨ ਸਿੰਘ ਤੇ ਸਭ ਤੋਂ ਪਿੱਛੇ ਭਾਈ ਬਚਿਤਰ ਸਿੰਘ ਦਾ ਜਥਾ ਸੀ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਹੁੰਦੇ ਹੋਏ, ਪਿੰਡ ਝੱਖੀਆਂ ਦੀ ਜੂਹ ’ਚੋਂ ਲੰਘ ਕੇ ਸਰਸਾ ਨਦੀ ਦੇ ਕੰਢੇ ਵੱਲ ਜਾਣਾ ਸੀ ਅਤੇ ਏਥੋਂ ਨਦੀ ਪਾਰ ਕਰਨੀ ਸੀ। ਗੁਰੂ ਸਾਹਿਬ ਨੇ ਪਰਿਵਾਰ ਨੂੰ ਚਮਕੌਰ ਵੱਲ ਭੇਜਣਾ ਸੀ ਅਤੇ ਆਪ ਕੋਟਲਾ ਨਿਹੰਗ (ਰੋਪੜ) ਵੱਲ ਜਾਣਾ ਸੀ।

ਅਜੇ ਗੁਰੂ ਸਾਹਿਬ ਕੀਰਤਪੁਰ ਲੰਘੇ ਹੀ ਸਨ ਕਿ ਪਿੱਛੋਂ ਪਹਾੜੀ ਤੇ ਮੁਗ਼ਲ ਫ਼ੌਜਾਂ ਨੇ ਤੀਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਭਾਈ ਉਦੈ ਸਿੰਘ ਨੂੰ ਸ਼ਾਹੀ ਟਿੱਬੀ ਤੇ ਤਾਇਨਾਤ ਕੀਤਾ ਤੇ ਉਸ ਨਾਲ ਪੰਜਾਹ ਸਿੰਘ ਲੜਨ ਵਾਸਤੇ ਦਿੱਤੇ। ਉਨ੍ਹਾਂ ਭਾਈ ਉਦੈ ਸਿੰਘ ਨੂੰ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਆਖਣਾ ਕਿ ਉਹ ਉੱਥੇ ਨਾ ਰੁਕਣ ਅਤੇ ਕੋਟਲਾ ਨਿਹੰਗ ਚਲੇ ਜਾਣ। ਇਸ ਮਗਰੋਂ ਆਪ ਨੇ ਮਾਤਾ ਗੁਜਰੀ, ਦੋ ਛੋਟੇ ਸਾਹਿਬਜ਼ਾਦਿਆਂ, ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਨਾਲ ਸਰਸਾ ਨਦੀ ਨੂੰ ਪਾਰ ਕੀਤਾ। ਇਨ੍ਹਾਂ ਪਿੱਛੇ ਆ ਰਿਹਾ ਵਹੀਰ ਵੀ ਸਰਸਾ ਪਾਰ ਕਰ ਗਿਆ।

ਮਾਤਾ ਗੁਜਰੀ ਤੇ ਦੋ ਨਿੱਕੇ ਸਾਹਿਬਜ਼ਾਦੇ, ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਸਰਸਾ ਨਦੀ ਤੋਂ ਚਲ ਕੇ ਸਿੱਧੇ ਚਮਕੌਰ ਪਹੁੰਚ ਗਏ। ਅਜਿਹਾ ਜਾਪਦਾ ਹੈ ਕਿ ਸਾਰਿਆਂ ਨੇ ਚਮਕੌਰ ਵਿਚ ਇਕੱਠੇ ਹੋਣ ਦਾ ਫ਼ੈਸਲਾ ਕੀਤਾ ਹੋਣਾ ਹੈ। ਚਮਕੌਰ ਵਿਚ ਮਾਤਾ ਜੀ ਤੇ ਦੋ ਸਾਹਿਬਜ਼ਾਦਿਆਂ ਨੂੰ ਸਹੇੜੀ ਪਿੰਡ ਦੇ ਧੁੰਮਾ ਤੇ ਦਰਬਾਰੀ, ਜੋ ਕਦੇ ਇਸ ਇਲਾਕੇ ਦੇ ਮਸੰਦ ਹੁੰਦੇ ਹਨ, ਆਪਣੇ ਨਾਲ ਆਪਣੇ ਪਿੰਡ ਲੈ ਗਏ ਤੇ ਭਾਈ ਦੁੱਨਾ ਸਿੰਘ ਤੇ ਬੀਬੀ ਸੁਭਿੱਖੀ ਆਪਣੇ ਘਰੀਂ ਚਲੇ ਗਏ (ਚਮਕੌਰ ਤੋਂ ਸਹੇੜੀ ਤਕਰੀਬਨ 15-16 ਕਿਲੋਮੀਟਰ ਹੈ)।

ਰਾਤ ਵੇਲੇ ਮਸੰਦਾਂ ਨੇ ਮਾਤਾ ਜੀ ਦੀ ਸੋਨੇ ਦੀਆਂ ਮੁਹਰਾਂ ਵਾਲੀ ਥੈਲੀ ਚੋਰੀ ਕਰ ਲਈ। ਅਗਲੀ ਸਵੇਰ 7 ਦਸੰਬਰ ਦੇ ਦਿਨ ਜਦ ਮਾਤਾ ਜੀ ਨੇ ਸਵੇਰੇ ਉਠ ਕੇ ਥੈਲੀ ਚੋਰੀ ਹੋਣ ਦੀ ਗੱਲ ਕੀਤੀ ਤਾਂ ਮਸੰਦ ਉਲਟਾ ਔਖੇ ਹੋ ਪਏ ਤੇ ਉਨ੍ਹਾਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਉ¤ਥੇ ਹੋਣ ਬਾਰੇ ਇਤਲਾਹ ਮੋਰਿੰਡਾ ਥਾਣੇ (ਜੋ ਉਥੋਂ ਸਾਢੇ ਤਿੰਨ ਕਿਲੋਮੀਟਰ ਹੈ) ਭੇਜ ਦਿੱਤੀ। ਕਿਉਂਕਿ ਸਿੱਖ ਰਿਵਾਇਤ ਮੁਤਾਬਿਕ ਗੰਗੂ ਨੇ ਸਾਹਿਬਜ਼ਾਦਿਆਂ ਨੂੰ ਫੜਵਾਇਆ ਕਿਹਾ ਜਾਂਦਾ ਹੈ, ਹੋ ਸਕਦਾ ਹੈ ਕਿ ਗੰਗੂ  ਬ੍ਰਾਹਮਣ ਮਸੰਦਾਂ ਦਾ ਰਸੋਈਆ ਹੋਵੇ। ਉਸੇ ਦਿਨ ਮੋਰਿੰਡਾ ਤੋਂ ਦੋ ਸਿਪਾਹੀ ਸਹੇੜੀ ਪੁੱਜ ਗਏ ਅਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਏ। ਇਕ ਰਿਵਾਇਤ ਮੁਤਾਬਿਕ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿਚ ਪਾ ਕੇ ਘੋੜਿਆਂ ‘ਤੇ ਲੱਦਿਆ ਗਿਆ ਸੀ। 7 ਦਸੰਬਰ ਦੀ ਰਾਤ ਉਨ੍ਹਾਂ ਨੇ ਮੋਰਿੰਡਾ ਥਾਣੇ ਵਿਚਲੇ ਕੈਦਖਾਨੇ ਵਿਚ ਕੱਟੀ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਲਿਜਾਇਆ ਗਿਆ ਤੇ ਇਥੋਂ ਦੇ ਸੂਬੇਦਾਰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਸਰਹੰਦ ਦੇ ਕਿਲ੍ਹੇ ਦੇ ਬੁਰਜ ਵਿਚ ਕੈਦ ਕਰ ਦਿੱਤਾ। ਇਹ ਬੁਰਜ ਚੌਹਾਂ ਪਾਸਿਆਂ ਤੋਂ ਖੁਲ੍ਹਾ ਸੀ ਅਤੇ ਦਸੰਬਰ ਦੀਆ ਠੰਡੀਆਂ ਹਵਾਵਾਂ ਨਾਲ ਬੰਦੇ ਨੂੰ ਉਂਞ ਹੀ ਅੱਧਾ ਕੂ ਮੁਰਦਾ ਕਰ ਦੇਂਦਾ ਹੈ। (ਮਗਰੋਂ ਗੁਰਦੁਆਰੇ ਦੀ ਇਕਾਰਤ ਬਣਾਉਣ ਵਾਲਿਆਂ ਨੇ ਇਸ ਨੂੰ ਢੁਆ ਕੇ ਇਸ ਦੀ ਤਵਾਰੀਖ਼ ਦੀ ਨਿਸ਼ਾਨੀ ਵੀ ਖ਼ਤਮ ਕਰ ਦਿੱਤੀ।

ਨਿੱਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹੀਦੀ

9 ਦਸੰਬਰ ਨੂੰ ਜਦ ਬੱਚਿਆਂ ਨੂੰ ਵਜ਼ੀਰ ਖ਼ਾਨ ਕੋਲ ਪੇਸ਼ ਕੀਤਾ ਗਿਆ ਤਾਂ ਉਸ ਨੇ ਬੱਚਿਆਂ ਨੂੰ ਮੁਸਲਮਾਨ ਬਣਾਉਨ ਵਾਸਤੇ ਲਾਲਚ ਦਿੱਤੇ, ਅਤੇ, ਧਰਮ ਨਾ ਛੱਡਣ ਦੀ ਸੂਰਤ ਵਿਚ ਸ਼ਹੀਦ ਕਰਨ ਦੀ ਧਮਕੀ ਵੀ ਦਿੱਤੀ। ਮਾਤਾ ਗੁਜਰੀ ਦੀ ਗੋਦ ਵਿਚ ਪਲੇ, ਸ਼ਹੀਦ ਦਾਦੇ ਗੁਰੂ ਤੇਗ਼ ਬਹਾਦਰ ਦੇ ਪੋਤੇ, ਧਰਮ ਛੱਡਣਾ ਕਿਵੇਂ ਕਬੂਲ ਕਰ ਸਕਦੇ ਸਨ! ਉਸ ਨੇ ਉਨ੍ਹਾਂ ਨੂੰ ਦੋ ਦਿਨ ਸੋਚਣ ਦਾ ਸਮਾਂ ਵੀ ਦਿੱਤਾ। ਅਖ਼ੀਰ 12 ਦਸੰਬਰ ਦੇ ਦਿਨ ਵਜ਼ੀਰ ਖ਼ਾਨ ਨੇ ਉਨ੍ਹਾਂ ਨੂੰ ਕਾਜ਼ੀ ਕੋਲੋਂ ਮੁਸਲਮਾਨ ਬਣ ਜਾਣ ਦੀ ਸੂਰਤ ਵਿਚ ਰਿਹਾ ਕਰਨ ਦੀ ਪੇਸ਼ਕਸ਼ ਕਰਵਾਈ। ਪਰ ਉਨ੍ਹਾਂ ਵੱਲੋਂ ਨਾਂਹ ਕਰਨ ‘ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਆਮ ਤੌਰ ’ਤੇ ਇਹ ਪਰਚਾਰ ਕੀਤਾ ਜਾਂਦਾ ਰਿਹਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਿੱਕੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਕਤਲ ਕਰਨ ਵਾਸਤੇ ਹੁਕਮ ਦਿੱਤਾ ਤਾਂ ਮਲੇਰਕੋਟਲੇ ਦੇ ਪਠਾਨ ਹਾਕਮ ਸ਼ੇਰ ਮੁਹੰਮਦ ਖ਼ਾਨ ਨੇ ਅਖੌਤੀ “ਹਾਅ” ਦਾ ਨਾਅਰਾ ਮਾਰਿਆ ਸੀ। ਦਰਅਸਲ ਉਸ ਨੇ ਕੋਈ “ਹਾਅ” ਦਾ ਨਾਅਰਾ ਨਹੀਂ ਸੀ ਮਾਰਿਆ ਸੀ। ਘਟਨਾ ਇੰਞ ਸੀ: ਜਦ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ “ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਲੜਾਈ ਵਿਚ ਮਾਰਿਆ ਸੀ; ਹੁਣ ਇਹ ਤੇਰੇ ਹਵਾਲੇ ਕਰ ਦੇਂਦਾ ਹਾਂ ਤੂੰ ਇਨ੍ਹਾਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ।” ਇਸ ‘ਤੇ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ: “ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚਿਆਂ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ।” ਚੇਤੇ ਰਹੇ ਕਿ ਸਾਹਿਬਜ਼ਾਦਿਆਂ ਦੇ ਕਤਲ ਦੇ ਹੁਕਮ ਦੀ ਉਸ ਨੇ ਕੋਈ ਮੁਖ਼ਾਲਫ਼ਤ ਨਹੀਂ ਕੀਤੀ ਸੀ; ਉਸ ਨੇ ਤਾਂ ਆਪਣੇ ਭਰਾ ਦੇ ਗੁਰੂ ਜੀ ਦੇ ਹੱਥੋਂ ਮਾਰੇ ਜਾਣ ਬਦਲਾ ਬੱਚਿਆਂ ਤੋਂ ਲੈਣਾ ਮਨਜ਼ੂਰ ਨਹੀਂ ਕੀਤਾ ਸੀ।

ਸ਼ੇਰ ਮੁਹੰਮਦ ਖ਼ਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਵੀ ਸ਼ਰਮ ਆਈ। ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਉਨ੍ਹਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ। ਇਸ ਸਮੇਂ ਵਜ਼ੀਰ ਖ਼ਾਨ ਦਾ ਦੀਵਾਨ ਸੁੱਚਾ ਨੰਦ ਵੀ ਹਾਜ਼ਿਰ ਸੀ। ਉਸ ਨੇ ਵਜ਼ੀਰ ਖ਼ਾਨ ਨੂੰ ਬੱਚਿਆਂ ਨੂੰ ਛਡ ਦੇਣ ਤੋਂ ਵਰਜਿਆ ਤੇ ਕਿਹਾ ਕਿ ‘ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚੇ ਵੱਡੇ ਹੋ ਕੇ ਵੀ ਸੱਪ ਹੀ ਬਣਨਗੇ; ਇਨ੍ਹਾਂ ਨੂੰ ਖ਼ਤਮ ਕਰਨਾ ਹੀ ਬੇਹਤਰ ਹੈ।’ ਇਸ ‘ਤੇ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਹੁਕਮ  ਦੇ ਦਿੱਤਾ।

12 ਦਸੰਬਰ 19705 ਦੇ ਦਿਨ ਦੋਹਾਂ ਬੱਚਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ। ਪਰ ਛੇਤੀ ਹੀ ਦੀਵਾਰ ਢੱਠ ਗਈ ਤੇ ਬੱਚੇ ਡਿੱਗ ਪਏ। ਉਹ ਅਜੇ ਜਿਊਂਦੇ ਸਨ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ।

ਇਸੇ ਦਿਨ ਹੀ ਮਾਤਾ ਗੁਜਰੀ ਵੀ ਚੜ੍ਹਾਈ ਕਰ ਗਏ। ਇਹ ਪਰਚਾਰ ਕੀਤਾ ਜਾਂਦਾ ਹੈ ਕਿ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਮਾਤਾ ਜੀ ਨੇ ਹੀਰਾ ਚੱਟ ਲਿਆ ਤੇ ਤੇ ਇਕ ਹੋਰ ਚਰਚਾ ਮੁਤਾਬਿਕ ਮਾਤਾ ਜੀ ਨੇ ਬੁਰਜ ਤੋਂ ਛਲਾਂਗ ਮਾਰ ਦਿੱਤੀ ਸੀ (ਯਾਨਿ ਕਿ ਖ਼ੁਦਕੁਸ਼ੀ ਕਰ ਲਈ ਸੀ)। ਇਹ ਦੋਵੇਂ ਗੱਲਾਂ ਗ਼ਲਤ ਜਾਪਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਉਨ੍ਹਾਂ ਕੋਲ ਹੀਰਾ ਕਿੱਥੋ ਆ ਗਿਆ। ਦੂਜਾ ਮਾਤਾ ਜੀ ਖ਼ੁਦਕੁਸ਼ੀ ਕਰਨ ਵਾਲਿਆਂ ਵਿਚੋਂ ਨਹੀਂ ਸਨ। ਜੇ ਮਾਤਾ ਜੀ ਏਨੇ ਕਮਜ਼ੋਰ ਦਿਲ ਵਾਲੇ ਤੇ ਰੱਬ ਦਾ ਭਾਣਾ ਨਾ ਮੰਨਣ ਵਾਲੇ ਹੁੰਦੇ ਤਾਂ ਆਪਣੇ ਪਤੀ ਦੀ ਸ਼ਹੀਦੀ ਮਗਰੋਂ ਹੀ ਹੀਰਾ ਚੱਟ ਲੈਂਦੇ ਜਾਂ ਸਾਹ ਛੱਡ ਜਾਂਦੇ।  ਮਾਤਾ ਗੁਜਰੀ ਤਾਂ ਅਕਾਲ ਪੁਰਖ ਦਾ ਭਾਣਾ ਮੰਨਣ ਵਾਲੀ ਮਹਾਨ ਔਰਤ ਸਨ। ਅਜਿਹਾ ਜਾਪਦਾ ਹੈ ਕਿ ਮਾਤਾ ਗੁਜਰੀ ਜੋ ਪਿਛਲੇ ਚਾਰ ਦਿਨ ਤੋਂ ਠੰਡੇ ਬੁਰਜ ਵਿਚ ਕੈਦ ਸਨ ਤੇ ਸਰਦੀਆਂ ਦੀ ਯਖ ਠੰਡੀ ਹਵਾ ਵਿਚ ਬਿਨਾ ਕਿਸੇ ਕਪੜੇ ਤੋਂ ਰਹਿ ਰਹੇ ਹੋਣ ਅਤੇ ਭੁੱਖਣ ਭਾਣੇ ਹੋਣ ਕਰ ਕੇ ਬੁਰੀ ਤਰ੍ਹਾਂ ਨਿਢਾਲ ਤੇ ਤਕਰੀਬਨ ਬੇਹੋਸ਼ ਜਿਹੇ ਹੋ ਚੁਕੇ ਹੋਣਗੇ। ਜਿਹੜੇ ਜ਼ਾਲਮ ਮਾਸੂਮ ਬੱਚਿਆਂ ਨੂੰ ਨੀਹਾਂ ਵਿਚ ਚਿਣ ਸਕਦੇ ਹਨ ਤੇ ਉਨ੍ਹਾਂ ਦੀਆਂ ਗਰਦਨਾਂ ਵੱਢ ਸਕਦੇ ਹਨ, ਯਕੀਨਨ ਉਨ੍ਹਾਂ ਮਾਤਾ ਜੀ ਨੂੰ ਵੀ ਤਸ਼ੱਦਦ ਕਰ ਕੇ ਬੁਰਜ ਤੋਂ ਹੇਠਾਂ ਸੁਟ ਕੇ ਸ਼ਹੀਦ ਕਰ ਦਿੱਤਾ ਹੋਵੇਗਾ।

ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਅਸਲ ਕਹਾਣੀ: ਜਦ ਵਜ਼ੀਰ ਖ਼ਾਨ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਸਾਹਿਬਜ਼ਾਦਿਆਂ ਨੂੰ ਮਾਰ ਕੇ ਆਪਣੇ ਭਰਾ ਦੇ ਮਾਰਨ ਦਾ ਬਦਲਾ ਲੈ ਲੈ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਆਪਣਾ ਬਦਲਾ ਦੁਸ਼ਮਣ ਦੇ ਮਾਸੂਮ ਬੱਚੇ ਤੋਂ ਨਹੀਂ ਬਲਕਿ ਉਸ (ਗੁਰੂ) ਤੋਂ ਹੀ ਲਵਾਂਗਾ। ਪਰ, ਜਦ ਸਰਹੰਦ ਦੇ ਨਵਾਬ ਨੇ ਬੱਚਿਆਂ ਨੂੰ ਦੀਵਾਰ ਵਿਚ ਚਿਣਨ ਦਾ ਹੁਕਮ ਦਿੱਤਾ ਅਤੇ ਦੀਵਾਰ ਡਿੱਗਣ ਮਗਰੋਂ ਜੱਲਾਦ ਹੱਥੋਂ ਕਤਲ ਕਰਵਾਇਆ ਤਾਂ ਸ਼ੇਰ ਮੁਹੰਮਦ ਖ਼ਾਨ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਦਰਅਸਲ, ਸ਼ੇਰ ਮੁਹੰਮਦ ਖ਼ਾਨ ਸਿੱਖਾਂ ਦਾ ਕੋਈ ਹਮਦਰਦ ਨਹੀਂ ਸੀ ਬਲਕਿ ਕੱਟੜ ਦੁਸ਼ਮਣ ਸੀ। ਉਸ ਨੇ ਅਤੇ ਉਸ ਦੇ ਭਰਾਵਾਂ, ਪੁੱਤਰਾਂ ਤੇ ਭਤੀਜਿਆਂ ਨੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ’ਤੇ ਹਮਲੇ ਕੀਤੇ ਸਨ। 12 ਅਕੂਤਬਰ 1700 ਨੂੰ  ਨਿਰਮੋਹਗੜ੍ਹ, 7-8 ਦਸੰਬਰ 1705 ਨੂੰ ਚਮਕੌਰ, 9-10 ਮਈ 1710 ਦੇ ਦਿਨ ਮਝੈਲ ਸਿੰਘਾਂ ’ਤੇ ਬਹਿਲੋਲਪੁਰ ਵਿਚ ਅਤੇ 12 ਮਈ 1710 ਦੇ ਦਿਨ ਚੱਪੜ-ਚਿੜੀ ਵਿਚ ਵੀ ਉਸ ਨੇ ਜ਼ਬਰਦਸਤ ਟੱਕਰ ਲਈ ਸੀ ਅਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹਰ ਹੁਕਮ ’ਤੇ ਫੁਲ ਚੜ੍ਹਾਉਂਦਿਆਂ ਸਿੱਖਾਂ ’ਤੇ ਅਕਾਰਣ ਹੀ ਹਮਲੇ ਕੀਤੇ ਸਨ। ਇਨ੍ਹਾਂ ਲੜਾਈਆਂ ਵਿਚ ਉਹ ਆਪ, ਉਸ  ਦੇ ਤਿੰਨ ਭਰਾ ਅਤੇ ਦੋ ਭਤੀਜੇ ਮਾਰੇ ਗਏ ਸਨ। ਇਸ ਕਰ ਕੇ ਸਿਖਾਂ ਨੂੰ ਮਲੇਰਕੋਟਲਾ ਦੇ ਪਠਾਣ ਹਾਕਮ ਵੀ ਬਹੁਤ ਚੁਭਦੇ ਸਨ ਅਤੇ ਉਹ ਉਸ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸਨ। ਸਰਹੰਦ ਜਿੱਤਣ ਤੋਂ ਬਾਅਦ ਸਿੱਖ ਫ਼ੌਜਾਂ ਨੇ ਮਲੇਰਕੋਟਲਾ ਵਲ ਕੂਚ ਕਰ ਦਿਤਾ। ਜਦੋਂ ਮਲੇਰੀਆਂ ਨੂੰ ਪਤਾ ਲਗਾ ਕਿ ਸਿੱਖ ਫ਼ੌਜਾਂ ਮਲੇਰਕੋਟਲਾ ਵਲ ਆ ਰਹੀਆਂ ਹਨ ਤਾਂ ਉੱਥੋਂ ਦਾ ਇਕ ਸ਼ਾਹੂਕਾਰ ਕਿਸ਼ਨ ਚੰਦ ਬਾਬਾ ਬੰਦਾ ਸਿੰਘ ਨੂੰ ਮਿਲਣ ਪੁੱਜਾ। ਕਿਸ਼ਨ ਚੰਦ ਬੰਦਾ ਸਿੰਘ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਸ ਨੇ ਬੰਦਾ ਸਿੰਘ ਨੂੰ ਅਰਜ਼ ਕੀਤੀ ਕਿ ਮਲੇਰਕੋਟਲਾ ਨੂੰ ਬਖ਼ਸ਼ ਦਿਤਾ ਜਾਵੇ। ਉਸ ਨੇ ਸ਼ਹਿਰੀਆਂ ਦੀ ਤਰਫ਼ੋਂ ਚੋਖੀ ਵੱਡੀ ਰਕਮ ਬੰਦਾ ਸਿੰਘ ਨੂੰ ਪੇਸ਼ ਕਰ ਕੇ ਸ਼ਹਿਰ ਨੂੰ ਲੁੱਟੇ ਜਾਣ ਤੋਂ ਬਚਾ ਲਿਆ। ਜੇ ਕਰ ਕਿਸ਼ਨ ਚੰਦ ਬੰਦਾ ਸਿੰਘ ਅੱਗੇ ਫ਼ਰਿਆਦੀ ਨਾ ਹੁੰਦਾ ਤਾਂ ਮਲੇਰਕੋਟਲਾ ਵੀ ਤਬਾਹ ਹੋ ਜਾਣਾ ਸੀ। ਇਸ ਤੋਂ ਮਗਰੋਂ ਵੀ ਮਲੇਰਕੋਟਲੇ ਦੇ ਹਾਕਮਾਂ ਨੇ ਅਹਿਮਦ ਸ਼ਾਹ ਦੁਰਾਨੀ ਨਾਲ ਰਲ ਕੇ 1762 ਦੇ ਘੱਲੂਘਾਰੇ ਤਕ ਸਿੱਖਾਂ ਦੇ ਖ਼ਿਲਾਫ਼ ਹਰ ਮੁਹਿੰਮ ਵਿਚ ਹਿੱਸਾ ਲਿਆ ਸੀ)।

ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਸਸਕਾਰ ਤੇ ਟੋਡਰ ਮੱਲ

13 ਦਸੰਬਰ 1705 ਦੇ ਦਿਨ ਸ਼ਹੀਦ ਮਾਤਾ ਗੁਜਰੀ ਅਤੇ ਦੋਹਾਂ ਨਿੱਕੇ ਸਾਹਿਬਜ਼ਾਦਿਆਂ ਦਾ ਸਸਕਾਰ ਸਰਹੰਦ ਕਿਲ੍ਹੇ ਦੇ ਪਿਛਲੇ ਪਾਸੇ ਅਤੇ ਆਮ-ਖ਼ਾਸ ਬਾਗ਼ ਤੋਂ ਪਹਿਲਾਂ (ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਹੈ) ਕੀਤਾ ਗਿਆ ਸੀ। ਇਹ ਸਸਕਾਰ ਸਰਹੰਦ ਵਿਚ ਰਹਿ ਰਹੇ ਸਾਬਕਾ ਦੀਵਾਨ ਟੋਡਰ ਮੱਲ ਦੇ ਪਰਵਾਰ ਨੇ ਕੀਤਾ ਸੀ। ਇਹ ਆਮ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ ਸੀ ਤੇ ਸਸਕਾਰ ਕਰਨ ਵਾਸਤੇ ਉਸ ਨੇ ਸੋਨੇ ਦੀਆਂ ਮੁਹਰਾਂ ਖੜ੍ਹੀਆਂ ਕਰ ਕੇ ਜਗਹ ਲਈ ਸੀ। ਇਹ ਕਹਾਣੀ ਟੋਡਰ ਮੱਲ ਪਰਵਾਰ ਗੁਰੂ ਜੀ ਦਾ ਸ਼ਰਧਾਲੂ ਜਾਂ ਸਿੱਖਾਂ ਦਾ ਹਮਦਰਦ ਸਾਬਿਤ ਕਰਨ ਵਾਸਤੇ ਜਾਂ ਦੀਵਾਨ ਟੋਡਰ ਮੱਲ ਦੀ ਸ਼ਾਨ ਬਣਾਉਣ ਵਾਸਤੇ ਬਣਾਈ ਗਈ ਜਾਪਦੀ ਹੈ। ਦੀਵਾਨ ਟੋਡਰ ਮੱਲ 1665-66 ਵਿਚ, ਇਸ ਘਟਨਾ ਤੋਂ 40 ਸਾਲ ਪਹਿਲਾਂ, ਮਰ ਚੁਕਾ ਸੀ। ਸੋ ਇਹ ਸਸਕਾਰ ਉਸ ਦੇ ਪੁੱਤਰ ਜਾਂ ਪੋਤੇ ਨੇ ਕੀਤਾ ਹੋਵੇਗਾ। (ਦੀਵਾਨ ਟੋਡਰ ਮੱਲ ਪਰਵਾਰ ਦੀ ਯਾਦਗਾਰ, ਜਹਾਜ਼ੀ ਹਵੇਲੀ, ਅੱਜ ਵੀ ਪੁਰਾਣੇ ਸਰਹੰਦ, ਹੁਣ ਫ਼ਤਹਿਗੜ੍ਹ ਸਾਹਿਬ ਵਿਚ, ਟੁੱਟੀ ਹਾਲਤ ਵਿਚ, ਮੌਜੂਦ ਹੈ)। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਸਸਕਾਰ ਕਰਨ ਵਾਸਤੇ ਟੋਡਰ ਮੱਲ ਪਰਵਾਰ ਤੋਂ ਸਿਵਾ ਕੋਈ ਹੋਰ ਜਣਾ ਅੱਗੇ ਨਹੀਂ ਆਇਆ ਹੋਵੇਗਾ, ਹਾਲਾਂ ਕਿ ਸਰਹੰਦ ਵਿਚ ਸੂਦ ਬਿਰਾਦਰੀ ਦੇ ਹਜ਼ਾਰਾਂ ਹਿੰਦੂ ਰਹਿੰਦੇ ਸਨ। ਸੋਨੇ ਦੀਆਂ ਮੁਹਰਾਂ ਵਾਲੀ ਗੱਲ ਵੀ ਸਹੀ ਨਹੀਂ ਹੋ ਸਕਦੀ ਕਿਉਂਕਿ ਟੋਡਰ ਮੱਲ ਪਰਵਾਰ ਬਹੁਤ ਅਮੀਰ ਸੀ ਤੇ ਉਨ੍ਹਾਂ ਕੋਲ ਬੇਹਿਸਾਬ ਦੌਲਤ ਅਤੇ ਜ਼ਮੀਨ ਸੀ, ਜਿੱਥੇ ਉਹ ਸਸਕਾਰ ਕਰ ਸਕਦੇ ਸਨ। ਪਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਸਕਾਰ ਕਰਨ ਦੀ ਸੇਵਾ ਅਕਾਲ ਪੁਰਖ ਨੇ ਉਨ੍ਹਾਂ ਦੇ ਹੱਥੋਂ ਲਈ ਸੀ।

ਟੋਡਰ ਮੱਲ ਕੌਣ ਸੀ?: ਮੁਗ਼ਲੀਆ ਤਵਾਰੀਖ਼ ਵਿਚ ਦੋ ਟੋਡਰ ਮੱਲ ਹੋਏ ਹਨ।ਇਕ ਟੋਡਰ ਮੱਲ ਬਾਦਸ਼ਾਹ ਅਕਬਰ ਦਾ ਕਾਬਲ ਵਜ਼ੀਰ ਸੀ; ਜਿਸ ਦੀ ਮੌਤ 8 ਨਵੰਬਰ 1589 ਦੇ ਦਿਨ ਹੋਈ ਸੀ। ਦੂਜਾ ਇਹ ਸਰਹੰਦ ਵਾਲਾ ਟੋਡਰ ਮੱਲ ਸੀ, ਜੋ ਬਾਦਸ਼ਾਹ ਸ਼ਾਹਜਹਾਨ ਦੇ ਜ਼ਮਾਨੇ ਵਿਚ ਹੋਇਆ ਸੀ; ਇਸ ਨੂੰ ‘ਟੋਡਰ ਮੱਲ ਸ਼ਾਹਜਹਾਨੀ’ ਵੀ ਕਿਹਾ ਜਾਂਦਾ ਹੈ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖ਼ਿਤਾਬ ਦਿੱਤਾ ਹੋਇਆ ਸੀ। ਇਸ ਕੋਲ ਪਹਿਲਾਂ 100 ਘੋੜਸਵਾਰ ਅਤੇ 200 ਪਿਆਦਾ ਫ਼ੌਜ ਰੱਖਣ ਦਾ ਹੱਕ ਸੀ, ਜੋ ਵਧਦਾ ਵਧਦਾ 1648 ਵਿਚ 2000 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ। ਇਸੇ ਸਾਲ ਉਸ ਨੂੰ ‘ਰਾਜਾ’ ਦਾ ਖ਼ਿਤਾਬ ਵੀ ਮਿਲਿਆ ਸੀ ਜੋ ਸਾਰੀ ਮੁਗ਼ਲੀਆ ਤਵਾਰੀਖ਼ ਵਿਚ ਸਿਰਫ਼ ਕੁਝ ਹੀ ਗ਼ੈਰ-ਮੁਸਲਮਾਨਾਂ ਨੂੰ ਹੀ ਮਿਲਿਆ ਸੀ ਤੇ ਪੰਜਾਬ ਵਿਚ ਸਿਰਫ਼ ਇਸ ਟੋਡਰ ਮੱਲ ਨੂੰ ਹੀ ਮਿਲਿਆ ਸੀ। 1650 ਵਿਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਬਲਕਿ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ। ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ। ਉਹ ਜਿਸ ਮਹਲ ਵਿਚ ਰਹਿੰਦਾ ਸੀ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ। ਇਸ ਦੀ ਮੌਤ 1665-66 ਵਿਚ ਹੋਈ ਸੀ। (ਮਆਸਰ-ਉਲ-ਉਮਰਾ, ਜਿਲਦ ਦੂਜੀ, ਸਫ਼ੇ 286-87)।

ਮੋਤੀ ਰਾਮ ਮਹਿਰਾ ਦੀ ਕਹਾਣੀ

ਕੁਝ ਕਵੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿਚ ਇਕ ਮੋਤੀ ਰਾਮ ਮਹਿਰਾ ਦਾ ਜ਼ਿਕਰ ਵੀ ਕੀਤਾ ਹੈ। ਇਸ ਪ੍ਰਸੰਗ ਮੁਤਾਬਿਕ ਮੋਤੀ ਰਾਮ ਚੋਰੀ-ਚੋਰੀ ਬੁਰਜ ‘ਤੇ ਚੜ੍ਹ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਦੁੱਧ ਪਿਆਇਆ ਕਰਦਾ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਐਨੇ ਸਖ਼ਤ ਪਹਿਰੇ ਵਿਚ ਕਿਸੇ ਦਾ ਦੁਧ ਦੀ ਬਾਲਟੀ ਜਾਂ ਲੋਟਾ ਲੈ ਕੇ ਚੋਰੀ ਕਿਲ੍ਹੇ ਦੀ ਛੱਤ ‘ਤੇ ਚੜ੍ਹ ਜਾਣਾ ਨਾਮੁਮਕਿਨ ਹੈ; ਖ਼ਾਸ ਕਰ ਕੇ ਸਾਹਿਬਜ਼ਾਦਿਆਂ ਤਕ ਪਹੁੰਚ ਸਕਣਾ, ਜਿਨ੍ਹਾਂ ਵਾਸਤੇ ਯਕੀਨਨ ਖ਼ਾਸ ਪਹਿਰਾ ਹੋਵੇਗਾ। ਕਿਲ੍ਹੇ ਦੇ ਤਿੰਨ ਪਾਸੇ ਖਾਈ ਸੀ ਤੇ ਸਿਰਫ਼ ਇਕ  ਰਸਤੇ, ਮੁਖ ਗੇਟ, ਵੱਲੋਂ ਹੀ ਅੰਦਰ ਜਾਇਆ ਜਾ ਸਕਦਾ ਸੀ। ਕਿਸੇ ਚੌਕੀਦਾਰ ਦੇ ਰਹਿਮ ਸਦਕਾ ਇਹ ਗੱਲ ਮੁਮਕਿਨ ਤਾਂ ਹੋ ਸਕਦੀ ਹੈ। ਜੇ ਅਜਿਹਾ ਹੋਇਆ ਹੁੰਦਾ ਤਾਂ ਚੌਕੀਦਾਰ ਦਾ ਜ਼ਿਕਰ ਵੀ ਹੋਣਾ ਸੀ। ਦਰਅਸਲ ਇਹ ਕਿਸੇ ਕਵੀ ਦੀ ਕਲਪਨਾ ਸੀ ਜਿਸ ਨੂੰ ਤਵਾਰੀਖ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਵੀ ਪੁਰਾਣੇ ਤਵਾਰੀਖ਼ੀ ਸੋਮੇ ਵਿਚ ਇਸ ਸ਼ਖ਼ਸ ਦਾ ਜ਼ਰਾ-ਮਾਸਾ ਵੀ ਜ਼ਿਕਰ ਨਹੀਂ ਹੈ।

                                    ਵੱਡੇ ਸਾਹਿਬਜ਼ਾਦੇ ਅਤੇ ਉਨ੍ਹਾਂ ਦੀ ਸ਼ਹੀਦੀ

ਸਾਹਿਬਜ਼ਾਦਾ ਅਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਪੋਤਾ ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਪੜਪੋਤਾ ਸੀ। ਉਸ ਦਾ ਜਨਮ 26 ਜਨਵਰੀ 1687 ਦੇ ਦਿਨ ਪਾਉਂਟਾ ਸਾਹਿਬ ਵਿਖੇ ਹੋਇਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਛੋਟੇ ਹੁੰਦਿਆਂ ਹੀ ਉਸ ਨੇ ਗੁਰਬਾਣੀ ਦਾ ਬਹੁਤ ਮੁਤਾਲਆ ਕੀਤਾ ਹੋਇਆ ਸੀ। ਜਿਉਂ ਹੀ ਉਸ ਨੇ ਜਵਾਨੀ ਦੀ ਦਹਿਲੀਜ ਵਿਚ ਪੈਰ ਰੱਖਿਆ, ਉਸ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਕਰ ਕੇ ਛੋਟੀ ਉਮਰ ਵਿਚ ਹੀ ਉਹ ਸ਼ਸਤਰ ਚਲਾਉਣ ਵਿਚ ਬੜਾ ਨਿਪੁੰਨ ਹੋ ਗਿਆ ਸੀ।
12 ਸਾਲ ਦੀ ਉਮਰ ਵਿਚ ਉਹ, 23 ਮਈ 1699 ਦੇ ਦਿਨ, ਇਕ ਸੌ ਸਿੰਘਾਂ ਦਾ ਜਥਾ ਲੈ ਕੇ ਨੂਹ ਪਿੰਡ ਗਿਆ ਸੀ ਜਿੱਥੇ ਉਸ ਨੇ ਉਥੋਂ ਦੇ ਰੰਘੜਾਂ ਨੂੰ (ਜਿਨ੍ਹਾਂ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ ਸੀ) ਨੂੰ ਸਜ਼ਾ ਦਿੱਤੀ। 29 ਅਗਸਤ 1700 ਦੇ ਦਿਨ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ’ਤੇ ਹਮਲਾ ਕੀਤਾ ਤਾਂ ਉਸ ਨੇ ਉਨ੍ਹਾਂ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ। ਅਕਤੂਬਰ ਦੇ ਪਹਿਲੇ ਹਫ਼ਤੇ ਜਦੋਂ ਪਹਾੜੀ ਫ਼ੌਜਾਂ ਨੇ ਨਿਰਮੋਹਗੜ੍ਹ ’ਤੇ ਹਮਲਾ ਕੀਤਾ ਤਾਂ ਉਸ ਨੇ ਸਭ ਤੋਂ ਮੂਹਰੇ ਹੋ ਕੇ ਲੜਾਈ ਲੜੀ ਅਤੇ ਬਹੁਤ ਸਾਰੇ ਪਹਾੜੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸੇ ਤਰ੍ਹਾਂ 15 ਮਾਰਚ 1700 ਦੇ ਦਿਨ ਉਹ ਸਿੱਖਾਂ ਦਾ ਇਕ ਜਥਾ ਲੈ ਕੇ ਬਜਰੌੜ ਪਿੰਡ ਗਿਆ। ਬਜਰੌੜ ਪਿੰਡ ਦੇ ਗੁਜਰਾਂ ਅਤੇ ਰੰਘੜਾਂ ਨੇ ਦੜਪ ਇਲਾਕੇ ਦੀ ਸੰਗਤ ਨੂੰ ਇਕ ਵਾਰ ਲੁੱਟ ਲਿਆ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨੇ ਉਨ੍ਹਾਂ ਲੁਟੇਰਿਆਂ ਨੂੰ ਸਖ਼ਤ ਸਜ਼ਾ ਦਿੱਤੀ। ਫਿਰ 7 ਮਾਰਚ 1703 ਦੇ ਦਿਨ ਉਹ ਭਾਈ ਉਦੈ ਸਿੰਘ ਦੇ ਨਾਲ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਪਿੰਡ ਬੱਸੀ ਕਲਾਂ ਗਿਆ ਅਤੇ ਉਥੋਂ ਦੇ ਹਾਕਮ ਕੋਲੋਂ ਦਵਾਰਕਾ ਦਾਸ ਬ੍ਰਾਹਮਣ ਦੀ ਪਤਨੀ ਨੂੰ ਛੁਡਾ ਕੇ ਲਿਆਂਦਾ।

ਭੱਟ ਵਹੀ ਪੂਰਬੀ ਦੱਖਣੀ ਮੁਤਾਬਿਕ ਉਨ੍ਹਾਂ ਦਿਨਾਂ (1704 ਦਸੰਬਰ ਦੇ ਅਖ਼ੀਰ) ਵਿਚ ਬੁਰਹਾਨਪੁਰ ਦਾ ਭਾਈ ਜੇਠਾ ਸਿੰਘ, ਉਨ੍ਹਾਂ ਦੀ ਸਿੰਘਣੀ ਬੀਬੀ ਲਛਮੀ ਕੌਰ ਤੇ ਬੇਟੀ ਤਾਰਾ ਕੌਰ ਅਨੰਦਪੁਰ ਸਾਹਿਬ ਵਿਚ ਆਏ ਹੋਏ ਸਨ। ਤਾਰਾ ਕੌਰ ਨੇ ਇਕ ਦਿਨ ਦਰਿਆ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੇਖਿਆ ਅਤੇ ਉਸ ਨੂੰ ਦਿਲੋਂ ਚਾਹੁਣ ਲਗ ਪਈ। ਉਸ ਦੇ ਮਾਪਿਆਂ ਨੇ ਉਸ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨਾਲ ਗੱਲ ਕੀਤੀ। ਗੁਰੂ ਸਾਹਿਬ ਨੇ ਸਾਹਿਬਜ਼ਾਦੇ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਵਿਆਹ ਕਰਨਾ ਮਨਜ਼ੂਰ ਕਰ ਲਿਆ। ਇਹ ਵਿਆਹ 15 ਜਨਵਰੀ 1705 ਨੂੰ ਹੋਇਆ।

ਇਸ ਸਬੰਧੀ ਇਹ ਭੱਟ ਵਹੀ ਇੰਞ ਬਿਆਨ ਕਰਦੀ ਹੈ :

“ਅਜੀਤ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਮਹਲ ਦਸਮੇਂ ਕਾ, ਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਪੜਪੋਤਾ ਗੁਰੂ ਹਰਿਗੋਬਿੰਦ ਜੀ ਕਾ…ਬੰਸ ਗੁਰੂ ਅਰਜਨ ਜੀ ਕੀ, ਸੂਰਜਬੰਸੀ ਗੋਸਲ ਗੋਤਰਾ, ਸੋਢੀ ਖਤਰੀ, ਬਾਸੀ ਅਨੰਦਪੁਰ ਪਰਗਨਾ ਕਹਿਲੂਰ, ਕਾ ਵਿਵਾਹ, ਤਾਰਾ ਬਾਈ ਬੇਟੀ ਜੇਠਾ ਸਿੰਘ ਸੇ, ਸਾਲ ਸਤਰਾਂ ਸੈ ਇਕਾਹਟ ਮਾਘ ਸੁਦੀ ਏਕਮ ਕੇ ਦਿਵਸ, ਕਿਲਾ ਅਨੰਦਗਢ ਮੇਂ ਹੂਆ। ਗੁਰੂ ਕੀ ਕੜਾਹੀ ਕੀ…।” (ਭੱਟ ਵਹੀ ਪੂਰਬੀ ਦੱਖਣੀ)

ਇਸੇ ਭੱਟ ਵਹੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਦੇ ਘਰ, 9 ਦਿਸੰਬਰ 1705 ਦੇ ਦਿਨ, ਆਗਰਾ ਸ਼ਹਿਰ ਵਿਚ, ਇਕ ਬੇਟਾ ਹੋਣ ਦਾ ਜ਼ਿਕਰ ਵੀ ਮਿਲਦਾ ਹੈ। ਇਸ ਬੇਟੇ ਦਾ ਨਾਂ ਹਠੀ ਸਿੰਘ ਰੱਖਿਆ ਗਿਆ ਸੀ। ਭੱਟ ਵਹੀ ਮੁਤਾਬਿਕ :
“ਹਠੀ ਸਿੰਘ ਬੇਟਾ ਅਜੀਤ ਕਾ, ਪੋਤਾ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮੇਂ ਕਾ, ਪੜਪੋਤਾ ਗੁਰੂ ਤੇਗ਼ ਬਹਾਦਰ ਜੀ ਕਾ, ਬੰਸ ਗੁਰੂ ਹਰਿਗੋਬਿੰਦ ਜੀ ਕੀ, ਸੂਰਜਬੰਸੀ ਗੋਸਲ ਗੋਤਰ ਸੋਢੀ ਖਤਰੀ, ਬਾਸੀ ਅਨੰਦਪੁਰ, ਪਰਗਨਾ ਕਹਿਲੂਰ, ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਸੁਦੀ ਪੰਚਮੀਂ ਕੇ ਦਿਹੁੰ ਆਗਰਾ ਨਗਰੀ, ਪਰਗਨਾ ਮਥੁਰਾ ਭਾਈ ਸਰਧਾ ਸਿੰਘ ਬੇਟਾ ਮੋਹਕਮ ਦਾਸ ਗੁਲਾਟੀ ਅਰੋੜਾ ਕੇ ਗ੍ਰਹਿ ਮੇਂ ਹੂਆ । ਗੁਰੂ ਕੀ ਕੜਾਹੀ ਕੀ, ਅਥਿਤ ਗਰੀਬ ਗੁਰਬੇ ਕੋ ਮਾਨਾ ।” (ਭੱਟ ਵਹੀ ਪੂਰਬੀ ਦੱਖਣੀ, ਖਾਤਾ ਹਜਾਵਤ ਆਂਬਿਆਨੋਂ ਕਾ)।

ਹਠੀ ਸਿੰਘ ਦੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਪੁੱਤਰ ਹੋਣ ਬਾਰੇ ਕੁਰਖੇਤਰ ਵਿਚ “ਪੰਡਤ ਮਹੇਸ਼ ਦੱਤ ਪੁੱਤਰ ਪੰਡਤ ਸ਼ੰਕਰ ਦਾਸ” ਦੀ “ਵਹੀ ਸੋਢੀਆਂ” ਦੇ ਸਫ਼ਾ 605 ਤੇ ਇਹ ਇੰਦਰਾਜ ਮਿਲਦਾ ਹੈ:

“ਗੁਰੂ ਹਰਿਗੋਬਿੰਦ ਗੁਰੂ ਅਰਜਨ ਜੀ ਕਾ, ਬਾਬਾ ਗੁਰਦਿੱਤਾ ਜੀ ਬਾਬਾ ਸਾਹਿਬ ਰਾਇ ਗੁਰੂ ਹਰਿਗੋਬਿੰਦ ਜੀ ਕੇ। ਸੂਰਤ ਸਿੰਘ (ਸੂਰਜ ਮੱਲ) ਗੁਰੂ ਹਰਿਗੋਬਿੰਦ ਜੀ ਕਾ, ਗੁਰੂ ਗੋਬਿੰਦ ਸਿੰਘ ਗੁਰੂ ਤੇਗ਼ ਬਹਾਦਰ ਜੀ ਕਾ। ਹਠੀ ਸਿੰਘ ਅਜੀਤ ਸਿੰਘ ਜੀ ਕਾ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤੇ ਸਿੰਘ ਬੇਟੇ ਗੁਰੂ ਗੋਬਿੰਦ ਸਿੰਘ ਜੀ ਕੇ, ਮਾਤਾ ਗੁਜਰੀ ਮਾਈ ਗੁਰੂ ਗੋਬਿੰਦ ਸਿੰਘ ਜੀ ਕੀ। ਮਾਤਾ ਸੁੰਦਰੀ ਅਜੀਤ ਸਿੰਘ ਕੀ ਮਾਈ। ਮਾਈ ਕੁਸ਼ਾਲ ਕੌਰ ਵਡਭਾਗ ਸਿੰਘ ਜੀ ਬਹਨ ਆਈ। ਸੂਰਜ ਗ੍ਰਹਿਣ ਕੋ।”

ਕੁਇਰ ਸਿੰਘ ਦੇ ਗੁਰਬਿਲਾਸ ਪਾਤਸਾਹੀ ਦਸਵੀਂ, ਕਾਂਡ 16, ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ। ਭੱਟ ਵਹੀਆਂ ਸਿੱਖ ਤਵਾਰੀਖ਼ ਦਾ ਸਭ ਤੋਂ ਕੀਮਤੀ ਸੋਮਾ ਹਨ। ਕੁਝ ਲੇਖਕ ਇਸ ਸ਼ਾਦੀ ਨੂੰ ਨਹੀਂ ਮੰਨਦੇ ਤੇ ਉਹ ਹਠੀ ਸਿੰਘ ਨੂੰ ਅਜੀਤ ਸਿੰਘ ਪਾਲਿਤ ਦਾ ਪੁੱਤਰ ਬਣਾ ਦੇਂਦੇ ਹਨ। {ਹਠੀ ਸਿੰਘ ਦੀ ਮੌਤ ਉਸ ਦੇ ਨਾਨਕੇ ਨਗਰ ਬੁਰਹਾਨਪੁਰ (ਮੱਧ ਪ੍ਰਦੇਸ਼) ਵਿਚ ਹੋਈ ਸੀ। ਗੁਰਦੁਆਰਾ ਬੜੀ ਸੰਗਤ ਦੇ ਪਿੱਛਲੇ ਹਿਸੇ ਵਿਚ ਤਾਰਾ ਕੌਰ ਤੇ ਹਠੀ ਸਿੰਘ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ}।
ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੀ ਉਮਰ ਦਾ ਬਹੁਤਾ ਹਿੱਸਾ ਅਨੰਦਪੁਰ ਸਾਹਿਬ ਵਿਚ ਹੀ ਗੁਜ਼ਾਰਿਆ। ਉਹ ਹਮੇਸ਼ਾ ਆਪਣੇ ਪਿਤਾ ਗੁਰੂ ਜੀ ਦੇ ਨਾਲ ਰਹੇ। ਮਈ 1705 ਵਿਚ ਜਦ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤਾਂ ਆਪ ਵੀ ਉੱਥੇ ਹੀ ਸਨ। ਆਪ ਦੀ ਮਾਤਾ ਤੇ ਪਤਨੀ ਇਸ ਘੇਰੇ ਤੋਂ ਕਰੀਬ ਇਕ ਮਹੀਨਾ ਪਹਿਲਾਂ ਉਥੋਂ ਜਾ ਚੁੱਕੀਆਂ ਸਨ। 5 ਅਤੇ 6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਉਨ੍ਹਾਂ ਦੇ ਨਾਲ ਹੀ ਸੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਇਕ ਵੱਖਰੇ ਜਥੇ ਦਾ ਮੁਖੀ ਬਣਾ ਕੇ ਅਨੰਦਗੜ੍ਹ ਕਿਲ੍ਹੇ ਤੋਂ ਤੋਰਿਆ ਸੀ। ਇਹ ਜਥਾ ਸਭ ਤੋਂ ਪਿੱਛੇ ਆ ਰਿਹਾ ਸੀ। ਇਸ ਜਥੇ ਨੇ ਸਰਸਾ ਨਦੀ ਪਾਰ ਕਰ ਕੇ ਰੋਪੜ ਵੱਲ ਜਾਣਾ ਸੀ। ਰੋਪੜ ਜਾਂਦਿਆਂ ਰਾਹ ਵਿਚ ਮਲਕਪੁਰ ਪਿੰਡ ਕੋਲ ਉਨ੍ਹਾਂ ਨੂੰ ਭਾਈ ਬਚਿਤਰ ਸਿੰਘ, ਜੋ ਬਹੁਤ ਜ਼ਖ਼ਮੀ ਹੋਇਆ ਪਿਆ ਸੀ, ਮਿਲਿਆ। ਉਨ੍ਹਾਂ ਨੇ ਉਸ ਨੂੰ ਸਾਥੀਆਂ ਦੀ ਮਦਦ ਨਾਲ ਚੁੱਕਿਆ ਅਤੇ ਉਥੋਂ 6 ਕਿਲੋਮੀਟਰ ਦੂਰ ਪਿੰਡ ਕੋਟਲਾ ਨਿਹੰਗ ਲੈ ਗਏ। ਜਦੋਂ ਗੁਰੂ ਸਾਹਿਬ ਕੋਟਲਾ ਨਿਹੰਗ ਤੋਂ ਚੱਲ ਕੇ 7 ਦਸੰਬਰ ਸਵੇਰ ਵੇਲੇ ਚਮਕੌਰ ਪੁੱਜੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਹੀ ਸਨ। ਉਸ ਦਿਨ ਦੁਪਹਿਰ ਤੋਂ ਮਗਰੋਂ ਮੁਗ਼ਲ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਉਸ ਸਮੇਂ ਸਿੱਖ ਭਾਵੇਂ ਗਿਣਤੀ ਵਿਚ ਬਹੁਤ ਥੋੜ੍ਹੇ ਸਨ ਪਰ ਉਨ੍ਹਾਂ 47 ਸਿੰਘਾਂ ਨੇ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣਾਂ ਨਾਲ ਆਹਮੋ-ਸਾਹਮਣੀ ਲੜਾਈ ਵਿਚ ਬਹੁਤ ਸਾਰੇ ਮੁਗ਼ਲ ਸਿਪਾਹੀ ਮਾਰ ਦਿੱਤੇ ਅਤੇ ਅਖ਼ੀਰ ਆਪ ਵੀ ਸ਼ਹੀਦ ਹੋ ਗਏ

ਸਾਹਿਬਜ਼ਾਦਾ ਜੁਝਾਰ ਸਿੰਘ

ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੜਪੋਤੇ ਸਨ। ਆਪ ਦਾ ਜਨਮ 14 ਮਾਰਚ 1691 ਦੇ ਦਿਨ ਮਾਤਾ ਜੀਤ ਕੌਰ ਦੀ ਕੁੱਖੋਂ ਅਨੰਦਪੁਰ ਸਾਹਿਬ ਵਿਚ ਹੋਇਆ। ਸਾਹਿਬਜ਼ਾਦਾ ਜੁਝਾਰ ਸਿੰਘ ਇਕ ਬਹੁਤ ਦਿਮਾਗ਼ੀ ਬੱਚਾ ਸਨ ਅਤੇ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਬਹੁਤ ਸਾਰੀ ਬਾਣੀ ਯਾਦ ਕਰ ਲਈ ਹੋਈ ਸੀ। ਇਸ ਤੋਂ ਇਲਾਵਾ ਉਹ ਘੋੜ ਸਵਾਰੀ, ਤਲਵਾਰਬਾਜ਼ੀ ਵਿਚ ਵੀ ਬੜੇ ਮਾਹਿਰ ਸਨ।

5-6 ਦਸੰਬਰ ਦੀ ਰਾਤ ਨੂੰ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕੀਤਾ ਤਾਂ ਸਾਹਿਬਜ਼ਾਦਾ ਜੁਝਾਰ ਸਿੰਘ ਉਨ੍ਹਾਂ ਦੇ ਨਾਲ ਹੀ ਸਨ। ਜਦੋਂ ਗੁਰੂ ਸਾਹਿਬ 7 ਦਸੰਬਰ ਸਵੇਰ ਵੇਲੇ ਜਦ ਚਮਕੌਰ ਪੁੱਜੇ ਤਾਂ ਆਪ ਵੀ ਉਨ੍ਹਾਂ ਦੇ ਨਾਲ ਹੀ ਸਨ। ਉਸ ਦਿਨ ਦੁਪਹਿਰ ਵੇਲੇ ਮੁਗ਼ਲ ਫ਼ੌਜਾਂ ਨੇ ਚਮਕੌਰ ਦੀ ਗੜ੍ਹੀ ਨੂੰ ਘੇਰਾ ਪਾ ਲਿਆ। ਇਸ ਮੌਕੇ ’ਤੇ ਸਿੱਖ ਭਾਵੇਂ ਗਿਣਤੀ ਵਿਚ ਬਹੁਤ ਥੋੜ੍ਹੇ ਸਨ ਪਰ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦਾ ਡੱਟ ਕੇ ਮੁਕਾਬਲਾ ਕੀਤਾ। ਸਾਹਿਬਜ਼ਾਦਾ ਜੁਝਾਰ ਸਿੰਘ ਨੇ ਗੜ੍ਹੀ ਵਿਚੋਂ ਨਿਕਲ ਕੇ ਦੁਸ਼ਮਣਾਂ ਨਾਲ ਆਹਮੋ-ਸਾਹਮਣੀ ਲੜਾਈ ਵਿਚ ਬਹੁਤ ਸਾਰੇ ਸਿਪਾਹੀ ਮਾਰ ਦਿੱਤੇ ਅਤੇ ਅਖ਼ੀਰ ਆਪ ਵੀ ਸ਼ਹੀਦ ਹੋ ਗਏ। ਆਪ ਸਬੰਧੀ ਭੱਟ ਵਹੀਆਂ ਵਿਚ ਇਕ ਇੰਦਰਾਜ ਇੰਞ ਮਿਲਦਾ ਹੈ:
“ਜੁਝਾਰ ਸਿੰਘ ਬੇਟਾ ਗੁਰੂ ਗੋਬਿੰਦ ਸਿੰਘ ਜੀ, ਮਹਲ ਦਸਮੇਂ ਕਾ… ਸੰਮਤ ਸਤਰਾਂ ਸੈ ਬਾਸਠ, ਪੋਖ ਮਾਸੇ ਸੁਦੀ ਤੀਜ, ਵੀਰਵਾਰ ਦਿਹੁੰ….ਭਾਈ ਅਨਕ ਸਿੰਘ… ਭਾਈ ਕਿਰਪਾ ਸਿੰਘ ਬੇਟਾ ਅੜੂ ਰਾਮ ਕਾ, ਭਾਈ ਸਨਮੁਖ ਸਿੰਘ ਬੇਟਾ ਅੜੂ ਰਾਮ ਕਾ, ਪੋਤੇ ਨਰੈਣ ਦਾਸ ਕੇ, ਮੁੰਝਾਲ ਦੱਤ ਬ੍ਰਾਹਮਣ, ਮੁਕਾਮ ਚਮਕੌਰ, ਪਰਗਣਾ ਰੋਪੜ, ਤੁਰਕ ਫ਼ੌਜ ਗੈਲ, ਸਾਮ੍ਹੇ ਮਾਥੇ ਜੂਝ ਕੇ ਸ਼ਹਾਦਤਾਂ ਪਾਇ ਗਏ। ਆਗੇ ਗੁਰੂ ਕੀ ਗਤਿ ਗੁਰੂ ਜਾਣੇ।” (ਭੱਟ ਵਹੀ ਮੁਲਤਾਨੀ ਸਿੰਧੀ)

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>