ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਜੁਨੀਅਰ ਵਿਭਾਗ ਦੇ ਬੱਚਿਆਂ ਦਾ ਖੇਡ ਸਮਾਗਮ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ‘ਚ ਖੇਡਾਂ ਦੀ ਭਾਵਨਾ ਨੂੰ ਪ੍ਰਫੁਲਿਤ ਕਰਨ ਵਾਸਤੇ ਕਰਵਾਇਆ ਗਿਆ। ਖੇਡ ਦਿਹਾੜੇ ਦੀ ਆਰੰਭਤਾ ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗੜਾ ਵੱਲੋਂ ਅਸਮਾਨ ਵਲ ਰੰਗੀਨ ਗੁਬਾਰੇ ਝੱਡ ਕੇ ਕੀਤੀ ਗਈ। ਜਿਸ ਵਿਚ ਐਰੋਬਿਕਸ, ਜਿਮਨਾਸਟਿਕ ਅਤੇ ਜੁਡੋ ਵਰਗੀਆਂ ਮੁੱਖ ਕਸਰਤਾਂ ਨੂੰ ਵੀ ਇਸ ਖੇਡ ਦਿਹਾੜੇ ਦਾ ਹਿੱਸਾ ਬਨਾਇਆ ਗਿਆ। ਬੱਚਿਆਂ ਨੇ ਅਥਲੈਟਿਕਸ ਅਤੇ ਬੋਰੀ ਦੋੜ ਵਿਚ ਵੀ ਹਿੱਸਾ ਪਾਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵਿਦਿਆਰਥੀਆਂ ਲਈ ਸਕੂਲੀ ਸਿੱਖਿਆਂ ਦੇ ਨਾਲ ਹੀ ਮਾਨਸਿਕ ਅਤੇ ਸ਼ਰੀਰਕ ਵਿਕਾਸ ਲਈ ਖੇਡਾਂ ਨੂੰ ਵੀ ਜ਼ਰੂਰੀ ਦੱਸਿਆ। ਅੱਜ ਦੀ ਭੱਜ ਦੋੜ ਦੀ ਜ਼ਿੰਦਗੀ ‘ਚ ਬੱਚਿਆਂ ਦੀ ਜੰਕ ਫੂਡ ਤੇ ਵਧਦੀ ਜਾ ਰਹੀ ਨਿਰਭਰਤਾ ਤੇ ਵੀ ਜੀ.ਕੇ. ਨੇ ਚਿੰਤਾ ਪ੍ਰਗਟਾਈ। ਜੇਤੂ ਬੱਚਿਆਂ ਨੂੰ ਜੀ.ਕੇ., ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਅਤੇ ਮੈਨੇਜਰ ਕੁਲਮੋਹਨ ਸਿੰਘ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੀ ਸਮਾਪਤੀ ਵੇਲੇ ਬੱਚਿਆਂ ਵੱਲੋਂ ਰਾਸ਼ਟ੍ਰੀ ਗਾਇਨ ਨਾਲ ਕੀਤੀ ਗਈ।