ਨਾਭਾ – ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਆਮ ਕੈਦੀਆਂ ਵਲੋਂ ਸਿੱਖ ਸਿਆਸੀ ਕੈਦੀਆਂ ਦੀ ਪੱਕੀ ਰਿਹਾਈ ਲਈ ਲਗਤਾਰ ਭੁੱਖ ਹੜਤਾਲ ਉਪਰ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਵਿਚ 10-10 ਬੰਦੀਆਂ ਵਲੋਂ 48-48 ਘੰਟਿਆਂ ਲਈ ਲੜੀਵਾਰ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਅੱਜ ਪਹਿਲਾ ਜੱਥਾ 48 ਘੰਟਿਆਂ ਲਈ ਭੁੱਖ ਹੜਤਾਲ ਉਪਰ ਬੈਠ ਗਿਆ ਹੈ। ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਜਾਰੀ ਕੀਤੀ।ਉਹਨਾਂ ਦੱਸਿਆ ਕਿ 10 ਹੋਰ ਬੰਦੀਆਂ ਦਾ ਜੱਥਾ 2 ਜਨਵਰੀ 2015 ਨੂੰ 48 ਘੰਟਿਆ ਲਈ ਭੁੱਖ ਹੜਤਾਲ ਉਪਰ ਬੈਠੇਗਾ।
ਪਹਿਲੇ 10 ਮੈਂਬਰੀ ਜੱਥੇ ਵਿਚ ਸੁਖਕਿਰਨ ਸਿੰਘ ਸੁੱਖਾ, ਨਰਿੰਦਰ ਸਿੰਘ ਚੇਅਰਮੈਨ, ਤਰਲੋਚਨ ਸਿੰਘ, ਜਗਜੀਤ ਸਿੰਘ, ਹਿਤੇਸ਼ ਕੁਮਾਰ, ਇਕਬਾਲ ਸਿੰਘ, ਅਜੈਬ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ ਤੇ ਜਗਪਾਲ ਸਿੰਘ ਸ਼ਾਮਲ ਹੋਏ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਨਾਭਾ ਜੇਲ੍ਹ ਵਿਚ ਰਿਹਾਈ ਦੀ ਉਡੀਕ ਵਿਚ ਭਾਈ ਲਾਲ ਸਿੰਘ, ਭਾਈ ਸਵਰਨ ਸਿੰਘ (ਅੱਜ-ਕੱਲ੍ਹ ਦੋਵੇਂ ਪੈਰੋਲ ਛੁੱਟੀ ‘ਤੇ ਘਰ ਗਏ ਹਨ) ਤੇ ਭਾਈ ਦਿਲਬਾਗ ਸਿੰਘ ਨਜ਼ਰਬੰਦ ਹਨ।
ਜਿਕਰਯੋਗ ਹੈ ਕਿ ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ 30 ਦੇ ਕਰੀਬ ਸਿੱਖ ਸ਼ੰਘਰਸ਼ ਨਾਲ ਸਬੰਧਤ ਬੰਦੀ ਸਿੰਘਾਂ ਸਮੇਤ ਕਰੀਬ 450 ਬੰਦੀ ਨਜ਼ਰਬੰਦ ਹਨ ਅਤੇ ਇਹ ਜੇਲ੍ਹ ਉੱਤਰੀ ਭਾਰਤ ਦੀਆਂ ਪੁਰਾਣੀਆਂ ਜੇਲ੍ਹਾਂ ਵਿਚੋਂ ਇਕ ਹੈ ਅਤੇ ਇਸ ਜੇਲ੍ਹ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਵੀ ਅੰਗਰੇਜ਼ ਸਾਸ਼ਨ ਸਮੇਂ ਰੱਖਿਆ ਗਿਆ ਸੀ ਅਤੇ ਪਿਛਲੇ ਸਮੇਂ ਦੌਰਾਨ ਚੱਲੇ ਸਿੱਖ ਸੰਘਰਸ਼ ਨਾਲ ਸਬੰਧਤ ਹਜ਼ਾਰਾਂ ਸਿੰਘਾਂ ਦੀਆਂ ਯਾਦਾਂ ਇਸ ਜੇਲ੍ਹ ਨਾਲ ਜੁੜੀਆਂ ਹੋਈਆਂ ਹਨ ਅਤੇ ਕਰੀਬ ਸੰਨ 2004 ਤੱਕ ਇਸ ਜੇਲ੍ਹ ਵਿਚ ਹੀ ਸਿੱਖ ਨਜ਼ਰਬੰਦਾਂ ਲਈ ਸਪੈਸ਼ਲ ਕੋਰਟ ਦੀ ਸਥਾਪਤੀ ਰਹੀ ਹੈ।