ਮਾਮਾ ਜੀ

ਸ੍ਰ. ਪਰਮਜੀਤ ਸਿੰਘ,

ਕੁਲਬੀਰ ਉਦੋਂ ਬੀ ਕਾਮ ਕਰ ਰਿਹਾ ਸੀ ਜਦੋਂ ਉਸਨੂੰ ਉਸਦੇ ਲਾਗਲੇ ਪਿੰਡ ਦੀ ਕੁੜੀ ਸ਼ਰਨਜੀਤ ਦੇ ਨਾਲ ਮੁਹੱਬਤ ਹੋ ਗਈ ਸੀ। ਆਪਣੇ ਕਾਲਜ ਨੂੰ ਜਾਂਦੇ ਉਹ ਹਮੇਸ਼ਾਂ ਬੱਸ ਵਿਚ ਸ਼ਰਨਜੀਤ ਦੇ ਨਾਲ ਹੀ ਜਾਣ ਆਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਕਾਲਜ ਨੂੰ ਜਾਂਦੇ ਸਮੇਂ ਤਾਂ ਉਹ ਅਕਸਰ ਇਕੱਠੇ ਇਕ ਬੱਸ ਵਿਚ ਨਹੀਂ ਜਾਂਦੇ ਸਨ ਸਗੋਂ ਇਕ ਦੂਜੇ ਤੋਂ ਅੱਗੇ ਪਿੱਛੇ ਚਲੇ ਜਾਂਦੇ ਸਨ ਪ੍ਰੰਤੂ ਕਾਲਜ ਤੋਂ ਵਾਪਸ ਘਰ ਨੂੰ ਆਉਂਦਿਆਂ ਕੁਲਬੀਰ ਨੂੰ ਸ਼ਰਨਜੀਤ ਦੇ ਨਾਲ, ਇਕ ਹੀ ਬੱਸ ਵਿਚ ਆਉਣ ਦਾ ਮੌਕਾ ਮਿਲ ਜਾਂਦਾ ਸੀ। ਸ਼ਰਨਜੀਤ ਕੁੜੀਆਂ ਦੇ ਕਾਲਜ ਵਿਚ ਪੜ੍ਹਦੀ ਸੀ ਅਤੇ ਕੁਲਬੀਰ ਮੁੰਡਿਆਂ ਦੇ ਕਾਲਜ ਵਿਚ ਪੜ੍ਹਦਾ ਸੀ। ਭਾਵੇਂ ਕਿ ਦੋਹਾਂ ਦੇ ਕਾਲਜ ਇਕੋ ਹੀ ਸ਼ਹਿਰ ਵਿਚ ਸਨ ਪ੍ਰੰਤੂ ਫਿਰ ਵੀ ਦੋਹਾਂ ਦੇ ਕਾਲਜ ਇਕ ਦੂਜੇ ਤੋਂ ਕਾਫੀ ਦੂਰੀ ਉਤੇ ਸਥਿਤ ਸਨ। ਕੁਲਬੀਰ ਨੂੰ ਸ਼ਰਨਜੀਤ ਦੇ ਕਾਲਜ ਦੇ ਟਾਈਮ ਟੇਬਲ ਬਾਰੇ ਪੂਰੀ ਤਰ੍ਹਾਂ ਪਤਾ ਸੀ। ਇਸ ਲਈ ਉਹ ਬੱਸ ਅੱਡੇ ਉਪਰ ਘੁੰਮਦਾ ਫਿਰਦਾ ਰਹਿੰਦਾ ਸੀ ਅਤੇ ਕਾਫੀ ਦੇਰ ਤੱਕ ਉਹ ਸ਼ਰਨਜੀਤ ਦੇ ਕਾਲਜ ਤੋਂ ਵਾਪਸ ਆਉਣ ਦੀ ਉਡੀਕ ਕਰਦਾ ਰਹਿੰਦਾ ਸੀ। ਉਸਦੀ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਸੀ ਕਿ ਉਹ ਆਪਣੇ ਘਰ ਨੂੰ ਵਾਪਸ ਜਾਂਦੇ ਸਮੇਂ ਸ਼ਰਨਜੀਤ ਦੇ ਨਾਲ ਹੀ ਇਕੋ ਬੱਸ ਵਿਚ ਜਾਵੇ। ਉਸਨੂੰ ਇਸ ਗੱਲ ਦਾ ਖੁਦ ਨੂੰ ਵੀ ਪਤਾ ਨਹੀਂ ਸੀ ਕਿ ਸ਼ਰਨਜੀਤ ਨੂੰ ਦੇਖਣ ਦੇ ਲਈ ਅਤੇ ਉਸਦੇ ਨਾਲ ਜਾਣ ਨੂੰ ਉਸਦਾ ਮਨ ਹਮੇਸ਼ਾਂ ਐਨਾ ਜ਼ਿਆਦਾ ਉਤਾਵਲਾ ਕਿਉਂ ਰਹਿੰਦਾ ਸੀ?
ਸ਼ਰਨਜੀਤ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਪੜ੍ਹਦੀਆਂ ਸਨ ਪ੍ਰੰਤੂ ਕੁਲਬੀਰ ਨੇ ਉਹਨਾਂ ਕੁੜੀਆਂ ਦੇ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਸੀ ਕੀਤੀ। ਨਾ ਹੀ ਦਿਲੋਂ ਉਹ ਕਿਸੇ ਹੋਰ ਕੁੜੀ ਨੂੰ ਚਾਹੁੰਦਾ ਸੀ। ਦਰਅਸਲ ਉਹ ਸ਼ਰਨਜੀਤ ਨੂੰ ਆਪਣਾ ਦਿਲ ਦੇ ਚੁੱਕਾ ਸੀ। ਜਦੋਂ ਵੀ ਉਹ ਸ਼ਰਨਜੀਤ ਨੂੰ ਦੇਖਦਾ ਸੀ, ਉਸਦੇ ਮਨ ਨੂੰ ਅਜੀਬ ਕਿਸਮ ਦੀ ਖੁਸ਼ੀ ਮਿਲਦੀ ਸੀ। ਜਦੋਂ ਵੀ ਸ਼ਰਨਜੀਤ ਬੱਸ ਅੱਡੇ ਉੱਪਰ ਖੜ੍ਹੀ ਹੁੰਦੀ ਸੀ ਤਾਂ ਉਹ ਲਗਾਤਾਰ ਪਿਆਰ ਭਰੀਆਂ ਨਜ਼ਰਾਂ ਦੇ ਨਾਲ ਉਸਨੂੰ ਦੇਖਦਾ ਰਹਿੰਦਾ ਸੀ। ਕਈ ਵਾਰ ਦੋਹਾਂ ਦੀਆਂ ਨਜ਼ਰਾਂ ਦਾ ਆਪਸ ਵਿਚ ਮੇਲ ਵੀ ਹੋ ਜਾਂਦਾ ਸੀ ਪ੍ਰੰਤੂ ਕੁਲਬੀਰ ਨੂੰ ਦੇਖਦੇ ਸਾਰ ਹੀ ਸ਼ਰਨਜੀਤ ਬੜੀ ਫੁਰਤੀ ਦੇ ਨਾਲ ਆਪਣਾ ਮੂੰਹ ਦੂਸਰੇ ਪਾਸੇ ਕਰ ਲੈਂਦੀ ਸੀ।
ਕੁਲਬੀਰ ਨੇ ਸ਼ਰਨਜੀਤ ਦਾ ਦਿਲ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਉਸਦੀ ਆਪਣੀ ਪੜ੍ਹਾਈ ਵਿਚ ਕੋਈ ਵੀ ਦਿਲਚਸਪੀ ਨਹੀਂ ਸੀ ਰਹਿ ਗਈ। ਸ਼ਹਿਰ ਨੂੰ ਤਾਂ ਉਹ ਸਿਰਫ ਸ਼ਰਨਜੀਤ ਨੂੰ ਦੇਖਣ ਦੀ ਖਾਤਰ ਹੀ ਆਇਆ ਕਰਦਾ ਸੀ। ਜਦੋਂ ਵੀ ਕੁਲਬੀਰ ਬੱਸ ਵਿਚ ਚੜ੍ਹਕੇ ਕਿਸੇ ਸੀਟ ਉਪਰ ਬੈਠਦਾ ਹੁੰਦਾ ਸੀ ਤਾਂ ਉਸਦਾ ਦਿਲ ਕਰਦਾ ਹੁੰਦਾ ਸੀ ਕਿ ਸ਼ਰਨਜੀਤ ਉਸ ਦੇ ਨਾਲ ਹੀ ਉਸੇ ਸੀਟ ਉਪਰ ਬੈਠੇ ਪ੍ਰੰਤੂ ਜੇਕਰ ਉਹ ਬੱਸ ਦੀ ਪਿਛਲੀ ਬਾਰੀ ਵਿਚ ਦੀ ਚੜ੍ਹਦਾ ਸੀ ਤਾਂ ਸ਼ਰਨਜੀਤ ਜਾਣ ਬੁੱਝਕੇ ਸਭ ਕੁਝ ਸਮਝਦੀ ਹੋਈ ਬੱਸ ਦੀ ਅਗਲੀ ਬਾਰੀ ਵਿਚ ਦੀ ਬੱਸ ਵਿਚ ਸਵਾਰ ਹੁੰਦੀ ਸੀ। ਜੇਕਰ ਕੁਲਬੀਰ ਬੱਸ ਦੀ ਅਗਲੀ ਬਾਰੀ ਵਿਚ ਦੀ ਬੱਸ ਵਿਚ ਚੜ੍ਹਦਾ ਸੀ ਤਾਂ ਸ਼ਰਨਜੀਤ ਬੱਸ ਦੀ ਪਿਛਲੀ ਬਾਰੀ ਵਿਚ ਦੀ ਬੱਸ ਵਿਚ ਚੜ੍ਹਦੀ ਸੀ। ਕੁਲਬੀਰ ਫਿਰ ਬੱਸ ਵਿਚ ਹੌਲੇ-ਹੌਲੇ ਕਦਮ ਪੁੱਟਦਾ ਹੋਇਆ ਸ਼ਰਨਜੀਤ ਦੇ ਕੋਲ ਪਹੁੰਚ ਕੇ ਹੀ ਦਮ ਲੈਂਦਾ ਸੀ।
ਸ਼ਰਨਜੀਤ ਜਦੋਂ ਕਿਤੇ ਆਪਣੀਆਂ ਸਹੇਲੀਆਂ ਦੇ ਨਾਲ ਗੱਲਬਾਤ ਕਰਦੀ ਹੋਈ ਹੱਸਦੀ ਸੀ ਤਾਂ ਕੁਲਬੀਰ ਨੂੰ ਉਸਦਾ ਹੱਸਣਾ ਬਹੁਤ ਚੰਗਾ ਲਗਦਾ ਸੀ।
ਸ਼ਰਨਜੀਤ ਨੂੰ ਹੱਸਦੀ ਨੂੰ ਦੇਖਕੇ ਉਸਦੇ ਆਪਣੇ ਚਿਹਰੇ ਉੱਪਰ ਵੀ ਮੁਸਕ੍ਰਾਹਟ ਆ ਜਾਂਦੀ ਸੀ। ਉਹ ਦਿਨ-ਰਾਤ ਸ਼ਰਨਜੀਤ ਦੇ ਬਾਰੇ ਹੀ ਸੋਚਦਾ ਰਹਿੰਦਾ ਸੀ। ਰਾਤ ਨੂੰ ਸੁਪਨੇ ਵੀ ਉਸਨੂੰ ਸ਼ਰਨਜੀਤ ਦੇ ਬਾਰੇ ਹੀ ਆਉਂਦੇ ਰਹਿੰਦੇ ਸਨ। ਸ਼ਰਨਜੀਤ ਦੀ ਯਾਦ ਵਿਚ ਗੁਆਚਿਆ ਹੋਇਆ ਕਈ-ਕਈ ਵਾਰ ਉਹ ਮੰਜੇ ਉਪਰ ਲੇਟਿਆ ਹੋਇਆ, ਅੱਧੀ-ਅੱਧੀ ਰਾਤ ਗੁਜ਼ਾਰ ਦਿੰਦਾ ਸੀ ਅਤੇ ਉਸਨੂੰ ਨੀਂਦ ਨਹੀਂ ਆਉਂਦੀ ਸੀ। ਉਸਦੇ ਦਿਲ ਦਿਮਾਗ ਉੱਪਰ ਮੁਹੱਬਤ ਦਾ ਪਾਗਲਪਨ ਸਵਾਰ ਸੀ। ਸ਼ਰਨਜੀਤ ਦੀ ਯਾਦ ਵਿਚ ਗੁਆਚੇ ਹੋਏ ਨੂੰ ਕਈ ਵਾਰ ਖਾਣਾ-ਪੀਣਾ ਵੀ ਚੰਗਾ ਨਹੀਂ ਲਗਦਾ ਸੀ।
ਕੁਲਬੀਰ ਨੇ ਸ਼ਰਨਜੀਤ ਨੂੰ ਆਪਣੀ ਬਣਾਉਣ ਦੇ ਲਈ ਬਹੁਤ ਸਾਰੇ ਸੁਪਨੇ ਲਏ ਸਨ। ਉਸਨੇ ਆਪਣੇ ਮਨ ਹੀ ਮਨ ਵਿਚ ਉਸਦੇ ਨਾਲ ਵਿਆਹ ਕਰਵਾਉਣ ਦੀ ਪੱਕੀ ਧਾਰ ਲਈ ਸੀ। ਇਸ ਲਈ ਸ਼ਰਨਜੀਤ ਦੇ ਮਗਰ ਗੇੜੇ ਮਾਰਨੇ ਉਸਦੀ ਆਦਤ ਬਣ ਗਈ ਸੀ। ਉਹ ਚਾਹੁੰਦਾ ਸੀ ਕਿ ਸ਼ਰਨਜੀਤ ਵੀ ਉਸਦੀ ਹਾਂ ਵਿਚ ਹਾਂ ਮਿਲਾਵੇ।
ਕੁਲਬੀਰ ਦੀਆਂ ਲਗਾਤਾਰ ਹੋ ਰਹੀਆਂ ਕੋਸ਼ਿਸ਼ਾਂ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ। ਕੁਲਬੀਰ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਹੀਂ ਸੀ ਰਿਹਾ ਜਦੋਂ ਅਚਾਨਕ ਸ਼ਰਨਜੀਤ ਨੇ ਵੀ ਉਸਦੇ ਨਾਲ ਅੱਖਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸਨੂੰ ਇਕ ਕਿਸਮ ਦਾ ਚਾਅ ਜਿਹਾ ਚੜ੍ਹ ਗਿਆ ਸੀ। ਜਦੋਂ ਵੀ ਸ਼ਰਨਜੀਤ ਕੁਲਬੀਰ ਨੂੰ ਦੇਖਕੇ ਮੁਸਕ੍ਰਾਉਂਦੀ ਸੀ ਤਾਂ ਕੁਲਬੀਰ ਦਾ ਖੁਸ਼ੀ ਵਿਚ ਰੋਮ-ਰੋਮ ਖਿੜ ਜਾਂਦਾ ਸੀ। ਉਸ ਦੇ ਦਿਲ ਅੰਦਰ ਸ਼ਰਨਜੀਤ ਦੇ ਲਈ ਹੋਰ ਵੀ ਜ਼ਿਆਦਾ ਮੋਹ ਅਤੇ ਪਿਆਰ ਪੈਦਾ ਹੋ ਜਾਂਦਾ ਸੀ। ਉਸਦੇ ਦਿਲ ਦੀ ਬੇਚੈਨੀ ਹੋਰ ਵੀ ਜ਼ਿਆਦਾ ਵਧ ਜਾਂਦੀ ਸੀ।
ਦੁਪਹਿਰ ਤੋਂ ਬਾਅਦ ਕਾਲਜ ਤੋਂ ਪਿੰਡ ਨੂੰ ਵਾਪਸ ਆਉਂਦੇ ਸਮੇਂ ਕੁਲਬੀਰ ਬੱਸ ਅੱਡੇ ਉੱਪਰ ਖੜ੍ਹਾ ਹੋਇਆ ਆਪਣੀ ਬੱਸ ਦੀ ਉਡੀਕ ਕਰਦਾ ਰਹਿੰਦਾ ਸੀ। ਉਹ ਜਦੋਂ ਵੀ ਪਿੰਡ ਨੂੰ ਜਾਣ ਵਾਲੀ ਬੱਸ ਨੂੰ ਦੇਖਿਆ ਕਰਦਾ ਸੀ ਤਾਂ ਛਾਲਾਂ ਮਾਰਦਾ ਹੋਇਆ ਉਹ ਦੌੜਦੇ ਬਾਕੀ ਦੂਜੀਆਂ ਸਵਾਰੀਆਂ ਤੋਂ ਪਹਿਲਾਂ ਬੱਸ ਵਿਚ ਚੜ੍ਹਕੇ ਦੋ ਸਵਾਰੀਆਂ ਵਾਲੀ ਸੀਟ ਰੋਕ ਲੈਂਦਾ ਸੀ ਕਿਉਂਕਿ ਕਾਲਜ ਦੇ ਵਿਦਿਆਰਥੀਆਂ ਦੇ ਕਾਰਨ ਉਸ ਸਮੇਂ ਬੱਸ ਵਿਚ ਹਮੇਸ਼ਾਂ ਭੀੜ ਲੱਗੀ ਰਹਿੰਦੀ ਸੀ। ਲੋਕਾਂ ਨੂੰ ਬੈਠਣ ਨੂੰ ਤਾਂ ਕੀ ਸਗੋਂ ਬੱਸ ਵਿਚ ਖੜ੍ਹੇ ਹੋਣ ਨੂੰ ਵੀ ਥਾਂ ਨਹੀਂ ਸੀ ਮਿਲਦੀ ਹੁੰਦੀ। ਸੀਟ ਨੂੰ ਰੋਕਣ ਤੋਂ ਬਾਅਦ ਕੁਲਬੀਰ ਆਪਣੀਆਂ ਅੱਖਾਂ ਦੇ ਨਾਲ ਇਸ਼ਾਰਾ ਕਰਕੇ ਸ਼ਰਨਜੀਤ ਨੂੰ ਆਪਣੇ ਕੋਲ ਬਿਠਾ ਲਿਆ ਕਰਦਾ ਸੀ। ਇਸ ਤਰ੍ਹਾਂ ਉਸਨੇ ਸ਼ਰਨਜੀਤ ਦੇ ਨਾਲ ਬੋਲ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਹਰ ਰੋਜ਼ ਸ਼ਰਨਜੀਤ ਦੇ ਕੰਨ ਵਿਚ ਹੌਲੀ ਜਿਹੀ ਆਵਾਜ਼ ਵਿਚ ਆਖਿਆ ਕਰਦਾ ਸੀ, “ਸ਼ਰਨਜੀਤ, ਮੈਂ ਤੈਨੂੰ ਆਪਣੇ ਦਿਲੋਂ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ।” ਜਿਸਨੂੰ ਸੁਣਕੇ ਸ਼ਰਨਜੀਤ ਮੁਸਕਰਾ ਪੈਂਦੀ ਸੀ। ਫਿਰ ਕੁਲਬੀਰ ਬੜੇ ਉਤਾਵਲੇ ਮਨ ਦੇ ਨਾਲ ਸ਼ਰਨਜੀਤ ਨੂੰ ਪੁੱਛਣ ਲੱਗ ਜਾਂਦਾ ਸੀ, “ਸ਼ਰਨਜੀਤ, ਸੱਚ ਦੱਸੀਂ! ਕੀ ਤੂੰ ਵੀ ਮੈਨੂੰ ਸੱਚੇ ਦਿਲੋਂ ਪਿਆਰ ਕਰਦੀ ਏਂ?”
“ਮੈਨੂੰ ਕੀ ਪਤਾ?” ਸ਼ਰਨਜੀਤ ਮੁਸਕ੍ਰਾਉਂਦੀ ਹੋਈ ਤੁਰੰਤ ਜਵਾਬ ਦੇ ਦਿੰਦੀ ਸੀ।
ਜਿਉਂ-ਜਿਉਂ ਕੁਝ ਹੋਰ ਸਮਾਂ ਬੀਤਦਾ ਗਿਆ ਸੀ ਕੁਲਬੀਰ ਅਤੇ ਸ਼ਰਨਜੀਤ ਇਕ ਦੂਜੇ ਦੇ ਕਾਫੀ ਨੇੜੇ ਹੋ ਗਏ ਸਨ। ਉਹ ਦੋਨੋਂ ਆਪਸ ਵਿਚ ਖੁਲ੍ਹਕੇ ਗੱਲਾਂ ਕਰਿਆ ਕਰਦੇ ਸਨ ਅਤੇ ਆਪਣੇ ਦਿਲਾਂ ਦੀ ਹਰ ਇਕ ਗੱਲ ਇਕ ਦੂਜੇ ਦੇ ਨਾਲ ਸਾਂਝੀ ਕਰਿਆ ਕਰਦੇ ਸਨ। ਦੋਹਾਂ ਨੇ ਆਪਸ ਵਿਚ ਇਕ ਦੂਜੇ ਦੇ ਨਾਲ ਸ਼ਾਦੀ ਕਰਵਾਉਣ ਦੀਆਂ ਕਸਮਾਂ ਵੀ ਖਾ ਲਈਆਂ ਸਨ ਅਤੇ ਇਕ ਦੂਜੇ ਪ੍ਰਤੀ ਵਫਾਦਾਰ ਰਹਿਣ ਦੇ ਲਈ, ਇਕ ਦੂਜੇ ਨਾਲੋਂ ਵਧ ਚੜ੍ਹਕੇ ਇਕਰਾਰ ਕੀਤੇ ਸਨ। ਕੁਲਬੀਰ ਦੇ ਦੋਸਤਾਂ ਵਿਚ ਅਤੇ ਸ਼ਰਨਜੀਤ ਦੀਆਂ ਸਾਰੀਆਂ ਸਹੇਲੀਆਂ ਵਿਚ ਉਹਨਾਂ ਦੋਹਾਂ ਦੇ ਇਸ਼ਕ ਦੇ ਚਰਚੇ ਛਿੜਨ ਲੱਗ ਪਏ ਸਨ। ਕੁਲਬੀਰ ਨੇ ਸ਼ਰਨਜੀਤ ਦੇ ਨਾਲ ਸ਼ਾਦੀ ਕਰਵਾਉਣ ਦੇ ਤਰੀਕੇ ਨੂੰ ਹੋਰ ਵੀ ਜ਼ਿਆਦਾ ਆਸਾਨ ਕਰਨ ਦੇ ਲਈ, ਉਸਦੇ ਭਰਾ ਦੇ ਨਾਲ ਦੋਸਤੀ ਪਾ ਲਈ ਸੀ ਤਾਂ ਜੋ ਸ਼ਰਨਜੀਤ ਦੇ ਘਰ ਵਾਲੇ ਉਸਨੂੰ ਚੰਗਾ ਮੁੰਡਾ ਸਮਝ ਕੇ ਸ਼ਰਨਜੀਤ ਦਾ ਵਿਆਹ ਉਸ ਸ਼ਰਨਜੀਤ ਦੇ ਘਰ ਵਾਲੇ ਉਸਨੂੰ ਚੰਗਾ ਮੁੰਡਾ ਸਮਝ ਕੇ ਸ਼ਰਨਜੀਤ ਦਾ ਵਿਆਹ ਉਸ ਦੇ ਨਾਲ ਕਰ ਦੇਣ। ਸ਼ਰਨਜੀਤ ਨੂੰ ਮਿਲਣ ਦੀ ਖਾਤਰ ਅਤੇ ਉਸਨੂੰ ਹਮੇਸ਼ਾਂ ਲਈ ਆਪਣੀ ਬਣਾਉਣ ਦੇ ਲਈ ਉਹ ਅਣਗਿਣਤ ਕੋਸ਼ਿਸ਼ਾਂ ਕਰ ਰਿਹਾ ਸੀ। ਉਹ ਸ਼ਰਨਜੀਤ ਦੇ ਘਰ ਵੀ ਬਹਾਨਿਆਂ ਦੇ ਨਾਲ ਆਉਣ ਜਾਣ ਲੱਗ ਪਿਆ ਸੀ।
ਇਮਤਿਹਾਨਾਂ ਤੋਂ ਬਾਅਦ ਦੋਹਾਂ ਦੇ ਕਾਲਜ ਕੁਝ ਮਹੀਨਿਆਂ ਦੇ ਲਈ ਬੰਦ ਹੋ ਗਏ ਸਨ ਅਤੇ ਹੁਣ ਉਹਨਾਂ ਦੋਹਾਂ ਦੇ ਕੋਲ ਸ਼ਹਿਰ ਜਾ ਕੇ ਇਕ ਦੂਜੇ ਨੂੰ ਮਿਲਣ ਦਾ ਕੋਈ ਵੀ ਬਹਾਨਾ ਨਹੀਂ ਰਹਿ ਗਿਆ। ਇਸ ਲਈ ਕੁਲਬੀਰ ਸ਼ਰਨਜੀਤ ਦੇ ਘਰ ਬਹੁਤ ਗੇੜੇ ਮਾਰਨ ਲੱਗ ਪਿਆ ਸੀ ਪ੍ਰੰਤੂ ਸ਼ਰਨਜੀਤ ਡਰਦੀ ਸੀ ਅਤੇ ਉਹ ਹਮੇਸ਼ਾਂ ਕੁਲਬੀਰ ਨੂੰ ਆਪਣੇ ਗੁਪਤ ਇਸ਼ਾਰਿਆਂ ਦੇ ਨਾਲ ਉਸਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਕਿ ਉਹ ਉਹਨਾਂ ਦੇ ਘਰ ਨਾ ਆਇਆ ਕਰੇ ਜਾਂ ਬਹੁਤ ਘੱਟ ਆਇਆ ਕਰੇ ਤਾਂ ਜੋ ਉਸਦੇ ਘਰਦਿਆਂ ਨੂੰ ਉਹਨਾਂ ਦੋਹਾਂ ਦੇ ਉਪਰ ਕਿਸੇ ਵੀ ਕਿਸਮ ਦਾ ਸ਼ੱਕ ਨਾ ਹੋਵੇ, ਪ੍ਰੰਤੂ ਕੁਲਬੀਰ ਬਹੁਤ ਢੀਠ ਹੋ ਗਿਆ ਸੀ। ਇਸ ਲਈ ਉਸਨੇ ਕਦੇ ਵੀ ਸ਼ਰਨਜੀਤ ਦੇ ਇਸ਼ਾਰਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕੀਤੀ।
ਦੋ ਤਿੰਨ ਮਹੀਨਿਆਂ ਦੇ ਬਾਅਦ ਉਹਨਾਂ ਦੋਹਾਂ ਦੇ ਇਮਤਿਹਾਨਾਂ ਦੇ ਨਤੀਜੇ ਆ ਗਏ ਸਨ। ਕੁਲਬੀਰ ਆਪਣੇ ਇਮਤਿਹਾਨ ਵਿਚੋਂ ਫੇਲ੍ਹ ਹੋ ਗਿਆ ਸੀ ਪ੍ਰੰਤੂ ਸ਼ਰਨਜੀਤ ਪਾਸ ਹੋ ਗਈ ਸੀ ਭਾਵੇਂਕਿ ਉਸਨੇ ਇਮਤਿਹਾਨ ਵਿਚ ਬਹੁਤ ਘੱਟ ਅੰਕ ਪ੍ਰਾਪਤ ਕੀਤੇ ਸਨ। ਕੁਲਬੀਰ ਦੇ ਘਰਦਿਆਂ ਨੇ ਉਸਨੂੰ ਕਾਲਜ ਤੋਂ ਪੜ੍ਹਨੋਂ ਹਟਾ ਲਿਆ ਸੀ ਚਾਹੇਕਿ ਉਸਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਦੇ ਲਈ ਬਹੁਤ ਜ਼ੋਰ ਲਾਇਆ ਸੀ ਅਤੇ ਆਪਣੇ ਘਰਦਿਆਂ ਦੀਆਂ ਬਹੁਤ ਮਿੰਨਤਾਂ ਕੀਤੀਆਂ ਸਨ। ਕੁਲਬੀਰ ਨੂੰ ਇਸ ਗੱਲ ਦਾ ਪਤਾ ਸੀ ਕਿ ਜੇਕਰ ਉਸਨੇ ਕਾਲਜ ਵਿਚ ਦੁਬਾਰਾ ਦਾਖਲਾ ਨਾ ਲਿਆ ਤਾਂ ਯਕੀਨਨ ਉਸਦਾ ਸ਼ਹਿਰ ਆਉਣਾ ਜਾਣਾ ਬੰਦ ਹੋ ਜਾਣਾ ਸੀ ਅਤੇ ਉਹ ਸ਼ਰਨਜੀਤ ਨੂੰ ਨਹੀਂ ਮਿਲ ਸਕਦਾ ਸੀ। ਇਸ ਲਈ ਉਸਨੇ ਮੁੜ-ਮੁੜ ਕੇ ਆਪਣੇ ਘਰਦਿਆਂ ਦੇ ਬੜੇ ਤਰਲੇ ਕੀਤੇ ਸਨ ਕਿ ਉਸਨੂੰ ਕਾਲਜ ਵਿਚ ਦੁਬਾਰਾ ਦਾਖਲਾ ਲੈਣ ਦਿੱਤਾ ਜਾਵੇ। ਉਸਨੇ ਡੱਟ ਕੇ ਮਿਹਨਤ ਨਾਲ ਪੜ੍ਹਾਈ ਕਰਨ ਦੇ ਵਾਅਦੇ ਵੀ ਕੀਤੇ ਸਨ ਪ੍ਰੰਤੂ ਉਸਦੇ ਘਰਦਿਆਂ ਨੇ ਉਸਦੀ ਗੱਲ ਨਹੀਂ ਮੰਨੀ ਸੀ। ਉਸਨੂੰ ਦੁਬਾਰਾ ਪੜ੍ਹਾਈ ਕਰਨ ਤੋਂ ਇਨਕਾਰ ਹੋ ਗਿਆ ਸੀ।
ਕੁਲਬੀਰ ਦੇ ਘਰਦਿਆਂ ਨੇ ਉਸਨੂੰ ਅਮਰੀਕਾ ਭੇਜਣ ਦਾ ਮਨ ਬਣਾ ਲਿਆ ਸੀ। ਇਸ ਲਈ ਉਹਨਾਂ ਨੇ ਵਿਦੇਸ਼ ਭੇਜਣ ਵਾਲੇ ਇਕ ਏਜੰਟ ਦੇ ਨਾਲ ਗੱਲਬਾਤ ਕਰ ਲਈ ਸੀ ਅਤੇ ਇਸ ਮਕਸਦ ਦੇ ਲਈ ਏਜੰਟ ਨੂੰ ਢੇਰ ਸਾਰਾ ਧਨ ਦੇ ਦਿੱਤਾ ਗਿਆ ਸੀ। ਥੋੜੇ ਹੀ ਦਿਨਾਂ ਦੇ ਵਿਚ ਉਸਦਾ ਵਿਦੇਸ਼ ਜਾਣ ਦਾ ਕੰਮ ਬਣ ਗਿਆ ਸੀ। ਵਿਦੇਸ਼ ਜਾਣ ਤੋਂ ਪਹਿਲਾਂ ਕੁਲਬੀਰ ਅਤੇ ਸ਼ਰਨਜੀਤ ਨੇ ਇਕੱਠਿਆਂ ਬੈਠਕੇ ਆਪਸ ਵਿਚ ਬੜੇ ਇਕਰਾਰ ਕੀਤੇ ਸਨ ਅਤੇ ਉਹਨਾਂ ਦੋਹਾਂ ਨੇ ਆਪਸ ਵਿਚ ਸ਼ਾਦੀ ਕਰਵਾਉਣ ਦੀਆਂ ਬੇਸ਼ੁਮਾਰ ਕਸਮਾਂ ਖਾਧੀਆਂ ਸਨ।
ਏਜੰਟ ਕੁਲਬੀਰ ਨੂੰ ਪਹਿਲਾਂ ਅਰਜਨਟੀਨਾ ਲੈ ਗਿਆ ਸੀ ਅਤੇ ਕੁਝ ਦਿਨਾਂ ਦੇ ਬਾਅਦ ਉਸਨੂੰ ਬ੍ਰਾਜ਼ੀਲ ਲਿਜਾਇਆ ਗਿਆ ਸੀ ਜਿਥੋਂ ਉਸਨੂੰ ਸੰਯੁਕਤ ਰਾਜ ਅਮਰੀਕਾ ਵਿਚ ਲੈ ਕੇ ਜਾਣ ਦੀ ਯੋਜਨਾ ਸੀ ਪੰ੍ਰਤੂ ਕੁਝ ਕਾਰਨਾਂ ਕਰਕੇ ਕੁਲਬੀਰ ਨੂੰ ਲੰਬੇ ਸਮੇਂ ਤੱਕ ਬ੍ਰਾਜ਼ੀਲ ਹੀ ਰਹਿਣਾ ਪਿਆ ਸੀ। ਏਜੰਟ ਨੇ ਉਸਨੂੰ ਉਸਦੀ ਮੰਜ਼ਿਲ ਤੱਕ ਲੈ ਕੇ ਜਾਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਹ ਸਫਲ ਨਹੀਂ ਸੀ ਹੋ ਸਕਿਆ। ਮਹੀਨਿਆਂ ਤੋਂ ਬਾਅਦ ਸਾਲ ਗੁਜ਼ਰਦੇ ਗਏ ਸਨ। ਅਖੀਰ ਜਦੋਂ ਏਜੰਟ ਨੇ ਮਹਿਸੂਸ ਕੀਤਾ ਸੀ ਕਿ ਉਹ ਕੁਲਬੀਰ ਨੂੰ ਸੰਯੁਕਤ ਰਾਜ ਅਮਰੀਕਾ ਪਹੁੰਚਾਉਣ ਵਿਚ ਸਫਲ ਨਹੀਂ ਹੋਵੇਗਾ ਤਾਂ ਉਹ ਕੁਲਬੀਰ ਨੂੰ ਬਿਨਾ ਦੱਸੇ ਅਰਜਨਟੀਨਾ ਨੂੰ ਚਲਾ ਗਿਆ ਸੀ। ਉਸ ਤੋਂ ਬਾਅਦ ਕੁਲਬੀਰ ਨੂੰ ਆਪਣੇ ਏਜੰਟ ਦੇ ਬਾਰੇ ਵਿਚ ਕੁਝ ਵੀ ਨਹੀਂ ਸੀ ਪਤਾ ਲੱਗਾ।
ਬ੍ਰਾਜ਼ੀਲ ਵਿਚ ਰਹਿੰਦਿਆਂ ਪਹਿਲਾਂ-ਪਹਿਲਾਂ ਕੁਲਬੀਰ ਨੂੰ ਉਥੋਂ ਦੀ ਭਾਸ਼ਾ ਪੁਰਤਗਾਲੀ ਨੂੰ ਬੋਲਣ ਜਾਂ ਸਮਝਣ ਵਿਚ ਬੜੀ ਮੁਸ਼ਕਲ ਪੇਸ਼ ਆਉਂਦੀ ਸੀ ਪ੍ਰੰਤੂ ਹੌਲੀ-ਹੌਲੀ ਉਹ ਥੋੜ੍ਹੀ ਬਹੁਤ ਭਾਸ਼ਾ ਬੋਲਣ ਅਤੇ ਸਮਝਣ ਵਿਚ ਕਾਮਯਾਬ ਹੋ ਗਿਆ ਸੀ। ਆਪਣੇ ਪੇਟ ਨੂੰ ਪਾਲਣ ਦੇ ਲਈ ਉਸਨੂੰ ਹੱਡ-ਤੋੜਵੀਂ ਮਿਹਨਤ ਕਰਨੀ ਪੈਂਦੀ ਸੀ। ਫਿਰ ਵੀ ਉਸਦੇ ਮਨ ਵਿਚ ਹਮੇਸ਼ਾਂ ਸ਼ਰਨਜੀਤ ਘੁੰਮਦੀ ਰਹਿੰਦੀ ਸੀ। ਉਸਦੀ ਮਿੱਠੀ ਯਾਦ ਵਿਚ ਕਈ ਵਾਰ ਤਾਂ ਉਸਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਆਉਂਦੀਆਂ ਸਨ ਅਤੇ ਉਹ ਛੋਟੇ ਬੱਚਿਆਂ ਦੀ ਤਰ੍ਹਾਂ ਉੱਚੀ-ੳੁੱਚੀ ਆਵਾਜ਼ ਵਿਚ ਰੋਣ ਲੱਗ ਜਾਂਦਾ ਸੀ। ਉਹ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਸੰਯੁਕਤ ਰਾਜ ਅਮਰੀਕਾ ਪਹੁੰਚਿਆ ਜਾਵੇ ਅਤੇ ਉਥੋਂ ਗਰੀਨ ਕਾਰਡ ਪ੍ਰਾਪਤ ਕਰਕੇ ਉਥੇ ਸੈਟਲ ਹੋ ਜਾਵੇ ਅਤੇ ਉਥੋਂ ਫਿਰ ਉਹ ਭਾਰਤ ਜਾ ਕੇ ਸ਼ਰਨਜੀਤ ਦੇ ਨਾਲ ਵਿਆਹ ਕਰਵਾ ਕੇ ਉਸਨੂੰ ਉਹ ਆਪਣੇ ਨਾਲ ਹੀ ਲੈ ਆਵੇ। ਉਹ ਹਮੇਸ਼ਾਂ ਸ਼ਰਨਜੀਤ ਦੇ ਬਾਰੇ ਹੀ ਸੋਚਦਾ ਰਹਿੰਦਾ ਸੀ। ਕਈ ਵਾਰ ਉਸਦਾ ਮਨ ਪ੍ਰੇਸ਼ਾਨ ਵੀ ਹੋ ਜਾਂਦਾ ਸੀ।
ਏਜੰਟ ਦੇ ਧੋਖਾ ਦੇ ਜਾਣ ਪਿੱਛੋਂ ਉਸਦੇ ਦਿਲ ਨੂੰ ਗਹਿਰੀ ਸੱਟ ਲੱਗੀ ਸੀ। ਫਿਰ ਵੀ ਉਸਨੇ ਆਪਣੇ ਉਦੇਸ਼ ਵਿਚ ਕਾਮਯਾਬ ਹੋਣ ਦੇ ਲਈ ਪੂਰੀ ਵਾਹ ਲਾਈ ਹੋਈ ਸੀ। ਬ੍ਰਾਜ਼ੀਲ ਵਿਚ ਰਹਿੰਦਿਆਂ ਉਸਨੂੰ ਪੰਜ ਸਾਲ ਤੋਂ ਉੱਪਰ ਸਮਾਂ ਹੋ ਗਿਆ ਸੀ ਪ੍ਰੰਤੂ ਕਿਸਮਤ ਨੇ ਉਸਦਾ ਸਾਥ ਨਹੀਂ ਸੀ ਦਿੱਤਾ। ਉਸਨੂੰ ਆਪਣੀ ਕਾਮਯਾਬੀ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਅਖੀਰ ਵਿਚ ਉਸਨੇ ਸ਼ਰਨਜੀਤ ਦੇ ਨਾਲ ਸ਼ਾਦੀ ਕਰਵਾਉਣ ਦੇ ਇਰਾਦੇ ਨਾਲ ਵਾਪਸ ਭਾਰਤ ਵਿਚ ਆਉਣ ਦਾ ਫੈਸਲਾ ਕਰ ਲਿਆ ਸੀ। ਇਸ ਮਕਸਦ ਦੇ ਲਈ ਉਸਨੇ ਹਵਾਈ ਜਹਾਜ਼ ਦੀ ਟਿਕਟ ਬੁੱਕ ਕਰਵਾ ਲਈ ਸੀ ਅਤੇ ਉਹ ਭਾਰਤ ਨੂੰ ਵਾਪਸ ਆਉਣ ਦੇ ਲਈ ਤੁਰ ਪਿਆ ਸੀ। ਸਾਰੇ ਸਫਰ ਦੇ ਦੌਰਾਨ ਉਹ ਸਿਰਫ ਸ਼ਰਨਜੀਤ ਦੇ ਬਾਰੇ ਵਿਚ ਹੀ ਆਪਣੇ ਮਨ ਵਿਚ ਸੋਚਦਾ ਰਿਹਾ ਸੀ। ਸ਼ਰਨਜੀਤ ਉਸਦੀ ਜ਼ਿੰਦਗੀ ਦੀ ਇਕ ਖਾਸ ਮੰਜ਼ਿਲ ਬਣੀ ਹੋਈ ਸੀ। ਕਈ ਵਾਰ ਜਦੋਂ ਉਹ ਸ਼ਰਨਜੀਤ ਦੇ ਬਾਰੇ ਵਿਚ ਮਿੱਠੇ-ਮਿੱਠੇ ਸੁਪਨੇ ਲੈਣ ਲਗਦਾ ਸੀ ਤਾਂ ਉਸਦਾ ਦਿਲ ਅਜੀਬ ਜਿਹੀ ਕਿਸਮ ਦੀ ਖੁਸ਼ੀ ਵਿਚ ਝੂਮ ਉੱਠਦਾ ਸੀ। ਉਸਦੀ ਨੀਂਦ ਵੀ ਹਰਾਮ ਹੋ ਚੁੱਕੀ ਸੀ। ਸ਼ਰਨਜੀਤ ਨੂੰ ਮਿਲਣ ਦੇ ਲਈ ਅਤੇ ਉਦੇ ਨਾਲ ਵਿਆਹ ਕਰਵਾਉਣ ਦੇ ਲਈ ਉਸਦਾ ਮਨ ਬੜਾ ਉਤਾਵਲਾ ਸੀ ਅਤੇ ਉਹ ਸਮਝਦਾ ਸੀ ਕਿ ਉਸਨੂੰ ਦੇਖ ਕੇ ਮਿਲਕੇ ਸ਼ਰਨਜੀਤ ਨੂੰ ਚਾਅ ਚੜ੍ਹ ਜਾਵੇਗਾ ਅਤੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਵੇਗੀ।
ਵਾਪਸ ਭਾਰਤ ਪਹੁੰਚਣ ਮਗਰੋਂ ਕੁਲਬੀਰ ਨੇ ਏਅਰਪੋਰਟ ਤੋਂ ਘਰ ਜਾਣ ਦੇ ਲਈ ਇਕ ਟੈਕਸੀ ਕਿਰਾਏ ਉਪਰ ਲੈ ਲਈ ਸੀ। ਘਰ ਪਹੁੰਚ ਕੇ ਉਸਨੇ ਆਪਣਾ ਸਾਮਾਨ ਟੈਕਸੀ ਵਿਚੋਂ ਉਤਾਰ ਕੇ ਆਪਣੇ ਘਰ ਅੰਦਰ ਰੱਖਿਆ ਸੀ ਅਤੇ ਆਪਣੇ ਘਰਦਿਆਂ ਨੂੰ ਮਿਲਣ ਤੋਂ ਬਗੈਰ ਹੀ ਉਹ ਉਸੇ ਹੀ ਟੈਕਸੀ ਵਿਚ ਸ਼ਰਨਜੀਤ ਨੂੰ ਮਿਲਣ ਦੇ ਲਈ ਉਸਦੇ ਪਿੰਡ ਪਹੁੰਚ ਗਿਆ ਸੀ। ਉਸਦੇ ਮਨ ਦਾ ਉਤਾਵਲਾਪਣ ਹੋਰ ਵੀ ਜ਼ਿਆਦਾ ਵਧਦਾ ਜਾ ਰਿਹਾ ਸੀ। ਸ਼ਰਨਜੀਤ ਦੇ ਬਾਰੇ ਵਿਚ ਸੋਚ ਕੇ ਉਹ ਆਪਣੇ ਮਨ ਅੰਦਰ ਅਣਗਿਣਤ ਹਵਾਈ ਕਿਲ੍ਹੇ ਉਸਾਰ ਰਿਹਾ ਸੀ। ਜਦੋਂ ਉਹ ਸ਼ਰਨਜੀਤ ਦੇ ਘਰ ਪਹੁੰਚਿਆ ਸੀ ਤਾਂ ਉਸਦੇ ਮਨ ਦੀ ਬੇਚੈਨੀ ਵਧਦੀ ਜਾ ਰਹੀ ਸੀ। ਉਸਨੇ ਕੰਬਲੇ ਹੋਏ ਹੱਥਾਂ ਦੇ ਨਾਲ ਘਰ ਦੇ ਬਾਹਰਲੇ ਦਰਵਾਜ਼ੇ ਨੂੰ ਖੜ੍ਹਕਾਇਆ ਸੀ। ਕੁਝ ਦੇਰ ਮਗਰੋਂ ਬਾਹਰਲਾ ਦਰਵਾਜ਼ਾ ਖੁੱਲ੍ਹਿਆ ਸੀ ਅਤੇ ਸ਼ਰਨਜੀਤ ਨੂੰ ਦੇਖਕੇ ਕੁਲਬੀਰ ਮੁਸਕਰਾਉਣ ਹੀ ਲੱਗਾ ਸੀ ਕਿ ਉਸਨੂੰ ਕੱਚੀਆਂ ਤ੍ਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪਲਾਂ ਵਿਚ ਹੀ ਉਸ ਦੁਆਰਾ ਉਸਾਰੇ ਗਏ ਹਵਾਈ ਕਿਲ੍ਹੇ ਢਹਿ-ਢੇਰੀ ਹੋ ਗਏ ਸਨ। ਉਸਦੀਆਂ ਸਾਰੀਆਂ ਉਮੀਦਾਂ ਉੱਪਰ ਪਾਣੀ ਫਿਰ ਗਿਆ ਸੀ। ਸ਼ਰਨਜੀਤ ਨੂੰ ਦੇਖਕੇ ਉਸਦੀਆਂ ਨਜ਼ਰਾਂ ਸਹਿ ਗਈਆਂ ਸਨ। ਸ਼ਰਨਜੀਤ ਦੇ ਲਿਬਾਸ ਨੂੰ ਦੇਖ ਕੇ ਅਤੇ ਉਸਦੇ ਕੁੱਛੜ ਇਕ ਬੱਚੇ ਨੂੰ ਦੇਖ ਕੇ ਉਹ ਸਮਝ ਗਿਆ ਸੀ ਕਿ ਸ਼ਰਨਜੀਤ ਦੀ ਕਿਸੇ ਹੋਰ ਦੇ ਨਾਲ ਸ਼ਾਦੀ ਹੋ ਚੁੱਕੀ ਸੀ ਅਤੇ ਉਹ ਇਕ ਬੱਚੇ ਦੀ ਮਾਂ ਵੀ ਬਣ ਗਈ ਸੀ। ਕੁਲਬੀਰ ਅਜੇ ਕੁਝ ਬੋਲਣ ਬਾਰੇ ਸੋਚ ਹੀ ਰਿਹਾ ਸੀ ਕਿ ਸ਼ਰਨਜੀਤ ਨੇ ਮੁਸਕ੍ਰਾਉਂਦੀ ਹੋਈ ਨੇ ਆਪਣੇ ਬੱਚੇ ਨੂੰ ਕੁਲਬੀਰ ਵੱਲ ਇਸ਼ਾਰਾ ਕਰਦੀ ਹੋਈ ਨੇ ਆਖਿਆ ਸੀ, “ਬੇਟੇ, ਤੇਰੇ ਮਾਮਾ ਜੀ ਹਨ, ਮਾਮਾ ਜੀ ਨੂੰ ਟਾ-ਟਾ ਕਰ ਦੇ।”
ਕੁਲਬੀਰ ਨੂੰ ਇਸ ਤਰ੍ਹਾਂ ਜਾਪਿਆ ਸੀ ਜਿਵੇਂਕਿ ਉਸਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਰਹੀ ਹੋਵੇ। ਇਕ ਵਾਰ ਤਾਂ ਉਸਦਾ ਦਿਲ ਕੀਤਾ ਸੀ ਕਿ ਉਹ ਸ਼ਰਨਜੀਤ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਮੁਕਾ ਦੇਵੇ। ਉਸਨੂੰ ਕ੍ਰੋਧ ਆ ਰਿਹਾ ਸੀ ਅਤੇ ਉਸਦਾ ਸਿਰ ਚਕਰਾਉਣ ਲੱਗ ਪਿਆ ਸੀ। ਸ਼ਰਨਜੀਤ ਦੀ ਮੁਸਕ੍ਰਾਹਟ ਦਾ ਉਹ ਕੋਈ ਜਵਾਬ ਨਹੀਂ ਸੀ ਦੇ ਸਕਿਆ। ਉਦਾਸ ਸੋਚਾਂ ਦੀਆਂ ਘੁੰਮਣ ਘੇਰੀਆਂ ਵਿਚ ਫਸਿਆ ਹੋਇਆ ਉਹ ਆਪਣੇ ਘਰ ਵੱਲ ਨੂੰ ਵਾਪਸ ਮੁੜ ਗਿਆ ਸੀ। ਗੁੱਸੇ ਨਾਲ ਉਹ ਆਪਣੇ ਦੰਦ ਪੀਹ ਰਿਹਾ ਸੀ ਅਤੇ ਉਸਦੀਆਂ ਅੱਖਾਂ ਟੱਡੀਆਂ ਹੋਈਆਂ ਸਨ ਅਤੇ ਥਿੜਕਦੇ ਹੋਏ ਕਦਮਾਂ ਦੇ ਨਾਲ, ਉਹ ਆਪਣੇ ਸਰੀਰ ਨੂੰ ਘਸੀਟਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਉਸਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕਿੱਧਰ ਨੂੰ ਜਾਵੇ? ਉਹ ਕੀ ਕਰੇ ਅਤੇ ਕੀ ਨਾ ਕਰੇ?

This entry was posted in ਕਹਾਣੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>