ਤਖਤ ਸਾਹਿਬ ਦੀ ਪਰੰਪਰਾ ਤੇ ਸਿਧਾਂਤ ਨੂੰ ਢਾਹ ਲਗਾਉਣ ਵਾਲਾ ਜਥੇਦਾਰ ਗਿਆਨੀ ਮੱਲ ਸਿੰਘ ਤੁਰੰਤ ਅਸਤੀਫਾ ਦੇਵੇ-ਸਰਨਾ

ਨਵੀ ਦਿੱਲੀ -ਸ.ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਜਥੇਦਾਰ ਹੋ ਕੇ ਦੇਸ਼ ਦੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਉਹਨਾਂ ਦੇ ਦਫਤਰ ਵਿੱਚ ਮਿਲਣ ਲਈ ਪੁੱਜੇ ਤਖਤ ਸ੍ਰੀ ਕੇਸਗੜ੍ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੋ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਗਿਆਨੀ ਮੱਲ ਸਿੰਘ ਨੇ ਜਿੱਥੇ ਤਖਤਾਂ ਦੀ ਮਾਣ ਮਰਿਆਦਾ ਨੂੰ ਠੇਸ ਪੁਹੰਚਾਈ ਹੈ ਉਥੇ ਪੰਥਕ ਸਿਧਾਂਤਾਂ ਤੇ ਪਰੰਪਰਾਵਾਂ ਦਾ ਵੀ ਘਾਣ ਕੀਤਾ ਹੈ ਜਿਸ ਕਰਕੇ ਉਸ ਨੂੰ ਹੁਣ ਆਪਣੇ ਆਹੁਦੇ ‘ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਪੰਥਕ ਮਰਿਆਦਾ ਅਨੁਸਾਰ ਕਿਸੇ ਵੀ ਤਖਤ ਦਾ ਜਥੇਦਾਰ ਸਿੱਖ ਪੰਥ ਵਿੱਚ ਸੁਪਰੀਮ ਮੰਨਿਆ ਜਾਂਦਾ ਹੈ ਅਤੇ ਮਰਿਆਦਾ ਅਨੁਸਾਰ ਕਦੇ ਵੀ ਕੋਈ ਜਥੇਦਾਰ ਕਿਸੇ ਵੀ ਸਿਆਸੀ ਆਗੂ ਨੂੰ ਉਸ ਦੇ ਦਫਤਰ ਜਾਂ ਘਰ ਵਿੱਚ ਮਿਲਣ ਲਈ ਨਹੀਂ ਜਾਂਦਾ ਸਗੋਂ ਤਖਤ ਸਾਹਿਬ ਤੋਂ ਹੀ ਹਦਾਇਤ, ਆਦੇਸ਼ ਤੇ ਸੰਦੇਸ਼ ਹੀ ਜਾਰੀ ਕਰਦਾ ਹੈ ਪਰ ਗਿਆਨੀ ਮੱਲ ਸਿੰਘ ਨੇ ਉਸ ਸਾਧ ਲਾਣੇ ਦੀ ਅਗਵਾਈ ਕਬੂਲ ਕਰਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਿਸ ਦਾ ਪੰਥਕ ਮਰਿਆਦਾ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਸਾਧ ਲਾਣੇ ਦੇ ਡੇਰਿਆਂ ਵਿੱਚ ਨਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਹੈ ਅਤੇ ਨਾ ਹੀ ਉਹ ਗੁਰ ਸਾਹਿਬਾਨ ਦੇ ਗੁਰਪੁਰਬ ਮਨਾਉਦੇ ਹਨ ਸਗੋ ਆਪਣੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਚੁੱਕੇ ਸਾਧਾਂ ਦੇ ਵੀ ਦਿਨ ਦਿਹਾੜੇ ਮਨਾ ਕੇ ਲੋਕਾਂ ਨੂੰ ਗੁਰਬਾਣੀ ਨਾਲ ਨਹੀਂ ਸਗੋਂ ਆਪਣੇ ਸਾਧਾਂ ਵੱਲੋ ਕੀਤੇ ਬਚਨਾਂ ਦੀਆ ਬਾਤਾਂ ਪਾ ਕੇ ਹੀ ਮਨਘੜਤ ਕਹਾਣੀਆਂ ਨਾਲ ਜੋੜਦੇ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦਾ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਕਿਸੇ ਵੀ ਤਖਤ ਸਾਹਿਬ ਦੇ ਜਥੇਦਾਰ ਨਾਲੋਂ ਸੁਪਰੀਮ ਹੈ ਨਹੀਂ ਜਿਸ ਦੀ ਅਗਵਾਈ ਕਬੂਲ ਕਰਕੇ ਗਿਆਨੀ ਮੱਲ ਸਿੰਘ ਵੱਲੋ ਕੇਂਦਰੀ ਗ੍ਰਹਿ ਮੰਤਰੀ  ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਨੂੰ ਗਿਆਨੀ ਮੱਲ ਸਿੰਘ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦਾ ਇਤਰਾਜ਼ ਨਹੀ ਹੈ ਪਰ ਬਤੌਰ ਇੱਕ ਤਖਤ ਦੇ ਜਥੇਦਾਰ ਮਿਲਣ ਤੇ ਸਖਤ ਇਤਰਾਜ਼ ਹੈ। ਉਹਨਾਂ ਕਿਹਾ ਕਿ  ਗਿਆਨੀ ਮੱਲ ਸਿੰਘ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾ ਨਹੀਂ ਸਕੇ ਅਤੇ ਪੰਥਕ ਪਰੰਪਰਾਵਾਂ ਦੀ ਰਾਖੀ ਨਹੀਂ ਕਰ ਸਕੇ ਇਸ ਲਈ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ  ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਕਿਹਾ ਕਿ ਉਹ ਵੀ ਇਸ ਮਾਮਲੇ ਤੇ ਆਪਣਾ ਮੂੰਹ ਖੋਹਲਣ ਤੇ ਗਿਆਨੀ ਮੱਲ ਸਿੰਘ ਵੱਲੋਂ ਕੀਤੀ ਗਈ ਅਵੱਗਿਆ ਦਾ ਗੰਭੀਰ ਨੋਟਿਸ ਲੈਣ ਦੇ ਨਾਲ ਨਾਲ ਉਸ ਨੂੰ ਅਸਤੀਫਾ ਦੇਣ ਲਈ ਦਬਾ ਪਾਉਣ।

ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਨੇ ਸਿੱਖ ਪੰਥ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ‘ਤੇ ਵੀ ਅਸਰ ਪਾਉਣਾ ਹੈ ਜਿਸ ਹਿਫ਼ਾਜ਼ਤ ਕਰਨਾ ਤਖਤਾਂ ਦੇ ਜਥੇਦਾਰਾਂ ਦੀ ਵਿਸ਼ੇਸ਼ ਜਿੰਮੇਵਾਰੀ ਹੈ। ਮੂਲ ਨਾਨਕਸ਼ਾਹੀ ਕੈਲੰਡਰ ਪ੍ਰਵਾਸੀ ਸਿੱਖ ਪਾਲ ਸਿੰਘ ਪੁਰੇਵਾਲ  ਨੇ ਬੜੀ ਹੀ ਮਿਹਨਤ ਤੇ ਜਦੋਜਹਿਦ ਤੋਂ ਬਾਅਦ ਤਿਆਰ ਕਰਕੇ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਸਨਮੁੱਖ ਪੇਸ਼ ਕੀਤਾ ਸੀ। ਜਥੇਦਾਰ ਵੱਲੋ ਵਿਦਵਾਨਾਂ ਦੀ ਬਣਾਈ ਗਈ ਕਮੇਟੀ ਨੇ ਕਈ ਮੀਟਿੰਗਾਂ ਕਰਕੇ ਇਸ ਤੇ ਵਿਚਾਰ ਚਰਚਾ ਕੀਤੀ ਤੇ ਲੋੜ ਅਨੁਸਾਰ ਅਜਿਹੇ ਤਰੀਕੇ ਨਾਲ ਕੁਝ ਸੋਧਾਂ ਕੀਤੀਆਂ ਜਿਸ ਨਾਲ ਕੈਲੰਡਰ ਨੂੰ ਕੋਈ ਵੀ ਨੁਕਸਾਨ ਨਾਂ ਪੁੱਜੇ ਪਰ ਸੱਤ ਸਾਲ ਕੈਲੰਡਰ ਲਾਗੂ ਰਿਹਾ ਤੇ 2010 ਵਿੱਚ ਸਾਧ ਲਾਣੇ ਦੀ ਸੰਗਤ ਦੀਆਂ ਵੋਟਾਂ ਹਾਸਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਕੈਲੰਡਰ ਨੂੰ ਦੋ ਉਹਨਾਂ ਵਿਅਕਤੀਆਂ ਦੀ ਇੱਕ ਕਮੇਟੀ ਬਣਾ ਕੇ ਬਦਲ ਦਿੱਤਾ ਗਿਆ ਜਿਹੜੇ ਨਾਂ ਕੈਲੰਡਰ ਬਾਰੇ ਕੁਝ ਜਾਣਦੇ ਸਨ ਤੇ ਨਾਂ ਹੀ ਭੂਗੋਲ ਖਖੋਲ ਬਾਰੇ ਕੁਝ ਜਾਣਕਾਰੀ ਰੱਖਦੇ ਸਨ। ਉਹਨਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਉਹਨਾਂ ਦੇ ਇਮਤਿਹਾਨ ਦੀ ਘੜੀ ਆ ਗਈ ਹੈ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਪੰਥਕ ਸਿਧਾਂਤਾ ਤੇ ਪਰੰਪਰਾਵਾਂ ਤੇ ਪਹਿਰਾ ਦਿੰਦੇ ਹੋਏ ਆਪਣੀ ਜਿੰਮੇਵਾਰੀ ਤੇ ਹੈਸੀਅਤ ਦੀ ਯੋਗ ਵਰਤੇ ਕਰਦੇ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦਾ ਪਹਿਲ ਦੇ ਆਧਾਰ ਤੇ ਫੈਸਲਾ ਲੈਣ। ਉਹਨਾਂ ਕਿਹਾ ਕਿ ਆਹੁਦੇਦਾਰੀਆਂ ਤੇ ਰੁਤਬੇ ਆਉਦੇ ਜਾਂਦੇ ਹਨ ਪਰ ਜਿਹੜਾ ਕਲੰਕ ਮੱਥੇ ਤੇ ਲੱਗ ਜਾਵੇ ਉਸ ਨੂੰ ਧੋਣਾ ਸੰਭਵ ਨਹੀ ਹੁੰਦਾ। ਉਹਨਾਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਗਿਆਨੀ ਗੁਰਬਚਨ ਸਿੰਘ ਭਰਾ ਮਾਰੂ ਜੰਗ ਨਾਂ ਸ਼ੁਰੂ ਕਰਨ ਕਿਉਂਕਿ ਸਿੱਖ ਤਾਂ ਪਹਿਲਾਂ ਹੀ ਧੜਿਆਂ ਤੇ ਪਾਰਟੀਆਂ ਵਿੱਚ ਵੰਡ ਹੋਣ ਕਰਕੇ ਭਾਰੀ ਫੁੱਟ ਦਾ ਸ਼ਿਕਾਰ ਹਨ ਜਿਹਨਾਂ ਨੂੰਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਦੀ ਅਕਾਲੀ ਸਰਕਾਰ ਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰ ਨਹੀਂ ਹਨ ਤੇ ਹੁਣ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ‘ਤੇ ਸੁਪੀਰਮ ਕੋਰਟ ਵੱਲੋ ਲਗਾਈ ਗਈ ਪਾਬੰਦੀ ਦਾ ਜ਼ਿਕਰ ਕਰਕੇ ਆਪਣੀ ਬਣਦੀ ਜਿੰਮਵਾਰੀ ਤੋਂ ਭੱਜਿਆ ਜਾ ਰਿਹਾ ਹੈ। ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਜਿਹੜੀ ਸਰਕਾਰ ਨੇ ਮੁਆਫ ਕੀਤੀ ਸੀ ਤੇ ਸਿੱਖ ਬੰਦੀਆਂ ਨਾਲ ਉਸ ਕੇਸ ਦਾ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਬੰਦੀ ਤਾਂ ਅਦਾਲਤਾਂ ਵੱਲੋ ਦਿੱਤੀਆਂ ਗਈਆਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਜਿਹਨਾਂ ਦੀ ਰਿਹਾਈ ਵਿੱਚ ਸੁਪਰੀਮ ਕੋਰਟ ਕੋਈ ਅੜਚਣ ਨਹੀਂ ਹੈ ਸਗੋਂ ਬਾਦਲ ਬਹਾਨੇਬਾਜੀ ਬਣਾ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਬੰਦੀਆਂ ਦੀ ਰਿਹਾਈ ਨੂੰ ਯਕੀਨੀ ਬਣਾ ਕੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਤੁਰੰਤ ਖਤਮ ਕਰਵਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਕਦੇ ਵੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਵਫਾ ਨਹੀਂ ਕੀਤੇ ਸਗੋਂ ਵਾਅਦਿਆਂ ਦੀ ਲੰਮੀ ਲੜੀ ਨੂੰ ਹਮੇਸ਼ਾਂ ਹੀ ਅੱਖੋ ਪਰੋਖੇ ਕਰਕੇ ਪੰਥ ਵਿਰੋਧੀਆਂ ਦੇ ਹਿੱਤਾਂ ਦੀ ਹੀ ਪਾਲਣਾ ਕੀਤੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>