ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਨਸ਼ਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ- ਸਰਨਾ

ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਰਹੱਦ ‘ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋ ਦਿੱਤੇ ਗਏ ਧਰਨੇ ਨੂੰ ਗੈਰ ਵਾਜਿਬ ਗਰਦਾਨਦਿਆ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਈ.ਡੀ. ਕੋਲੋ ਬਚਾਉਣ ਤੇ ਆਪਣੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਸੀਮਾ ਸੁਰੱਖਿਆ ਬਲ ਦੇ ਖਿਲਾਫ ਧਰਨਾ ਲਗਾਉਣ ਦੇ ਪਾਖੰਡ ਕਰਨ ਨਾਲ ਅਜਿਹੇ ਗੁਨਾਹ ਮੁਆਫ ਨਹੀ ਹੋ ਸਕਦੇ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰੀ ਤੰਤਰ, ਜੰਤਰ, ਮੰਤਰ ਤੇ ਡਰਾ ਧਮਕਾ ਤੇ ਜਿਹੜਾ ਬੀਤੇ ਕਲ੍ਹ ਅਟਾਰੀ ਸਰਹੱਦ ‘ਤੇ ਇਕੱਠ ਕੀਤਾ ਗਿਆ ਹੈ ਉਸ ਬਾਰੇ  ਸਪੱਸ਼ਟ ਕਰਨ ਕਿ ਉਹ ਕੇਂਦਰ ਸਰਕਾਰ ਦੇ ਖਿਲਾਫ ਸੀ ਜਾਂ ਫਿਰ ਆਪਣੀ ਕੜੀ ਮਿਹਨਤ ਮੁਸ਼ੱਕਤ ਨਾਲ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਖਿਲਾਫ ਸੀ? ਉਹਨਾਂ ਕਿਹਾ ਕਿ ਸਰਹੱਦ ਨੂੰ ਜਿਸ ਤਰੀਕੇ ਨਾਲ ਸੀਲ ਕੀਤਾ ਗਿਆ ਉਸ ਤਰੀਕੇ ਨਾਲ ਸਰਹੱਦ ਪਾਰ ਤੋਂ ਕਿਸੇ ਵੀ ਕਿਸਮ ਦਾ ਨਸ਼ੀਲਾ ਪਦਾਰਥ ਨਹੀਂ ਆ ਸਕਦਾ ਫਿਰ ਵੀ ਜੇਕਰ ਮੰਨ ਲਿਆ ਜਾਵੇ ਸਰਹੱਦ ਰਾਹੀ ਹੀ ਨਸ਼ੀਲੇ ਪਦਾਰਥ ਆ ਰਹੇ ਹਨ ਤਾਂ ਫਿਰ ਸੁਖਬੀਰ ਸਿੰਘ ਬਾਦਲ ਕੋਲ ਗ੍ਰਹਿ ਵਿਭਾਗ ਵੀ ਹੈ ਅਤੇ ਉਹ ਸਪੱਸ਼ਟ ਕਰਨ ਕਿ ਬੀ.ਐਸ .ਐਫ ਤੋਂ ਬਾਅਦ ਪੂਰੇ ਪੰਜਾਬ ਵਿੱਚ ਉਹਨਾਂ ਨੇ ਜਿਹੜੀ ਪੁਲੀਸ ਦੀ ਫੌਜ ਰੱਖੀ ਹੈ ਉਹ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਉਹਨਾਂ ਕਿਹਾ ਕਿ ਕਰੀਬ ਪੰਜ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਆਪਣੇ ਆਪ ਨੂੰ ਨੇੜਲਾ ਸਾਥੀ ਦੱਸਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਲ੍ਹਾ ਇਕਾਈ ਜਲੰਧਰ ਦਾ ਜਨਰਲ ਸਕੱਤਰ  ਅਸ਼ਵਨੀ ਸੋਂਧੀ 25 ਕਿਲੋਗ੍ਰਾਮ ਹੀਰੋਇਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੇ ਕਨੇਡਾ ਭੇਜਣ ਲਈ ਲਿਜਾਂਦਾ ਅੰਮ੍ਰਿਤਸਰ ਸੈਂਟਰਲ ਜੇਲ੍ਹ ਦੇ ਕੋਲੋ ਡੀ.ਆਰ.ਆਈ ਨੇ ਫੜਿਆ ਸੀ ਤੇ ਉਸ ਨੇ ਤੁਰੰਤ ਡੀ.ਆਰ.ਆਈ ਦੇ ਅਧਿਕਾਰੀਆਂ ਦੀ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗੱਲ ਕਰਵਾ ਦੇਣ ਦੀ ਧਮਕੀ ਦਿੱਤੀ ਸੀ ਡੀ.ਆਰ.ਆਈ ਵਾਲਿਆ ਨੇ ਗੱਲ ਕਰਨ ਦੀ ਬਜਾਏ ਉਸ ਨੂੰ ਗ੍ਰਿਫਤਾਰ ਕੀਤਾ ਤੇ ਉਸੇ ਸ਼ਾਮ ਹੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਵੀ ਲਿਆ। ਇਹ ਸਾਰਾ ਕਿੱਸਾ ਉਸ ਵੇਲੇ ਦੀਆਂ ਅਖਬਾਰਾਂ ਦੇ ਰੰਗੀਨ ਪੰਨਿਆਂ ਦਾ ਸ਼ਿਕਾਰ ਬਣਿਆ ਸੀ। ਸੁਖਬੀਰ ਸਿੰਘ ਬਾਦਲ ਨੇ ਸੋਂਧੀ ਵੱਲੋ ਕੀਤੀ ਗਈ ਸਮੱਗਲਿੰਗ ਦਾ ਸਪੱਸ਼ਟੀਕਰਨ ਤਾਂ ਅੱਜ ਤੱਕ ਕੋਈ ਨਹੀਂ ਦਿੱਤਾ ਸਿਰਫ ਜਿਹੜੇ ਬੋਰਡ ਸੁਖਬੀਰ ਸਿੰਘ ਬਾਦਲ ਤੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਨਾਲ ਉਸ ਅਸ਼ਵਨੀ ਕੁਮਾਰ ਸੋਧੀ ਤੇ ਲੱਗੇ ਸਨ ਉਹ ਜਰੂਰ ਰਾਤੋ ਰਾਤ ਉਤਾਰ ਦਿੱਤੇ ਗਏ ਤੇ ਇੰਨਾ ਹੀ ਕਿਹਾ ਗਿਆ ਸੀ ਕਿ ਸੋਂਧੀ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਫਿਰ ਜਗਦੀਸ਼ ਸਿੰਘ ਭੋਲਾ ਬਾਰੇ ਵੀ ਇਹ ਹੀ ਚਰਚਾ ਹੈ ਕਿ ਜਦੋਂ ਭੋਲੇ ਨੇ ਕਿਸੇ ਮਾਲ ਵਿੱਚੋ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਹਿੱਸਾ ਨਾਂ ਦਿੱਤਾ ਤਾਂ ਇਹਨਾਂ ਨੇ ਉਸ ਉਪਰ ਰੇਡ ਕਰਵਾ ਕੇ ਉਸ ਨੂੰ ਫਤਹਿਗੜ੍ ਸਾਹਿਬ ਦੀ ਪੁਲੀਸ ਕੋਲ ਗ੍ਰਿਫਤਾਰ ਕਰਵਾ ਦਿੱਤਾ। ਉਹਨਾਂ ਕਿਹਾ ਕਿ ਜਦੋਂ ਭੋਲੇ ਨੂੰ ਪੁਲੀਸ ਨੇ ਕਈ ਦਿਨਾਂ ਦੀ ਕੁੱਟਮਾਰ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸ ਨੇ ਸਪੱਸ਼ਟ ਲਫਜਾਂ ਵਿੱਚ ਮੀਡੀਏ ਨੂੰ ਕਿਹਾ ਕਿ ਉਹ ਤਾਂ ਸਿਰਫ ਇੱਕ ਫੀਲਾ ਹੈ ਨਸ਼ੀਲੇ ਪਦਾਰਥਾਂ ਦਾ ਅਸਲੀ ਸਰਗਨਾ ਤਾਂ ਬਿਕਰਮ ਸਿੰਘ ਮਜੀਠੀਆ ਹੈ ਜਿਹੜਾ ਇਸ ਗੋਰਖ ਧੰਦੇ ਦੀ ਸਮੱਗਲਿੰਗ ਦਾ ਅਸਲੀ ਕਿੰਗ ਪਿੰਨ ਹੈ ਪਰ ਦੋਂਵੇ ਬਾਦਲ ਪਿੱਟ ਉਠੇ ਤੇ ਉਹਨਾਂ ਨੇ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਾਵਾਂਰੌਲੀ ਪਾਉਣੀ ਸ਼ੁਰੂ ਕਰ ਦਿੱਤੀ ਕਿ ਮਜੀਠੀਆ ਦਾ ਇਸ ਰੈਕਟ ਨਾਲ ਕੋਈ ਸਬੰਧ ਨਹੀਂ ਹੈ।

ਉਹਨਾਂ ਕਿਹਾ ਕਿ ਮਾਲਵੇ ਵਿੱਚ ਵੀ ਨਸ਼ੀਲੇ ਪਦਾਰਥਾ ਦੀ ਵਰਤੋ ਲੰਬੀ ਹਲਕੇ ਤੋ ਸ਼ੁਰੂ ਹੋਈ ਸੀ ਜਿਥੇ ਭੰਗ ਪੋਸਤ, ਭੁੱਕੀ, ਅਫੀਮ , ਸਮੈਕ ਤੇ ਸ਼ਰਾਬ ਦੀ ਖ੍ਰੁਲੀ ਵਰਤੋ ਕੀਤੀ ਕਿਉਕਿ ਉਥੋ ਚੋਣ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਲੜ ਰਹੇ ਸਨ। ਉਹਨਾਂ ਕਿਹਾ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਦਾ ਮੋਹਰਲੀ ਕਤਾਰ ਵਿੱਚ ਸ਼ਾਮਲ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਭਾਈ ਬਲਦੇਵ ਸਿੰਘ ਪ੍ਰਧਾਨ ਅਖੰਡ ਕੀਤਰਨੀ ਜੱਥਾ ਨੇ ਇੱਕ ਸਮਾਗਮ ਵਿੱਚ ਸ਼ਰੇਆਮ ਕਿਹਾ ਸੀ ਕਿ ਮਾਲਵੇ ਵਿੱਚ 99 ਫੀਸਦੀ ਸਿੱਖ ਨੌਜਵਾਨ ਨਸ਼ਿਆ ਦੇ ਆਦੀ ਹੋ ਕੇ ਪਤਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਜਦੋਂ ਬਾਦਲ ਸਾਬ ਦਾ ਖਾਸਮ ਖਾਸ ਵਿਅਕਤੀ ਇਹ ਕਹਿ ਰਿਹਾ ਹੈ ਤਾਂ ਫਿਰ ਕੰਧ ਤੇ ਲਿਖਿਆ ਪੜ•ਣ ਵਿੱਚ ਦੇਰ ਕਿਉ ਲਗਾਈ ਜਾ ਰਹੀ ਹੈ? ਉਹਨਾਂ ਕਿਹਾ ਕਿ ਸਰਹੱਦ ਤੇ ਧਰਨਾ ਦੇ ਕੇ ਸ਼ੁਖਬੀਰ ਸਿੰਘ ਬਾਦਲ ਨੇ ਦੋਵੇ ਮੁਲਕਾਂ ਦੇ ਰਿਸ਼ਤਿਆ ਵਿੱਚ ਜਿਹੜੀ ਕੁੜੱਤਣ  ਭਰੀ ਪੈਦਾ ਕੀਤੀ ਹੈ ਉਸ  ਤੋ ਨਿਕਲਣ ਵਾਲਿਆ ਸਿੱਟਿਆ ਲਈ ਵੀ ਸ਼੍ਰੋਮਣੀ ਅਕਾਲੀ ਦਲ ਜਿੰਮੇਵਾਰ ਹੋਵੇਗਾ।

ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ 2012 ਵਿੱਚ ਹੋਈਆਂ ਚੋਣਾਂ ਦੀ ਗੱਲ ਕਰਦਿਆਂ ਸ੍ਰ ਸਰਨਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਬਾਦਲਾਂ ਨੇ300 ਕਰੋੜ ਰੁਪਏ ਖਰਚ ਕਰਕੇ ਚੋਣਾਂ ਦੌਰਾਨ ਨਸ਼ਿਆਂ ਦੀ ਵੰਡ ਕੀਤੀ ਹੈ ਉਹ ਵੀ ਬਾਦਲਾਂ ਦੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਉਹਨਾਂ ਕਿਹਾ ਕਿ ਦਿੱਲੀ ਸਿੱਖ ਜਿਹੜੇ ਸਮੈਕ, ਹੀਰੋਇਨ, ਡਰੱਗਜ਼ ਆਦਿ ਤੋਂ ਨਾਵਾਕਫ ਸਨ ਦੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਬਾਦਲ ਅਕਾਲੀ ਦਲ ਨੇ ਨਸ਼ੇ ਲਗਾਏ ਹਨ ਉਸ ਦਾ ਨਤੀਜਾ ਵੀ ਬਾਦਲਾਂ ਨੂੰ ਜਲਦੀ ਹੀ ਮਿਲ ਜਾਵੇਗਾ।

ਉਹਨਾਂ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧਿਆਨ ਪੰਜਾਬ ਵਿੱਚ ਹੋਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੱਲ ਦਿਵਾਉਦਿਆ ਕਿਹਾ ਕਿ ਜੇਕਰ ਉਹ ਨਸ਼ਾ ਮੁਕਤ ਦੇਸ਼ ਦੀ ਉਸਾਰੀ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਸ ਮੁਹਿੰਮ ਦਾ ਅਗਾਜ਼ ਪੰਜਾਬ ਤੋ ਹੀ ਕਰਨਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਸਭ ਤੋ ਪਹਿਲਾਂ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਇਥੇ ਰਾਸ਼ਟਰਪਤੀ ਰਾਜ ਕਰਕੇ ਨਸ਼ਿਆਂ ਦੀ ਜਾਂਚ ਕਰਵਾਈ ਜਾਵੇ ਤਾਂ ਸ਼ਾਇਦ ਕੋਈ ਬਾਦਲ ਦਾ ਲੀਡਰ ਬਚੇਗਾ ਜਿਸ ਨੇ ਇਸ ਗੋਰਖ ਧੰਦੇ ਵਿੱਚ ਆਪਣੇ ਹੱਥ ਨਾਂ ਰੰਗੇ ਹੋਣ।

ਉਹਨਾਂ ਕਿਹਾ ਕਿ ਬਾਦਲ ਅਕਾਲੀ ਦਲ ਵੱਲੋਂ  ਕਾਂਗਰਸ ਪੰਜਾਬ ਦੇ ਪ੍ਰਧਾਨ ਸ੍ਰ ਪਰਤਾਪ ਸਿੰਘ ਬਾਜਵਾ ‘ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੋਸ਼ ਲਾਉਣੇ ਵੀ ਨਵੀਂ ਪ੍ਰਕਿਰਿਆ ਨੂੰ ਜਨਮ ਦਿੰਦੇ ਹਨ। ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਮੰਗ ਕਰਦੇ ਹਨ ਕਿ ਜਿੰਨੇ ਵੀ ਪਾਰਟੀਆਂ ਦੇ ਪ੍ਰਧਾਨ ਹੀ ਨਹੀਂ ਸਾਰੇ ਸੀਨੀਅਰ ਆਗੂਆਂ ਦੇ ਡੋਪ ਟੈਸਟ ਕਰਵਾਏ ਜਾਣ ਤੇ ਜਿਹੜਾ ਨਸ਼ਾ ਕਰਦਾ ਪਾਇਆ ਜਾਵੇ ਉਸ ਨੂੰ ਸਿਆਸਤ ਤੋਂ ਬਾਹਰ ਕਰ ਦੇਣ ਦਾ ਮਤਾ ਪਾਸ ਕਰਕੇ ਉਸ ਨੂੰ ਘਰ ਬਿਠਾ ਦਿੱਤਾ ਜਾਵੇ ਤਾਂ ਚੰਦ ਇੱਕ ਨੂੰ ਛੱਡ ਕੇ ਬਹੁਤ ਸਾਰਿਆਂ ਦੇ ਖੂਨ ਦੇ ਸੈਂਪਲ ਫੇਲ੍ਹ ਹੋ ਜਾਣਗੇ ਅਤੇ ਅਕਾਲੀ ਦਲ ਬਾਦਲ ਦੇ ਆਹੁਦੇਦਾਰ ਤਾਂ ਸ਼ਾਇਦ ਹੀ ਕੋਈ ਬੱਚਣ। ਉਹਨਾਂ ਕਿਹਾ ਕਿ ਬੀਤੇ ਕਲ੍ਹ ਟਕਸਾਲੀ ਅਕਾਲੀ ਆਗੂ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਵਿਚਾਰਾਂ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ ਜਿਹਨਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਆਗੂਆ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਉਹ ਨਸ਼ੇ ਕਿੰਨੇ ਕੁ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਆਗੂ ਹੀ ਨਸ਼ੇ ਕਰਨੇ ਛੱਡ ਦੇਣ ਤਾਂ ਬਹੁਤ ਹੱਦ ਤੱਕ ਨਸ਼ਿਆਂ ਤੇ ਰੋਕ ਲਗਾਈ ਜਾ ਸਕਦੀ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>