ਮੱਕੜ ਨੂੰ ਮੰਗ ਪੱਤਰ ਦੇਣ ਵਾਲੇ ਮੈਂਬਰਾਂ ਨੂੰ ਕੋਈ ਵੀ ਸੰਵਿਧਾਨਕ ਮਾਨਤਾ ਹਾਸਲ ਨਹੀ- ਸਰਨਾ

ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ  ਨੂੰ ਹਟਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਕੇਅਰ ਟੇਕਰ ਬਨਾਮ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਅਮਰਜੀਤ ਸਿੰਘ ਚਾਵਲਾ ਵੱਲੋ ਸ਼੍ਰੋਮਣੀ ਕਮੇਟੀ ਦੇ 150 ਮੈਂਬਰਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਸੋਂਪਣ ਦੀ ਨਿੰਦਾ ਕਰਦਿਆ ਕਿਹਾ ਕਿ ਪਹਿਲਾਂ ਇਹ ਸਪੱਸ਼ਟ ਕੀਤਾ ਜਾਵੇ ਕਿ ਉਹ ਕਿਹੜੇ ਮੈਂਬਰਾਂ ਦੀ ਗੱਲ ਕਰ ਰਿਹਾ ਹੈ ਕਿਉਕਿ 2011 ਵਿੱਚ ਚੁਣੇ ਗਏ ਮੈਂਬਰਾਂ ਨੂੰ ਹਾਲੇ ਤੱਕ ਮੈਂਬਰ ਹੋਣ ਦੀ ਸੰਵਿਧਾਨਕ ਪਰਵਾਨਗੀ ਹੀ ਨਹੀ ਮਿਲੀ ਤੇ ਫਿਰ ਉਹਨਾਂ ਨੂੰ ਮੈਂਬਰ ਕਹਿ ਕੇ ਸ਼੍ਰੋਮਣੀ ਕਮੇਟੀ ਦੇ ਹਾਊਸ ਦੀ ਤੌਹੀਨ ਕਿਉ ਕੀਤੀ ਜਾ ਰਹੀ ਹੈ?

ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਨੰਦਗੜ੍ਹ  ਨਾਨਕਸ਼ਾਹੀ ਕੈਲੰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਕੇ ਕੌਮ ਵੱਲੋ ਸੌਂਪੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਦਾ ਅਨਮੋਲ ਦਸਤਾਵੇਜ ਹੈ ਜਿਸ ਦੀ ਰਾਖੀ ਲਈ ਹਰ ਸਿੱਖ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਕੈਲੰਡਰ ਜਿੱਥੇ ਕਰੀਬ ਇੱਕ ਦਹਾਕੇ ਦੀ ਕੜੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਉਥੇ ਸਿੱਖ ਪੰਥ ਦੀ ਅੱਡਰੀ ਕੌਮ ਹੋਣ ਦੀ ਪਛਾਣ ਦਾ ਵੀ ਪ੍ਰਤੀਕ ਹੈ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿੱਤ ਦੁਨੀਆਂ ਭਰ ਦੇ ਸਿੱਖਾਂ ਨੇ ਕਬੂਲ ਕਰਕੇ ਇਸ ਅਨੁਸਾਰ ਹੀ ਦਿਹਾੜੇ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਜਿਹੜਾ ਸਾਧ ਲਾਣਾ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰ ਰਿਹਾ ਹੈ ਉਹਨਾਂ ਨੇ ਆਪਣੇ ਡੇਰਿਆਂ ਵਿੱਚ ਕਦੇ ਵੀ ਗੁਰੂ ਸਾਹਿਬਾਨ ਦੇ ਗੁਰਪੁਰਬ ਨਹੀਂ ਮਨਾਉਂਦੇ ਸਗੋਂ ਆਪਣੇ ਚੜਾਈ ਕਰ ਚੁੱਕੇ ਸਾਧਾਂ ਦੀਆਂ ਬਰਸੀਆਂ ਹੀ ਮਨਾਉਂਦੇ ਹਨ।

ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਵੀ ਇੱਕ ਕੌਮੀ ਮਸਲਾ ਹੈ ਤੇ ਜਥੇਦਾਰ ਨੰਦਗੜ੍ਹ  ਜੇਕਰ ਅਵਾਜ਼ ਬੁਲੰਦ ਕਰ ਰਹੇ ਹਨ ਤਾਂ ਉਹ ਆਪਣੀ ਜਿੰਮਵਾਰੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਦੁਨੀਆਂ ਦਾ ਕੋਈ ਵੀ ਕਨੂੰਨ ਇਜ਼ਾਜਤ ਨਹੀਂ ਦਿੰਦਾ ਕਿ ਜਿਹੜਾ ਵਿਅਕਤੀ ਆਪਣੀ ਅਦਾਲਤ ਵੱਲੋ ਸੁਣਾਈ ਗਈ ਸਜ਼ਾ ਪੂਰੀ ਕਰ ਚੁੱਕਾ ਹੈ ਉਸ ਨੂੰ ਜੇਲ ਵਿੱਚ ਬੰਦੀ ਬਣਾ ਕੇ ਰੱਖਿਆ ਜਾਵੇ ਅਤੇ ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਵਿੱਚ ਤਾਂ ਅਜਿਹਾ ਕਰਨਾ ਅਪਰਾਧ ਤੋਂ ਕੁਝ ਵੀ ਘੱਟ ਨਹੀਂ ਹੈ।

ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰਿਆਂ ਨੂੰ ਸਿਰੋਪਾ ਨਾਂ ਦੇਣ ਦੀ ਗੱਲ ਕੀਤੀ ਜਾਵੇ ਤਾਂ ਅਮਰਜੀਤ ਸਿੰਘ ਚਾਵਲਾ ਸਮੇਤ ਮੰਗ ਪੱਤਰ ‘ਤੇ ਦਸਤਖਤ ਕਰਨ ਵਾਲੇ ਵਿਅਕਤੀ ਪਹਿਲਾਂ ਇਹ ਤਾਂ ਸਪੱਸ਼ਟ ਕਰਨ ਕਿ ਜਦੋਂ 2005 ਵਿੱਚ  ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ 1947 ਤੋਂ ਬਾਅਦ ਪਹਿਲੀ ਵਾਰੀ ਪਾਕਿਸਤਾਨ ਸਥਿਤ ਗੁਰੂਦੁਆਰਾ ਨਨਕਾਣਾ ਸਾਹਿਬ ਵਿਖੇ ਨਗਰ ਕੀਤਰਨ ਦੇ ਰੂਪ ਵਿੱਚ ਪਾਲਕੀ ਸਾਹਿਬ ਲੈ ਕੇ ਗਈ ਸੀ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰੂ ਸਾਹਿਬ ਦੀ ਪਾਲਕੀ ਤੇ ਨਗਰ ਕੀਤਰਨ ਦਾ ਬਾਈਕਾਟ ਕੀਤਾ ਸੀ। ਮੱਕੜ ਨੇ ਤਾਂ ਇਥੋ ਤੱਕ ਗੈਰ ਜਿੰਮੇਵਾਰਨਾ ਹਰਕਤ ਕੀਤੀ ਸੀ ਕਿ ਜਦੋਂ ਰਸਤੇ ਵਿੱਚ ਗੁਰੂ ਸਾਹਿਬ ਦੀ ਸਵਾਰੀ ਜਾ ਰਹੀ ਸੀ ਤਾਂ ਮੱਕੜ ਆਪਣਾ ਗੱਡੀਆਂ ਦਾ ਕਾਫਲਾ ਧਾੜਵੀਆਂ ਦੀ  ਤਰ੍ਹਾਂ ਲੈ ਕੇ ਕੋਲੋਂ ਦੀ ਲੰਘ ਗਿਆ ਸੀ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁੱਕ ਕੇ ਨਮਸਕਾਰ ਕਰਨ ਦੀ ਜ਼ਹਿਮਤ ਨਹੀਂ ਕੀਤੀ ਸੀ, ਉਸ ਸਮੇਂ ਇਹ ਚਾਵਲਾ ਤੇ ਦਸਤਖਤ ਕਰਨ ਵਾਲੇ ਵਿਅਕਤੀ ਕਿੱਥੇ ਸਨ? ਕੀ ਉਸ ਬਾਰੇ ਇਹਨਾਂ ਕੋਲ ਕੋਈ ਜਵਾਬ ਹੈ? ਉਹਨਾਂ ਕਿਹਾ ਕਿ ਉਹ ਕਿਸੇ ਵੀ ਧਰਮ ਦੀ ਵਿਰੋਧਤਾ ਨਹੀਂ ਕਰਦੇ ਪਰ ਚਾਵਲਾ ਇਹ ਵੀ ਸਪੱਸ਼ਟ ਕਰੇ ਕਿ ਕੀ ਮੰਦਰਾਂ ਵਿੱਚ ਜਾ ਕੇ ਸਿਰ ਤੋਂ ਚੁੰਨੀਆਂ ਲੈ ਕੇ ਮਾਤਾ ਦੀਆਂ ਭੇਟਾ ਗਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਖਵਾਉਣ ਦੇ ਕਾਬਲ ਹੋ ਸਕਦੇ ਹਨ? ਉਹਨਾਂ ਕਿਹਾ ਕਿ  ਕੀ ਕਦੇ ਇਹਨਾਂ ਵਿਅਕਤੀਆਂ ਨੇ ਪੰਜਾਬ ਦੀ ਬਰਬਾਦ ਹੋ ਰਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਕਦੇ ਕੋਈ ਮੰਗ ਪੱਤਰ ਦਿੱਤਾ ਹੈ? ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਕੌਮ ਦੀ ਗੱਲ ਕਰਨ ਵਾਲੇ ਜਥੇਦਾਰ ਨੰਦਗੜ੍ਹ  ਨੂੰ ਜੇਕਰ  ਜਥੇਦਾਰੀ ਤੋਂ ਹਟਾਉਣ ਦੀ ਬੱਜਰ ਗਲਤੀ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਕੇ ਕੰਮ ਚਲਾਉ ਕਮੇਟੀ ਵੱਲੋਂ ਕੀਤੀਆਂ ਗਈਆਂ ਆਪ ਹੁਦਰੀਆਂ ਦਾ ਚਿੱਠਾ ਸੁਪਰੀਮ ਕੋਰਟ ਵਿੱਚ ਰੱਖੇਗਾ ਤੇ ਜਥੇਦਾਰ ਨੰਦਗੜ੍ਹ ਦੀ ਬਜਾਏ ਮੱਕੜ ਦੀ ਬਰਖਾਸਤਗੀ ਦੀ ਮੰਗ ਕਰੇਗਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>