ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ‘ਚ

ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਵਿੱਚ ਬਹੁਤ ਸਾਰੇ ਧਰਮਾਂ,ਜਾਤਾਂ,ਫ਼ਿਰਕਿਆਂ ਅਤੇ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ,ਉਨ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਬੋਲੀਆਂ ਹਨ।  ਅਨੇਕਤਾ ਵਿੱਚ ਏਕਤਾ ਹੈ। ਅਨੇਕਾਂ ਹੀ ਸਿਆਸੀ ਪਾਰਟੀਆਂ ਹਨ। ਮਈ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਉਭਾਰ ਨਾਲ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਭੰਬਲਭੂਸੇ ਵਿੱਚ ਪੈ ਗਈਆਂ ਹਨ। ਕੇਂਦਰ ਸਰਕਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੂਰਨ ਬਹੁਮਤ ਪ੍ਰਾਪਤ ਕਰਕੇ ਤਾਕਤ ਵਿੱਚ ਆਉਣ ਨਾਲ ਅਚੰਭਤ ਹੋ ਕੇ ਭਮੰਤਰ ਗਈਆਂ ਅਤੇ ਉਨ੍ਹਾਂ ਦੇ ਤਾਂ ਮਨੋਬਲ ਹੀ ਡਿੱਗ ਗਏ ਹਨ। ਮਈ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੀ ਸ਼ਾਖ਼ ਡਿਗਣ ਦੀ ਸੰਭਾਵਨਾ ਪੈਦਾ ਹੋ ਗਈ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਦਾ ਮੁਕਾਬਲਾ ਬਣਦਾ ਲਗ ਰਿਹਾ ਸੀ। ਕਾਂਗਰਸ ਪਾਰਟੀ ਦਾ ਤੀਜੇ ਸਥਾਨ ਉਪਰ ਆਉਣਾ ਤਾਂ ਪਹਿਲਾਂ ਹੀ ਤਹਿ ਹੋ ਗਿਆ ਸੀ ਕਿਉਂਕਿ ਪਿੱਛਲੀ ਕੇਂਦਰੀ ਸਰਕਾਰ ਵਿੱਚ ਭਰਿਸ਼ਟਾਚਾਰ ਦੇ ਆਮ ਹੋ ਜਾਣ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹਣ ਨਾਲ ਬਦਲਵੀਂ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਸ਼ਪਸ਼ਟ ਦਿਸਣ ਲੱਗ ਪਈਆਂ ਸਨ ਪ੍ਰੰਤੂ ਇਹ ਕਿਸੇ ਵੀ ਪਾਰਟੀ ਨੇ ਸੋਚਿਆ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਸ਼ਪਸ਼ਟ ਬਹੁਮਤ ਲੈ ਜਾਵੇਗੀ। ਜਿਸ ਤਰ੍ਹਾਂ ਡਾ.ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂ.ਪੀ.ਏ. ਦੀ ਮਿਲੀ ਜੁਲੀ ਸਰਕਾਰ ਚਲ ਰਹੀ ਸੀ,ਉਸੇ ਤਰ੍ਹਾਂ ਐਨ.ਡੀ.ਏ. ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣਨ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਪ੍ਰੰਤੂ ਉਸ ਸਰਕਾਰ ਦੀ ਅਗਵਾਈ ਕਿਹੜੀ ਪਾਰਟੀ ਤੇ ਕੌਣ ਕਰੇਗਾ ਇਹ ਸ਼ਪਸ਼ਟ ਨਹੀਂ ਸੀ। ਆਮ ਆਦਮੀ ਪਾਰਟੀ ਦਾ ਅਕਸ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਵਿੱਚ ਚੰਗਾ ਪ੍ਰਦਰਸ਼ਨ ਕਰਨ ਕਰਕੇ ਸਰਕਾਰ ਬਣਾਉਣ ਨਾਲ ਅਤੇ ਪਤਵੰਤੇ ਵਿਅਕਤੀਆਂ ਜਿਨ੍ਹਾਂ ਵਿੱਚ ਸਿਆਸਤਦਾਨਾ ਦੇ ਨਾਲ ਉਚੇ ਅਹੁਦਿਆਂ ਵਾਲੇ ਅਧਿਕਾਰੀ ਵੀ ਸ਼ਾਮਲ ਸਨ,ਦੇ ਧੜਾਧੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ,ਆਮ ਲੋਕ ਮਹਿਸੂਸ ਕਰਦੇ ਸਨ ਕਿ ਸ਼ਾਇਦ ਰਲੀ ਮਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਪੋਰਟ ਤੋਂ ਬਿਨਾ ਬਣਨੀ ਅਸੰਭਵ ਹੋਵੇਗੀ,ਇਸੇ ਭੁਲੇਖੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਲਗਦੀ ਸੱਟੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਮੁਕਾਬਲੇ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਅਰਵਿੰਦ ਕੇਜਰੀਵਾਲ ਦਾ ਹੌਸਲਾ ਕਾਂਗਰਸ ਪਾਰਟੀ ਦੀ ਘਾਗ ਨੇਤਾ ਦਿੱਲੀ ਦੀ ਦੋ ਵਾਰ ਰਹੀ ਮੁਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਵੱਡੇ ਫ਼ਰਕ ਨਾਲ ਹਰਾਉਣ ਤੋਂ ਬਾਅਦ ਅਸਮਾਨ ਛੂਹ ਰਿਹਾ ਸੀ। ਉਸਨੇ ਬਿਨਾ ਯੋਜਨਾਬੱਧ ਢੰਗ ਦੇ ਸਮੁਚੇ ਦੇਸ਼ ਵਿਚ 400 ਸੀਟਾਂ ਤੇ ਚੋਣ ਲੜਾਉਣ ਦਾ ਫ਼ੈਸਲਾ ਵੀ ਕਰ ਲਿਆ ਜਦੋਂ ਕਿ ਪਾਰਟੀ ਦਾ ਸਥਾਨਕ ਪੱਧਰ ਤੇ ਕੋਈ ਤਾਣਾ ਬਾਣਾ ਹੀ ਨਹੀਂ ਸੀ। ਉਸੇ ਭੁਲੇਖੇ ਦੀ ਸ਼ਹਿ ਵਿੱਚ ਉਸ ਨੇ ਦਿੱਲੀ ਦੇ ਮੁਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰਕੇ ਨਰਿੰਦਰ ਮੋਦੀ ਨੂੰ ਚੈਲੰਜ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਸੋਚ ਰਿਹਾ ਸੀ ਕਿ ਦਿੱਲੀ ਦੀ ਤਰ੍ਹਾਂ ਹਵਾ ਆਮ ਆਦਮੀ ਪਾਰਟੀ ਦੇ ਨਾਲ ਹੈ। ਖ਼ਾਸ ਤੌਰ ਤੇ ਸੋਸ਼ਲ ਮੀਡੀਆ ਨੇ ਅਰਵਿੰਦ ਕੇਜਰੀਵਾਲ ਨੂੰ ਪਰਵਾਸੀ ਭਾਰਤੀਆਂ ਦੀ ਹੱਲਾਸ਼ੇਰੀ ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਹੀ ਇੱਕ ਬਹੁਤ ਵੱਡੇ ਤਿਆਗ਼ ਦੀ ਮੂਰਤੀ ਬਣਾਕੇ ਪੇਸ਼ ਕਰ ਦਿੱਤਾ ਜੋ ਵਾਸਤਵ ਵਿੱਚ ਇੱਕ ਗ਼ਲਤੀ ਸੀ,ਜਿਸ ਨੂੰ ਬਾਅਦ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਪ੍ਰਵਾਨ ਕਰ ਲਿਆ ਸੀ। ਅਰਵਿੰਦ ਕੇਜਰੀਵਾਲ ਦੇ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਭਾਜਪਾ ਦੀ ਮੋਦੀ ਲਹਿਰ ਨੇ ਚਕਨਾਚੂਰ ਕਰ ਦਿੱਤੇ। ਆਮ ਆਦਮੀ ਪਾਰਟੀ ਦੀ ਐਸੀ ਹਵਾ ਨਿਕਲੀ ਕਿ ਪੰਜਾਬ ਵਿੱਚੋਂ ਹੀ ਸਿਰਫ਼ ਚਾਰ ਲੋਕ ਸਭਾ ਦੀਆਂ ਸੀਟਾਂ ਜਿੱਤ ਸਕੇ,ਉਹ ਵੀ ਕੇਜਰੀਵਾਲ ਵਲੋਂ 1984 ਦੇ ਦਿੱਲੀ ਵਿਖੇ ਹੋਏ ਸਿਖਾਂ ਦੇ ਕਤਲੇਆਮ ਲਈ ਹਾਅਦਾ ਨਾਹਰਾ ਮਾਰਕੇ ਕਤਲੇਆਮ ਦੀ ਜਾਂਚ ਲਈ ਵਿਸ਼ੇਸ਼ ਟੀਮ ਗਠਤ ਕਰਨ ਕਰਕੇ ਸੰਭਵ ਹੋਇਆ ਸੀ। ਭਾਰਤੀ ਜਨਤਾ ਪਾਰਟੀ ਦੇ ਸਿਆਸੀ ਛਿਕੇ ਨੇ ਲੋਕ ਸਭਾ ਦੀਆਂ ਚੋਣਾ ਤੋਂ 8 ਮਹੀਨੇ ਬਾਅਦ ਵੀ ਅਜੇ ਤੱਕ ਆਪਣਾ ਜਲਵਾ ਕਾਇਮ ਰੱਖਿਆ ਹੋਇਆ ਹੈ। ਇਸ ਕਰਕੇ ਅਜੇ ਤਕ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਹੌਸਲੇ ਅਤੇ ਮਨੋਬਲ ਡਿਗੇ ਹੋਏ ਹਨ ਅਤੇ ਉਹ ਹਾਰ ਦੇ ਸਦਮੇ ਚੋਂ ਬਾਹਰ ਨਹੀਂ ਆ ਸਕੀਆਂ। ਅਜੇ ਵੀ ਉਹ ਬਿਖਰੀਆਂ ਪਈਆਂ ਹਨ। ਉਨ੍ਹਾਂ ਨੂੰ ਅਸਲ ਵਿੱਚ ਕੁਝ ਸੁਝ ਹੀ ਨਹੀਂ ਰਿਹਾ ਕਿ ਉਹ ਕਿਹੜਾ ਪਲਟਾ ਮਾਰਨ ਜਿਸ ਨਾਲ ਭਾਰਤੀ ਜਨਤਾ ਪਾਰਟੀ ਦੇ ਅਸਰ ਰਸੂਖ਼ ਨੂੰ ਡਾਵਾਂ ਡੋਲ ਕੀਤਾ ਜਾ ਸਕੇ। ਪਹਿਲਾਂ ਹਰਿਆਣਾ ਤੇ ਫ਼ਿਰ ਝਾਰਖੰਡ ਅਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਹੌਸਲੇ ਹੋਰ ਬੁਲੰਦ ਕਰ ਦਿੱਤੇ ਹਨ। ਜੰਮੂ ਕਸ਼ਮੀਰ ਅਤੇ ਹਰਿਆਣਾ ਵਿੱਚ ਜਿੱਤਣਾ ਤੇ ਸਰਕਾਰਾਂ ਬਣਾਉਣ ਬਾਰੇ ਭਾਰਤੀ ਜਨਤਾ ਪਾਰਟੀ ਨੇ ਖ਼ੁਦ ਵੀ ਸੋਚਿਆ ਹੀ ਨਹੀਂ ਸੀ। ਤਾਜਾ ਨਤੀਜਿਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੋਈ ਨਵੀਂਆਂ ਤਰਕੀਬਾਂ ਬਣਾੳਬਣ ਲਈ ਮਜ਼ਬੂਰ ਕਰ ਦਿੱਤਾ ਹੈ। ਪੈਟਰੌਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਅਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਖੜੋਤ ਵੀ ਭਾਰਤੀ ਜਨਤਾ ਪਾਰਟੀ ਲਈ ਸ਼ੁਭ ਸ਼ਗਨ ਸਾਬਤ ਹੋ ਰਹੀਆਂ ਹਨ। 2011 ਵਿਚ ਪੱਛਵੀਂ ਬੰਗਾਲ ਵਿੱਚ ਬੀਬੀ ਮਮਤਾ ਬੈਨਰਜੀ ਦੀ ਆਈ ਲਹਿਰ ਨੂੰ ਵੀ ਗ੍ਰਹਿਣ ਲੱਗ ਗਿਆ ਹੈ ਕਿਉਂਕਿ ਤ੍ਰਿਮਣੂਲ ਕਾਂਗਰਸ ਦੇ ਮੰਤਰੀ ਮਦਨ ਮਿਤਰਾ,ਦੋ ਐਮ.ਪੀ. ਕੁਨਾਲ ਘੋਸ਼,ਸਰਿੰਜੈ ਘੋਸ਼ ਅਤੇ ਤ੍ਰਿਮਣੂਲ ਕਾਂਗਰਸ ਦੇ ਉਪ ਪ੍ਰਧਾਨ ਰਜਤ ਮਾਜੂਮਦਾਰ ਦੇ ਸ਼ਰਾਧਾ ਚਿੱਟ ਫ਼ੰਡ ਘੁਟਾਲੇ ਵਿੱਚ ਗ੍ਰਿਫ਼ਤਾਰ ਹੋਣ ਨਾਲ ਭਾਰਤੀ ਜਨਤਾ ਪਾਰਟੀ ਨਾਲ ਟਕਰਾਓ ਵੱਧਣ ਦੇ ਆਸਾਰ ਬਣ ਰਹੇ ਹਨ ਅਤੇ ਬਦਨਾਮੀ ਉਨ੍ਹਾਂ ਦੇ ਪੱਲੇ ਪੈ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਇੱਕ ਹੋਰ ਐਮ.ਪੀ. ਅਹਿਮਦ ਹਸਨ ਇਮਰਾਨ ਦੇ ਪਾਬੰਦੀ ਸ਼ੁਦਾ ਸੰਸਥਾ ਸਿਮੀ ਨਾਲ ਸੰਬੰਧਾਂ ਦੇ ਖੁਲਾਸੇ ਨੇ ਵੀ ਮਮਤਾ ਬੈਨਰਜ਼ੀ ਦੀ ਪੁਜੀਸ਼ਨ ਖਰਾਬ ਕਰ ਦਿੱਤੀ ਹੈ। ਮਮਤਾ ਬੈਨਰਜ਼ੀ ਦੀ ਤ੍ਰਿਮਣੂਲ ਕਾਂਗਰਸ ਵਲੋਂ ਮਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਵੀਂ ਬੰਗਾਲ ਦੀਆਂ 42 ਸੀਟਾਂ ਵਿੱਚੋਂ 34 ਸੀਟਾਂ ਜਿੱਤਣ ਨਾਲ ਗੁਡੀ ਚੜ੍ਹ ਗਈ ਸੀ। ਹੁਣ ਇਹ ਪਾਰਟੀ ਘੁੰਮਣਘੇਰੀਆਂ ਵਿੱਚ ਪੈ ਗਈ ਹੈ। ਕਾਂਗਰਸ ਪਾਰਟੀ ਤਾਂ ਸਦਮੇ ਤੋਂ ਬਾਹਰ ਆ ਹੀ ਨਹੀਂ ਰਹੀ ਕਿਉਂਕਿ ਹਰਿਆਣਾ ਅਤੇ ਰਾਜਸਥਾਨ ਸਰਕਾਰਾਂ ਵੱਲੋਂ ਸੋਨੀਆਂ ਗਾਂਧੀ ਦੇ ਜਵਾਈ ਦੇ ਜ਼ਮੀਨ ਘੁਟਾਲਿਆਂ ਦੇ ਕੇਸ ਖੋਲ੍ਹਣ ਨਾਲ ਉਨ੍ਹਾਂ ਦੀ ਚਿੰਤਾ ਵੱਧ ਰਹੀ ਹੈ ਅਤੇ ਪਾਰਟੀ ਵਿੱਚ ਬਗ਼ਾਬਤੀ ਸੁਰਾਂ ਦੇ ਉਠਣ ਨਾਲ ਵੀ ਪਾਰਟੀ ਦਾ ਸੰਗਠਨ ਵੀ ਅਸੰਤੁਸ਼ਟਤਾ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਪਾਰਟੀ ਵਿੱਚ ਬਜ਼ੁਰਗ ਅਤੇ ਨੌਜਵਾਨ ਲੀਡਰਸ਼ਿਪ ਵਿੱਚ ਵੀ ਟਕਰਾਓ ਦੇ ਆਸਾਰ ਬਣ ਰਹੇ ਹਨ। ਸੋਨੀਆਂ ਗਾਂਧੀ ਦੀ ਬੀਮਾਰੀ ਅਤੇ ਰਾਹੁਲ ਗਾਂਧੀ ਵਲੋਂ ਕੋਈ ਚਮਤਕਾਰੀ ਅਗਵਾਈ ਨਾ ਦੇਣ ਦਾ ਵੀ ਪਾਰਟੀ ਦੀ ਸ਼ਾਖ਼ਾ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਹੁਣ ਤੱਕ ਹਰਿਆਣਾ ਦੇ ਕਾਂਗਰਸੀ ਚੌਧਰੀ ਵਰਿੰਦਰ ਸਿੰਘ ਦੀ ਅਗਵਾਈ ਵਿੱਚ ਬੀ.ਜੇ.ਪੀ. ਵਿੱਚ ਸ਼ਾਮਲ ਹੋ ਚੁਕੇ ਹਨ। ਜਗਮੀਤ ਬਰਾੜ ਅਤੇ ਉਸਦੇ ਸਮਰਥਕ ਵੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੀ ਤਾਕ ਵਿੱਚ ਬੈਠੇ ਹਨ।  ਸਮੁਚੇ ਭਾਰਤ ਵਿੱਚ ਕਾਂਗਰਸ ਪਾਰਟੀ ਵਿਚ ਅਸਥਿਰਤਾ ਦਾ ਮਾਹੌਲ ਬਣਿਆਂ ਹੋਇਆ ਹੈ। ਵੱਡੇ ਲੀਡਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਹੋਰ ਵੀ ਵੱਡੇ ਲੀਡਰਾਂ ਬਾਰੇ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਉਹ ਵੀ ਕਾਂਗਰਸ ਨੂੰ ਤਿਲਾਂਜਲੀ ਦੇਣ ਦੀ ਸੋਚ ਰਹੇ ਹਨ। ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਬੇਬਸ ਲਗ ਰਹੀ ਹੈ। ਕਾਂਗਰਸ ਵੀ ਤਾਂ ਹੀ ਸਥਿਰ ਹੋ ਸਕਦੀ ਹੈ ਕਿ ਜੇ ਪੁਰਾਣਾ ਕਾਂਗਰਸ ਪਰਵਾਰ ਮੁੜਕੇ ਇਕੱਠਾ ਹੋ ਜਾਵੇ। ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਦੀ ਮਿਲੀਜੁਲੀ ਸਰਕਾਰ ਦਾ ਭਵਿਖ ਵੀ ਦੋਹਾਂ ਪਾਰਟੀਆਂ ਦੇ ਆਪਸੀ ਟਕਰਾਓ ਕਰਕੇ ਖ਼ਤਰੇ ਵਿੱਚ ਲਗਦਾ ਹੈ,ਕਿਉਂਕਿ ਸਿਆਸਤ ਦੇ ਬਾਬਾ ਬੋਹੜ ਅਤੇ ਘਾਗ ਸਿਆਸਤਦਾਨ ਪੰਜ ਵਾਰ ਬਣੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਹਰਿਆਣਾ ਵਿਚ ਚੌਟਾਲਾ ਦੀ ਪਾਰਟੀ ਦੀ ਮਦਦ ਪਰਵਾਰਕ ਸੰਬੰਧਾਂ ਨੂੰ ਮੁੱਖ ਰੱਖਕੇ ਕਰਨਾ ਅਕਾਲੀ ਦਲ ਦੀਆਂ ਬੇੜੀਆਂ ਵਿਚ ਚ ਵੱਟੇ ਪਾਉਣਾ ਹੈ। ਪਹਿਲੀ ਵਾਰ ਪਰਕਾਸ਼ ਸਿੰਘ ਬਾਦਲ ਦਾ ਸਿਆਸੀ ਤੀਰ ਨਿਸ਼ਾਨੇ ਤੋਂ ਖੁੰਝ ਗਿਆ ਹੈ। ਨਸ਼ਿਆਂ ਦੇ ਮੁਦੇ ਦੀ ਦੋਵੇਂ ਪਾਰਟੀਆਂ ਤੁਹਮਤਬਾਜ਼ੀ ਕਰ ਰਹੀਆਂ ਹਨ। ਕਮਿਊਨਿਸਟ ਪਾਰਟੀਆਂ ਦਾ ਪਿੱਛਲੇ ਕਾਫ਼ੀ ਅਰਸੇ ਤੋਂ ਗ੍ਰਾਫ਼ ਘੱਟ ਰਿਹਾ ਹੈ। ਆਧੁਨਿਕੀਕਰਨ ਦੇ ਮਾਰੂ ਨਤੀਜਿਆਂ ਦਾ ਇਨ੍ਹਾਂ ਪਾਰਟੀਆਂ ਦੀ ਵੋਟ ਬੈਂਕ ਤੇ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਲੇਬਰ ਕਲਾਸ ਜਿਹੜੀ ਇਨ੍ਹਾਂ ਪਾਰਟੀਆਂ ਦੀ ਵੋਟ ਬੈਂਕ ਹੁੰਦੀ ਸੀ ਉਸਦੀ ਗਿਣਤੀ ਦਿਨ-ਬਦਿਨ ਘਟ ਰਹੀ ਹੈ। ਉਸ ਕਰਕੇ ਇਹ ਪਾਰਟੀਆਂ ਵੀ ਘੁਟਨ ਮਹਿਸੂਸ ਕਰ ਰਹੀਆਂ ਹਨ,ਹਾਲਾਂਕਿ ਇਨ੍ਹਾਂ ਦੀ ਲੀਡਰਸ਼ਿਪ ਪੜ੍ਹੀ ਲਿਖੀ ਅਤੇ ਸੰਵੇਦਨਸ਼ੀਲ ਹੈ ਜੋ ਲੋਕ ਹਿਤਾਂ ਤੇ ਪਹਿਰਾ ਵੀ ਦਿੰਦੀ ਹੈ,ਵਰਕਰ ਵੀ ਆਪਾ ਵਾਰੂ ਰੁਚੀਆਂ ਦੇ ਮਾਲਕ ਹਨ,ਲੋਕ ਹਿੱਤਾਂ ਤੇ ਪਹਿਰਾ ਦਿੰਦੇ ਹਨ ਪ੍ਰੰਤੂ ਕੋਈ ਸਾਰਥਕ ਨਤੀਜੇ ਸਾਮ੍ਹਣੇ ਨਹੀਂ ਆ ਰਹੇ। ਇਹ ਪਾਰਟੀਆਂ ਆਊਟਡੇਟਿਡ ਹੋ ਗਈਆਂ ਲਗਦੀਆਂ ਹਨ। ਹੁਣ ਖੱਬੇ ਅਤੇ ਸੱਜੇ ਪੱਖੀ ਕਮਿਊਨਿਸਟ ਇੱਕਠੇ ਹੋਣ ਬਾਰੇ ਸੋਚ ਰਹੇ ਹਨ। ਜਿਸ ਤਰ੍ਹਾਂ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਮੌਕਾਪ੍ਰਸਤ ਸਿਆਸਤਦਾਨ ਨੇਤਾ ਲੋਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਸਨ,ਉਸੇ ਤਰ੍ਹਾਂ ਹੁਣ ਉਹ ਆਮ ਆਦਮੀ ਪਾਰਟੀ ਵਿਚੋਂ ਅਸਤੀਫ਼ੇ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸੁਪਰ ਕਾਪ ਕਿਰਨ ਬੇਦੀ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਉਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਆਪਣੇ ਗ੍ਰਹਿ ਰਾਜ ਹਰਿਆਣਾ ਵਿੱਚ ਵੀ ਚੋਣਾਂ ਨਹੀਂ ਲੜੀਆਂ। ਇਉਂ ਲੱਗਦਾ ਹੈ ਉਨ੍ਹਾਂ ਦਾ ਨਿਸ਼ਾਨਾ ਤਾਂ ਸਿਰਫ਼ ਦਿੱਲੀ ਵਿੱਚ ਸਰਕਾਰ ਬਣਾਉਣਾ ਹੀ ਹੈ,ਉਨ੍ਹਾਂ ਨੇ ਮਹਿਸੂਸ ਕਰ ਲਿਆ ਹੈ ਕਿ ਆਮ ਆਦਮੀ ਪਾਰਟੀ ਰੀਜਨਲ ਪਾਰਟੀ ਹੀ ਹੈ,ਜਿਸ ਨਾਲ ਪਾਰਟੀ ਦੇ ਕਾਰਕੁੰਨਾਂ ਦੇ ਹੌਸਲੇ ਪਸਤ ਹੋ ਰਹੇ ਹਨ। ਪੰਜਾਬ ਵਿਚ ਵਿਧਾਨ ਸਭਾ ਦੀਆਂ ਦੋ ਉਪ ਚੋਣਾਂ ਵਿਚ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਨਾਲ ਪਾਰਟੀ ਨੂੰ ਖ਼ੋਰਾ ਲੱਗ ਗਿਆ ਹੈ। ਉਤਰ ਪ੍ਰਦੇਸ਼ ਵਿਚੋਂ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੇ ਸਮਾਜਵਾਦੀ ਪਾਰਟੀ ਨੂੰ ਵੀ ਗੱਠਜੋੜ ਬਣਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਮੁੱਖੀ ਦੇ ਪਰਵਾਰ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੀ ਨਵੀਂ ਬਣੀ ਰਿਸ਼ਤੇਦਾਰੀ ਵੀ ਸਿਆਸੀ ਤੌਰ ਤੇ ਗਠਜੋੜ ਵਿਚ ਸਹਾਈ ਹੋ ਰਹੀ ਹੈ। ਜਨਤਾ ਦਲ,ਲੋਕ ਦਲ,ਜਨਤਾ ਦਲ ਯੂ,ਰਾਸ਼ਟਰੀ ਜਨਤਾ ਦਲ ਅਤੇ ਸਮਾਜਵਾਦੀ ਪਾਰਟੀ ਜਾਨੀ ਕਿ ਜਨਤਾ ਪਰਵਾਰ ਦਾ ਗਠਜੋੜ ਇਨ੍ਹਾਂ ਪਾਰਟੀਆਂ ਦੀ ਅੰਦਰਲੀ ਚਿੰਤਾ ਦਾ ਪ੍ਰਤੀਕ ਹੈ। ਹੁਣ ਇਹ 6 ਪਾਰਟੀਆਂ ਮਹਿਸੂਸ ਕਰ ਰਹੀਆਂ ਹਨ ਕਿ ਉਹ ਇਕੱਲੀਆਂ ਭਾਰਤੀ ਜਨਤਾ ਪਾਰਟੀ ਨੂੰ ਮਾਤ ਨਹੀਂ ਦੇ ਸਕਦੀਆਂ। ਉਤਰ ਪ੍ਰਦੇਸ ਵਿਚ ਬਹੁਜਨ ਸਮਾਜ ਪਾਰਟੀ ਵੀ ਆਪਣਾ ਪ੍ਰਭਾਵ ਰੱਖਦੀ ਹੈ ਭਾਵੇਂ ਲੋਕ ਸਭਾ ਚੋਣਾਂ ਵਿਚ ਬਹੁਤੀ ਸਾਰਥਕ ਸਾਬਤ ਨਹੀਂ ਹੋ ਸਕੀ। ਅਜੇ ਤਕ ਤਾਂ ਕੁਮਾਰੀ ਮਾਇਆ ਵਤੀ ਆਪਣੀ ਵੱਖਰੀ ਹੀ ਡਫਲੀ ਵਜਾ ਰਹੀ ਹੈ ਕਿਉਂਕਿ ਸਮਾਜਵਾਦੀ ਪਾਰਟੀ ਨਾਲ ਉਹ ਆਪਣਾ ਗਠਜੋੜ ਨਹੀਂ ਬਣਾ ਸਕਦੀ । ਸਮਾਜਵਾਦੀ ਅਤੇ ਬੀ.ਐਸ.ਪੀ. ਦੋਵੇਂ ਪਾਰਟੀਆਂ ਹੀ ਉਤਰ ਪ੍ਰਦੇਸ਼ ਵਿਚ ਆਪੋ ਆਪਣਾ ਆਧਾਰ ਮਜ਼ਬੂਤ ਸਮਝਦੀਆਂ ਹਨ। ਕਾਂਗਰਸ ਪਾਰਟੀ ਦੀ ਤਾਮਲ ਨਾਡੂ ਵਿੱਚ ਸਹਿਯੋਗੀ ਪਾਰਟੀ ਡੀ.ਐਮ.ਕੇ. ਵੀ ਘੋਟਾਲਿਆਂ ਦਾ ਸ਼ਿਕਾਰ ਹੋਈ ਪਈ ਹੈ। ਅੰਨਾ ਡੀ.ਐਮ.ਕੇ.ਵੀ ਕੁਮਾਰੀ ਜੇ.ਜੈ.ਲਲਿਤਾ ਨੂੰ ਸਜਾ ਹੋਣ ਨਾਲ ਅਸੰਜਮ ਵਿਚ ਹੈ। ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ ਵੀ ਲੋਕ ਸਭਾ ਚੋਣਾ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਵਿਖਾ ਸਕਿਆ। ਚੰਦਰ ਬਾਬੂ ਨਾਇਡੂ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਿਹਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਭਾਰਤੀ ਜਨਤਾ ਪਾਰਟੀ ਲਈ ਇੱਕ ਕਿਸਮ ਨਾਲ ਸਿਆਸੀ ਮੈਦਾਨ ਖ਼ਾਲੀ ਹੀ ਹੈ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਨਹੀਂ ਸਕਦੀਆਂ,ਜਿੰਨਾ ਚਿਰ ਸਾਰੀਆਂ ਪਾਰਟੀਆਂ ਗਠਜੋੜ ਬਣਾਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਨਹੀਂ ਕਰਦੀਆਂ ਉਤਨੀ ਦੇਰ ਤਕ ਭਾਰਤੀ ਜਨਤਾ ਪਾਰਟੀ ਨੂੰ ਕੋਈ ਖ਼ਤਰਾ ਨੇੜ ਭਵਿੱਖ ਵਿੱਚ ਨਜ਼ਰ ਨਹੀਂ ਆ ਰਿਹਾ। ਅਸਲ ਵਿੱਚ ਭਾਰਤ ਦੀ ਸਿਆਸਤ ਧਰਮ,ਜਾਤਪਾਤ ਅਤੇ ਫ਼ਿਰਕਿਆਂ ਤੇ ਨਿਰਭਰ ਕਰਦੀ ਹੈ। ਕਾਂਗਰਸ ਪਾਰਟੀ ਅਤੇ ਕਮਿਊਨਿਸਟਾਂ ਨੂੰ ਛੱਡ ਕੇ ਲਗਪਗ ਸਾਰੀਆਂ ਪਾਰਟੀਆਂ ਇਨ੍ਹਾਂ ਵੰਡੀਆਂ ਵਿੱਚ ਪਈਆਂ ਹੋਈਆਂ ਹਨ। ਬਹੁਜਨ ਸਮਾਜ ਪਾਰਟੀ,ਸਮਾਜਵਾਦ ਪਾਰਟੀ ਅਤੇ ਲੋਕ ਜਨਸ਼ਕਤੀ ਪਾਰਟੀ ਮੁੱਖ ਤੌਰ ਤੇ ਜਾਤਪਾਤ ਤੇ ਅਧਾਰਤ ਹਨ। ਭਾਰਤੀ ਜਨਤਾ ਪਾਰਟੀ,ਅਕਾਲੀ ਦਲ,ਸ਼ਿਵ ਸੈਨਾ ਦਾ ਵੀ ਆਧਾਰ ਧਰਮ ਹੀ ਹੈ। ਇਸ ਲਈ ਦੇਸ਼ ਦੀ ਰਾਜਨੀਤੀ ਵਿੱਚ ਸੁਧਾਰ ਹੋਣਾ ਸੰਭਵ ਹੀ ਨਹੀਂ। ਵੈਸੇ ਭਾਰਤ ਨੂੰ ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ ਪ੍ਰੰਤੂ ਇਸਦੀ ਸਿਆਸਤ ਦਾ ਆਧਾਰ ਹੀ ਧਰਮ ਬਣਿਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦਾ ਰਾਜ ਭਾਗ ਤੇ ਕਾਬਜ਼ ਹੋਣਾ ਵੀ ਧਰਮ ਦੀ ਮਦਦ ਨਾਲ ਹੀ ਸੰਭਵ ਹੋ ਸਕਿਆ ਹੈ। ਭਾਰਤ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਰਹੇਗਾ ਜਿੰਨੀ ਦੇਰ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਇੱਕਮਤ ਹੋ ਕੇ ਉਸਾਰੂ ਰੋਲ ਨਿਭਾਉਣ ਦੀ ਪ੍ਰਤਿਗਿਆ ਨਹੀਂ ਕਰਦੀਆਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>