ਦਿੱਲੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਿੱਖਾਂ ਨੂੰ ਭਾਜਪਾ ਦੇ ਬਾਈਕਾਟ ਦਾ ਦਿੱਤਾ ਸੱਦਾ

ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਘੱਟ ਗਿਣਤੀਆਂ ਤੇ ਵਿਸ਼ੇਸ਼ ਕਰਕੇ ਸਿੱਖ ਪੰਥ ਨੂੰ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੰਦਿਆ ਕਿਹਾ ਕਿ ਭਾਜਪਾ ਤੇ ਸੰਘ ਪਰਿਵਾਰ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਕੇ ਘੱਟ ਗਿਣਤੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਹੜਾ ਦੇਸ਼ ਦੀ ਪ੍ਰਭੂਸੱਤਾ ਲਈ ਹਾਨੀਕਾਰਕ ਹੋਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਤੇ ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇਸ਼ ਦੀ ਰਾਜਧਾਨੀ ਦੀਆਂ ਚੋਣਾਂ ਹਨ ਅਤੇ ਇਹਨਾਂ ਚੋਣਾਂ ਵਿੱਚ ਜਿਹੜੀ ਵੀ ਪਾਰਟੀ ਜਿੱਤ ਪ੍ਰਾਪਤ ਕਰੇਗੀ ਉਸ ਦਾ ਪ੍ਰਭਾਵ ਦੇਸ਼ ਦੀ ਸਮੁੱਚੀ ਰਾਜਨੀਤੀ ਤੇ ਪਵੇਗਾ। ਉਹਨਾਂ ਕਿਹਾ ਕਿ ਦਿੱਲੀ ਦੇਸ਼ ਦਾ ਦਿਲ ਹੈ, ਜੇਕਰ ਭਾਜਪਾ ਨੇ ਦਿੱਲੀ ਤੇ ਕਬਜਾ ਕਰ ਲਿਆ ਤਾਂ ਸਮਝ ਲੈਣਾ ਪਵੇਗਾ ਕਿ ਦੇਸ਼ ਦੇ ਦਿਲ ਨੂੰ ਅਜਿਹਾ ਰੋਗ ਲੱਗ ਗਿਆ ਹੈ ਜਿਹੜਾ ਲਾਇਲਾਜ ਹੈ। ਉਹਨਾਂ ਸਮੂਹ ਦਿੱਲੀ ਵਾਸੀਆਂ ਨੂੰ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੰਦਿਆ ਕਿਹਾ ਕਿ ਭਾਜਪਾ ਤੋਂ ਦੇਸ਼ ਨੂੰ ਬਚਾਉਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਦੇਸ ਵਾਸੀਆਂ ਨੂੰ ਏਡਜ਼ ਤੇ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਬਚਾਉਣਾ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਦੇ ਵਰਤਾਰੇ , ਗਲਤੀ ਦਲ ਗਲਤੀ, ਵਿਜ਼ਨਲੈਸ਼ ਰਾਜਨੀਤਕ ਪੈਤੜੇਬਾਜੀ, ਧਾਰਮਿਕ ਭੰਬਲਭੂਸੇਬਾਜ਼ੀਆਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਸੱਤਾ ਸੁੱਖ ਦੇ ਪ੍ਰਭਾਵ ਹੇਠ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਪੱਖੋ  ਹੀ ਨਹੀ ਸਗੋਂ ਮਾਨਸਿਕ ਤੌਰ ਤੇ ਵੀ ਖੋਖਲਾ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਪ੍ਰਧਾਨ ਤੇ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਰਾਖਸ਼ਸ ਸ਼ਾਸ਼ਕ ਵਜੋਂ ਵਿਚਰ ਰਿਹਾ ਹੈ ਅਤੇ ਪਾਰਟੀ ਪਿੱਠੂਆਂ ਰਾਹੀ ਸ਼ਾਨਾਮੱਤੇ ਇਸ ਰਾਜਨੀਤਕ ਦਲ ਦੇ ਪੰਥਕ ਮੁੱਦਿਆਂ ਤੋਂ ਭਟਕ ਕੇ ਭਾਜਪਾ ਤੇ ਸੰਘ ਪਰਿਵਾਰ ਦੀ ਚੁੰਗਲ ਵਿੱਚ ਬੁਰੀ ਤਰ੍ਹਾਂ  ਫਸ ਚੁੱਕਾ ਹੈ। ਪਹਿਲਾਂ ਇਸ ਨੇ ਸਾਧਲਾਣੇ ਦੇ ਕਹਿਣ ਤੇ ਸਿੱਖ ਪੰਥ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਦਰਕਿਨਾਰ ਕਰਕੇ ਭਾਜਪਾ ਤੇ ਆਰ.ਐਸ.ਐਸ ਨੂੰ ਖੁਸ਼ ਕੀਤਾ ਤੇ ਹੁਣ ਨਾਨਕਸ਼ਾਹੀ ਕੈਲੰਡਰ ਦੇ ਅਲੰਬਦਾਰ ਇੱਕੋ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਇਸ ਲਈ ਹਟਾਇਆ ਗਿਆ ਕਿਉਕਿ ਉਸ ਦੀਆ ਪੰਥਕ ਸਰਗਰਮੀਆ ਸੰਘ ਪਰਿਵਾਰ ਤੇ ਭਾਜਪਾ ਨੂੰ ਰੜਕ ਰਹੀਆ ਸਨ। ਉਹਨਾਂ ਕਿਹਾ ਕਿ ਜਦੋ ਤੋ ਲੋਕ ਸਭਾ ਦੀਆ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਿਆ ਹੈ ਉਸ ਸਮੇਂ ਤੋ ਹੀ ਭਾਜਪਾ ਨੇ ਅਕਾਲੀਆ ਨੂੰ ਮੂੰਹ ਲਾਉਣਾ ਛੱਡ ਦਿੱਤਾ ਸੀ ਜਿਸ ਕਾਰਨ ਬਾਦਲੀਏ ਚਿੰਤੁਤ ਸਨ। ਉਹਨਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵੱਲੋ ਇਹ ਬਿਆਨ ਦੇਣਾ ਕਿ ਦਿੱਲੀ ਵਿੱਚ ਭਾਜਪਾ ਆਪਣੇ ਬਲਬੂਤੇ ਤੇ ਚੋਣਾਂ ਲੜੇਗੀ ਨੇ ਬਾਦਲ ਅਕਾਲੀ ਦਲ ਦੀਆ ਚਿੰਤਾਵਾਂ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਸੀ ਪਰ ਦਿੱਲੀ ਵਿੱਚ ਹੀ ਚਾਰ ਸੀਟਾਂ ਭਾਜਪਾ ਨੇ ਇਸ ਸ਼ਰਤ ਤੇ ਅਕਾਲੀ ਦਲ ਨੂੰ ਦਿੱਤੀਆ ਕਿ ਉਹ ਪਹਿਲਾਂ ਨਾਨਕਸ਼ਾਹੀ ਕੈਲੰਡਰ ਦੀ ਪੁਸ਼ਤਪਨਾਹੀ ਕਰਨ ਵਾਲੇ ਜਥੇਦਾਰ ਨੰਦਗੜ੍ਵ ਨੂੰ ਹਟਾਏ।

ਸ੍ਰ.ਸੁਖਬੀਰ ਸਿੰਘ ਬਾਦਲ  ਵੱਲੋ ਭਾਜਪਾ ਦੇ ਇਹ ਆਦੇਸ਼ ਪ੍ਰਵਾਨ ਕਰਦਿਆਂ ਉਸ ਨੇ ਆਪਣੇ ਗੁਲਾਮ(ਸ਼੍ਰੋਮਣੀ ਕਮੇਟੀ ਪ੍ਰਧਾਨ) ਅਵਤਾਰ ਸਿੰਘ ਮੱਕੜ ਨੂੰ ਆਦੇਸ਼ ਜਾਰੀ ਕਰ ਦਿੱਤੇ ਕਿ ਇਹ ਕਾਰਜ ਤੁਰੰਤ ਕੀਤਾ ਜਾਵੇ ਤੇ 17 ਜਨਵਰੀ 2015 ਨੂੰ ਸਾਰੇ ਸਿਧਾਂਤਾਂ, ਮਰਿਆਦਾ ਤੇ ਪਰੰਪਰਾਵਾਂ ਤੇ ਸੰਵਿਧਾਨਕ ਪ੍ਰੀਕਿਰਿਆ ਨੂੰ ਅੱਖੋ ਪਰੋਖੇ ਕਰਕੇ ਉਸ ਕੰਮ ਚਲਾਊ ਕਮੇਟੀ ਨੇ ਨੰਦਗੜ੍ਹ ਨੂੰ ਲਾਂਭੇ ਕਰ ਦਿੱਤਾ ਜਿਸ ਨੂੰ ਤਖਤ ਦੇ ਜਥੇਦਾਰ ਨੂੰ ਹਟਾਉਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਬਾਦਲ ਦਲ ਸੱਤਾ ਦੀ ਪ੍ਰਾਪਤੀ ਲਈ ਕਿਸੇ ਵੀ ਨਿਵਾਣ ਤੱਕ ਜਾ ਸਕਦਾ ਹੈ ਇਸ ਦਾ ਸ਼ਾਇਦ ਕਿਸੇ ਨੂੰ ਵੀ ਅੰਦਾਜਾ ਨਹੀਂ ਸੀ ਤੇ ਭਾਜਪਾ ਨੇ ਫਿਰ ਵੀ ਇਹਨਾਂ ਨੂੰ ਸਿਰਫ ਇੱਕ ਸੀਟ ਹੀ ਤੱਕੜੀ ਚੋਣ ਨਿਸ਼ਾਨ ਤੇ ਲੜਣ ਲਈ ਦਿੱਤੀ ਹੈ ਜਦ ਕਿ ਬਾਕੀ ਤਿੰਨ ਸੀਟਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਤੇ ਲੜਣ ਦੇ ਆਦੇਸ਼ ਜਾਰੀ ਕੀਤੇ ਹਨ।

ਦਿੱਲੀ ਕਮੇਟੀ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਇਸ ਕਮੇਟੀ ਨੂੰ ਵੀ ਅੱਜ ਕਰੀਬ ਦੋ ਸਾਲ ਦਾ ਸਮਾਂ ਸੱਤਾ ਪ੍ਰਾਪਤੀ ਨੂੰ ਹੋ ਗਿਆ ਹੈ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਸੱਤਾ ਹਾਸਲ ਕੀਤੀ ਉਸ ਨੂੰ ਸਮੁੱਚਾ ਜਗਤ ਜਾਣਦਾ ਹੈ ਕਿ ਇਹਨਾਂ ਨੇ ਸ਼ਾਮ, ਦੰਡ , ਨਸ਼ੇ,ਹੇਰਾਫੇਰੀ ਤੇ ਸੀਨਾ ਜੋਰੀ ਨਾਲ ਚੋਣਾਂ ਜਿੱਤੀਆ ਸਨ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਬਾਦਲੀਆ ਨੇ ਦਿੱਲੀ ਦੀਆ ਸੰਗਤਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਨਾ ਕਾਲ ਦੇ ਘੱਪਲੇ 15 ਦਿਨਾਂ ਦੇ ਅੰਦਰ ਅੰਦਰ ਬਾਹਰ ਕੱਢ ਕੇ ਸਰਨਾ ਭਰਾਵਾਂ ਨੂੰ ਜਨਤਾ ਦੇ ਕਟਿਹਰੇ ਵਿੱਚ ਖੜਾ ਕਰਨਗੇ ਪਰ ਦੋ ਸਾਲ ਬਾਅਦ ਵੀ ਇਹ ਕਿਸੇਵੀ ਵਾਅਦੇ ਤੇ ਖਰੇ ਨਹੀ ਉਤਰੇ ਕਿਉਕਿ ਘੱਪਲਾ ਕੋਈ ਹੋਇਆ ਹੀ ਨਹੀ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੱਸੇ ਕਿ ਉਹਨਾਂ (ਸਰਨਿਆ) ਨੇ ਕਿਹੜਾ ਬਾਲਾ ਸਾਹਿਬ ਵਾਲਾ ਹਸਪਤਾਲ ਵੇਚ ਦਿੱਤਾ ਹੈ ਤੇ ਕਿਹੜੀ ਬੰਗਲਾ ਸਾਹਿਬ ਦੀ ਪਾਰਕਿੰਗ ਦੀ ਸੌਦੇਬਾਜੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ (ਸਰਨਾ) ਦੇ ਕਾਲ ਦੇ ਘੱਪਲੇ ਕੱਢਣ ਦੀ ਬਜਾਏ ਇਹ ਪ੍ਰਬੰਧਕ ਖੁਦ ਘੱਪਲਿਆ ਦੀ ਦਲਦਲ ਵਿੱਚ ਫਸ ਗਏ ਹਨ। ਇਹਨਾਂ ਨੇ ਸੰਗਤਾਂ ਨੂੰ ਅੱਜ ਤੱਕ ਕੋਈ ਹਿਸਾਬ ਨਹੀ ਦਿੱਤਾ ਕਿ ਉਤਰਾਖੰਡ ਦੀ ਤਰਾਸਦੀ ਵੇਲੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਕਿਥੇ ਖਰਚ ਕੀਤੇ ਹਨ ਅਤੇ ਇਹਨਾਂ ਦੇ ਵਿਦੇਸ਼ੀ ਦੌਰਿਆ ਤੇ ਕਿੰਨਾ ਖਰਚਾ ਆਇਆ ਤੇ ਕਿਹੜੇ ਪੰਥਕ ਕਾਰਜ ਇਹਨਾਂ ਨੇ ਦੌਰਿਆ ਦੌਰਾਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ  ਦੇ ਹੜ੍ਹ ਤੋਂ ਪ੍ਰਭਾਵਤ ਲੋਕਾਂ ਨੂੰ ਸਮੱਗਰੀ ਕਿੰਨੀ ਦਿੱਤੀ ਗਈ ਤੇ ਸਪੈਸ਼ਲ ਚਾਰਟਰਡ ਹਵਾਈ ਜ਼ਹਾਜ਼ ਤੇ ਕਿੰਨੀ ਮਾਇਆ ਖਰਚ ਕੀਤੀ ਇਸ ਦਾ ਵੇਰਵਾ ਵੀ ਸੰਗਤਾਂ ਨੂੰ ਹਾਲੇ ਤੱਕ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਸਗੋ ਉਹਨਾਂ(ਸਰਨਿਆ) ਦੇ ਸਮੇਂ ਜਿਹੜੀਆਂ ਐਫ.ਡੀ.ਆਰਜ਼ ਉਹਨਾਂ ਨੇ ਦਿੱਲੀ ਕਮੇਟੀ ਦੀਆਂ ਕਰਵਾਈਆਂ ਸਨ ਉਹ ਵੀ ਅੱਜ ਛੂ ਮੰਤਰ ਹੋ ਗਈਆਂ ਹਨ । ਉਹਨਾਂ ਕਿਹਾ ਕਿ ਇਥੋਂ ਤੱਕ ਪ੍ਰਬੰਧ ਵਿੱਚ ਗਿਰਾਵਟ ਆ ਚੁੱਕੀ ਹੈ ਕਿ ਅੱਜ ਸਕੂਲਾਂ ਵਿੱਚ ਲੋੜ ਤੋਂ ਵੱਧ ਸਟਾਫ ਰਿਸ਼ਵਤਾਂ ਲੈ ਕੇ ਰੱਖਿਆ ਜਾ ਰਿਹਾ ਹੈ ਤੇ ਉਹਨਾਂ ਦੇ ਬੈਠਣ ਲਈ ਜਗਾ ਵੀ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਦੀਆਂ ਮਹਿਲਾ ਮੁਲਾਜ਼ਮਾਂ ਸੁਰੱਖਿਅਤ ਨਹੀਂ ਹਨ ਤੇ ਹੁਣ ਤੱਕ ਬਾਦਲ ਦਲ ਦੇ ਕਈ ਮੈਂਬਰਾਂ ‘ਤੇ ਵੀ ਛੇੜਛਾੜ ਦੇ ਦੋਸ਼ ਲੱਗ ਚੁੱਕੇ ਹਨ। ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਤੇ ਤਾਂ ਸਿੱਧੇ ਰੂਪ ਵਿੱਚ ਇੱਕ ਮਹਿਲਾ ਨੇ ਦੋਸ਼ ਹੀ ਨਹੀਂ ਲਾਏ ਸਗੋਂ ਉਸ ਨੇ ਤਾਂ ਪੁਲੀਸ ਕੋਲ ਸ਼ਕਾਇਤ ਵੀ ਉਸ ਵੇਲੇ ਦਰਜ ਕਰਵਾਈ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਸ ਦੀ ਕੋਈ ਸੁਣਵਾਈ ਨਾਂ ਕੀਤੀ। ਉਹਨਾਂ ਕਿਹਾ ਕਿ ਇੰਨੀਆਂ ਘੱਪਲੇਬਾਜ਼ੀਆਂ ਕਰਨ ਵਾਲੇ ਕਦੇ ਵੀ ਸਿੱਖਾਂ ਦੀਆਂ ਵੋਟਾਂ ਲੈਣ ਦੇ ਹੱਕਦਾਰ ਨਹੀਂ ਹੋ ਸਕਦੇ ਤੇ ਦਿੱਲੀ ਦੀ ਸੰਗਤ ਸੂਝਵਾਨ ਹੈ ਤੇ ਉਹਨਾਂ ਨੂੰ ਆਸ ਹੈ ਕਿ ਇਹਨਾਂ ਬਹੂਰੂਪੀਆਂ ਨੂੰ ਮੂੰਹ ਨਹੀਂ ਲਗਾਏਗੀ।

ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇੱਕ ਕਨਵੈਨਸ਼ਨ ਪਹਿਲੀ ਫਰਵਰੀ 2015 ਨੂੰ ਕਰਨ ਜਾ ਰਿਹਾ ਹੈ ਜਿਸ ਵਿੱਚ ਸਿੱਖ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਸ਼ਾਮਿਲ  ਹੋ ਕੇ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕਰਨ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>