ਪੰਥਕ ਕਨਵੈਨਸ਼ਨ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ‘ਚ ਬਾਦਲ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਲਿਆ ਗਿਆ ਫੈਂਸਲਾ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਵੱਲੋਂ ਕਰਵਾਈ ਗਈ ਪੰਥਕ ਕਨਵੈਨਸ਼ਨ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਮੁਕੰਮਲ ਬਾਈਕਾਟ ਦਾ ਫੈਸਲਾ ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ ।

ਦਿੱਲੀ ਦੇ ਏਵਾਨ –ਏ- ਗਾਲਿਬ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਵੱਲ ਪਹਿਲੀ ਫਰਵਰੀ ਨੂੰ  ਬੁਲਾਈ ਗਈ ਪੰਥਕ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ ) ਦੀ ਤੁਲਨਾ ਮਸੰਦਾਂ ਨਾਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਬਰਬਾਦੀ ਲਈ ਬਾਦਲ ਵੀ ਉਨੇ ਹੀ ਜਿੰਮੇਵਾਰ ਹਨ ਜਿੰਨੇ ਮਸੰਦ ਜਿੰਮੇਵਾਰ ਸਨ ਜਿਹਨਾਂ ਨੂੰ ਗੁਰੂ ਸਾਹਿਬ ਨੇ ਕੜਾਹੇ ਵਿੱਚ ਪਾ ਕੇ ਸਾੜ ਦਿੱਤਾ ਸੀ। ਉਹਨਾਂ ਕਿਹਾ ਕਿ ਜੇਕਰ ਦਿੱਲੀ ਵਿੱਚ ਵੀ ਭਾਜਪਾ ਤੇ ਅਕਾਲੀ ਦਲ ਉਮੀਦਵਾਰ ਜਿੱਤਦੇ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਸਮੇਤ ਸਾਰੀਆਂ ਘੱਟ ਗਿਣਤੀਆਂ ਖਤਰੇ ਵਿੱਚ ਹਨ। ਉਹਨਾਂ ਕਿਹਾ ਕਿ ਬਾਦਲ ਦਲ ਦਾ ਪਿਛੋਕੜ ਵੀ ਪੰਥ ਵਿਰੋਧੀ ਰਿਹਾ ਹੈ ਤੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਨੁਕਾਤੀ ਪ੍ਰੋਗਰਾਮ ਰਿਹਾ ਹੈ ਕਿ ਉਹਨਾਂ ਨੂੰ ਸੱਤਾ ਕਿਵੇ ਹਾਸਲ ਹੁੰਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਸਿਰਫ ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣ ਲਈ ਹੋਂਦ ਵਿੱਚ ਆਇਆ ਸੀ ਅਤੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਪੰਥਕ ਵਿਅਕਤੀਆਂ ਨੇ ਆਪਣੀ ਜਿੰਮੇਵਾਰੀ ਨੂੰ ਭਲੀਭਾਂਤ ਨਿਭਾਇਆ। ਉਹਨਾਂ ਕਿਹਾ ਕਿ ਇਹ ਆਗੂ ਇਹ ਧਾਰਣਾ ਰੱਖਦੇ ਸਨ ਕਿ ਪੰਥ ਜੀਵੇ ਤੇ ਮੈਂ ਮਰਾ ਪਰ ਬਾਦਲ ਵੱਲੋ ਇਹ ਪਾਠ ਪੜਿਆ ਜਾ ਰਿਹਾ ਹੈ ਕਿ ਪੰਥ ਭਾਂਵੇ ਢੱਠੇ ਖੂਹ ਵਿੱਚ ਪਵੇ ਪਰ ਉਸ ਦੇ ਪਰਿਵਾਰ ਨੂੰ ਸੱਤਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਜਿਸ ਤਰੀਕੇ ਨਾਲ ਪੰਥਕ ਸੰਸਥਾਵਾਂ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਲੁੱਟਿਆ ਜਾ ਰਿਹਾ ਹੈ ਉਹ ਵੀ ਬਾਦਲ ਤੇ ਉਸਦੀ ਜੁੰਡਲੀ ਦੀ ਇਤਿਹਾਸਕ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਉਹਨਾਂ ( ਸਰਨਾ)’ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਗੋਲਕ ਦੇ ਪੈਸੇ ਦਾ ਘੱਪਲਾ ਕੀਤਾ ਹੈ ਪਰ ਦੋ ਸਾਲ ਹੋ ਗਏ ਹਨ ਬਾਦਲ ਦੇ ਇਹ ਗੁਲਾਮ ਦਿੱਲੀ ਕਮੇਟੀ ਵਾਲੇ ਅੱਜ ਤੱਕ ਇੱਕ ਪੈਸਾ ਵੀ ਸਾਬਤ ਨਹੀ ਕਰ ਸਕੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕ ਇਸ ਕਦਰ ਨਿੱਘਰ ਗਏ ਹਨ ਕਿ ਵਿਦੇਸ਼ਾਂ ਦੀ ਸੈਰ ਗੁਰੂ ਕੀ ਗੋਲਕ ਵਿੱਚੋਂ ਪੈਸੇ ਖਰਚ ਕੇ ਕਰ ਰਹੇ ਹਨ ਤੇ ਉੇਤਰਾਖੰਡ ਦੀ ਤਰਾਸਦੀ ਤੇ ਜੰਮੂ ਕਸ਼ਮੀਰ ਵਿੱਚ ਆਏ ਹੜ੍ਹਾਂ ਦੌਰਾਨ ਵੀ ਸਹਾਇਤਾ ਦੇ ਨਾਮ ਤੇ ਗੁਰੂ ਦੀ ਗੋਲਕ ਦਾ ਉਜਾੜਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨਾ ਦੇ ਆਪਣੇ ਘਰ ਕੱਚ ਦੇ ਹੋਣ ਉਹ ਦੂਸਰਿਆਂ ਦੇ ਘਰਾਂ ਵੱਲ ਪੱਥਰ ਨਹੀਂ ਮਾਰਦੇ ਅਤੇ ਇਹੀ ਹਾਲ ਦਿੱਲੀ ਕਮੇਟੀ ਵਾਲਿਆਂ ਦਾ ਹੈ ਜਿਹਨਾਂ ਨੂੰ ਚਾਹੀਦਾ ਹੈ ਕਿ ਉਹ ਦੂਸਰਿਆਂ ਤੇ ਦੂਸ਼ਣਬਾਜੀ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਜਰੂਰ ਸੋਟਾ ਫੇਰ ਲੈਣ।

ਜਥੇਦਾਰ ਨੰਦਗੜ੍ਹ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਜਥੇਦਾਰ ਨੰਦਗੜ੍ਹ ਨੂੰ ਵੀ  ਬਾਦਲ ਦਾ ਗੁਲਾਮ ਬਣਨ ਤੋਂ ਬਰੀ ਨਹੀਂ ਕਰ ਸਕਦੇ ਕਿਉਕਿ ਉਹਨਾਂ ਨੂੰ ਨੌ ਵਾਰੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਤਾਂ ਉਸ ਸਮੇਂ ਹੋ ਰਹੀ ਬੇਇਨਸਾਫੀ ਸਮੇਂ ਨੰਦਗੜ੍ਹ ਵੀ ਚੁੱਪ ਰਹੇ ਪਰ ਉਹ ਨੰਦਗੜ੍ਹ ਦੀ ਇਸ ਗੱਲ ਦੀ ਸ਼ਲਾਘਾ ਜਰੂਰ ਕਰਦੇ ਹਨ ਕਿ ਪੰਥ ਨੂੰ ਵੱਖਰੀ ਕੌਮ ਤਸਲੀਮ ਕਰਨ ਵਾਲੇ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਉਹਨਾਂ ਨੇ ਸਖਤ ਸਟੈਂਡ ਲੈ ਕੇ ਜ਼ਮੀਰ ਦੀ ਅਵਾਜ ਤੇ ਜਰੂਰ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੀ ਵੀ ਹੈਸੀਅਤ ਗੁਲਾਮਾਂ ਤੋ ਵੱਧ  ਕੇ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਜਥੇਦਾਰ ਨੰਦਗੜ੍ਹ ਦੇ ਬੇਟੇ ਦਾ ਤਬਾਦਲਾ ਇਸ ਕਰਕੇ ਕਰ ਦਿੱਤਾ ਗਿਆ ਕਿ ਉਹਨਾਂ ਨੇ ਬਾਦਲਾਂ ਦੇ ਹੁਕਮਾਂ ਦਾ ਵਿਰੋਧ ਕੀਤਾ ਸੀ । ਇਸੇ ਤਰ੍ਹਾਂ ਜਥੇਦਾਰ ਨੰਦਗੜ੍ਹ ਦੀ ਪਤਨੀ ਦੇ ਖਿਲਾਫ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ ਅਤੇ ਬਾਦਲਾਂ ਨੂੰ ਸੁਝਾ ਦਿੰਦੇ ਹਨ ਕਿ ਉਹ ਦਰਜ ਕੀਤਾ ਪਰਚਾ ਤੁਰੰਤ ਵਾਪਸ ਲੈਣ।

ਭਾਜਪਾ ਤੇ ਅਕਾਲੀ ਦਲ ਦੀ ਸਾਂਝ ਨੂੰ ਵੀ ਮੌਕਾਪ੍ਰਸਤੀ ਦੀ ਸਾਂਝ ਗਰਦਾਨਦਿਆਂ ਉਹਨਾਂ ਕਿਹਾ ਕਿ ਨੌ ਮਹੀਨੇ ਭਾਜਪਾ ਨੇ ਅਕਾਲੀਆਂ ਨੂੰ ਗੁੱਠੇ ਲਗਾਈ ਰੱਖਿਆ ਤੇ ਅੱਜ ਸਿੱਖ ਵੋਟ ਲੈਣ ਲਈ ਮਾਘੀ ਦੇ ਮੇਲੇ ਤੇ ਫਿਰ ਭਾਜਪਾ ਨੇ ਅਕਾਲੀਆਂ ਨਾਲ ਜੱਫੀਆਂ ਪਾ ਲਈਆਂ। ਉਹਨਾਂ ਕਿਹਾ ਕਿ ਭਾਜਪਾ ਵੱਲੋਂ ਉਹਨਾਂ ਨੂੰ ਵੀ ਸਮਝੌਤਾ ਕਰਨ ਦਾ ਪ੍ਰਸਤਾਵ ਆਇਆ ਹੈ  ਪਰ ਉਹਨਾਂ ਨੇ ਕਿਹਾ ਕਿ ਸੀ ਕਿ ਉਹਨਾਂ ਦੀ ਲੜਾਈ ਸਿਧਾਂਤਕ ਹੈ ਤੇ ਭਾਜਪਾ ਪਹਿਲਾਂ ਸੰਵਿਧਾਨ ਵਿਚਲੀ ਧਾਰਾ 25 ਬੀ ਨੂੰ ਖਤਮ ਕਰੇ ਜਿਹੜੀ ਸਿੱਖਾਂ ਨੂੰ ਹਿੰਦੂ ਗਰਦਾਨਦੀ ਹੈ ਅਤੇ ਭਾਜਪਾ ਸਿੱਖਾਂ ਨੂੰ ਵੱਖਰੀ ਕੌਮ ਮੰਨਣ ਦਾ ਐਲਾਨ ਕਰੇ ਪਰ ਭਾਜਪਾਈ ਵਿਚੋਲਿਆਂ ਨੇ ਜਦੋਂ ਨਾਂਹ ਕਰ ਦਿੱਤੀ ਤਾਂ ਸਮਝੌਤਾ ਵਿਚਾਲੇ ਹੀ ਦਮ ਤੋੜ ਗਿਆ।

ਉਹਨਾਂ ਕਿਹਾ ਕਿ ਯੂਥ ਵਿੰਗ ਕਿਸੇ ਵੀ ਦੇਸ਼ ਜਾਂ ਜਥੇਬੰਦੀ ਦੀ ਰੀੜ ਦੀ ਹੱਡੀ ਹੁੰਦਾ ਹੈ ਤੇ ਜਿਸ ਦੇਸ਼ ਦਾ ਯੂਥ  ਬੁਰੀਆਂ ਅਲਾਮਤਾਂ ਤੋਂ  ਬਚਿਆ ਹੈ ਉਹ ਦੇਸ਼ ਹੀ ਤਰੱਕੀ ਕਰ ਸਕਦਾ ਹੈ ਪਰ ਪੰਜਾਬ ਵਿੱਚ ਤਾਂ ਹਾਕਮ ਜਮਾਤ ਹੀ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਦਲਦਲ ਵਿੱਚ ਧੱਸ ਰਿਹਾ ਹੈ। ਉਹਨਾਂ ਯੂਥ ਵਿੰਗ ਨੂੰ ਹਦਾਇਤ ਕੀਤੀ ਕਿ ਉਹ ਲੰਗੋਟੇ ਕੱਸ ਲੈਣ ਤਾਂ ਕਿ ਬਾਦਲਾਂ ਦਾ  ਦਿੱਲੀ ਵਿਧਾਨ ਸਭਾ ਵਿੱਚ ਕੋਈ ਵੀ ਉਮੀਦਵਾਰ ਜਿੱਤ ਨਾਂ ਸਕੇ।

ਕਨਵੋਕੇਸ਼ਨ ਦੇ ਮੁੱਖ ਬੁਲਾਰੇ ਤੇ ਮੁੱਖ ਮਹਿਮਾਨ ਡਾਂ ਗੁਰਦਰਸ਼ਨ ਸਿੰਘ ਢਿਲੋਂ ਨੇ ਕਿਹਾ ਕਿ ਬਾਦਲ ਨੂੰ ਹਰਾਉਣਾ ਜਰੂਰੀ ਹੈ ਨਹੀ ਤਾਂ ਇਹਨਾਂ ਨੇ ਜਿਸ ਤਰੀਕੇ ਨਾਲ ਪਹਿਲਾਂ ਆਰ ਐਸ ਐਸ ਦੇ ਕੋਲ ਗਹਿਣੇ ਪਾ ਰੱਖਿਆ ਹੈ ਉਸੇ ਤਰ੍ਹਾਂ ਹੀ ਇਹ ਅਗਾਹ ਵੀ ਕਰਨਗੇ। ਉਹਨਾਂ ਕਿਹਾ ਕਿ ਜੇਕਰ ਪੰਥਕ ਧਿਰਾਂ ਨੇ ਆਪਣੀ ਜਿੰਮੇਵਾਰੀ ਨੂੰ ਨਾ ਪਛਾਣਿਆ ਤਾਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਆਰ.ਐਸ.ਐਸ ਨੇ ਪੰਜਵਾਂ ਵੇਦ ਬਣਾ ਦੇਣਾ ਹੈ ਜਿਹੜਾ ਸਿੱਖ ਪੰਥ ਦੀ ਹੋਂਦ ਹਸਤੀ ਲਈ ਬਹੁਤ ਵੱਡਾ ਖਤਰਾ ਹੈ। ਉਹਨਾਂ ਕਿਹਾ ਕਿ ਬਾਦਲ ਧੀਰਮੱਲੀਆਂ ਨਾਲੋਂ ਘੱਟ ਨਹੀਂ ਹਨ ਜਿਹਨਾਂ ਨੂੰ ਗੁਰੂ ਸਾਹਿਬ ਨੇ ਆਦੇਸ਼ ਜਾਰੀ ਕਰਕੇ ਪੰਥ ਵਿੱਚੋ ਛੇਕ ਦਿੱਤਾ ਸੀ। ਉਹਨਾਂ ਕਿਹਾ ਕਿ ਰਾਮ ਰਾਇ ਇੱਕ ਵਿਦਵਾਨ ਪੁਰਖ ਸੀ ਪਰ ਉਸ ਨੇ ਔਰੰਗਜੇਬ ਦੀ ਖੁਸ਼ਾਮਦ ਕਰਨ ਦੀ ਜਿਹੜੀ ਗਲਤੀ ਕੀਤੀ ਸੀ ਉਸ ਨੂੰ ਵੀ ਗੁਰੂ ਸਾਹਿਬ ਨੇ ਪੰਥ ਵਿੱਚੋਂ ਛੇਕ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਬਾਦਲਾਂ ਵਿੱਰੁੱਧ ਕਾਰਵਾਈ ਕਰਨ ਵਾਲੇ ਤਖਤਾਂ ਦੇ ਜਥੇਦਾਰ ਖੁਦ ਬਾਦਲ ਦੇ ਗੁਲਾਮ ਹਨ ਤੇ ਉਹਨਾਂ ਕੋਲੋ ਕਿਹੜੀ ਭਲਾਈ ਦੀ ਆਸ ਰੱਖੀ ਜਾ ਸਕਦੀ ਹੈ। ਭਜਨ ਸਿੰਘ ਵਾਲੀਆ ਨੇ ਕਿਹਾ ਕਿ ਬਾਦਲਾਂ ਤੋ ਉਸੇ ਤਰ੍ਹਾਂ ਹੀ ਬੱਚਣ ਦੀ ਲੋੜ ਹੈ ਜਿਸ ਤਰ੍ਵਾ ਏਡਜ਼ ਦੇ ਪੋਸਟਰ ਦੱਸਦੇ ਹਨ ਕਿ ਪ੍ਰਹੇਜ ਚੰਗਾ ਹੈ।

ਯੂਥ ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀਆ ਪਰੰਪਰਾਵਾਂ ਤੇ ਸਿਧਾਂਤ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਤੇ ਗੁਰੂ ਦੀ ਗੋਲਕ, ਗਰੀਬ ਦਾ ਮੂੰਹ ਵਾਲਾ ਸੰਕਲਪ ਪੂਰੀ ਤਰ੍ਹਾਂ ਦਿੱਲੀ ਕਮੇਟੀ ਵਿੱਚੋ ਗਾਇਬ ਹੋ ਚੁੱਕਾ ਹੈ ਤੇ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਬਾਦਲ ਦਲ ਦੇ ਉਮੀਦਵਾਰਾਂ ਦੀ ਚੋਣ ਮਿਹੰਮ ਵਿੱਚ ਦਿੱਲੀ ਕਮੇਟੀ ਦੇ ਮੁਲਾਜਮਾਂ ਕੋਲੋ ਜਬਰੀ ਕੰਮ ਕਰਵਾਇਆ ਜਾ ਰਿਹਾ ਹੈ। ਯੂਥ ਵਿੰਗ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ  ਦਮਨਦੀਪ ਸਿੰਘ ਨੇ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਕਿ ਸਾਰੀਆ ਧਿਰਾਂ ਨੂੰ ਇਕੱਠੇ ਹੋ ਕੇ ਇੱਕ ਮੰਚ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਸਿੱਖੀ ਦੇ ਕਿਲੇ ਨੂੰ ਮਜਬੂਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਿੱਖੀ ਨੂੰ ਬਰਬਾਦ ਕਰਨ ਵਿੱਚ ਬਾਦਲਾਂ ਨੇ ਔਰੰਗਜੇਬ ਨਾਲੋਂ ਘੱਟ ਨਹੀ ਕੀਤੀ ਪਰ ਸ੍ਰ ਸਰਨਾ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਸਮਾਗਮ ਨੂੰ ਤਰਸੇਮ ਸਿੰਘ ਖਾਲਸਾ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ, ਬਲਦੇਵ ਸਿੰਘ ਰਾਣੀ ਬਾਗ, ਦਰਸ਼ਨ ਸਿੰਘ, ਜਾਤਿੰਦਰ ਸਿੰਘ ਸੋਨੂੰ ਨੇ ਵੀ ਸੰਬੋਧਨ ਕੀਤਾ ਜਦ ਕਿ ਸ੍ਰ. ਹਰਵਿੰਦਰ ਸਿੰਘ ਸਰਨਾ, ਭੁਪਿੰਦਰ ਸਿੰਘ ਸਰਨਾ, ਹਰਪਾਲ ਸਿੰਘ ਸਰਨਾ, ਪ੍ਰਭਜੀਤ ਸਿੰਘ ਸਰਨਾ, ਕਰਤਾਰ ਸਿੰਘ ਕੋਛੜ , ਪ੍ਰਭਜੀਤ ਸਿੰਘ ਜੀਤੀ ਤੇ ਤੇਜਿੰਦਰ ਸਿੰਘ ਗੋਪਾ ਵੀ ਸਮਾਗਮ ਵਿੱਚ ਹਾਜਰ ਸਨ।

ਅਖੀਰ ਵਿੱਚ ਦਮਨਦੀਪ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਤਰਸੇਮ ਸਿੰਘ ਖਾਲਸਾ ਨੇ ਪੰਜ ਮਤੇ ਵੀ ਪੜੇ ਜਿਹਨਾਂ ਵਿੱਚ ਜਥੇਦਾਰ ਨੰਦਗੜ ਦੀ ਬਰਖਾਸਤਗੀ  ਦੀ ਨਿੰਦਾ ਕੀਤੀ ਗਈ, ਨਸ਼ਿਆਂ ਵਿੱਚ ਫਸ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਉਪਰਾਲੇ ਕਰਨ, ਧਰਮ ਅਸਥਾਨਾਂ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣਾ, ਸੰਵਿਧਾਨ ਦੀ ਧਾਰਾ 25 ਬੀ ਨੂੰ ਖਤਮ ਕਰਾਉਣਾ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਫੰਡਾਂ ਨੂੰ ਸਿਰਫ ਧਰਮ ਪ੍ਰਚਾਰ ਦੇ ਫੰਡਾਂ ਲਈ ਹੀ ਵਰਤਣਾ ਅਤੇ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਕਾਲੀ ਭਾਜਪਾ ਗਠਜੋੜ ਨੂੰ ਛੱਡ ਕੇ ਬਾਕੀ ਕਿਸੇ ਵੀ ਪਾਰਟੀ ਦੇ ਯੋਗ ਉਮੀਦਵਾਰ ਨੂੰ ਵੋਟ ਪਾਉਣ। ਇਹਨਾਂ ਮਤਿਆਂ ਨੂੰ ਹਾਜ਼ਰ ਸੰਗਤਾਂ ਨੇ ਹੱਥ ਖੜੇ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਨਾਗੀ ਦਿੱਤੀ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>