ਮਨੁੱਖੀ ਆਚਰਣ ਨੂੰ ਮਾਪਣ ਦਾ ਪੈਮਾਨਾ ਕੀ ਹੈ?

ਗੁਰਚਰਨ ਪੱਖੋਕਲਾਂ,

ਵਰਤਮਾਨ ਸਮੇਂ ਦੇ ਤਕਨੀਕੀ ਯੁੱਗ ਵਿੱਚ ਦੁਨੀਆਂ ਦੇ ਅਮੀਰ  ਲੋਕ ਪੈਸੇ ਦੇ ਜੋਰ ਤੇ ਕਰੋੜਾਂ ਅਰਬਾਂ ਦੇ ਮਸ਼ਹੂਰੀ ਯੁੱਧ ਚਲਾ ਕਿ ਆਪਣੇ ਆਪ ਨੂੰ ਮਹਾਨ ਬਨਾਉਣ ਦਾ ਯਤਨ ਕਰਦੇ ਹਨ। ਕੌਣ ਮਨੁੱਖ ਕਿੰਨਾ ਕੁ ਵੱਡਾ ਹੁੰਦਾਂ ਹੈ ਇਹ ਅਹੁਦਿਆਂ ਤੇ ਬੈਠ ਕੇ ਜਾਂ ਅਮੀਰੀਆਂ ਨਾਲ ਨਹੀਂ ਮਾਪਿਆ ਜਾਂਦਾ ਦੁਨੀਆਂ ਦੇ ਗਿਆਨਵਾਨ ਲੋਕ ਇਸ ਨੂੰ ਮਨੁੱਖ ਦੇ ਆਚਰਣ ਤੋਂ ਮਾਪਦੇ ਹਨ ਕਿ ਕੌਣ ਮਨੁੱਖ ਕਿੰਨਾ ਕੁ ਵੱਡਾ ਛੋਟਾ ਹੈ । ਦੁਨਿਆਵੀ ਮਨੁੱਖ ਦੂਸਰਿਆਂ ਨੂੰ ਜਾਇਦਾਦਾਂ ਅਤੇ ਅਹੁਦਿਆਂ ਦੇ ਪੈਮਾਨੇ ਨਾਲ ਮਾਪ ਕੇ ਆਦਰ ਸਤਿਕਾਰ ਜਾਂ ਨਿਰਾਦਰ ਦਿੰਦਾ ਹੈ ਪਰ ਗਿਆਨਵਾਨ , ਅਸਲੀ ਸਿਆਣੇ ਜਾਂ ਫਕੀਰ ਲੋਕ ਮਨੁੱਖ ਨੂੰ ਉਸਦੇ ਆਚਰਣ ਕਾਰਨ ਸਤਿਕਾਰ ਜਾਂ ਨਿਰਾਦਰ ਕਰਦੇ ਹਨ। ਦੁਨੀਆਂ ਦੀਆਂ ਰਾਜਗੱਦੀਆਂ ਦੇ ਮਾਲਕ ਬਣੇ ਲੋਕ ਜੇ ਆਪਣੇ ਰਾਜ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਦੀ ਥਾਂ ਆਪਣੇ ਪਰੀਵਾਰਾਂ ਬਾਰੇ ਹੀ ਸੋਚਦੇ ਰਹਿਣ ਜਾਂ ਆਪਣੇ ਆਪ ਨੂੰ ਵੱਡਾ ਹੀ ਸਿੱਧ ਕਰਨ ਲਈ ਜੋਰ ਲਾਉਂਦੇ ਰਹਿਣ ਤਦ ਬਹੁਤ ਛੋਟੇ ਪੱਧਰ ਦੇ ਗਰੀਬਾਂ ਨਾਲੋਂ ਵੀ ਥੱਲੇ ਦੀ ਅਵਸਥਾ ਦੇ ਮਾਲਕ ਹੀ ਸਿੱਧ ਹੁੰਦੇ ਹਨ । ਇਸ ਤਰਾਂ ਹੀ ਗਰੀਬੀ ਨਾਲ ਜੂਝ ਰਿਹਾ ਕੋਈ ਭੁੱਖਾ ਮਨੁੱਖ ਵੀ ਜਦ ਆਪਣੀ ਭੁੱਖ ਦੀ ਥਾਂ ਸਮੁੱਚੇ ਸੰਸਾਰ ਦੇ ਭਲੇ ਦੀ ਅਰਦਾਸ ਕਰ ਰਿਹਾ ਹੈ ਤਦ ਉਹ ਛੋਟਾ ਨਹੀਂ ਰਹਿ ਜਾਂਦਾ ਸਗੋਂ ਬਾਦਸ਼ਾਹਾਂ ਨਾਲੋਂ ਵੀ ਵੱਡਾ ਕਿਹਾ ਜਾਵੇਗਾ। ਸੋ ਇਸ ਤਰਾਂ ਹੀ ਅੱਜਕਲ ਐਮ ਡੀ ਐਚ ਕੰਪਨੀ ਦਾ ਮਾਲਕ ਇੱਕ ਬਜੁਰਗ ਆਪਣੇ ਆਪ ਨੂੰ ਤਾਂਗੇ ਵਾਲੇ ਤੋਂ ਮਸਾਲਿਆਂ ਦੇ ਵਪਾਰ ਤੋਂ ਅੰਨਾਂ ਪੈਸਾ ਕਮਾਕੇ ਵੱਡਾ ਅਮੀਰ ਬਣਨ ਦੀ ਕਹਾਣੀ ਦੀਆਂ ਕਿਤਾਬਾਂ ਛਪਵਾਕੇ ਵੇਚ ਰਿਹਾ ਹੈ। ਇਸ ਤਰਾਂ ਦਾ ਇੱਕ ਹੋਰ ਮਨੁੱਖ ਜੀ ਨੈਟਵਰਕ ਦੇ ਇਲੈਕਟਰੋਨਿਕ ਮੀਡੀਆਂ ਤੇ ਲੋਕਾਂ ਨੂੰ ਕਾਮਯਾਬੀ ਦੇ ਗੁਰ ਪੜਾ ਰਿਹਾ ਹੈ ਜੋ ਕਿ ਕਿਸੇ ਵਕਤ ਆਟੇ ਵਾਲੀ ਚੱਕੀ ਤੇ ਆਟਾ ਪੀਂਹਦਾ ਹੁੰਦਾ ਸੀ। ਇਸ ਤਰਾਂ ਦੇ ਹੋਰ ਬਥੇਰੇ ਲੋਕ ਸੰਤ ਭੇਸ ਵਿੱਚ ਠੱਗੀਆਂ ਬੇਈਮਾਨੀਆਂ ਰਾਂਹੀ ਲੋਕਾਂ ਦੇ ਇਕੱਠਾਂ ਨੂੰ ਮੱਤਾਂ ਦਿੰਦੇ ਹਨ ਅਤੇ ਆਪਣੇ ਆਪ ਨੂੰ ਪੈਗੰਬਰ ਸਿੱਧ ਕਰਦੇ ਹਨ । ਸਮੇਂ ਦੇ ਨਾਲ ਇਹਨਾਂ ਅਖੌਤੀ ਵੱਡੇ ਵਪਾਰੀ ਲੋਕਾਂ ਜਾਂ ਅਖੌਤੀ ਸੰਤਾਂ ਦਾ ਝੂਠ ਕਾਨੂੰਨ ਦੇ ਸਿਕੰਜੇ ਵਿੱਚ ਆ ਜਾਂਦਾ ਹੈ ਤਦ ਇਹੋ ਜਿਹੇ ਲੋਕਾਂ ਦੀ ਅਸਲੀਅਤ ਲੁਕੋਇਆਂ ਵੀ ਨਹੀਂ ਲੁਕ ਸਕਦੀ ਹੁੰਦੀ ।

ਸੋ ਆਉ ਜਾਣੀਏ ਕਿ ਫਕੀਰਾਂ ਜਾਂ ਗਿਆਨਵਾਨ ਲੋਕਾਂ ਅਨੁਸਾਰ ਕੌਣ ਮਨੁੱਖ ਕਿਨਾਂ ਕੁ ਵੱਡਾ ਛੋਟਾ ਹੁੰਦਾ ਹੈ ? ਦੋਸਤੋ ਜਦ ਜੇ ਕੋਈ ਮਨੁੱਖ ਰਾਜਗੱਦੀ ਤੇ ਵੀ ਬੈਠਾ ਹੋਵੇ ਜਾਂ ਇੱਕ ਆਮ ਪਰੀਵਾਰ ਚਲਾ ਰਿਹਾ ਹੋਵੇ ਜਦ ਤੱਕ ਆਪਣੇ ਤੱਕ ਆਪਣੀਆਂ ਹੀ ਲੋੜਾਂ ਬਾਰੇ ਸੋਚਦਾ ਹੈ ਤਦ ਉਹ ਆਮ ਵਿਅਕਤੀ ਹੀ ਹੁੰਦਾ ਹੈ । ਇਸ ਛੋਟੇ ਲੈਵਲ ਤੇ ਵੀ ਉਹ ਚੰਗਾ ਜਾਂ ਮਾੜਾ ਆਪਣੀ ਫਿਤਰਤ ਅਨੁਸਾਰ ਹੋ ਸਕਦਾ ਹੈ। ਇਹ ਆਮ ਵਿਅਕਤੀ ਜਦ ਕਿਸੇ ਪਰੀਵਾਰ ਦੇ ਹਿੱਤਾਂ ਤੱਕ ਸੋਚਣਾ ਸੁਰੂ ਕਰ ਦਿੰਦਾ ਹੈ ਤਦ ਥੋੜਾ ਹੋਰ ਵੱਡੇ ਘੇਰੇ ਦਾ ਮਾਲਕ ਹੋ ਜਾਂਦਾ ਹੈ। ਇਸ ਲੈਵਲ ਤੇ ਉਹ ਕਿਸੇ ਪਰੀਵਾਰ ਦਾ ਮੁੱਖੀ ਵੀ ਬਣਨ ਦੀ ਯੋਗਤਾ ਦਾ ਮਾਲਕ ਵੀ ਹੋ ਜਾਂਦਾ ਹੈ। ਇਸ ਤੋਂ ਅਗਲਾ ਘੇਰਾ ਪਿੰਡ ਜਾਂ ਸ਼ਹਿਰ ਤੱਕਦਾ ਹੁੰਦਾ ਹੈ ਜਦ ਕੋਈ ਆਪਣੇ ਪਿੰਡ ਜਾਂ ਸ਼ਹਿਰ ਦੇ ਹਿੱਤਾਂ ਤੱਕ ਸੋਚਣਾ ਸ਼ੁਰੂ ਕਰ ਦੇਵੇ ਤਦ ਉਸਦਾ ਸਾਰਾ ਪਿੰਡ ਹੀ ਆਪਣਾ ਹੋ ਜਾਂਦਾ ਹੈ । ਇਸ ਲੈਵਲ ਤੇ ਪਹੁੰਚ ਕੇ ਉਸਦੇ ਆਪਣੇ ਹਿੱਤ ਅਤੇ ਪਰੀਵਾਰ ਦੇ ਹਿੱਤ ਵੀ ਆਪਣੇ ਸਮੂਹ ਦੇ ਵਿਕਾਸ਼ ਵਿੱਚੋਂ ਹੀ ਪਰਾਪਤ ਹੁੰਦੇ ਹਨ। ਇਸ ਘੇਰੇ ਵਿੱਚ ਵਿਚਰਦਾ ਮਨੁੱਖ ਸਰਪੰਚ ਆਦਿ ਵਰਗੇ ਅਹੁਦਿਆਂ ਦੀ ਯੋਗਤਾ ਪਰਾਪਤ ਕਰ ਲੈਂਦਾ ਹੈ। ਇਸ ਘੇਰੇ ਤੋਂ ਅੱਗੇ ਅਨੇਕਾਂ ਪਿੰਡਾਂ ਦੇ ਸਮੂਹ ਜਾਂ ਜਿਲਿਆਂ ਅਤੇ ਸੂਬਿਆਂ ਦੇ ਹਿੱਤਾਂ ਬਾਰੇ ਸੋਚਣ ਵਾਲੀ ਅਵਸਥਾ  ਅਨੁਸਾਰ ਹਰ ਮਨੁੱਖ ਵੱਡਾ ਹੁੰਦਾ ਜਾਂਦਾ ਹੈ। ਇਸ ਤਰਾਂ ਦੀ ਸੋਚਣੀ ਅਨੁਸਾਰ ਹੀ ਉਸਦਾ ਕੱਦ ਮਾਪਿਆ ਜਾਂਦਾ ਹੈ। ਇਸ ਤਰਾਂ ਦੇ ਲੋਕ ਵਰਤਮਾਨ ਸਮੇਂ ਦੀ ਰਾਜਨੀਤਕ ਪਰਣਾਲੀ ਅਨੁਸਾਰ ਵਿਧਾਨਕਾਰ ,ਮੈਂਬਰ ਪਾਰਲੀਮੈਂਟ ਤੱਕ ਜਾ ਪਹੁੰਚਦੇ ਹਨ । ਦੇਸ਼ਾਂ ਦੇ ਆਗੂ ਪਰਧਾਨ ਮੰਤਰੀ , ਰਾਸ਼ਟਰਪਤੀ ਬਣਨ ਦੇ ਅਹੁਦਿਆਂ ਤੱਕ ਪਹੁੰਚਣ ਵਾਲੇ ਲੋਕ  ਆਪਣੇ ਦੇਸ਼ ਦੇ ਸਮੁੱਚੇ ਲੋਕਾਂ ਬਾਰੇ ਸੋਚਣ ਵਾਲੇ ਹੀ ਬਣਦੇ ਹਨ ਪਰ ਜੇ ਕਦੀ ਇਹੋ ਜਿਹੇ ਅਹੁਦਿਆਂ ਤੇ ਪਹੁੰਚ ਕੇ ਲੋਕ ਆਪਣੇ ਨਿੱਜ ਵੱਲ ਜਾਂ ਆਪਣੇ ਪਰੀਵਾਰਕ ਹਿੱਤਾਂ ਵੱਲ ਹੀ ਸੋਚਣਾ ਸ਼ੁਰੂ ਕਰ ਦੇਣ ਤਦ ਉਹ ਲੋਕ ਅਸਫਲ ਹੋ ਜਾਂਦੇ ਹਨ ਅਤੇ ਇਤਿਹਾਸ ਦੇ ਗਦਾਰ ਵੀ ਬਣ ਜਾਂਦੇ ਹਨ । ਵੱਡੇ ਅਹੁਦਿਆਂ ਤੇ ਜੇ ਛੋਟੀ ਪਰੀਵਾਰਕ ਹਿੱਤਾਂ ਵਾਲੀ ਸੋਚਣੀ ਦੇ ਲੋਕ ਪਹੁੰਚ ਜਾਣ ਤਦ ਉਹ ਆਪਣੇ ਮੁਲਕਾਂ ਵਿੱਚ ਅਸਫਲਤਾ, ਅਰਾਜਕਤਾ , ਬਦਅਮਨੀ ਦੇ ਜੁੰਮੇਵਾਰ ਵੀ ਜਰੂਰ ਬਣਦੇ ਹਨ ।

ਉਪਰੋਕਤ ਵਰਤਾਰੇ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਸਮੁੱਚੇ ਸੰਸਾਰ ਦਾ ਭਲਾ ਲੋੜਦੇ ਹਨ ਇਹ ਲੋਕ ਦੁਨੀਆਂ ਦੀਆਂ ਰਾਜਗੱਦੀਆਂ ਤੇ ਭਾਵੇਂ ਨਹੀਂ ਬੈਠਦੇ ਪਰ ਇਹਨਾਂ ਲੋਕਾਂ ਦੀ ਫਕੀਰ ਤਬੀਅਤ ਹਮੇਸ਼ਾਂ ਹੀ ਸਮੁੱਚੇ ਸੰਸਾਰ ਦੇ ਲੋਕਾਂ ਦਾ ਭਲਾ ਲੋੜਦੀ ਹੈ ਅਤੇ ਇਹ ਲੋਕ ਸੰਤ ਫਕੀਰ ਜਾਂ ਪੈਗੰਬਰ ਅਖਵਾਉਂਦੇ ਹਨ । ਆਮ ਲੋਕਾਂ ਵਿੱਚ ਵੀ ਰਾਜਸੱਤਾ ਦੇ ਅਹੁਦਿਆਂ ਦੀ ਭੁੱਖ ਤੋਂ ਦੂਰ ਰਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਫਕੀਰ ਬਿਰਤੀ ਦੇ ਹੁੰਦੇ ਹਨ। ਸੋ ਆਮ ਲੋਕਾਂ ਨੂੰ ਵੀ ਕਦੇ ਛੋਟਾ ਨਹੀਂ ਸਮਝਣਾਂ ਚਾਹੀਦਾ ਕਿਉਂਕਿ ਇਹ ਲੋਕ ਹੀ ਰਾਜਸੱਤਾ ਤੱਕ ਦੇ ਅਹੁਦੇ ਦੇਣ ਵਾਲੇ ਅਤੇ ਬਦਲਣ ਵਾਲੇ ਵੀ ਹੁੰਦੇ ਹਨ। ਰਾਜਸੱਤਾ ਤੇ ਕਬਜਾ ਕਰਕੇ ਬਹੁਤ ਵਾਰ ਕਈ ਲੋਕ ਤਾਨਾਸ਼ਾਹ ਵੀ ਬਣੇ ਹਨ ਜਿੰਹਨਾਂ ਨੂੰ ਵੀ ਅਨੇਕਾਂ ਵਾਰ ਇਹਨਾਂ ਨੂੰ ਆਮਲੋਕਾਂ ਨੇ ਮਲੀਆਮੇਟ ਕੀਤਾ ਹੈ। ਸੋ ਜੋ ਮਨੁੱਖ ਸਮੁੱਚੇ ਸੰਸਾਰ ਦਾ ਭਲਾ ਮੰਗਣ ਵਾਲਾ ਹੋਵੇ ਜਾਂ ਆਪਣੇ ਆਪ ਦੀ ਥਾਂ ਦੂਸਰਿਆਂ ਦਾ ਭਲਾ ਮੰਗਣ ਵਾਲਾ ਹੋਵੇ ਹਮੇਸਾਂ ਬਾਦਸਾਹੀ ਬਿਰਤੀ ਦਾ ਮਾਲਕ ਹੀ ਹੁੰਦਾਂ ਹੈ । ਰਾਜਨੀਤਕ ਕੁਰਸੀਆਂ ਤੇ ਅਨੇਕਾਂ ਵਾਰ ਤਿਕੜਮਬਾਜ, ਬੇਈਮਾਨ , ਭਰਿਸ਼ਟ ਲੋਕ ਵੀ ਪਹੁੰਚ ਜਾਂਦੇ ਹਨ ਪਰ ਉਹਨਾਂ ਦਾ ਪਤਾ ਉਸ ਵਕਤ ਲੱਗਦਾ ਹੈ ਜਦ ਉਹ ਰਾਜਸੱਤਾ ਤੇ ਬੈਠਕੇ ਨਿੱਜਪ੍ਰਸਤੀ ਕਰਦਿਆਂ ਆਪਣੇ ਅਤੇ ਆਪਣਿਆਂ ਦੇ ਵਾਸਤੇ ਲੁੱਟ ਸੁਰੂ ਕਰ ਦਿੰਦੇ ਹਨ । ਇਸ ਤਰਾਂ ਦੇ ਲੋਕ ਨੀਚ ਬੇਈਮਾਨ ਅਤੇ ਮੰਗਤੇ ਕਿਸਮ ਦੇ ਹੀ ਮੰਨੇ ਜਾਂਦੇ ਹਨ। ਇਮਾਨਦਾਰ ਰਾਜਨੀਤਕ ਬੰਦਾਂ ਆਪਣੇ ਸਮੁੱਚੇ ਲੋਕਾਂ ਦਾ ਭਲਾ ਕਰਦਾ ਹੈ  ਜਿਸ ਵਿੱਚ ਉਸਦੇ ਆਪਣੇ ਨਿੱਜ ਰਿਸਤਿਆਂ ਦੇ ਲੋਕ ਵੀ ਸਾਮਲ ਹੁੰਦੇ ਹਨ । ਸਮੁੱਚੇ ਲੋਕਾਂ ਦੀ ਭਲਾਈ ਸਮੇਂ ਉਸ ਦੇ ਨਿੱਜ ਰਿਸਤਿਆਂ ਵਾਲਿਆਂ  ਦੀ ਵੀ ਦੂਸਰੇ ਲੋਕਾਂ ਵਾਂਗ ਭਲਾ ਹੁੰਦਾ ਹੀ ਹੈ। ਜੋ ਵਿਅਕਤੀ ਆਪਣੇ ਜਿੰਦਗੀ ਦੇ ਹਰ ਕੰਮ ਵਿੱਚ ਉਸਦਾ ਧਰਮ ਨਿਭਾਉਂਦਾ ਹੈ ਉਹ ਹੀ ਸਫਲ ਜਿੰਦਗੀ ਅਤੇ ਉੱਚੇ ਕਿਰਦਾਰ ਦਾ ਮਾਲਕ ਹੁੰਦਾ ਹੈ।

This entry was posted in ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>