ਬਣਨ ਵਾਲੇ ਖ਼ਾਲਿਸਤਾਨ ਸਟੇਟ ਵਿਚ ਨਿਜ਼ਾਮੀ ਅਤੇ ਸਮਾਜਿਕ ਗੁਣਾ ਨਾਲ ਭਰਪੂਰ ਨਮੂਨੇ ਦਾ ਪ੍ਰਬੰਧ ਹੋਵੇਗਾ : ਮਾਨ

 ਫ਼ਤਹਿਗੜ੍ਹ ਸਾਹਿਬ – “ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ 12 ਫ਼ਰਵਰੀ 2015 ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਉਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ 68ਵਾਂ ਜਨਮ ਦਿਹਾੜਾ ਮਨਾਉਣ ਵਾਲੇ ਖਚਾ-ਖਚ ਹਜ਼ਾਰਾਂ ਦੀ ਗਿਣਤੀ ਵਿਚ ਭਰੇ ਪੰਡਾਲ ਨੂੰ ਸੁਬੋਧਿਤ ਹੁੰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਭਾਰਤ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਵੱਸਦੀ ਸਿੱਖ ਕੌਮ ਅਤੇ ਦੂਸਰੀਆਂ ਕੌਮਾਂ ਵਿਚ ਇਨਸਾਫ਼ ਪਸੰਦ ਸੋਚ ਵਾਲੇ ਲੋਕਾਂ ਨੂੰ ਜਿਥੇ ਮੁਬਾਰਕਬਾਦ ਦਿੱਤੀ, ਉਥੇ ਉਹਨਾਂ ਨੇ ਸੰਤ ਜੀ ਵੱਲੋਂ ਖ਼ਾਲਿਸਤਾਨ ਸਟੇਟ ਦੀ ਰੱਖੀ ਨੀਂਹ ਦਾ ਅਤੇ ਖ਼ਾਲਿਸਤਾਨ ਦੇ ਸਮੁੱਚੇ ਪ੍ਰਬੰਧ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਖ਼ਾਲਿਸਤਾਨ ਦੇ ਨਿਜ਼ਾਮ ਵਿਚ ਸਭ ਵਰਗਾਂ, ਕੌਮਾਂ, ਧਰਮਾਂ, ਫਿਰਕਿਆ ਅਤੇ ਇਨਸਾਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਹੱਕ ਤੇ ਕਾਨੂੰਨੀ ਅਧਿਕਾਰ ਪ੍ਰਾਪਤ ਹੋਣਗੇ । ਰਿਸਵਤਖੋਰੀ ਅਤੇ ਤਸਕਰੀ ਜਿਵੇ ਅੱਜ ਬਾਦਲ-ਭਾਜਪਾ ਹਕੂਮਤ ਜੋਰਾ ਤੇ ਹੈ, ਉਸ ਦਾ ਕੋਈ ਵੀ ਨਾਮੋ-ਨਿਸ਼ਾਨ ਨਹੀਂ ਰਹਿਣ ਦਿੱਤਾ ਜਾਵੇਗਾ । ਹਰ ਧੀ-ਭੈਣ ਦੀ ਇੱਜ਼ਤ ਨਿਜ਼ਾਮੀ ਤੌਰ ਤੇ ਮਹਿਫੂਜ ਹੋਵੇਗੀ ਅਤੇ ਦਿਨ-ਰਾਤ ਖ਼ਾਲਿਸਤਾਨ ਵਿਚ ਵੱਸਣ ਵਾਲੀਆਂ ਬੀਬੀਆਂ ਬਿਨ੍ਹਾਂ ਕਿਸੇ ਡਰ-ਭੈ ਤੋਂ ਵਿਚਰ ਸਕਣਗੀਆਂ । ਅਪਰਾਧਿਕ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੋਵੇਗਾ । ਇਥੋਂ ਦੀਆਂ ਨਾਲੀਆਂ, ਸੜਕਾਂ ਨੂੰ ਕੌਮਾਂਤਰੀ ਪੱਧਰ ਦੀ ਤਕਨੀਕ ਨਾਲ ਸੀਵਰੇਜ ਨਾਲ ਜੋੜਕੇ ਪਾਣੀ ਦੀ ਸਹੀ ਨਿਕਾਸੀ ਹੋਵੇਗੀ ਅਤੇ ਹਰ ਇਨਸਾਨ ਨੂੰ ਇਨਸਾਫ਼ ਤੁਰੰਤ ਮਿਲਣ ਦਾ ਉਚੇਚਾ ਪ੍ਰਬੰਧ ਹੋਵੇਗਾ । ਸੜਕਾਂ, ਗਲੀਆਂ ਅਤੇ ਹੋਰ ਪਬਲਿਕ ਪਾਰਕਾਂ ਅਤੇ ਮਾਰਕਿਟਾਂ ਦੇ ਚੋਗਿਰਦੇ ਨੂੰ ਖੂਬਸੂਰਤ ਰੱਖਣ ਹਿੱਤ ਉਚੇਚੇ ਤੌਰ ਤੇ ਬੂਟਿਆਂ, ਦਰੱਖਤਾਂ, ਫੁੱਲਾਂ ਅਤੇ ਹੋਰ ਲੈਡ ਸਕੇਪਿੰਗ ਦੁਆਰਾ ਹਰ ਪਾਸੇ ਸਫ਼ਾਈ ਅਤੇ ਖੂਬਸੂਰਤੀ ਦਾ ਵਿਸੇ਼ਸ਼ ਧਿਆਨ ਰੱਖਿਆ ਜਾਵੇਗਾ । ਹਰ ਕੌਮ, ਧਰਮ, ਫਿਰਕੇ ਦੇ ਨਿਵਾਸੀਆਂ ਨੂੰ ਆਪਣੀ ਇੱਛਾ ਅਨੁਸਾਰ ਧਰਮ ਗ੍ਰਹਿਣ ਕਰਨ, ਉਸਦੀ ਪਾਲਣਾਂ ਕਰਨ ਦੀ ਪੂਰਨ ਖੁੱਲ੍ਹ ਹੋਵੇਗੀ ਅਤੇ ਸਮੁੱਚੇ ਵਰਗਾਂ ਦੀ ਹਰ ਤਰਫ਼ ਤਰੱਕੀ ਲਈ ਬਰਾਬਰਤਾ ਦੇ ਆਧਾਰ ਤੇ ਉਚੇਚੇ ਯਤਨ ਕੀਤੇ ਜਾਣਗੇ । ਜਿਨ੍ਹਾਂ ਪਰਿਵਾਰਾਂ ਤੇ ਵਰਗਾਂ ਕੋਲ ਜ਼ਮੀਨਾਂ ਅਤੇ ਘਰ ਨਹੀਂ ਹੋਣਗੇ, ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਦੀ ਤਰ੍ਹਾਂ ਜ਼ਮੀਨਾਂ ਤੇ ਘਰ ਦੇਣਾ ਖ਼ਾਲਿਸਤਾਨੀ ਹਕੂਮਤ ਦੀ ਜਿ਼ੰਮੇਵਾਰੀ ਹੋਵੇਗੀ। ਇਸ ਖ਼ਾਲਿਸਤਾਨ ਸਟੇਟ ਵਿਚ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਯੂ.ਟੀ, ਜੰਮੂ-ਕਸ਼ਮੀਰ, ਰਾਜਸਥਾਨ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਸ਼ਾਮਿਲ ਹੋਣਗੇ, ਜੋ ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚੀਨ ਅਤੇ ਹਿੰਦੂ ਭਾਰਤ ਜੋ ਨਿਊਕਲਰ ਤਾਕਤਾਂ ਨਾਲ ਲੈਂਸ ਹਨ, ਦੇ ਵਿਚਕਾਰ ਬਤੌਰ ਬਫ਼ਰ ਸਟੇਟ ਦੇ ਕਾਇਮ ਕੀਤਾ ਜਾਵੇਗਾ ਅਤੇ ਤਿੰਨੋਂ ਦੁ਼ਸ਼ਮਣ ਤਾਕਤਾਂ ਨੂੰ ਜੰਗ ਤੋਂ ਦੂਰ ਰੱਖਣ ਅਤੇ ਏਸੀਆਂ ਖਿੱਤੇ ਵਿਚ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਏਗਾ ।”

ਉਹਨਾਂ ਉਚੇਚੇ ਤੌਰ ਤੇ ਆਪਣੀ ਤਕਰੀਰ ਦੇ ਅੰਸਾ ਵਿਚ ਇਸ ਗੱਲ ਉਤੇ ਜੋਰ ਦਿੰਦੇ ਹੋਏ ਕਿਹਾ ਕਿ ਹਿੰਦੂਤਵ ਹੁਕਮਰਾਨ, ਮੁਤੱਸਵੀ ਤਾਕਤਾਂ ਅਤੇ ਇਥੋਂ ਦਾ ਮੀਡੀਆ ਖ਼ਾਲਿਸਤਾਨ ਨੂੰ ਬਿਨ੍ਹਾਂ ਵਜਹ ਇਕ “ਹਊਏ” ਦੇ ਤੌਰ ਤੇ ਪੇਸ਼ ਕਰਕੇ ਬਣਨ ਵਾਲੇ ਖ਼ਾਲਿਸਤਾਨ ਸਟੇਟ ਅਤੇ ਖ਼ਾਲਿਸਤਾਨੀਆਂ ਦੇ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਨ ਵਿਚ ਮਸਰੂਫ ਹੈ । ਜਦੋਂਕਿ ਖ਼ਾਲਿਸਤਾਨ ਸਟੇਟ ਤਾਂ ਦੁਨੀਆਂ ਦੇ ਨਮੂਨੇ ਦੇ ਸਟੇਟਾਂ ਅਤੇ ਆਲ੍ਹਾ ਪ੍ਰਬੰਧਾਂ ਦੀ ਇਕ ਵੱਡੀ ਮਿਸਾਲ ਹੋਵੇਗਾ । ਜੋ ਵੀ ਤਾਕਤਾਂ ਜਾਂ ਹੁਕਮਰਾਨ ਜਾਂ ਮੀਡੀਏ ਨਾਲ ਸੰਬੰਧਤ ਸੱਜਣ ਅਜਿਹਾ ਕਰ ਰਹੇ ਹਨ, ਉਹਨਾਂ ਨੂੰ ਅੱਜ ਦਾ ਇਕੱਠ ਖੁੱਲ੍ਹੇ ਰੂਪ ਵਿਚ ਦਲੀਲ ਸਹਿਤ ਚੁਣੋਤੀ ਦਿੰਦਾ ਹੈ ਕਿ ਉਹ ਖ਼ਾਲਿਸਤਾਨ ਸਟੇਟ ਦੇ ਸੰਬੰਧ ਵਿਚ ਪਾਏ ਜਾ ਰਹੇ ਸ਼ਰਾਰਤਪੂਰਨ ਭੁਲੇਖਿਆਂ ਦੀ ਗੱਲਬਾਤ ਕਰਨ ਲਈ ਅਸੀਂ ਕਿਸੇ ਵੀ ਹੁਕਮਰਾਨ, ਕਿਸੇ ਵੀ ਸਿਆਸੀ ਆਗੂ, ਚੈਨਲ, ਰੇਡੀਓ ਆਦਿ ਨੂੰ ਖੁੱਲ੍ਹੀ ਬਹਿਸ ਕਰਨ ਦਾ ਸੱਦਾ ਦਿੰਦੇ ਹਾਂ । ਸਾਨੂੰ ਸਮਾਂ ਅਤੇ ਸਥਾਨ ਦੱਸ ਦਿੱਤਾ ਜਾਵੇ ਅਤੇ ਅਸੀਂ ਉਸ ਸਥਾਂਨ ਤੇ ਪਹੁੰਚਕੇ ਖ਼ਾਲਿਸਤਾਨ ਦੀ ਪੂਰਨ ਰੂਪ-ਰੇਖਾ ਅਤੇ ਉਸ ਵਿਚ ਵੱਸਣ ਵਾਲੀਆਂ ਕੌਮਾਂ ਦੇ ਹੱਕਾਂ ਅਤੇ ਅਧਿਕਾਰਾਂ ਤੇ ਇਨਸਾਫ਼ ਬਾਰੇ ਬਿਨ੍ਹਾਂ ਕਿਸੇ ਝਿਜਕ ਦੇ ਦਲੀਲ ਸਹਿਤ ਸਪੱਸਟ ਕਰਾਂਗੇ । ਕਿਸੇ ਵੀ ਤਾਕਤ ਨੂੰ, ਬਣਨ ਵਾਲੇ ਖ਼ਾਲਿਸਤਾਨ ਸਟੇਟ ਦੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਦਾ ਅਧਿਕਾਰ ਬਿਲਕੁਲ ਨਹੀਂ ਦਿੱਤਾ ਜਾਵੇਗਾ । ਉਹਨਾਂ ਸ. ਜਗਤਾਰ ਸਿੰਘ ਤਾਰਾ ਉਤੇ 15 ਜਨਵਰੀ ਤੋਂ ਲੈਕੇ ਅੱਜ ਤੱਕ ਲਏ ਗਏ ਪੁਲਿਸ ਰਿਮਾਡ ਰਾਹੀ ਗੈਰ ਕਾਨੂੰਨੀ ਤਰੀਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਕੀਤੇ ਜਾ ਰਹੇ ਤਸੱਦਦ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ-ਹਰਿਆਣਾ ਹਾਈਕੋਰਟ ਨੂੰ ਤੁਰੰਤ ਦਖ਼ਲ ਦੇ ਕੇ ਇਹ ਜ਼ਬਰ ਜੁਲਮ ਬੰਦ ਕਰਵਾਉਣ ਦੀ ਅਪੀਲ ਕੀਤੀ । ਅੱਜ ਦੇ ਠਾਠਾ ਮਾਰਦੇ, ਖ਼ਾਲਿਸਤਾਨ ਜਿ਼ੰਦਾਬਾਦ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਿ਼ੰਦਾਬਾਦ ਦੇ ਅਕਾਸ ਗੁਜਾਊ ਨਾਅਰਿਆ ਨਾਲ ਕੋਈ 22 ਦੇ ਕਰੀਬ ਕੌਮਾਂਤਰੀ, ਪੰਜਾਬ ਅਤੇ ਸਿੱਖ ਕੌਮ ਨਾਲ ਸੰਬੰਧਤ ਮਤੇ ਪਾਸ ਕੀਤੇ ਗਏ । ਜਿਨ੍ਹਾਂ ਵਿਚ ਯੂਕਰੇਨ ਅਤੇ ਰੂਸ ਵਿਚਾਲੇ ਪੈਦਾ ਹੋਏ ਤਨਾਅ ਉਤੇ ਭਾਰਤ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ, ਇਸਲਾਮਿਕ ਸਟੇਟ ਵੱਲੋ ਜਪਾਨੀ ਪੱਤਰਕਾਰਾਂ, ਜਾਰਡਨ ਦੇ ਪਾਇਲਟ ਅਤੇ ਅਮਰੀਕਨ ਲੜਕੀ ਨੂੰ ਮਾਰ ਦੇਣ ਵਿਰੁੱਧ, ਜਪਾਨ, ਆਸਟ੍ਰੇਲੀਆ, ਵੀਅਤਨਾਮ, ਕੋਰੀਆ ਵੱਲੋਂ ਭਾਰਤ ਨਾਲ ਕੀਤੇ ਫ਼ੌਜੀ ਸਮਝੋਤੇ ਸਿੱਖਾਂ ਲਈ ਖ਼ਤਰੇ ਦੀ ਘੰਟੀ, ਅਮਰੀਕਾ ਵਸਿੰਗਟਨ ਦੇ ਸਟੇਟ ਡਿਪਾਰਟਮੈਟ ਵਿਖੇ ਅਤੇ ਸਮੁੱਚੇ ਸਫਾਰਤਖਾਨਿਆਂ ਵਿਚ “ਸਿੱਖ ਡੈਸਕ” ਕਾਇਮ ਕਰੇ, ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਨੂੰ ਬਦਲਕੇ ਚੰਡੀਗੜ੍ਹ ਲਿਆਉਣ ਦੇ ਅਮਲ ਅਸਹਿ, 22 ਅਤੇ 25 ਫ਼ਰਵਰੀ ਨੂੰ ਪੰਜਾਬ ਦੀਆਂ ਹੋ ਰਹੀਆਂ ਨਗਰ ਕੌਸ਼ਲਾਂ ਦੀਆਂ ਚੋਣਾਂ ਵਿਚ ਪੰਜਾਬੀਆਂ ਨੂੰ ਪਾਰਟੀ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ, ਰਾਵੀ, ਚਿਨਾਬ, ਸਤਲੁਜ, ਬਿਆਸ ਦਰਿਆਵਾਂ ਤੇ ਬਣੇ ਡੈਮਾਂ ਦਾ ਕੰਟਰੋਲ ਯੂ.ਐਨ.ਓ. ਦੇ ਸਪੁਰਦ ਹੋਵੇ, ਸੂਰਤ ਸਿੰਘ ਖ਼ਾਲਸਾ ਨੂੰ ਚੁੱਕਣਾ ਗੈਰ ਕਾਨੂੰਨੀ, ਧਰਮ ਤਬਦੀਲੀ ਅਤੇ ਰਾਮ ਮੰਦਰ ਬਣਾਉਣ ਦੇ ਅਮਲਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਵੇਗਾ, ਸਿੱਖ ਕੌਮ ਹਿੰਦੂ ਕੌਮ ਦਾ ਹਿੱਸਾ ਨਹੀਂ, 1984 ਦੇ ਅਤੇ ਬਾਅਦ ਦੇ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆ ਜਾਣ, ਡਰੱਗ ਅਤੇ ਲੈਡ ਮਾਫੀਆ ਦੀ ਜਾਂਚ ਯੂ.ਐਨ.ਓ. ਤੋਂ ਕਰਵਾਈ ਜਾਵੇ, 60 ਹਜ਼ਾਰ ਸਿੱਖਾਂ ਨੂੰ ਉਜਾੜਨਾ ਮਨੁੱਖਤਾ ਵਿਰੋਧੀ ਅਮਲ, ਪੰਜਾਬ ਸਰਕਾਰ ਵੱਲੋਂ ਲਗਾਏ ਜ਼ਾਇਦਾਦ ਟੈਕਸ ਦੀ ਨਿਖੇਧੀ, ਜਿੰਮੀਦਾਰਾਂ ਅਤੇ ਵਪਾਰੀਆਂ ਦੇ ਉਤਪਾਦਾ ਨੂੰ ਐਕਸਪੋਰਟ ਕਰਨ ਲਈ ਉਚੇਚਾ ਪ੍ਰਬੰਧ ਹੋਵੇ, ਸੰਤ ਸਮਾਜ ਅਤੇ ਟਕਸਾਲ, ਆਰ.ਐਸ.ਐਸ ਤੇ ਬਾਦਲਾਂ ਦੀ ਗੁਲਾਮ, ਖ਼ਾਲਿਸਤਾਨ ਵਿਚ ਸਭਨਾਂ ਨੂੰ ਕੁੱਲ੍ਹੀ,ਜੁੱਲ੍ਹੀ ਅਤੇ ਗੁੱਲ੍ਹੀ ਦੇਣ ਦਾ ਬਚਨ, ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕੀਤਾ ਜਾਵੇ ਆਦਿ ਮਤੇ ਪਾਏ ਗਏ । ਅੱਜ ਦੇ ਇਕੱਠ ਵਿਚ ਸ. ਮਾਨ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਜਸਵੰਤ ਸਿੰਘ ਮਾਨ,ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਜਸਪਾਲ ਸਿੰਘ ਮੰਗਲ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਗੁਰਦੇਵ ਸਿੰਘ ਜੰਮੂ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਰਮਿੰਦਰਜੀਤ ਸਿੰਘ ਮਿੰਟੂ ਯੂ.ਐਸ.ਏ, ਗੁਰਜੰਟ ਸਿੰਘ ਕੱਟੂ, ਰਣਦੇਵ ਸਿੰਘ ਦੇਬੀ, ਰਣਜੀਤ ਸਿੰਘ ਚੀਮਾ, ਜਥੇਦਾਰ ਭਾਗ ਸਿੰਘ, ਇਸਾਈ ਆਗੂ ਅਨਵਰ ਮਸੀਹ, ਕਰਮ ਸਿੰਘ ਭੋਈਆ, ਅਮਰੀਕ ਸਿੰਘ ਨੰਗਲ, ਜਸਵੀਰ ਸਿੰਘ ਭੁੱਲਰ, ਸੁਰਜੀਤ ਸਿੰਘ ਅਰਾਈਆਵਾਲਾ, ਸਿੰਗਾਰਾ ਸਿੰਘ ਬਡਲਾ, ਹਰਭਜਨ ਸਿੰਘ ਕਸ਼ਮੀਰੀ, ਸਰੂਪ ਸਿੰਘ ਸੰਧਾ, ਹਰਜੀਤ ਸਿੰਘ ਸਜੂਮਾ, ਰਣਜੀਤ ਸਿੰਘ ਸੰਘੇੜਾ, ਸੁਰਜੀਤ ਸਿੰਘ ਕਾਲਾਬੂਲਾ, ਗੁਰਨੈਬ ਸਿੰਘ ਨੈਬੀ, ਗੁਰਨਾਮ ਸਿੰਘ ਸਿੰਗੜੀਵਾਲਾ, ਬਹਾਦਰ ਸਿੰਘ ਭਸੌੜ, ਜਸਵੰਤ ਸਿੰਘ ਮਾਨ ਹਰਿਆਣਾ, ਗੁਰਬਚਨ ਸਿੰਘ ਚੀਮਾਂ, ਦਰਬਾਰਾ ਸਿੰਘ ਹਰਿਆਣਾ, ਪ੍ਰੋ. ਅਜੀਤ ਸਿੰਘ ਕਾਹਲੋ, ਪਰਵਿੰਦਰ ਸਿੰਘ ਬੇਦੀ, ਹਰਪਾਲ ਸਿੰਘ ਕੁੱਸਾ, ਪਰਮਿੰਦਰ ਸਿੰਘ ਬਾਲਿਆਵਾਲੀ, ਅਵਤਾਰ ਸਿੰਘ ਖੱਖ, ਸੁਖਜੀਤ ਸਿੰਘ ਡਰੋਲੀ, ਮਨਜੀਤ ਸਿੰਘ ਰੇਰੂ, ਨਰਿੰਦਰ ਸਿੰਘ ਖੁਸਰੋਪੁਰ, ਫੌਜਾ ਸਿੰਘ ਧਨੌਰੀ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਭਾਗੋਵਾਲ, ਹਰਬੰਸ ਸਿੰਘ ਪੈਲੀ, ਦਲਜੀਤ ਸਿੰਘ ਕੁੱਭੜਾ, ਬੀਬੀ ਤੇਜ ਕੌਰ, ਬੀਬੀ ਗੁਰਦੀਪ ਕੌਰ ਚੱਠਾ, ਕੁਲਦੀਪ ਸਿੰਘ ਪਹਿਲਵਾਨ, ਧਰਮ ਸਿੰਘ ਕਲੌੜ, ਰਜਿੰਦਰ ਸਿੰਘ ਫ਼ੌਜੀ, ਸਰਬਜੀਤ ਸਿੰਘ ਦਿੱਲੀ ਆਦਿ ਆਗੂਆਂ ਨੇ ਸਮੂਲੀਅਤ ਕੀਤੀ । ਸਟੇਜ ਵੱਲੋਂ ਉਚੇਚੇ ਤੌਰ ਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਮੈਨੇਜਰ ਸ. ਅਮਰਜੀਤ ਸਿੰਘ ਵੱਲੋਂ ਕੀਤੇ ਗਏ ਲੰਗਰ, ਅਰਦਾਸ ਅਤੇ ਕੀਰਤਨੀ ਜਥੇ ਦੇ ਪ੍ਰਬੰਧ ਲਈ ਜਿਥੇ ਧੰਨਵਾਦ ਕੀਤਾ ਗਿਆ, ਉਥੇ ਦੂਰ-ਦੁਰਾਡੇ ਤੋ ਸਮੁੱਚੇ ਸੂਬਿਆਂ ਵਿਚੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਖ਼ਾਲਿਸਤਾਨ ਦੇ ਸੰਘਰਸ਼ ਵਿਚ ਸਹਿਯੋਗ ਦੇਣ ਵਾਲੇ ਪਰਿਵਾਰਾਂ ਅਤੇ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰਪਾਓ ਬਖਸਿ਼ਸ਼ ਕਰਕੇ ਸਨਮਾਨ ਕੀਤਾ ਗਿਆ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>