ਝਾੜੂ ਨੇ ਸੱਭ ਕੁਝ ਝਾੜ ਪੂੰਝ ਦਿੱਤਾ

ਅੱਜ ਕਲ ਦੀ ਗੱਲ ਲਗਦੀ ਹੈ ਜਦ ਸੁਨਾਮੀ ਦਾ ਕਹਿਰ ਵਰਤਿਆ ਸੀ, ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ, ਇਹ ਕਹਿਰ ਸੱਭ ਕੁਝ ਹੂੰਝ ਕੇ ਆਪਣੇ ਨਾਲ ਲੈ ਜਾਵੇਗਾ ।

ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥ ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥ ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥

ਪਿਛਲੇ ਕਈ ਦਹਾਕਿਆਂ ਤੋਂ ਭਾਰਤ ਵਿਚ ਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿਚ ਵਸਦੇ ਭਾਰਤੀ ਕਾਂਗਰਸ ਸਰਕਾਰ ਤੋਂ ਰੱਜ ਕੇ ਦੁਖੀ ਤੇ ਪ੍ਰੇਸ਼ਾਨ ਸਨ । ਲੋਕ ਭਾਰਤ ਵਿਚ ਬਦਲਾਵ ਚਾਹੁਣ ਲਈ ਬੜੇ ਉਤਾਵਲੇ ਸਨ । ਇਹ ਵੀ ਠੀਕ ਹੈ ਕਿ ਭਾਰਤੀਆਂ ਕੋਲ ਡਾਕਟਰ ਮਨਮੋਹਨ ਸਿੰਘ ਦਾ ਕੋਈ ਢੁਕਵਾਂ ਬਦਲਾਵ ਵੀ ਨਹੀਂ ਸੀ, ਪਰ ਭਾਰਤੀ ਜਨਤਾ ਪਾਰਟੀ ਨੇ ਇਸਦਾ ਪੂਰਾ ਪੂਰਾ ਲਾਭ ਉਠਾਉਣਾ ਚਾਹਿਆ ਤੇ ਆਪਣੇ ਖੋਟੇ ਸਿੱਕੇ ਨੂੰ ਨਕਦ ਕਰਾਉਣ ਦੀ ਠਾਣ ਲਈ । ਜਿਵੇਂ ਕਿਹਾ ਜਾਂਦਾ ਹੈ ਜਦ ਤਪਦੀ ਭੱਠੀ ਵਿਚੋਂ ਲੋਹਾ ਬਾਹਰ ਕਢਿਆ ਜਾਂਦਾ ਹੈ, ਉਸੇ ਸਮੇਂ ਉਸ ਉਤੇ ਵਦਾਣ ਚਲਾਈਦਾ ਹੈ । ਭਾਰਤੀ ਜਨਤਾ ਪਾਰਟੀ ਨੇ ਬਿਲਕੁਲ ਇਹੋ ਕੁਝ ਕੀਤਾ । ਭਾਵੇਂ ਭਾਰਤੀ ਜਨਤਾ ਪਾਰਟੀ ਖ਼ੁਦ ਇਕ ਕੰਗਾਲ ਪਾਰਟੀ ਸੀ, ਪਰ ਨਰਿੰਦਰ ਮੋਦੀ ਦੇ ਲੁਭਾਉਣੇ ਸ਼ਬਦਾਂ ਦੇ ਜਾਲ ਵਿਚ ਭਾਰਤ ਦੇ ਲੋਕ ਸੌਖੇ ਹੀ ਫੱਸ ਗਏ, ਨਤੀਜੇ ਵਜੋਂ 8-9 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਉਸਦੀ ਪਾਰਟੀ ਨੂੰ ਸਾਰੇ ਭਾਰਤ ਵਿਚੋਂ ਹੂੰਝਾ ਫੇਰ ਜਿਤ ਹਾਸਲ ਹੋ ਗਈ ਤੇ ਉਹ ਬਦਕਿਸਮਤੀ ਨਾਲ ਭਾਰਤ ਦਾ ਪ੍ਰਧਾਨ ਮੰਤ੍ਰੀ ਬਣ ਗਿਆ । ਆਹਿਸਤਾ ਆਹਿਸਤਾ ਜਿਉਂ ਜਿਉਂ ਸੁਨਾਮੀ ਦਾ ਪਾਣੀ ਉਤਰਨ ਲਗਾ, ਤਾਂ ਭਾਰਤੀ ਜਨਤਾ ਪਾਰਟੀ ਦੀਆਂ ਉਨ੍ਹਾਂ ਵਿਸ ਭਰੀਆਂ ਗੰਧਲਾਂ ਤੋਂ ਖੰਡ ਦੇ ਲਿਵਾੜ ਉਤਰਨੇ ਸ਼ੁਰੂ ਹੋ ਗਏ । ਮੋਦੀ ਦੇ ਵਿਦੇਸ਼ਾਂ ਤੋਂ ਕਾਲੇ ਧਨ ਲਿਆਉਣ ਦੇ ਵਾਅਦਿਆਂ ਦਾ ਭੋਗ ਪੈ ਗਿਆ । ਇਥੋਂ ਤਕ ਕਿ ਅਮਿਤ ਸ਼ਾਹ ਨੂੰ ਵੀ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਉਹ ਵਾਅਦਾ ਤਾਂ ਇਕ ਚੋਣ ਸਟੰਟ ਸੀ । ਵਿਦੇਸ਼ਾਂ ਵਿਚੋਂ ਕਾਲਾ ਧਨ ਲਿਆਂਦਾ ਹੀ ਨਹੀਂ ਜਾ ਸਕਦਾ ।

ਖ਼ੈਰ ਗਲ ਕਰੀਏ ਦਿਲ ਵਾਲੇ ਲੋਕਾਂ ਦੀ ਦਿੱਲੀ ਦੀਆਂ ਚੋਣਾਂ ਦੀ । ਕਹਿੰਦੇ ਹਨ ਕਿ ਜਿਸਨੇ ਦਿੱਲੀ ਨਹੀਂ ਵੇਖੀ, ਉਹ ਜੰਮਿਆ ਹੀ ਨਹੀਂ । ਪਰ ਦਿੱਲੀ ਵਿਚ ਰਹਿਣ ਵਾਲੇ ਲੋਕ ਤਾਂ ਬਹੁਤ ਖੁਸ਼ਕਿਸਮਤ ਹਨ ਕਿ ਉਹ ਜਨਮ ਤੋਂ ਜਾਂ ਜਦੋਂ ਉਹ ਉਸ ਸ਼ਹਿਰ ਵਿਚ ਵਸੇ ਹਨ, ਜੰਮੇ ਹੋਏ ਹਨ । ਦਿਲੀ ਵਾਕਿਆ ਹੀ ਦਿਲ ਵਾਲੇ ਲੋਕਾਂ ਦੀ ਦਿੱਲੀ ਹੈ । ਪੜ੍ਹੇ ਲਿਖੇ ਲੋਕਾਂ ਦਾ ਉਥੇ ਵਾਸਾ ਹੈ । ਭਾਂਤ ਭਾਂਤ ਦੇ ਸੂਬਿਆਂ ਤੋਂ ਲੋਕ ਉਥੇ ਆ ਕੇ ਵਸੇ ਹੋਏ ਹਨ । ਉਨ੍ਹਾਂ ਨੂੰ ਚੰਗੇ ਬੁਰੇ ਦੀ ਪਹਿਚਾਣ ਹੈ । ਉਨ੍ਹਾਂ ਨੂੰ ਕੋਈ ਵਰਗਲਾ ਨਹੀਂ ਸਕਦਾ । ਧਰਮਾਂ ਦੀ ਆੜ ਵਿਚ ਉਨ੍ਹਾਂ ਨੂੰ ਕੋਈ ਮੂਰਖ ਨਹੀਂ ਬਣਾ ਸਕਦਾ । ਉਹ ਆਪਣਾ ਬੁਰਾ ਭਲਾ ਆਪ ਸੋਚਣ ਤੇ ਸਮਝਣ ਦੀ ਸੋਝੀ ਰੱਖਦੇ ਹਨ । ਉਨ੍ਹਾਂ ਦਾ ਪੰਜਾਬ ਵਿਚ ਰਹਿੰਦੇ ਪੰਜਾਬੀਆਂ ਵਰਗਾ ਹਾਲ ਨਹੀਂ, ਜਿਨ੍ਹਾਂ ਨੂੰ ਬਾਦਲ ਦਲੀਏ ਧਰਮ ਦੀ ਦੁਹਾਈ ਪਾਕੇ, ਧਰਮ ਦੇ ਨਾਮ ਉਤੇ ਮੂਰਖ ਬਣਾ, ਨਸ਼ੇ ਵੰਡ, ਬੁਕ ਭਰ ਪੈਸੇ ਦੇ ਕੇ ਤੇ ਹਰ ਕੁਕਰਮ  ਕਰਕੇ ਚੋਣਾਂ ਜਿੱਤੀ ਜਾਣਗੇ । ਦਿੱਲੀ ਵਾਲੇ ਲੋਕ ਜਾਗਦੇ ਹਨ, ਉਹ ਹੋਸ਼ ਹਵਾਸ ਵਿਚ ਹਨ, ਪਰ ਪੰਜਾਬੀਆਂ ਵਾਂਗ ਨਸ਼ਈ ਹੋਕੇ ਸੁਤੇ ਨਹੀਂ ਪਏ ਤੇ ਨਾ ਹੀ ਅਵੇਸਲੇ ਹਨ ।

ਕਾਫ਼ੀ ਦੇਰ ਤਕ ਮੋਦੀ ਸਰਕਾਰ ਦਿੱਲੀ ਦੀਆਂ ਅਸੈਂਬਲੀ ਚੋਣਾਂ ਹੋਣ ਨਹੀਂ ਸੀ ਦੇ ਰਹੀ । ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਮ ਟੋਲ ਕਰਦੀ ਤੁਰੀ ਜਾ ਰਹੀ ਸੀ । ਆਖ਼ਿਰ ਚਾਰੇ ਪਾਸੇ ਕੋਈ ਹੋਰ ਚਾਰਾ ਨਾ ਵੇਖ ਕੇ ਉਨ੍ਹਾਂ ਨੇ ਦਿਲੀ ਦੇ 70 ਚੋਣ ਹਲਕਿਆਂ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿਤਾ । ਵੋਟਾਂ ਪੈ ਗਈਆਂ ਤੇ ਵੋਟਰਾਂ ਦਾ ਆਮ ਆਦਮੀ ਪਾਰਟੀ ਵਲ ਰੁਝਾਨ ਵੇਖ ਕੇ ਕਈ ਏਜੰਸੀਆਂ ਨੇ ਚੋਣ ਨਤੀਜਿਆਂ ਦੇ ਅਨੁਮਾਨ ਪਹਿਲਾਂ ਹੀ ਦੇ ਦਿਤੇ ਕਿ ਅਰਵਿੰਦ ਕੇਜਰੀਵਾਲ ਦੀ “ਆਆਪ” ਮੁਕੰਮਲ ਬਹੁ ਮੱਤ ਹਾਸਲ ਕਰੇਗੀ । ਪਰ ਇਹ ਗਲ ਨਾ ਤਾਂ ਮੋਦੀ ਤੇ ਉਸਦੀਆਂ ਹਮਾਇਤੀਆਂ ਪਾਰਟੀਆਂ, ਸਮੇਤ ਬਾਦਲ ਦਲੀਆਂ ਨੂੰ ਹਜ਼ਮ ਹੋਈ ਤੇ ਨਾ ਹੀ ਇਹ ਉਨ੍ਹਾਂ ਦੇ ਸੰਘ ਹੇਠੋਂ ਲੰਘੇ । ਬਾਦਲ ਨੂੰ ਇਸ ਕਰਕੇ ਕਿ ਪਹਿਲਾਂ ਤਾਂ ਉਸਨੇ ਆਪਣੇ 3 ਉਮੀਦਵਾਰ ਭਾਜਪਾਈਆਂ ਦੀ ਝੋਲੀ ਵਿਚ ਪਵਾ ਕੇ ਜੂਆ ਖੇਡ ਕੇ ਗੁਆ ਲਏ ਤੇ ਇਕ ਉਮੀਦਵਾਰ ਦੀ ਉਂਞ ਹੀ ਛੁੱਟੀ ਹੋ ਗਈ । ਸੋ ਸਾਰਿਆਂ ਨੂੰ ਔਖੇ ਸੌਖੇ ਹੋ ਕੇ ਸਬਰ ਦਾ ਘੁੱਟ ਭਰਨਾ ਪਿਆ । ਪਰ ਕਦ ਤਕ?

ਆਖ਼ਰ 10 ਫਰਵਰੀ ਆ ਗਈ । ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤੇ ਗਿਣਤੀ ਦੇ ਸ਼ੁਰੂ ਵਿਚ ਹੀ ਇਹ ਸਪਸ਼ਟ ਹੋ ਗਿਆ ਕਿ ਊਠ ਕਿਸ ਕਰਵਟ ਬੈਠ ਰਿਹਾ ਹੈ ਤੇ ਕੇਜਰੀਵਾਲ ਦੀ ਪਾਰਟੀ ਜਿੱਤ ਰਹੀ ਹੈ । ਗਿਣਤੀ ਉਪਰ ਥਲੀ ਹੁੰਦੀ ਰਹੀ ਹੈ, ਜਿਵੇਂ ਕਿ ਸ਼ੁਰੂ ਸ਼ੁਰੂ ਵਿਚ ਕਿਰਨ ਬੇਦੀ ਆਪਣੇ ਵਿਰੋਧੀ ਤੋਂ ਜਿਤਦੀ ਨਜ਼ਰ ਆਈ, ਪਰ ਬਾਅਦ ਵਿਚ ਉਹ ਐਸੀ ਪਛੜੀ ਕਿ ਉਸਦੀ ਅਸਮਾਨੇ ਚੜ੍ਹੀ ਹੋਈ ਗੁਡੀ ਵੀ ਕਟੀ ਗਈ । ਕੁਲ ਨਤੀਜੇ ਜੋ ਨਿਕਲੇ, ਮੇਰੇ ਖਿਆਲ ਵਿਚ, ਉਹ ਸਾਰਿਆਂ ਲਈ ਹੈਰਾਨਕੁੰਨ ਹਨ । ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਉਤੇ ਜਿੱਤ ਹਾਸਲ ਹੋਈ, ਜਦ ਕਿ ਦੇਸ਼ ਦੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਵੱਡੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਨੂੰ ਭਾਰਤ ਦੀ ਰਾਜਧਾਨੀ ਦਿਲੀ ਵਿਚੋਂ ਕੇਵਲ 3 ਸੀਟਾਂ ਹੀ ਹਾਸਲ ਹੋਈਆਂ । ਹੁਣ ਸੁਆਲ ਪੈਦਾ ਹੁੰਦਾ ਹੈ ਕਿ 2013 ਵਿਚ ਹੋਈਆਂ ਦਿਲੀ ਅਸੈਂਬਲੀ ਦੀਆਂ ਚੋਣਾਂ ਵਿਚ ਜਿਥੇ ਭਾਜਪਾ ਨੂੰ 32 ਸੀਟਾਂ ਮਿਲੀਆਂ ਸਨ ਤੇ ਕੇਜਰੀਵਾਲ ਨੂੰ ਸਿਰਫ਼ 28, ਅੱਜ ਉਥੇ ਕੀ ਸੱਪ ਸੁੰਘ ਗਿਆ ਕਿ ਭਾਜਪਾ ਨੂੰ ਸਿਰਫ਼ 3, ਆਆਪ ਨੂੰ 67, ਕਾਂਗਰਸ ਤੇ ਬਾਦਲਕੇ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਬੀਬੀ ਕਿਰਨ ਬੇਦੀ ਦੀ ਪਤੰਗ ਹੀ ਕਟੀ ਗਈ? ਬਾਵਜੂਦ ਇਸਦੇ ਕਿ ਡੇਰਾ ਸਚਾ ਸੌਦਾ ਦੇ ਸਾਧ ਰਾਮ ਰਹੀਮ ਸਿੰਘ ਨੇ ਸ਼ਰ-ਏ-ਆਮ ਐਲਾਨ ਕਰਨ ਦੇ ਬਾਵਜੂਦ ਕਿ ਮੇਰੇ ਲੱਖਾਂ ਪੈਰੋਕਾਰ ਭਾਜਪਾ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣਗੇ । ਮੇਰੀ ਜਾਚੇ ਇਸਦਾ ਮਤਲਬ ਇਹ ਹੈ ਕਿ ਦਿਲੀ ਦੇ ਸੂਝਵਾਨ ਵੋਟਰ ਇਨ੍ਹਾਂ ਪਾਖੰਡੀ ਬਾਬਿਆਂ ਦੀਆਂ ਚਾਲਾਂ ਵਿਚ ਫਸਣ ਵਾਲੇ ਨਹੀਂ । ਕਾਸ਼! ਇਸ ਗੱਲ ਦੀ ਸਮਝ ਇਨ੍ਹਾਂ ਭਗਵੇ ਪਹਿਰਾਵੇ ਵਾਲੇ ਭਾਜਪਾਈਆਂ ਦੀ ਖੋਪੜੀ ਵਿਚ ਵੀ ਪੈ ਜਾਵੇ ।

ਮੋਦੀ ਦੀ ਇਸ ਸ਼ਰਮਨਾਕ ਹਾਰ ਦੇ 3 ਮੁੱਖ ਕਾਰਨ ਦਸੇ ਜਾ ਰਹੇ ਹਨ । ਇਕ ਤਾਂ ਇਹ ਕਿ ਜਦ ਕਦੇ ਕੋਈ ਜਿੱਤ ਹਾਸਲ ਹੁੰਦੀ ਸੀ, ਤਾਂ ਮੋਦੀ ਆਪਣੇ ਸਿਰ ਉਤੇ ਸਿਹਰਾ ਬੰਨ੍ਹ ਲੈਂਦਾ ਸੀ, ਪਰ ਜਦੋਂ ਕਿਸੇ ਹਾਰ ਦਾ ਮੂੰਹ ਵੇਖਣਾ ਪੈਂਦਾ ਸੀ ਤਾਂ ਚੁਪੀ ਸਾਧ ਲੈਂਦਾ ਸੀ । ਇਸਤੋਂ ਇਲਾਵਾ ਉਹ ਭਾਰਤੀ ਜਨਤਾ ਨਾਲ ਝੂਠੇ ਵਾਅਦੇ ਕਰਦਾ ਰਿਹਾ, ਜੋ ਉਸਨੇ ਅੰਦਰ ਖਾਤੇ ਕਦੇ ਵੀ ਪੂਰੇ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਸੀ । ਇਹ ਗਲ ਅਮਿਤ ਸ਼ਾਹ ਦੇ ਇਕ ਬਿਆਨ ਤੋਂ ਸਪੱਸ਼ਟ ਹੋ ਗਈ ਸੀ । ਫੇਰ ਮੋਦੀ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਚਾਰ ਰੈਲੀਆਂ ਕੀਤੀਆਂ, ਜਿਸਦੀਆਂ ਵੱਡੀਆਂ ਵੱਡੀਆਂ ਅਖ਼ਬਾਰਾਂ ਦੇ ਮੁੱਖ ਸਫ਼ੇ ਉਤੇ ਖ਼ਬਰਾਂ ਛਪੀਆਂ । ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਇਤਿਹਾਸ ਵਿਚ ਦੇਸ਼ ਦੇ ਪ੍ਰਧਾਨ ਮੰਤ੍ਰੀ ਨੂੰ ਆਪਣਾ ਕਦ ਏਡਾ ਛੋਟਾ ਕਰਨਾ ਪਿਆ ਕਿ ਉਸਨੂੰ ਗਲੀ ਗਲੀ ਜਾਕੇ ਲੋਕਾਂ ਤੋਂ ਵੋਟਾਂ ਮੰਗਣੀਆਂ ਪਈਆਂ । ਸ਼ਹਿਰ ਦੇ ਮੁੱਖ ਮਾਰਗਾਂ ਉਤੇ ਵੱਡੇ ਵੱਡੇ ਬਿਲ ਬੋਰਡਾਂ ਉਤੇ ਮੋਦੀ ਦੇ ਚੋਪੜੇ ਹੋਏ ਮੂੰਹ ਵਾਲੀਆਂ ਤਸਵੀਰਾਂ ਟੰਗੀਆਂ ਗਈਆਂ । ਉਨ੍ਹਾਂ ਵਿਚ ਬਤੌਰ ਮੋਦੀ ਦੇ ਪ੍ਰਧਾਨ ਮੰਤ੍ਰੀ ਦੀਆਂ ਪ੍ਰਾਪਤੀਆਂ ਦੱਸਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ । ਇਥੋਂ ਤਕ ਝੂਠਾ ਪ੍ਰਚਾਰ ਕੀਤਾ ਗਿਆ ਕਿ ਮੋਦੀ ਕਰਕੇ ਹੀ ਵਿਸ਼ਵ ਭਰ ਵਿਚ ਗੈਸ ਦੀਆਂ ਕੀਮਤਾਂ ਘਟੀਆਂ ਹਨ ।

ਮੋਦੀ ਦੀ ਹਾਰ ਦਾ ਇਕ ਹੋਰ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਉਸਨੇ ਦਿੱਲੀ ਵਿਚ ਕਿਰਨ ਬੇਦੀ ਨੂੰ ਮੁੱਖ ਮੰਤ੍ਰੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ । ਜਿਸ ਔਰਤ ਕੋਲ ਕੋਈ ਸਿਆਸੀ ਤਜਰਬਾ ਨਾ ਹੋਵੇ, ਰਾਜਨੀਤੀ ਸ਼ਾਸਤਰ ਦਾ ਗਿਆਨ ਨਾ ਹੋਵੇ, ਸਾਰੀ ਉਮਰ ਪੁਲੀਸ ਵਾਲਾ ਡੰਡਾ ਫੜਿਆ ਹੋਵੇ ਤੇ ਨਾਲੇ ਉਸਦੀ ਇਸ ਪਾਰਟੀ ਨੂੰ ਕੋਈ ਦੇਣ ਵੀ ਨਾ ਹੋਵੇ, ਉਸਨੂੰ ਪਾਰਟੀ ਦੇ ਹੋਰ ਅੰਦਰੂਨੀ ਵਰਕਰਾਂ ਦੇ ਵਿਰੋਧ ਦੇ ਬਾਵਜੂਦ ਲਿਆ ਖੜਾ ਕਰਨਾ, ਨਾ ਕੋਈ ਸੂਝ ਵਾਲੀ ਗੱਲ ਸੀ ਤੇ ਨਾ ਹੀ ਦੂਰ ਦਰਸ਼ੀ ਵਾਲੀ । ਭਾਜਪਾਈ ਵਰਕਰ ਸੋਚਦੇ ਸਨ ਕਿ ਕਿਰਨ ਬੇਦੀ ਇਕ ਬਾਹਰਲੀ ਔਰਤ ਹੈ ਤੇ ਉਨ੍ਹਾਂ ਉਤੇ ਉਸਨੂੰ ਮੋਦੀ ਵਲੋਂ ਜ਼ਬਰਦਸਤੀ ਠੋਸਿਆ ਗਿਆ ਹੈ । ਇਥੇ ਇਹ ਗੱਲ ਵੀ ਯਾਦ ਕਰਾਉਣੀ ਜ਼ਰੂਰੀ ਬਣਦੀ ਹੈ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਇਕ ਭੇਦ ਵੀ ਖੋਲ੍ਹਿਆ ਸੀ ਕਿ ਭਾਜਪਾ ਦੇ ਕਈ ਵਰਕਰਾਂ ਦੇ ਉਨ੍ਹਾਂ ਨੂੰ ਟੈਲੀਫੋਨ ਆ ਰਹੇ ਹਨ ਕਿ ਉਹ ਕਿਰਨ ਬੇਦੀ ਨੂੰ ਹਰਾਉਣ ਦੀ ਹਰ ਕੋਸ਼ਿਸ਼ ਕਰਨਗੇ । ਇਸਤੋਂ ਇਹ ਸਿੱਧ ਹੁੰਦਾ ਹੈ ਕਿ ਭਾਜਪਾ ਵਿਚ ਕਿਰਨ ਬੇਦੀ ਦੀ ਕੋਈ ਥਾਂ ਨਹੀਂ ਤੇ ਉਸ ਕਰਕੇ ਪਾਰਟੀ ਵਿਚ ਅੰਦਰੂਨੀ ਫੁਟ ਹੈ ਤੇ ਸੀ । ਇਸਤੋਂ ਇਲਾਵਾ ਕਿਰਨ ਬੇਦੀ ਲੋਕਾਂ ਦੀ ਉਮੀਦਵਾਰ ਨਹੀਂ ਬਣ ਸਕੀ, ਉਹ ਹਵਾਵਾਂ ਵਿਚ ਹੀ ਉਡਦੀ ਰਹੀ ਕਿ ਉਸਨੂੰ ਮੋਦੀ ਨੇ ਦਿੱਲੀ ਲਈ ਮੁੱਖ ਮੰਤ੍ਰੀ ਲਈ ਚੁਣ ਲਿਆ ਹੈ ।

ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦਾ ਆਲਾ ਦੁਆਲਾ ਬਹੁਤ ਮੈਲਾ ਹੋ ਚੁਕਾ ਹੈ ਤੇ ਉਸਨੇ ਉਸਨੂੰ ਸਾਫ਼ ਕਰਨ ਲਈ ਆਪਣਾ ਮੂੰਹ ਸੀਤਾ ਹੋਇਆ ਹੈ । ਧਰਮ ਪਰਿਵਰਤਣ ਜਾਂ ਘਰ ਵਾਪਸੀ ਦੀਆਂ ਗਲਾਂ, ਘੱਟ ਗਿਣਤੀਆਂ ਨਾਲ ਦੁਰ ਵਿਹਾਰ ਤੇ ਵਿਤਕਰਾ, ਗੁਜਰਾਤ ਵਿਚੋਂ ਕਈ ਦਹਾਕਿਆਂ ਤੋਂ ਵਸਦੇ ਸਿੱਖ ਪਰਿਵਾਰਾਂ ਨੂੰ ਕੁੱਟ ਮਾਰ ਕੇ ਭਜਾ ਦੇਣਾ, ਭਾਜਪਾ ਦਾ ਫਿਰਕੂ ਹੋਣਾ, ਉਸਦੇ ਲੀਡਰ ਸਵਾਮੀ ਓਮ ਦਾ ਸ਼ਰ-ਏ-ਆਮ ਕੇਜਰੀਵਾਲ ਨੂੰ ਗੋਲੀ ਮਾਰ ਕੇ ਮਾਰ ਦੇਣ ਦੀ ਧਮਕੀ ਦੇਣਾ ਤੇ ਮੋਦੀ  ਦਾ ਪੂਰੀ ਤਰ੍ਹਾਂ ਖ਼ਾਮੋਸ਼ ਰਹਿਣਾ ਕੀ ਸੰਕੇਤ ਦਿੰਦਾ ਹੈ? ਪਾਠਕ ਇਸ ਬਾਰੇ ਆਪ ਹੀ ਦੱਸਣ । ਇਥੇ ਇਕ ਸੁਆਲ ਜ਼ਰੂਰ ਖੜਾ ਹੁੰਦਾ ਹੈ । ਭਾਰਤ ਦੇ ਸੰਵਿਧਾਨ ਵਿਚ ਕਿਸੇ ਦਾ ਕਤਲ ਕਰਨਾ ਜਾਂ ਇਰਾਦਾ ਕਤਲ ਦੋਵੇਂ ਇਕੋ ਜਿਹੇ ਜੁਰਮ ਹਨ ਤੇ ਕਾਨੂੰਨ ਦੀਆਂ ਧਾਰਾਵਾਂ ਮੁਤਾਬਕ ਉਨ੍ਹਾਂ ਉਤੇ ਮੁਕਦਮਾ ਚਲਾਇਆ ਜਾਂਦਾ ਹੈ । ਕੀ ਮੋਦੀ ਬਤੌਰ ਪ੍ਰਧਾਨ ਮੰਤ੍ਰੀ ਇਸ ਵਿਸ਼ੇ ਉਤੇ ਆਪਣੀ ਜ਼ੁਬਾਨ ਖੋਲ੍ਹਣਗੇ ਜਾਂ ਹਮੇਸ਼ਾਂ ਦੀ ਤਰ੍ਹਾਂ ਚੁਪ ਹੀ ਸਾਧੀ ਰੱਖਣਗੇ? ਪਾਠਕਾਂ ਨਾਲ ਇਥੇ ਇਕ ਹੋਰ ਦਿਲਚਸਪ ਗਲ ਸਾਂਝੀ ਕਰਨੀ ਜ਼ਰੂਰੀ ਹੈ । ਨੀਊ ਯਾਰਕ ਟਾਈਮਜ਼ ਨੇ 6 ਫਰਵਰੀ ਨੂੰ ਆਪਣੇ ਸੰਪਾਦਕੀ ਵਿਚ ਭਾਰਤ ਦੇ ਪ੍ਰਧਾਨ ਮੰਤ੍ਰੀ ਦੀ ਨਿੰਦਾ ਕਰਦਿਆਂ ਲਿਖਿਆ ਹੈ ਕਿ ਭਾਰਤ ਵਿਚ ਫਿਰਕਾਪ੍ਰਸਤੀ ਉਤੇ ਪ੍ਰਧਾਨ ਮੰਤ੍ਰੀ ਮੋਦੀ ਦੀ ਖ਼ਾਮੋਸ਼ੀ ਖਤਰਨਾਕ ਹੈ । ਸੰਪਾਦਕੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਧਰਮ ਵਾਪਸੀ ਵਾਲੀਆਂ ਗੱਲਾਂ “ਅੱਗ ਨਾਲ ਖੇਡਣ” ਵਾਲੀਆਂ ਹਨ । ਉਸਦੀ ਖ਼ਾਮੋਸ਼ੀ ਇਹ ਸੰਕੇਤ ਦਿੰਦੀਆਂ ਹਨ ਕਿ ਮੋਦੀ ਨੂੰ ਇਨ੍ਹਾਂ ਘਟਨਾਵਾਂ ਉਤੇ ਕੋਈ ਇਤਰਾਜ਼ ਨਹੀਂ । ਪਿਛਲੇ ਦੋ ਮਹੀਨਿਆਂ ਵਿਚ ਈਸਾਈ ਮਤ ਦੇ ਦੋ ਗਿਰਜਿਆਂ ਨੂੰ ਅਗ ਲਗਾਈ ਗਈ ਤੇ ਲੁਟ ਮਾਰ ਕੀਤੀ ਗਈ ।

ਖ਼ੈਰ ਹੁਣ ਦੇਖਣਾ ਹੋਵੇਗਾ ਕਿ ਕੇਜਰੀਵਾਲ ਦੀ ਹੂੰਝਾ ਫੇਰ ਜਿੱਤ ਤੇ ਮੋਦੀ ਦੀ ਹੂੰਝਾ ਫੇਰ ਹਾਰ ਨਾਲ ਅੱਗੋਂ ਕੀ ਹੋਵੇਗਾ? ਸਪੱਸ਼ਟ ਹੈ: ਕੇਜਰੀਵਾਲ ਭਾਰਤ ਦੇ ਦਿਲ ਦਿੱਲੀ ਵਿਚ ਬੈਠਾ ਹੈ । ਦਿੱਲੀ ਭਾਰਤ ਦੀ ਇਕ ਮਾਡਲ ਸਟੇਟ ਹੋਵੇਗੀ । ਦਿਲੀ ਦੀ ਜਿੱਤ ਦਾ ਅਸਰ ਭਾਰਤ ਦੇ ਦੂਜੇ ਸੂਬਿਆਂ ਅਤੇ ਭਾਰਤ ਦੀ ਪਾਰਲੀਮੈਂਟ ਉਤੇ ਵੀ ਚੰਗਾ ਚੋਖਾ ਪਵੇਗਾ । ਉਸਦੇ ਚੰਗੇ ਮਾੜੇ ਕੰਮਾਂ ਦੀ ਮੀਡੀਏ ਵਿਚ ਚਰਚਾ ਹੋਵੇਗੀ । ਕੇਜਰੀਵਾਲ ਸੰਭਲ ਕੇ ਕਦਮ ਪੁਟੇਗਾ ਤਾਂ ਕਿ ਉਹ ਆਪਣੇ ਸੁਪਨਿਆਂ ਦਾ ਭਾਰਤ ਸਿਰਜ ਸਕੇ । ਭਾਰਤ ਨੂੰ ਇਕ ਸੋਨ-ਚਿੜੀ ਬਣਾ ਸਕੇ । ਭ੍ਰਿਸ਼ਟਾਚਾਰ, ਮੁਨਾਫ਼ਾਖੋਰੀ, ਜ਼ਖ਼ੀਰੇਬਾਜ਼ੀ ਨੂੰ ਖਤਮ ਕਰ ਸਕੇ । ਗੁਨਾਹਗਾਰ ਲੋਕਾਂ ਨੂੰ ਸਜ਼ਾ ਦਿਵਾ ਸਕੇ, ਬੇਗੁਨਾਹਗਾਰਾਂ ਨੂੰ ਸਜ਼ਾਵਾਂ ਤੋਂ ਨਿਜਾਤ ਦਿਵਾ ਸਕੇ । ਉਹ ਇਕ ਪੜ੍ਹਿਆ ਲਿਖਿਆ ਨੌਜੁਆਨ ਹੈ, ਈਮਾਨਦਾਰ ਹੈ, ਦੂਰ-ਅੰਦੇਸ਼ ਹੈ, ਭਾਰਤ ਦਾ ਵਫ਼ਾਦਾਰ ਸਿਪਾਹੀ ਹੈ, ਮਨ ਵਿਚ ਦੁਸ਼ਮਣੀ ਨਹੀਂ ਰਖਦਾ । ਆਪਣੇ ਉਤੇ ਹਮਲਾ ਕਰਨ ਵਾਲਿਆਂ ਨੂੰ ਵੀ ਬਾਬਾ ਫਰੀਦ ਜੀ ਦੇ ਸਲੋਕ: “ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ” ॥ ਵਾਂਗ ਉਨ੍ਹਾਂ ਦੇ ਘਰ ਵਿਚ ਫੁਲਾਂ ਦਾ ਗੁਲਦਸਤਾ ਲਿਜਾ ਕੇ ਉਨ੍ਹਾਂ ਨੂੰ ਮੁਆਫ਼ ਕਰ ਕੇ ਆਪਣੇ ਗਲੇ ਲਗਾ ਲੈਂਦਾ ਹੈ । ਸ਼ਾਲਾ! ਪ੍ਰਮਾਤਮਾ ਅਰਵਿੰਦ ਕੇਜਰੀਵਾਲ ਦੇ ਅੰਗ ਸੰਗ ਹੋ ਕੇ ਦਿਲੀ ਦੇ ਮੁੱਖ ਮੰਤ੍ਰੀ ਦੀ ਉਸ ਕੋਲੋਂ ਸੇਵਾ ਸਿਰੇ ਚੜ੍ਹਵਾਉਣ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>