ਸਮਕਾਲੀਨ ਸਮਾਜ ਅਤੇ ਸਿਆਸਤ ਦਾ ਸ਼ੀਸ਼ਾ

ਡਾ.ਲਕਸ਼ਮੀ ਨਰਾਇਣ ਭੀਖੀ,

‘ਸਮਕਾਲੀਨ ਸਮਾਜ ਅਤੇ ਸਿਆਸਤ’ ਉਜਾਗਰ ਸਿੰਘ ਦੇ ਨਿਬੰਧਾਂ ਦੀ ਚੰਗੀ ਪੁਸਤਕ ਆਖੀ ਜਾ ਸਕਦੀ ਹੈ ਜੋ ਅਜੋਕੇ ਸਮਾਜੀ ਵਰਤਾਰਿਆਂ,ਧਾਰਮਿਕ ਮਸਲਿਆਂ,ਭਾਸ਼ਾਈ ਸੰਕਟਾਂ ਤੇ ਸਥਿਤੀਆਂ,ਵਰਤਮਾਨ ਸਿਆਸਤ ਦੀਆਂ ਅੰਦਰਲੀਆਂ ਤਸਵੀਰਾਂ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਅਦਬੀ ਲੋਕਾਂ ਦੇ ਰੇਖਾ ਚਿਤਰ ਵੀ ਮੌਜੂਦ ਹਨ ਅਤੇ ਲੇਖਕ ਨੇ ਲੋਕਲ ਸੰਕਟਾਂ ਦੇ ਨਾਲ ਨਾਲ ਵਿਸ਼ਵੀਕਰਨ ਦੇ ਸੰਕਟਾਂ ਨੂੰ ਦ੍ਰਿਸ਼ਟਮਾਨ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਖੱਟੇ ਮਿੱਠੇ ਤਜ਼ਬਿਆਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ,ਇਸ ਤਰ੍ਹਾਂ ਲੇਖਕ ਨੇ ਆਪਣੇ ਨਿੱਜ ਤੋਂ ਲੈ ਕੇ ਆਲੇ ਦੁਆਲੇ,ਸੂਬੇ,ਦੇਸ਼ ਅਤੇ ਵਿਸ਼ਵਵਿਆਪਕਤਾ ਨੂੰ ਆਪਣੇ ਸਿਰਜਣਾਤਮਿਕ ਘੇਰੇ ਵਿਚ ਲਿਆਂਦਾ ਹੈ ਤਾਂ ਕਿ ਪਾਠਕ ਵਰਗ ‘ਚ ਜਗਿਆਸਾ ਵੀ ਪੈਦਾ ਕੀਤੀ ਜਾ ਸਕੇ ਅਤੇ ਜਾਗਰੂਕਤਾ ਲਿਆਂਦੀ ਜਾ ਸਕੇ। ਚਰਚਿਤ ਪੁਸਤਕ ਦੇ ਸਾਰੇ ਲੇਖ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹੋਣ ਕਰਕੇ ਹਰ ਮਨੁੱਖ ਤੋਂ ਤਵਜੋ ਅਤੇ ਚਿੰਤਨਸ਼ੀਲਤਾ ਦੀ ਮੰਗ ਕਰਦੇ ਹਨ।

ਲੇਖਕ ਦਾ ਸੱਭ ਤੋਂ ਪਹਿਲਾ ਲੇਖ ਕੁਦਰਤੀ ਵਸੀਲਿਆਂ ਦੀ ਦੁਰਵਰਤੋਂ ਨਾਲ ਸੰਬੰਧਤ ਹੈ ਕਿਉਂ ਜੋ ਵਾਤਾਵਰਨ ਵਿਚ ਵਿਗਾੜ ਦਾ ਮਸਲਾ ਕਿਸੇ ਸੂਬੇ ਜਾਂ ਦੇਸ਼ ਤੀਕ ਸੀਮਤ ਨਾ ਹੋ ਕੇ ਸੰਸਾਰ ਵਿਆਪੀ ਮੁੱਦਾ ਬਣ ਚੁੱਕਿਆ ਹੈ। ਅਜੋਕੇ ਸਮੇਂ ‘ਚ ਸੁਆਰਥਾਂ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦਾ ਘਾਣ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਭਵਿੱਖ ਵਿਚ ਗੰਭੀਰ ਸਿੱਟੇ ਨਿਕਲਣਗੇ। ਲੇਖਕ ਲੋਕਾਂ ਨੂੰ ਸੁਚੇਤ ਕਰਦਾ ਹੈ ਕਿ ਸਰਕਾਰ ਸੰਕਟਾਂ ਨੂੰ ਹੱਲ ਕਰਨ ਦੀ ਵਿਜਾਏ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰ ਰਹੀ ਹੈ। ਲੇਖਕ ਅਜੋਕੇ ਸਿਆਸੀ ਪ੍ਰਬੰਧਾਂ ਦੀ ਦਿਸ਼ਾਹੀਣਤਾ ਤੇ ਕਰਾਰੀਆਂ ਚੋਟਾਂ ਕਰਦਾ ਹੈ ਜੋ ਮਨੁੱਖਾਂ ਨੂੰ ਤਕਨਾਲੋਜੀਕਲ ਵਿਕਾਸ ਰਾਹੀਂ ਨੇੜੇ ਨੇੜੇ ਤਾਂ ਲਿਆ ਰਹੇ ਹਨ,ਪਰ ਮਨੁੱਖ ਪਰਿਵਾਰਿਕ ਤ੍ਰੇੜਾਂ ਕਾਰਨ ਇਕ ਦੂਜੇ ਤੋਂ ਦੂਰ ਦੂਰ ਜਾ ਰਿਹਾ ਹੈ। ਇਕੱਲਤਾ ਦਾ ਸ਼ਿਕਾਰ ਮਨੁੱਖ ਨਸ਼ਿਆਂ ਦੀ ਗ੍ਰਿਫ਼ਤ ‘ਚ ਫਸ ਗਿਆ ਹੈ। ਨਸ਼ਿਆਂ ਦਾ ਜਾਲ ਉਸ ਨੂੰ ਨਿਕਲਣ ਨਹੀਂ ਦੇ ਰਿਹਾ। ਨਸ਼ਿਆਂ ਦਾ ਵਪਾਰ ਜਵਾਨੀਆਂ ਨੂੰ ਕੁਰਾਹੇ ਪਾ ਰਿਹਾ ਹੈ,ਤਬਾਹ ਕਰ ਰਿਹਾ ਹੈ। ਇਹਨਾਂ ਲੇਖਾਂ ਨੂੰ ਪੜ੍ਹਕੇ ਲੱਗਦਾ ਹੈ ਕਿ ਸਮਾਜ ਦਾ ਆਰਥਿਕ (ਬਾਹਰੀ) ਵਿਕਾਸ ਤਾਂ ਹੋ ਰਿਹਾ ਹੈ ਲੇਕਿਨ ਆਤਮਿਕ (ਆਂਤਰਿਕ) ਤੌਰ ਤੇ ਵਿਨਾਸ਼ ਹੀ ਹੋ ਰਿਹਾ ਹੈ। ਜਿਸ ਸਦਕਾ ਮਾਸੂਮੀਅਤ ਨਾਲ ਖਿਲਵਾੜ ਹੋ ਰਹੇ ਹਨ। ਔਰਤ ਨੂੰ ਜਨਮ ਤੋਂ ਲੈ ਕੇ ਮਰਨ ਤੀਕ ਦੋਖੀ ਤੇ ਦੋਸ਼ੀ ਮੰਨਿਆਂ ਜਾ ਰਿਹਾ ਹੈ। ਰੁਚਿਕਾ ਵਾਂਗ ਅੱਜ ਵੀ ਕੁੜੀਆਂ ਹੈਵਾਨੀਅਤ ਦਾ ਸ਼ਿਕਾਰ ਬਣਦੀਆਂ ਬਣਦੀਆਂ ਹਨ। ਲੇਖਕ ਔਰਤ ਦੀ ਵਰਤਮਾਨ ਦੁਰਦਸ਼ਾ ਦੇਖ ਕੇ,ਉਸ ਦੀ ਪੁਕਾਰ ਸੁਣਨ ਲਈ ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਨੂੰ ਯਾਦ ਕਰਦਾ ਹੈ।

ਲੇਖਕ ਵਰਤਮਾਨ ਵਿਕਾਸ ਤੇ ਸਵਾਲ ਕਰਦਾ ਹੈ ਕਿ ਇਹ ਪ੍ਰਗਤੀਵਰ ਹੈ ਜਾਂ ਸਰਾਪ,ਜੋ ਨੌਜਵਾਨ ਮੁਡੇ ਕੁੜੀਆਂ ਨੂੰ ਨੈਤਿਕਤਾ ਦੀਆਂ ਲੀਹਾਂ ਤੋਂ ਲਾਹ ਰਹੀ ਹੈ,ਸੰਚਾਰ ਮੀਡੀਆ ਕਦਰਾਂ ਕੀਮਤਾਂ ਦਾ ਘਾਣ ਕਰਨ ਲਈ,ਹਰ ਤਰ੍ਹਾਂ ਦੇ ਤੌਰ ਤਰੀਕੇ ਵਰਤ ਰਿਹਾ ਹੈ। ਲੇਖਕ ਸਰਕਾਰੀ ਤੰਤਰ ਦੇ ਥਾਂ ਥਾਂ ਪਾਜ ਉਘਾੜਦਾ ਹੈ ਕਿ ਸਰਕਾਰ ਲੋਕਾਂ ਨੂੰ ਲਾਭ ਮੈਰਿਟ ਅਧਾਰਿਤ ਨਹੀਂ ਦਿੰਦੀ ਬਲਕਿ ਵਧੇਰੇ ਲਾਭ ਚਹੇਤਿਆਂ ਨੂੰ ਹੀ ਦਿੱਤੇ ਜਾਂਦੇ ਹਨ। ਸਰਕਾਰ ਅਜਿਹੀਆਂ ਨੀਤੀਆਂ ਲਿਆਉਂਦੀ ਤੇ ਬਣਾਉਂਦੀ ਹੈ,ਜਿਸ ਨਾਲ ਪ੍ਰਬੰਧਾਂ ‘ਚ ਕਾਬਜ਼ ਲੋਕਾਂ ਨੂੰ ਹੀ ਲਾਭ ਮਿਲ ਰਹੇ ਹਨ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਨੀਤੀਆਂ ਦਾ ਲਾਭ ਆਮ ਲੋਕਾਂ ਨੂੰ ਨਹੀਂ ਮਿਲ ਰਿਹਾ ਕਿਉ ਜੋ ਅਧਿਆਪਕ ਵਰਗ ਤੋਂ ਗ਼ੈਰ ਅਕਾਦਮਿਕ ਕੰਮ ਲਏ ਜਾ ਰਹੇ ਹਨ। ਵਿਦਿਅਕ ਖੇਤਰ ਦੇ ਸੁਧਾਰਾਂ ਦੀ ਥਾਂ ਨਿਘਾਰ ਹੀ ਸਾਹਮਣੇ ਆ ਰਹੇ ਹਨ।

ਇਸ ਪੁਸਤਕ ਦਾ ਦੂਜਾ ਭਾਗ ਧਾਰਮਿਕ ਪੱਖਾਂ ਨਾਲ ਸੰਬੰਧਿਤ ਹੈ। ਲੇਖਕ ਨੇ ਦੱਸਿਆ ਹੈ ਕਿ ਸਿਆਸੀ ਆਗੂ ਕਿਵੇਂ ਧਰਮ ਨੂੰ ਰਾਜਨੀਤਕ ਹਿੱਤਾਂ ਅਤੇ ਸਵਾਰਥਾਂ ਲਈ ਵਰਤ ਰਹੇ ਨੇ,ਧਰਮ ਨਾਲ ਖਿਲਵਾੜ ਕਰ ਰਹੇ ਨੇ,ਸਿੱਖ ਸਿਧਾਂਤਾਂ ਤੋਂ ਦੂਰ ਜਾ ਰਹੇ ਨੇ। ਰਹਿਤ ਮਰਿਯਾਦਾ ਨੂੰ ਸਿੱਕੇ ਤੇ ਟੰਗ ਰਹੇ ਨੇ। ਲੇਖਕ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦਾ ਨਾਂ ਫ਼ਖ਼ਰ ਨਾਲ ਲੈਂਦਾ ਹੈ ਜੋ ਸਿਆਸੀ ਹੁੰਦੇ ਹੋਏ ਵੀ ਧਾਰਮਿਕ ਮਰਿਯਾਦਾ ਦਾ ਪਾਲਣ ਕਰਦੇ ਸਨ। ਪ੍ਰੰਤੂ ਸਿਆਸੀ ਪ੍ਰਬੰਧਾਂ ਨੇ ਇਹਨਾਂ ਸੱਚੇ ਸੁੱਚੇ ਲੋਕਾਂ ਨੂੰ ਬਖ਼ਸ਼ਿਆ ਨਹੀਂ। ਸੱਚ ਨੂੰ ਸਜਾ ਨਾਮੀ ਲੇਖ,ਧਾਰਮਿਕ ਪਾਖੰਡ ਤੇ ਕਰਾਰੀ ਚੋਟ ਹੈ। ਇਸ ਭਾਗ ਵਿਚ ਮੀਰੀ ਪੀਰੀ ਦੇ ਸੰਕਲਪ ਦੀ ਮਹੱਤਤਾ ਅਤੇ ਐਸ.ਪੀ.ਜੀ.ਸੀ. ਦੇ ਵਰਤਮਾਨ ਰੋਲ ਦੀ ਸਮੀਖਿਆ ਕੀਤੀ ਗਈ ਹੈ ਕਿ ਕਿਵੇਂ ਇਸ ਅਦਾਰੇ ‘ਚ ਬਹੁਤ ਕੁਝ ਅਜਿਹਾ ਹੈ ਜੋ ਠੀਕ ਨਹੀਂ ਹੈ।

ਲੇਖਕ ਧਾਰਮਿਕ ਖੇਤਰ ਦੇ ਅਧਾਰਮਿਕ ਪੱਖਾਂ ਤੇ ਉਂਗਲ ਧਰਦਾ ਹੈ,ਕਿ ਸਿੱਖ ਹੀ ਸਿੱਖਾਂ ਦੇ ਦੁਸ਼ਮਣ ਹਨ। ਇਹਨਾਂ ਦੀ ਪਾਟੋ ਧਾੜ ਹੀ ਹੈ ਜੋ ਸਿੱਖ ਪੰਥ ਦੇ ਰਾਹ ਵਿਚ ਰੋੜਾ ਹੈ। ਲੇਖਕ ਨੇ ਧਾਰਮਿਕ ਲੋਕਾਂ ‘ਚ ਆਈ ਹਊਮੈ ਨੂੰ ਅਧਿਆਤਮਿਕ ਖੇਤਰ ਦੀ ਬਦਸ਼ਗਨੀ ਸਮਝਿਆ ਹੈ ਕਿਉਂ ਜੋ ਅਜੋਕੇ ਯੁੱਗ ਵਿਚ ਸਨਿਆਸ ਵੀ ਮਾਇਆਧਾਰੀ ਬਣਦਾ ਜਾ ਰਿਹਾ ਹੈ। ਇਸ ਨੂੰ ਵਪਾਰ ਬਣਾਇਆ ਜਾ ਰਿਹਾ ਹੈ। ਢੋਂਗੀ ਬਾਬੇ ਸਮਾਜ ਨੂੰ ਪਲੀਤ ਕਰ ਰਹੇ ਹਨ। ਉਥੇ ਲੇਖਕ ਨੇ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ,ਬਾਬਾ ਗੁਰਿੰਦਰ ਸਿੰਘ ਅਤੇ ਪ੍ਰੋ.ਕਿਰਪਾਲ ਸਿੰਘ ਬਡੂੰਗਰ ਵਰਗੀਆਂ ਸਖ਼ਸ਼ੀਅਤਾਂ ਤੋਂ ਸੰਤੁਸ਼ਟੀ ਵੀ ਜ਼ਾਹਰ ਕੀਤੀ ਹੈ,ਜੋ ਧਾਰਮਿਕ ਨਿਰਪੱਖ਼ਤਾ ਲਈ ਸ਼ੁਭ ਸੰਕੇਤ ਸਮਝੇ ਜਾ ਸਕਦੇ ਹਨ। ਲੇਖਕ ਨੇ ਤਰਕਸ਼ੀਲ ਲਹਿਰ ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ,ਉਸ ਨੂੰ ਹੋਰ ਵੀ ਵਿਸ਼ਾਲ ਹੋਣ ਲਈ ਤਾਕੀਦ ਕੀਤੀ ਹੈ। ਲੇਖਕ ਨੇ ਸਿੱਖ ਧਰਮ ਦੇ ਮੌਜੂਦਾ ਪ੍ਰਚਾਰ,ਪ੍ਰਸਾਰ ਤੋਂ ਅਸੰਤੁਸ਼ਟਤਾ ਪ੍ਰਗਟਾਉਂਦਿਆਂ ਹੋਇਆਂ,ਇਸਾਈ ਪ੍ਰਚਾਰ ਦੇ ਤਰੀਕਿਆਂ ਨੂੰ ਪ੍ਰਭਾਵਸ਼ਾਲੀ ਮੰਨਿਆਂ ਹੈ। ਇਸ ਤਰ੍ਹਾਂ ਲੇਖਕ ਧਰਮ ਦੇ ਨਾਂਹ ਪੱਖੀ ਅਤੇ ਹਾਂ ਪੱਖੀ ਦੋਵਾਂ ਪਹਿਲੂਆਂ ਨੂੰ ਤੁਲਨਾਤਮਿਕ ਤੌਰ ਤੇ ਦ੍ਰਿਸ਼ਟੀ ਗੋਚਰ ਕਰਦਾ ਹੈ।
ਇਸ ਪੁਸਤਕ ਵਿਚ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ ਕਿ ਪੰਜਾਬੀ ਭਾਸ਼ਾ ਦੇ ਵਿਸ਼ਾਲ ਘੇਰੇ ਨੂੰ ਕਿਵੇਂ ਸੀਮਤ ਕੀਤਾ ਜਾ ਰਿਹਾ ਹੈ। ਪੰਜਾਬੀ ਸੂਬਾ ਬਣਨ (1966)ਤੋਂ ਪਹਿਲਾਂ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ। ਕਦੇ ਹਰਿਆਣੇ ਵਿਚੋਂ ਪੰਜਾਬੀ ਨੂੰ ਹਟਾ ਦਿੱਤਾ ਗਿਆ ਤੇ ਕਦੇ ਦੂਜੀ ਭਾਸ਼ਾ ਬਣਾ ਦਿੱਤਾ ਗਿਆ,ਹਿਮਾਚਲ ਵਿਚ ਵੀ ਇਹਦਾ ਪ੍ਰਭਾਵ ਘਟਿਆ ਹੈ। ਪੰਜਾਬ ਵਿਚ ਵੀ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਇਸ ਨੂੰ ਲਾਜ਼ਮੀ ਵਿਸ਼ੇ (ਅਤੇ ਬੋਲੀ) ਦੀ ਥਾਂ ਜਾਂ ਤਾਂ ਚੋਣਵੇਂ ਵਿਸ਼ੇ ਬੋਲੀ ਵਜੋਂ ਲਿਆ ਜਾ ਰਿਹਾ ਹੈ,ਜਾਂ ਫੇਰ ਨਕਾਰਿਆ ਜਾ ਰਿਹਾ ਹੈ। ਇਸ ਤਰ੍ਹਾਂ ਲੇਖਕ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਤੋਂ ਚਿੰਤਾਤੁਰ ਹੈ। ਲੇਕਿਨ ਉਹ ਫਿਰੋਜਦੀਨ ਸ਼ਰਫ਼ ਅਤੇ ਧਨੀ ਰਾਮ ਚਾਤ੍ਰਿਕ ਜਿਹੇ ਸ਼ਾਇਰਾਂ ਤੋਂ ਮਨੋਬਲ ਲੈ ਕੇ ਸਿਆਸੀ ਪ੍ਰਬੰਧਾਂ ਦੇ ਵਖੀਏ ਉਧੇੜ ਦਿੰਦਾ ਹੈ।
ਪੁਛੀ ਸ਼ਰਫ਼ ਨਾ ਜਿਹਨਾਂ ਬਾਤ ਮੇਰੀ
ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ
ਮਤਰੇਈਆਂ ਨੂੰ ਪਰੇ ਹਟਾ ਕੇ ਮਾਂ ਰਾਣੀ ਤਖ਼ਤ ਬਹਾਇਆ
ਇਹੋ ਜਹੀ ਮਨੋਹਰ ਮਿੱਠੀ,ਹੋਰ ਕੋਈ ਨਹੀਂ ਬੋਲੀ ਡਿੱਠੀ  (ਪੰਨਾ 107)

ਲੇਖਕ ਪਰਵਾਸੀ ਪੰਜਾਬੀ ਸੰਮੇਲਨ ਪਿਛੇ ਕੰਮ ਕਰ ਰਹੀ ਸਿਆਸਤ ਨੂੰ ਉਜਾਗਰ ਕਰਦਾ ਹੈ। ਭਾਸ਼ਾ ਵਿਭਾਗ ਦੀ ਕਾਰਗੁਜ਼ਾਰੀ ਤੇ ਵਿਅੰਗਾਤਮਿਕ ਟਿੱਪਣੀਆਂ ਕਰਦਾ ਹੈ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਭਾਸ਼ਾ ਦੇ ਮਾਹਿਰ ਨਹੀਂ ਹੁੰਦੇ,ਇਸ ਕਰਕੇ ਭਾਸ਼ਾ ਦੀ ਉਨਤੀ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਲਈ ਇਨਾਮਾਂ ਸਨਮਾਨਾ ‘ਚ ਭਾਈ ਭਤੀਜਾਵਾਦ ਹੋਣਾ ਕੁਦਰਤੀ ਹੈ। ਇਨਾਮਾਂ ਸਨਮਾਨਾਂ ਵਿਚਲੀਆਂ ਧਾਂਦਲੀਆਂ,ਪੰਜਾਬੀ ਭਾਸ਼ਾ ਦੇ ਮਿਆਰ,ਪਾਸਾਰ ਨੂੰ ਹੋਰ ਵੀ ਗਿਰਾਵਟ ਵਲ ਲਿਆ ਰਹੀਆਂ ਹਨ। ਲੇਖਕ ਸਿਆਸਤਦਾਨਾਂ ਦੀ ਖਸ਼ਲਤ ਇਹਨਾਂ ਸ਼ਬਦਾਂ ਰਾਹੀਂ ਨੰਗੀ ਕਰਦਾ ਹੈ ਕਿ

ਅੰਨ੍ਹਾਂ ਵੰਡੇ ਸੀਰਨੀਆਂ,ਮੁੜ ਮੁੜ ਆਪਣਿਆਂ ਨੂੰ
ਜਿਸ ਦੀ ਲਾਠੀ ਉਸ ਦੀ ਭੈਂਸ (ਪੰਨਾ 117)

ਲੇਖਕ ਨੇ ਇਸ ਪੁਸਤਕ ‘ਚ ਕੁਝ ਮਹੱਤਵਪੂਰਨ ਸਖ਼ਸ਼ੀਅਤਾਂ ਦੇ ਰੇਖਾ ਚਿੱਤਰ ਲਿਖੇ ਹਨ। ਜਿਸ ‘ਚੋਂ ਡਾ.ਮਨਮੋਹਨ ਸਿੰਘ,ਕਸ਼ਮੀਰ ਸਿੰਘ ਪੰਨੂੰ,ਸ਼ਸ਼ੀ ਸੂਦ,ਬਾਰੇ ਬਾਰੀਕੀ ਨਾਲ ਲਿਖਿਆ ਹੈ। ਲੇਕਿਨ ਪਾਕਿਸਤਾਨ ਦੇ ਸੁਪ੍ਰਸਿਧ ਸ਼ਾਇਰ ਚਿਰਾਗਦੀਨ ਦਾਮਨ ਅਤੇ ਇੰਦਰਜੀਤ ਹਸਨਪੁਰੀ ਬਾਰੇ ਲਿਖਕੇ,ਲੇਖਕਾਂ ਕਵੀਆਂ ਨੂੰ ਸਹਿਜ,ਸਰਲ ਅਤੇ ਸਪਸ਼ਟ ਲਿਖਣ ਦੀਆਂ ਮੱਤਾਂ ਵੀ ਦਿੱਤੀਆਂ ਹਨ। ਇਉਂ ਲਗਦਾ ਹੈ,ਜਿਵੇਂ ਲੇਖਕ ਪਾਠਕਾਂ ਨੂੰ ਫੁੱਲ ਸੁੰਘਾ ਰਿਹਾ ਹੋਵੇ ਤੇ ਫ਼ਲਾਂ ਦਾ ਰਸ ਪਿਆ ਰਿਹਾ ਹੋਵੇ। ਉਹਨਾਂ ਨੇ ਇਹਨਾਂ ਸ਼ਾਇਰਾਂ ਦੀ ਘਾਲਣਾ,ਪ੍ਰਤੀਬੱਧਤਾ ਤੇ ਵਿਲੱਖਣਤਾ ਵੀ ਦੱਸੀ ਤੇ ਦਾਮਨ ਦਾ ਹੋਰਨਾਂ ਭਾਸ਼ਾਵਾਂ ਬਾਰੇ ਵਤੀਰਾ ਵੀ ਸਾਫ਼ ਹੋ ਜਾਂਦਾ ਹੈ:

ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ
ਪੁੱਛਦੇ ਹੋ ਮੇਰੇ ਦਿਲ ਦੀ ਬੋਲੀ,ਹਾਂ ਜੀ ਹਾਂ ਪੰਜਾਬੀ ਏ (ਪੰਨਾ 130)

ਹਸਨਪੁਰੀ ਬਾਰੇ ਲੇਖ ਪੜ੍ਹਕੇ ਉਸਦੀ ਲੇਖਕਾਂ ਪ੍ਰਤੀ ਮੁਹੱਬਤ ਦਾ ਪਤਾ ਲੱਗਦਾ ਹੈ ਕਿ ਉਹ ਦੋਸਤਾਂ ਕਾਰਨ ਟਰੇਨ ਖੁੰਝ ਜਾਣ ਤੇ ਰੇਲਵੇ ਸਟੇਸ਼ਨ ਤੇ ਹੀ ਰਾਤ ਕੱਟ ਲੈਂਦਾ ਸੀ। ਅਜ਼ਾਦੀ ਬਾਰੇ ਹਸਨਪੁਰੀ ਦੀ ਧਾਰਨਾ ਕਿੰਨੀ ਯਥਾਰਥਕ ਜਾਪਦੀ ਹੈ-
ਕਹਿੰਦੇ ਦੇਸ਼ ਅਜ਼ਾਦ ਹੋ ਗਿਆ
ਮੈਂ ਕਹਿਦਾਂ ਬਰਬਾਦ ਹੋ ਗਿਆ। (ਪੰਨਾ 136-37)

ਲੇਖਕ ਨੇ ਚੰਡੀਗੜ੍ਹ ਦੇ ਰਾਈਟਰਜ਼ ਕਾਰਨਰ ਦਾ ਮਹੱਤਵ ਦੰਸਿਆ ਹੈ ਅਤੇ ਕੁਰਬਾਨੀਆਂ ਦੀ ਵਿਰਾਸਤ ਦੇ ਦੁਰਉਪਯੋਗ ਬਾਰੇ ਲਿਖਿਆ ਹੈ ਕਿ ਧਾਰਮਿਕ ਮੇਲਿਆਂ ‘ਚ ਪ੍ਰਬੰਧ ਦੀ ਕਮੀ ਹੁੰਦੀ ਹੈ। ਅਵਾਜ਼ ਪ੍ਰਦੂਸ਼ਣ ਹੁੰਦਾ ਹੈ ਅਤੇ ਸਿਆਸਤ ਭਾਰੂ ਰਹਿੰਦੀ ਹੈ।

ਇਸ ਪੁਸਤਕ ਦਾ ਕੇਂਦਰੀ ਧੁਰਾ ਵਰਤਮਾਨ ਸਿਆਸਤ ਹੈ,ਜੋ ਰਸਾਤਲ ਵਿਚ ਪਹੁੰਚ ਚੁੱਕੀ ਹੈ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ਦੀ ਗ਼੍ਰਿਫ਼ਤ ਵਿਚ ਫਸੀਆਂ ਪਈਆਂ ਹਨ,ਲੇਖਕ ਸਿਆਸੀ ਪਾਰਟੀਆਂ ਦੇ ਕਿਰਦਾਰ ਨੂੰ ਹੇਠ ਲਿਖੇ ਸ਼ਬਦਾਂ ਰਾਹੀਂ ਉਜਾਗਰ ਕਰਦਾ ਹੈ ਕਿ ‘ਭਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਮਗਜੇ ਮਾਰਨ ਵਾਲੀ ਸਰਕਾਰ ਖੁਦ ਭ੍ਰਿਸ਼ਟਾਚਾਰ ਵਿਚ ਮੋਹਰੀ ਹੋ ਗਈ ਹੈ।’ ਲੇਖਕ ਸਿਆਸੀ ਪਾਰਟੀਆਂ ਦਾ ਇਹ ਵੀ ਖੁਲਾਸਾ ਕਰਦਾ ਹੈ ਕਿ ਇਹ ਸਿਆਸੀ ਰੋਟੀਆਂ ਕਿਵੇਂ ਸੇਕਦੀਆਂ ਹਨ। ਖੇਡਾਂ ‘ਚ ਸਿਆਸਤ ਖੇਡਦੇ ਕਿਵੇਂ ਲੋਕਾਂ ਦਾ ਧਨ ਬਰਬਾਦ ਕਰਦੇ ਹਨ। ਕਿਵੇਂ ਰਾਜਸੀ ਆਗੂ ਕਲਾਕਾਰਾਂ ਨੂੰ ਸਿਆਸਤ ਵਿਚ ਲਿਆਕੇ ਸੌੜੇ ਹਿੱਤਾਂ ਲਈ ਵਰਤਦੇ ਹਨ। ਇਸ ਤਰ੍ਹਾਂ ਪੁਸਤਕ ਲੇਖਕ, ਸਿਆਸਤ ਦੀ ਸ਼ਤਰੰਜ ਦਾ ਗਿਆਤਾ ਜਾਪਦਾ ਹੈ,ਜਿਸ ਨੂੰ ਪੱਕੀ ਤਰ੍ਹਾਂ ਪਤਾ ਹੈ ਕਿ ਸਿਆਸੀ ਲੋਕਾਂ ਦੀ ਕਹਿਣੀ ਤੇ ਕਰਨੀ ‘ਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਹ ਚਿੱਕੜ ਨਾਲ ਚਿੱਕੜ ਨੂੰ ਧੋਣ  ਦਾ ਕੰਮ ਹੀ ਕਰ ਰਹੇ ਹਨ। ਲੋਕ ਪੱਖੀ ਸਕੀਮਾਂ ਨੂੰ ਨਿੱਜੀ ਲਾਭਾਂ ਲਈ ਵਰਤਣ ‘ਚ ਕਿਵੇਂ ਸਿਆਸੀ ਲੋਕਾਂ ਦੀ ਮੁਹਾਰਤ ਹੈ। ਲੇਖਕ ਦੀ ਟਿੱਪਣੀ ਕਿੰਨੀ ਹੀ ਮੁਲਵਾਨ ਹੈ ਕਿ ਆਮ ਆਦਮੀ ਪਾਰਟੀ ‘ਚ ਵੀ ਖ਼ਾਸ ਆਦਮੀ ਪ੍ਰਵੇਸ਼ ਕਰ ਗਏ ਹਨ।

ਪੁਸਤਕ ਦੇ ਅਖ਼ੀਰ ਵਿਚ ਲੇਖਕ ਨੇ ਜੀਵਨ ਦੇ ਅਤੇ ਨੌਕਰੀ ਦੇ ਕੁਝ ਖੱਟੇ ਮਿੱਠੇ ਤਜ਼ਰਬੇ ਸਾਂਝੇ ਕੀਤੇ ਹਨ। ਜਿਸ ਤੋਂ ਪਤਾ ਲਗਦਾ ਹੈ ਕਿ ਉਸ ਦੀ ਨੌਕਰੀ ਸੂਈ ਦੇ ਨੱਕੇ ‘ਚੋਂ ਨਿਕਲਣ ਵਾਂਗ ਅਤੇ ਤਾਰ ਤੇ ਤੁਰਨ ਵਰਗੀ ਰਹੀ ਹੈ। ਇਹ ਪੁਸਤਕ ਸਮਕਾਲੀਨ ਰਾਜਨੀਤੀ ਦਾ ਪ੍ਰਤੀਬਿੰਬ ਹੈ। ਜਿਸ ਦੇ ਪ੍ਰਭਾਵ ਨੂੰ ਧਰਮ,ਆਰਥਿਕਤਾ,ਸਾਹਿਤ ਅਤੇ ਸਭਿਆਚਾਰਕ ਅਤੇ ਸਮਾਜ ਦੇ ਹਰ ਖੇਤਰ ‘ਚ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>