ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀ ਯਾਦ ‘ਚ ਵਿਸ਼ੇਸ਼ ਗੁਰਮਿਤ ਸਮਾਗਮ

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)-ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ੬੮ਵਾਂ ਜਨਮ ਦਿਹਾੜਾ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਵੱਲੋਂ ਬੜੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਗਿਆ।ਇਸ ਮੌਕੇ ਤੇ ਗਿਆਨੀ ਜਨਮ ਸਿੰਘ ਵੱਲੋਂ ਸੰਤ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦੇ ਦੱਸਿਆ ਕਿ ਅੱਜ ਅਸੀਂ ਸੰਤ ਜੀ ਦਾ ੬੮ਵਾਂ ਜਨਮ ਦਿਨ ਮਨਾ ਰਹੇਂ ਹਾਂ, ਪਰ ਕਮਾਲ ਇਹ ਹੈ ਕਿ ਇੰਨੇ ਸਾਲਾ ਤੋਂ ਬਾਅਦ ਅੱਜ ਵੀ ਉਹ ਨੌਜਵਾਨ ਦਿਲਾਂ ਦੀ ਧੜਕਣ ਹਨ।ਉਹਨਾਂ ਦਾ ਜੀਵਨ ਸਿੱਖ ਜਵਾਨੀ ਨੂੰ ਟੁੰਬਦਾ ਹੈ।ਉਹਨਾਂ ਦੀ ਸ਼ਹੀਦੀ ਤੋਂ ਪਿਛੋਂ ਜੰਮੇ, ਉਹਨਾਂ ਦਾ ਤਸੱਵਰ ਕਰਕੇ ਗਦ ਗਦ ਹੋ ਜਾਂਦੇ ਹਨ।ਇਤਿਹਾਸ ਉਹਨਾਂ ਨੂੰ ਇਉਂ ਯਾਦ ਕਰਦਾ ਰਹੇਗਾ: ਭਿੰਡਰਾਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ।ਸੰਤ ਜੀ ਵੱਲੋਂ ਪੰਜ ਸਾਲ ਦੀ ਉਮਰ ਵਿਚ ਅੰਮ੍ਰਿਤ ਪਾਨ ਕਰਕੇ ਰੋਜ਼ ੧੦੧ ਜਪੁਜੀ ਸਾਹਿਬ ਦੇ ਪਾਠ ਤੇ ਹੋਰ ਬਾਣੀਆਂ ਦਾ ਨੇਮ ਨਿਭਾਉਣਾ, ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਾ ਤੇ ਆਪ ਜੀ ਦੇ ਇਕ ਪ੍ਰਚਾਰ ਸਦਕਾ ਪੰਜ-ਪੰਜ ਹਜ਼ਾਰ ਲੋਕਾਂ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਤਿਆਰ ਹੋ ਜਾਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਆਪ ਬਚਨ ਦੇ ਬਲੀ ਸਨ।ਆਪ ਜੀ ਵੱਲੋਂ ਜੇਲ ਵਿਚ ਹਿੰਦੂ ਕੈਦੀਆਂ ਲਈ ਮੰਦਰਿ ਬਣਾ ਕੇ ਦੇਣਾ, ਹਿੰਦੂ ਬੱਚੀਆਂ ਦੀ ਸ਼ਾਦੀ ਕਰਵਾਉਣੀ ਅਤੇ ਕਸ਼ਮੀਰ ਦੇ ਮੁਖ ਮੰਤਰੀ ਅਤੇ ਦਿੱਲੀ ਦੀ ਸ਼ਾਹੀ ਮਸਜਿਦ ਦੇ ਇਮਾਮ ਦਾ ਆਪ ਜੀ ਨਾਲ ਮੇਲ ਜੋਲ ਇਸ ਗੱਲ ਦਾ ਸਬੂਤ ਹੈ ਕਿ ਆਪ ਜੀ ਹਰ ਧਰਮ ਦੇ ਲੋਕਾਂ ਦੇ ਹਰਮਨ ਪਿਆਰੇ ਤੇ ਨਿਰਵੈਰ ਵਿਰਤੀ ਦੇ ਮਾਲਕ ਸਨ।ਸਰਕਾਰੀ ਮੀਡੀਏ ਅਤੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਉਹਨਾਂ ਨੂੰ ਕਿਸੇ ਖਾਸ ਧਰਮ ਦਾ ਦੁਸ਼ਮਣ ਬਣਾ ਕੇ ਪੇਸ਼ ਕੀਤਾ ਗਿਆ ਜੋ ਉਹਨਾਂ ਦੇ ਸੱਚੇ-ਸੁੱਚੇ ਜੀਵਨ ਨਾਲ ਨਾ-ਇਨਸਾਫ਼ੀ ਸੀ ਲੇਕਿਨ ਅੱਜ ਦੁਨੀਆਂ ਦੇ ਸਾਹਮਣੇ ਸਭ ਕੁਝ ਸੱਚ ਆ ਗਿਆ ਹੈ। ਭਾਈ ਸੰਤ ਸਿੰਘ ਜੀ ਦੇ ਜੱਥੇ ਵੱਲੋਂ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਅਤੇ ਨਨਕਾਣਾ ਸਾਹਿਬ ਦੇ ਬੱਚਿਆਂ ਵੱਲੋਂ ਕਵਿਤਾਵਾਂ ਲੈਕਚਰ ਅਤੇ ਕੀਰਤਨ ਕੀਤਾ ਗਿਆ।ਪ੍ਰਸਿੱਧ ਢਾਡੀ ਗੁਰੂਮਸਤੱਕ ਸਿੰਘ ਖਾਲਸਾ ਵੱਲੋਂ ਦਮਦਮੀ ਟਕਸਾਲ ਦੇ ਸੁਨਿਹਰੀ ਇਤਿਹਾਸ ‘ਤੇ ਕਵਿਤਾ ‘ਇਹ ਜੋ ਟਕਸਾਲ ਦਮਦਮੀ ਜੋਧਿਆ ਦੀ ਖਾਨ ਹੈ’ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕੀਤਾ।ਬੱਚਿਆਂ ਦੇ ਜੋਸ਼ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਪ੍ਰੇਮ ਸਿੰਘ ਜੀ ਪਾਸੋਂ ਵੀ ਰਿਹਾ ਨਾ ਗਿਆ ਤੇ ਉਹਨਾ ਨੇ ਵੀ ਜੋਸ਼ ਵਿਚ ਕਵਿਤਾ ਪੇਸ਼ ਕੀਤੀ।

ਇਸ ਮੌਕੇ ‘ਤੇ ਬੋਲਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਸੰਤ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਜੋ ਉਦਮ ਨਨਕਾਣਾ ਸਾਹਿਬ ਦੀਆਂ ਸੰਗਤਾਂ ਤੇ ਨੌਜਵਾਨਾਂ ਨੇ ਕੀਤਾ ਹੈ ਮੈਂ ਤਹਿਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ।ਪੰਜਾਬੀ ਸਿੱਖ ਸੰਗਤ ਹਮੇਸ਼ਾਂ ਹੱਕ ਤੇ ਸੱਚ ਬੋਲਣ ਵਾਲੇ ਲੋਕਾਂ ਦੇ ਨਾਲ ਖੜੀ ਹੈ।ਮੇਰੀ ਤਾਂ ਆਪਣੀ ਵਾਹਿਗੁਰੂ ਅੱਗੇ ਅਰਦਾਸ ਹੈ।ਵਾਹਿਗੁਰੂ ਨੇ ਮੈਂਨੂੰ ਦੋ ਪੁੱਤਰ ਦਿੱਤੇ ਨੇ ਰੱਬ ਉਹਨਾਂ ਨੂੰ ਸਿੱਖ ਕੌਮ ਦੇ ਲੇਖੇ ਲਗਾ ਲਵੇ।ਉਹਨਾਂ ਨੇ ‘ਨਿਰਵੈਰ ਖਾਲਸਾ ਗੱਤਕਾ ਦਲ’ ਦੇ ਚਰਨਜੀਤ ਸਿੰਘ ਵੱਲੋਂ ਪੜੀ ਕਵਿਤਾ ‘ਕਾਸ਼ ਕਿਤੇ ਭਿੰਡਰਾਵਾਲਾ ਮੁੜ ਕੇ ਆ ਜਾਏ’ ਬਾਰੇ ਕਿਹਾ ਅੱਜ ਨਨਕਾਣਾ ਸਾਹਿਬ ਦੇ ਬੱਚਿਆਂ ਦਾ ਜੋਸ਼ ਜਜ਼ਬਾ ਦੇਖ ਕੇ ਮੇਰਾ ਸਿਰ ਉੱਚਾ ਹੋਇਆ ਹੈ ਕਿ ਸਾਡੇ ਪਾਕਿਸਤਾਨ ‘ਚ ਇਹੋ ਜਿਹੇ ਬੱਚੇ ਹਨ ਜੋ ਹੱਕ ਸੱਚ ਦੀ ਗੱਲ ਸ਼ਰੇਆਮ ਕਹਿਣ ਦੀ ਜ਼ੁਰਅਤ ਰੱਖਦੇ ਹਨ।ਉਹਨਾਂ ਨੇ ਕਿਹਾ ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸਿੱਖ ਨੌਜਵਾਨਾਂ ਲਈ ਗੁਰਦੁਆਰਾ ਸਾਹਿਬ ਵਿਚ ‘ਬਾਡੀ ਬਿਲਡਿੰਗ’ ਲਈ ਜਿਮ ਖੋਲ ਕੇ ਦੇਣਾ ਚਾਹੀਦਾ ਹੈ ਤਾਂ ਕਿ ਬੱਚੇ ਗੁਰਬਾਣੀ ਦੇ ਨਾਲ-੨ ਸੋਹਣੇ ਮਜਬੂਤ ਤੰਦਰੁਸਤ ਸਰੀਰ ਵੀ ਬਣਾ ਸਕਣ।

ਨਨਕਾਣਾ ਸਾਹਿਬ ਸੰਗਤ ਦੀ ਬੇਨਤੀ ਤੇ ਵਿਸ਼ੇਸ਼ ਤੋਰ ‘ਤੇ ਲਾਹੌਰ ਤੋਂ ਪਹੁੰਚੇ ਉਚੇਚੇ ਮਹਿਮਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਸ਼ਾਮ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਸੱਭ ਤੋਂ ਪਹਿਲਾ ਸੰਤ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ੧੯੪੭ ਤੋਂ ਬਾਅਦ ਜਿੱਥੇ ਹਿੰਦੋਸਤਾਨ ਵਿਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਕੇ ਪੇਸ਼ ਕਰਨ ਦੇ ਸਰਕਾਰੀ ਸਬੂਤ ਮਿਲਦੇ ਹਨ, ਉੱਥੇ ਦੁਸਰੀ ਤਰਫ਼ ਪਾਕਿਸਤਾਨ ਦੇ ਜਰਨਲ ਅਯੂਬ ਖਾਨ ਨੇ ਕਿਹਾ ਸੀ-’ਜਬ ਤੁਮ ਕਿਸੀ ਸਿੱਖ ਕੋ ਗੈਰ ਕਾਨੂੰਨੀ ਕਾਮ ਕਰਤੇ ਭੀ ਦੇਖੋ ਤੋਂ ਤੁਮ ਚਸ਼ਮਪੋਸ਼ੀ ਕਰ ਲੋ’ ਭਾਵ ਅਣਡਿੱਠ ਕਰ ਦੋ।ਇਹ ਪਾਕਿਸਤਾਨ ਦੀ ਸਰਕਾਰ ਦੀ ਸਿੱਖਾਂ ਪ੍ਰਤੀ ਪਹਿਲੇ ਦਿਨ ਤੋਂ ਸੋਚ ਰਹੀ ਹੈ।ਇਹੀ ਵਜ੍ਹਾਂ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਅਤੇ ਉਹਨਾਂ ਦੇ ਸ੍ਰੀ ਨਨਕਾਣਾ ਸਾਹਿਬ ਨੂੰ ਸਿਰਫ਼ ਸਿੱਖ ਹੀ ਨਹੀਂ ਬਲਕਿ ਮੁਸਲਮਾਨ ਭਰਾ ਵੀ ਉਨ੍ਹਾਂ ਹੀ ਪਿਆਰ ਕਰਦੇ ਹਨ।ਜਿਸ ਦਾ ਸਬੂਤ ਹਿੰਦੋਸਤਾਨ ਅਤੇ ਹੋਰ ਵਿਦੇਸ਼ਾਂ ‘ਚੋਂ ਆਉਣ ਵਾਲੇ ਯਾਤਰੀਆਂ ਤੋਂ ਪੁੱਛਿਆ ਜਾ ਸਕਦਾ ਹੈ।ਦੂਸਰੀ ਤਰਫ਼ ਅੱਜ ਸੰਤ ਜੀ ਦੇ ਜਨਮ ਦਿਨ ਦੇ ਮੌਕੇ ਤੇ ਮੈਂਨੂੰ ਉਹਨਾਂ ਦੇ ਆਖਰੀ ਬੋਲ ਵੀ ਯਾਦ ਆ ਰਹੇ ਹਨ ਕਿ ‘ਜਿਸ ਦਿਨ ਹਿੰਦੋਸਤਾਨ ਦੀ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ।ਸਮਝ ਲੋ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ’।ਅਸੀਂ ਹਰ ਰੋਜ਼ ਰਾਜ ਕਰੇਗਾ ਖਾਲਸਾ ਦੇ ਨਾਹਰੇ ਲਗਾਉਂਦੇ ਹਾਂ ਪਰ ਵੀਚਾਰ ਨਹੀਂ ਕਰਦੇ ਕਿ ਅਸੀਂ ਕਹਿ ਕੀ ਰਹੇ ਹਾਂ।ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਵਾਲੇ ਦਾ ਜਨਮ ਦਿਨ ਮਨਾਇਆ ਤਾਂ ਹੀ ਸਫ਼ਲ ਹੈ ਜੇ ਅਸੀਂ ਸੰਤਾਂ ਦੇ ਪਾਏ ਪੁਰਨਿਆਂ ਤੇ ਚਲੀਏ ਅਤੇ ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਸਿਖਾਉਂਦੇ ਸ਼ਹੀਦੀ ਦਾ ਜਾਮ ਪੀ ਜਾਣ ਤੋਂ ਪਹਿਲਾ ਕਹੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਇਕਜੁੱਟ ਇਕਮੁੱਠ ਹੋਈਏ। ਸੰਗਤਾਂ ਦੀ ਬੇਨਤੀ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਤਸਵੀਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਲਗਾਉਣ ਦਾ ਫੈਸਲਾ ਕੀਤਾ ਗਿਆ। ਅਰਦਾਸ ਉਪਰੰਤ ਗੁਰੁ ਕਾ ਲੰਗਰ ਅਤੁੱਟ ਵਰਤਿਆ ਅਤੇ ਨਿਰਵੈਰ ਖਾਲਸਾ ਗੱਤਕਾ ਦਲ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>