ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਬਾਦਲ ਵੱਲੋਂ ਅੱਜ ਵੀ ਟਾਲ-ਮਟੋਲ ਦੀ ਨੀਤੀ ਉਤੇ ਅਮਲ ਕਰਨਾ ਅਤਿ ਦੁੱਖਦਾਇਕ : ਮਾਨ

ਫ਼ਤਹਿਗੜ੍ਹ ਸਾਹਿਬ – “ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿਧਾਨ ਵਿਚ ਅਜਿਹਾ ਕਾਨੂੰਨ ਨਹੀਂ ਕਿ ਕਿਸੇ ਸਜ਼ਾ ਪੂਰੀ ਕਰ ਚੁੱਕੇ ਜਾਣ ਵਾਲੇ ਵਿਅਕਤੀ ਨੂੰ ਜੇਲ੍ਹ ਵਿਚ ਜ਼ਬਰੀ ਬੰਦ ਕਰਕੇ ਰੱਖਿਆ ਜਾ ਸਕੇ । ਪਰ ਇਸ ਦੇ ਬਾਵਜੂਦ ਵੀ ਕਾਨੂੰਨੀ, ਸਮਾਜੀ ਅਤੇ ਇਨਸਾਨੀ ਕਦਰਾ-ਕੀਮਤਾ ਦਾ ਘਾਣ ਕਰਕੇ ਹਿੰਦ ਦੇ ਹੁਕਮਰਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਕਰਨ ਤੋ ਆਨੇ-ਬਹਾਨੇ ਨਿਰੰਤਰ ਇੰਨਕਾਰ ਹੁੰਦਾ ਆ ਰਿਹਾ ਹੈ । ਸ. ਬਾਦਲ ਵੱਲੋਂ ਇਹ ਕਹਿਣਾ ਕਿ ਦੁਸਰੇ ਸੂਬਿਆਂ ਵਿਚ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਉਣਾ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਹੈ । ਇਸ ਤੋ ਵੀ ਅਗੇਰੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਵੀ ਰਿਹਾਅ ਨਾ ਕਰਨ ਦੇ ਅਮਲ ਇਹਨਾਂ ਦੇ ਮਨ, ਆਤਮਾ ਵਿਚ ਮੁਤੱਸਵੀ ਹੁਕਮਰਾਨਾਂ ਦੀਆਂ ਘਰ ਕਰ ਚੁੱਕੀਆਂ ਸਾਜਿ਼ਸਾਂ ਪ੍ਰਤੱਖ ਦਿਖਾਈ ਦੇ ਰਹੀਆਂ ਹਨ । ਅਜਿਹਾ ਅਮਲ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਜੇਲ੍ਹਾਂ ਵਿਚ ਬੰਦੀ ਸਿੰਘਾਂ ਉਤੇ ਮਾਨਸਿਕ ਤੌਰ ਤੇ ਹੋਰ ਵੱਡਾ ਤਸੱਦਦ ਕਰ ਰਹੇ ਹਨ । ਜੋ ਕਿ ਅਸਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਕੌਮ ਦੇ ਸਮੁੱਚੇ ਸੰਗਠਨਾਂ, ਪਾਰਟੀਆਂ ਦੇ ਪ੍ਰਤੀਨਿਧਾਂ ਦੇ ਇਕ ਡੈਪੂਟੇਸ਼ਨ ਨਾਲ ਸ. ਸੂਰਤ ਸਿੰਘ ਖ਼ਾਲਸਾ ਦੇ ਕੌਮੀ ਸੰਘਰਸ਼ ਤੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਉਤੇ ਇੱਧਰ-ਉੱਧਰ ਦੀਆਂ ਗੈਰ-ਦਲੀਲ ਗੱਲਾਂ ਕਰਕੇ ਖਾਨਾਪੂਰਤੀ ਕਰਨ ਵਾਲੇ ਗੈਰ ਜਿ਼ੰਮੇਵਰਾਨਾਂ ਕਾਰਵਾਈਆਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਸ ਮੁੱਖ ਮੰਤਰੀ ਵੱਲੋਂ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਯਥਾ ਸ਼ਕਤੀ ਅਤੇ ਦੂਰਅੰਦੇਸ਼ੀ ਨਾ ਹੋਵੇ ਅਤੇ ਜੋ ਆਪਣੇ ਸਿਆਸੀ, ਪਰਿਵਾਰਿਕ ਸਵਾਰਥਾਂ ਦੀ ਪੂਰਤੀ ਲਈ ਮੁਤੱਸਵੀ, ਬੀਜੇਪੀ-ਆਰ.ਐਸ.ਐਸ. ਦੀ ਬੋਲੀ ਬੋਲਣ ਦਾ ਆਦੀ ਹੋਵੇ, ਉਸ ਕੋਲੋ ਸਿੱਖ ਕੌਮ ਜਾਂ ਪੰਜਾਬ ਨਿਵਾਸੀ ਕੋਈ ਬਿਹਤਰੀ ਦੀ ਉਮੀਦ ਰੱਖਣ, ਇਹ ਤਾਂ “ਘੁੱਪ ਹਨ੍ਹੇਰੇ ਵਿਚ ਕਾਲੀ ਬਿੱਲੀ ਲੱਭਣ” ਦੇ ਤੁੱਲ ਅਮਲ ਹਨ । ਉਹਨਾਂ ਕਿਹਾ ਕਿ ਜਦੋ 85 ਸਾਲ ਦੇ ਬਜ਼ੁਰਗ ਆਗੂ ਸ. ਸੂਰਤ ਸਿੰਘ ਖ਼ਾਲਸਾ ਵੱਲੋਂ ਸਿੰਘਾਂ ਦੀ ਰਿਹਾਈ ਲਈ 34ਵੇਂ ਦਿਨ ਵਿਚ ਸੰਘਰਸ਼ ਪੁੱਜ ਗਿਆ ਹੈ, ਇਸ ਉਪਰੰਤ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਉਸ ਸਤਿਕਾਰਯੋਗ ਬਜ਼ੁਰਗ ਦੀ ਕੀਮਤੀ ਜਾਨ ਬਚਾਉਣ ਲਈ ਕੋਈ ਯਤਨ ਨਹੀਂ ਹੋ ਰਿਹਾ, ਅਜਿਹੇ ਅਮਲਾਂ ਤੋ ਹੀ ਬਾਦਲ ਦਲੀਆਂ ਦੀ ਇਸ ਦਿਸ਼ਾ ਵੱਲ ਕਿੰਨੀ ਕੁ ਸੰਜ਼ੀਦਗੀ ਹੈ ਸਪੱਸ਼ਟ ਹੋ ਜਾਂਦੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਥੋ ਦੇ ਨਿਵਾਸੀਆਂ ਨੂੰ ਦਿੱਲੀ ਦੇ ਨਿਵਾਸੀਆਂ ਦੀ ਤਰ੍ਹਾਂ ਫੈਸਲਾ ਕਰਕੇ 22 ਅਤੇ 25 ਫ਼ਰਵਰੀ ਨੂੰ ਹੋ ਰਹੀਆਂ ਕਾਰਪੋਰੇਸ਼ਨਾਂ ਅਤੇ ਕੌਸਲਾਂ ਦੀਆਂ ਚੋਣਾਂ ਵਿਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਕਰਾਰੀ ਹਾਰ ਦੇਣ ਦੀ ਅਪੀਲ ਕਰਦਾ ਹੈ । ਅਜਿਹੀ ਜਿ਼ੰਮੇਵਾਰੀ ਨਿਭਾਕੇ ਹੀ ਪੰਜਾਬ ਦੇ ਬਸਿੰਦੇ ਇਥੋ ਸਮਾਜਿਕ ਬੁਰਾਈਆ ਦਾ ਖਾਤਮਾ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦੇ ਮਿਸਨ ਵੱਲ ਵੱਧ ਸਕਦੇ ਹਨ ।

ਸ. ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਸਮਾਂ ਪਹਿਲੇ ਸਿੱਖ ਕੌਮ ਨਾਲ ਕੀਤੇ ਗਏ ਇਸ ਵਾਅਦੇ ਕਿ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਪਰੀਮ ਕੋਰਟ ਵਿਚ ਪਟੀਸਨ ਪਾਈ ਜਾਵੇਗੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਸ.ਜੀ.ਪੀ.ਸੀ. ਆਪਣੀ ਇਸ ਕੌਮੀ ਜਿ਼ੰਮੇਵਾਰੀ ਅਤੇ ਵਾਅਦੇ ਤੋ ਭੱਜਕੇ ਖੁਦ ਹੀ ਸਾਬਤ ਕਰ ਰਹੀ ਹੈ ਕਿ ਇਸ ਸੰਸਥਾਂ ਉਤੇ ਬੈਠੇ ਲੋਕ ਗੁਰੂਘਰਾਂ ਦੀ ਗੋਲਕਾਂ ਅਤੇ ਗੁਰੂਘਰਾਂ ਦੇ ਸਾਧਨਾਂ ਦੀ ਦੁਰਵਰਤੋ ਕਰਨ ਤੱਕ ਸੀਮਤ ਹੋ ਕੇ ਰਹਿ ਗਏ ਹਨ । ਸਿੱਖੀ ਪ੍ਰੰਪਰਾਵਾਂ ਅਤੇ ਮਰਿਯਾਦਾਵਾਂ ਦਾ ਨਿਰੰਤਰ ਘਾਣ ਕਰਦੇ ਆ ਰਹੇ ਹਨ । ਅਜਿਹੇ ਮੁਖੋਟੇ ਚਾੜ੍ਹੇ ਧਾਰਮਿਕ ਆਗੂਆਂ ਤੋ ਸਿੱਖ ਕੌਮ ਜਿੰਨੀ ਜਲਦੀ ਖਹਿੜਾ ਛੁਡਵਾ ਲਵੇ ਉਹ ਕੌਮੀ, ਸਮਾਜਿਕ ਅਤੇ ਇਨਸਾਨੀਅਤ ਤੌਰ ਤੇ ਸਮੁੱਚੀ ਮਨੁੱਖਤਾ ਲਈ ਬਿਹਤਰ ਹੋਵੇਗਾ । ਦਿੱਲੀ ਦੇ ਗਿਰਜਾਂ ਘਰ ਉਤੇ ਹੋਣ ਵਾਲੇ ਹਮਲਿਆ ਉਤੇ ਸ. ਮਾਨ ਨੇ ਤਿੱਖਾਂ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਮੋਦੀ ਹਕੂਮਤ ਅਤੇ ਆਰ.ਐਸ.ਐਸ. ਇਥੋ ਦੀਆਂ ਘੱਟ ਗਿਣਤੀ ਕੌਮਾਂ ਨੂੰ ਕਤਈ ਵੀ ਇਨਸਾਫ਼ ਅਤੇ ਬਰਾਬਰਤਾ ਦੇ ਅਧਿਕਾਰ ਨਹੀਂ ਦੇ ਸਕਦੀਆਂ । ਬਲਕਿ ਕਾਨੂੰਨੀ, ਸਮਾਜਿਕ ਅਤੇ ਧਾਰਮਿਕ ਵਿਤਕਰੇ ਕਰਦੇ ਹੋਏ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜਿਸ ਦੀ ਬਦੌਲਤ ਇਥੋ ਦੇ ਹਾਲਾਤ ਖੁਸਗਵਾਰ ਅਤੇ ਸਮਾਜ ਪੱਖੀ ਨਹੀਂ ਰਹਿ ਸਕਦੇ । ਇਸ ਲਈ ਘੱਟ ਗਿਣਤੀ ਕੌਮਾਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਖ਼ਾਲਿਸਤਾਨ ਸਟੇਟ ਕਾਇਮ ਕਰਨ ਵਿਚ ਯੋਗਦਾਨ ਪਾ ਕੇ ਇਥੇ ਸਭਨਾਂ ਲਈ ਬਰਾਬਰ ਦਾ ਸਤਿਕਾਰ, ਇਨਸਾਫ਼ ਅਤੇ ਸਾਫ਼-ਸੁਥਰਾ ਰਾਜ ਪ੍ਰਬੰਧ ਕਾਇਮ ਕਰਨ ਜਿਥੇ ਕਿਸੇ ਵੀ ਇਨਸਾਨ ਨਾਲ ਕੋਈ ਰਤੀਭਰ ਵੀ ਵਧੀਕੀ ਨਾ ਹੋ ਸਕੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>