ਦਿੱਲੀ ਕਮੇਟੀ ਚੋਣਾਂ ‘ਚ ਸਰਨਾ ਧੜੇ ਦੀ ਲੱਕ ਤੋੜਵੀਂ ਹਾਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਧੜੇ ਦੇ ਜਿਤੇ ਹੋਏ 8 ਮੈਂਬਰਾਂ ਚੋ 5 ਮੈਂਬਰਾ ਨੇ ਬਗਾਵਤ ਕਰਦੇ ਹੋਏ ਸਰਨਾ ਵੱਲੋਂ ਚੋਣਾਂ ਦੇ ਨਤੀਜੇ ਹੈਰਾਨੀਕੁੰਨ ਹੋਣ ਦੇ ਕੀਤੇ ਗਏ ਦਾਅਵਿਆਂ ਤੋਂ ਵੀ ਪਾਸਾ ਵੱਟ ਲਿਆ। ਮਿਲੀ ਜਾਣਕਾਰੀ ਮੁਤਾਬਿਕ ਪ੍ਰਧਾਨ ਦੇ ਅਹੁਦੇ ਤੇ ਮਨਜੀਤ ਸਿੰਘ ਜੀ.ਕੇ., ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਐਮ.ਪੀ. ਐਸ ਚੱਡਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਜਦੋ ਕਿ 10 ਅੰਤ੍ਰਿੰਗ ਬੋਰਡ ਦੇ ਮੈਂਬਰਾ ਵੱਜੋਂ ਗੁਰਬਚਨ ਸਿੰਘ ਚੀਮਾ, ਗੁਰਵਿੰਦਰ ਪਾਲ ਸਿੰਘ, ਹਰਦੇਵ ਸਿੰਘ ਧਨੋਆ, ਜੀਤ ਸਿੰਘ, ਕੁਲਮੋਹਨ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਰਵੈਲ ਸਿੰਘ, ਕੁਲਦੀਪ ਸਿੰਘ ਸਾਹਨੀ ਅਤੇ ਜਤਿੰਦਰ ਸਿੰਘ ਸਾਹਨੀ ਜਰਨਲ ਹਾਉਸ ਵੱਲੋਂ ਚੁਣੇ ਗਏ ਹਨ।ਕਮੇਟੀ ਦਫਤਰ ਦੇ ਕਾਨਫਰੈਂਸ ਹਾਲ ਵਿਖੇ ਹੋਈ 1979 ਤੋਂ ਬਾਅਦ ਪਹਿਲੀ ਵਾਰ 2 ਸਾਲ ਦੀ ਤੈਅ ਸਮੇਂ ਸੀਮਾ ਤਹਿਤ ਹੋਈਆਂ ਚੋਣਾ ਦੌਰਾਨ ਪ੍ਰਧਾਨ ਦੇ ਅਹੁਦੇ ਤੇ ਮਨਜੀਤ ਸਿੰਘ ਜੀ.ਕੇ. ਦੇ ਮੁਕਾਬਲੇ ਸਰਨਾ ਧੜੇ ਵੱਲੋਂ ਬੀਬੀ ਦਲਜੀਤ ਕੌਰ ਖਾਲਸਾ ਨੂੰ ਉਮੀਦਵਾਰ ਵੱਜੋਂ ਉਤਾਰ ਕੇ ਅਕਾਲੀ ਦਲ ਨੂੰ ਚੂਨੌਤੀ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਰਕੇ ਹੋਏ ਮਤਦਾਨ ਦੌਰਾਨ ਮੌਕੇ ਤੇ ਮੌਜੂਦ 49 ਮੈਂਬਰਾਂ ਚੋਂ ਜੀ.ਕੇ. ਨੂੰ 45 ਅਤੇ ਬੀਬੀ ਖਾਲਸਾ ਨੂੰ 4 ਵੋਟਾਂ ਪਈਆਂ।

ਪ੍ਰਧਾਨ ਦੇ ਅਹੁਦੇ ਤੇ ਵਿਰੋਧੀ ਧਿਰ ਦੀ ਇਸ ਕਰਾਰੀ ਹਾਰ ‘ਚ ਸਰਨਾ ਦਲ ਦੇ ਵੀ 5 ਮੈਂਬਰਾਂ ਅਤੇ ਕੇਂਦਰੀ ਗੁਰੂ ਸਿੰਘ ਸਭਾ ਦੇ ਮੈਂਬਰ ਤਰਵਿੰਦਰ ਸਿੰਘ ਮਾਰਵਾਹ ਦਾ ਜੀ.ਕੇ. ਨੂੰ ਸਮਰਥਣ ਕਰਨ ਦਾ ਵੀ ਵੱਡਾ ਹੱਥ ਰਿਹਾ। ਜਿਸ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਕਿਸੇ ਵੀ ਅਹੁਦੇ ਤੇ ਕੋਈ ਵਿਰੋਧ ਨਾ ਕਰਨ ਕਰਕੇ ਬਾਕੀ ਚਾਰ ਅਹੁਦੇਦਾਰਾਂ ਅਤੇ 10 ਅੰਤ੍ਰਿੰਗ ਬੋਰਡ ਦੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਇਥੇ ਇਹ ਦਸਣਾ ਬਣਦਾ ਹੈ ਕਿ 55 ਮੈਂਬਰੀ ਜਰਨਲ ਹਾਉਸ ‘ਚ ਚਾਰ ਤਖਤਾਂ ਦੇ ਜਥੇਦਾਰ ਸਾਹਿਬਾਨਾ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਹੈ। 51 ਮੈਂਬਰਾਂ ਚੋਂ ਸ਼ਾਮ ਨਗਰ ਤੋਂ ਮੈਂਬਰ ਸਤਨਾਮ ਸਿੰਘ ਔਲਖ ਦੇ ਅਕਾਲ ਚਲਾਨਾ ਕਰਨ ਕਰਕੇ ਹਾਉਸ ‘ਚ ਮੈਂਬਰਾਂ ਦੀ ਗਿਣਤੀ 50 ਬਣਦੀ ਸੀ ਪਰ ਕਰਮਪੁਰਾ ਤੋਂ ਮੈਂਬਰ ਗੁਰਮੀਤ ਸਿੰਘ ਸ਼ੰਟੀ ਇਸ ਮੌਕੇ ਗੈਰ ਹਾਜ਼ਿਰ ਸਨ।

ਜੀ.ਕੇ. ਦੇ ਨਾਂ ਦਾ ਪ੍ਰਸਤਾਵ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਤੇ ਉਸ ਦਾ ਸਮਰਥਨ ਜਰਨਲ ਸਕੱਤਰ ਸਿਰਸਾ ਵੱਲੋਂ ਅਤੇ ਬੀਬੀ ਖਾਲਸਾ ਦੇ ਨਾਂ ਦਾ ਪ੍ਰਸਤਾਵ ਤਜਿੰਦਰਪਾਲ ਸਿੰਘ ਗੋਪਾ ਵੱਲੋਂ ਅਤੇ ਸਮਰਥਨ ਪ੍ਰਭਜੀਤ ਸਿੰਘ ਜੀਤੀ ਵੱਲੋਂ ਕੀਤਾ ਗਿਆ ਸੀ। ਸਭ ਤੋਂ ਹੈਰਾਨੀਕੁੰਨ ਗੱਲ ਇਸ ਪ੍ਰਕ੍ਰਿਆ ਦੌਰਾਨ ਦੇਖਣ ਨੂੰ ਇਹ ਸਾਹਮਣੇ ਆਈ ਕਿ ਜਰਨਲ ਸਕੱਤਰ ਦੇ ਅਹੁਦੇ ਤੇ ਸਿਰਸਾ ਦੇ ਨਾਂ ਦੇ ਪ੍ਰਸਤਾਵ ਜੋ ਕਿ ਕੈਪਟਨ ਇੰਦਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਸੀ ਉਸ ਦਾ ਸਮਰਥਣ ਬੀਬੀ ਖਾਲਸਾ ਵੱਲੋ ਕੀਤਾ ਗਿਆ। ਬੀਬੀ ਖਾਲਸਾ ਦੀ ਇਹ ਅਜਬ ਗਜਬ ਵਿਚਾਰਧਾਰਾ ਸੰਗਤਾਂ ਦੇ ਮੰਨਾ ‘ਚ ਕਈ ਸਵਾਲ ਖੜੇ ਕਰ ਗਈ ਹੈ।ਦਿੱਲੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਪੇ ਗਏ ਫੈਸਲੇ ਲੈਣ ਦੇ ਅਖਤਿਆਰ ਤੋਂ ਬਾਅਦ ਬਾਦਲ ਵੱਲੋਂ ਅੱਜ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਉਕਤ 15 ਮੈਂਬਰਾਂ ਦੀ ਸੂੱਚੀ ਸੌਂਪੀ ਗਈ ਸੀ ਜਿਸ ਦੀ ਘੋਸ਼ਣਾ ਜਰਨਲ ਹਾਉਸ ‘ਚ ਹਿੱਤ ਵੱਲੋਂ ਕੀਤੀ ਗਈ। ਦਿੱਲੀ ਗੁਰਦੁਆਰਾ ਚੋਣ ਕਮੀਸ਼ਨ ਤੋਂ ਇਸ ਮੌਕੇ ਓਬਜ਼ਰਵਰ ਦੇ ਤੌਰ ਤੇ ਇਲੈਕਸ਼ਨ ਅਫਸਰ ਸੁਨੀਲ ਸਹਿਗਲ ਅਤੇ ਮੁੱਖ ਅਕਾਉਂਟਸ ਅਫਸਰ ਕੇ.ਨੰਦਾ ਕੁਮਾਰ ਮੌਜੂਦ ਸਨ। ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਮਾਮਲਿਆਂ ਦੇ ਜਾਨਕਾਰ ਇੰਦਰਮੋਹਨ ਸਿੰਘ ਨੇ ਓਬਜ਼ਰਵਰ ਵੱਜੋ ਸੇਵਾ ਨਿਭਾਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਇਸ ਮੌਕੇ ਅਰਦਾਸ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਨੇ ਹੁਕਮਨਾਮਾ ਲੈਣ ਦੀ ਰਸਮ ਅਦਾ ਕੀਤੀ।
ਚੋਣ ਪ੍ਰਕ੍ਰਿਆ ਪੂਰੀ ਹੋਣ ਉਪਰੰਤ ਜੀ.ਕੇ. ਨੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਤੇ ਦੁਬਾਰਾ ਭਰੋਸਾ ਜਤਾਉਣ ਦਾ ਧੰਨਵਾਦ ਵੀ ਕੀਤਾ। ਬੀਤੇ 2 ਸਾਲਾਂ ਦੌਰਾਨ ਆਪਣੇ ਪ੍ਰਧਾਨਗੀ ਕਾਲ ‘ਚ ਕੀਤੇ ਗਏ ਕਾਰਜਾਂ ਦਾ ਵੇਰਵਾ ਦਿੰਦੇ ਹੋਏ ਆਉਣ ਵਾਲੇ 2 ਸਾਲਾਂ ਦੌਰਾਨ ਵੀ ਚੋਣ ਮਨੋਰਥ ਪੱਤਰ ‘ਚ ਰਹਿ ਗਏ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਵੀ ਲਿਆ। ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੀ ਸੰਗਤਾਂ ਨੂੰ ਸਪੁਰਦ ਕਰਨ ਦੀ ਵੀ ਉਨ੍ਹਾਂ ਗੱਲ ਕਹੀਂ। ਗੁਰੂਧਾਮਾਂ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾਂ ਸ਼ਹੀਦੀ ਸ਼ਤਾਬਦੀ 2016 ‘ਚ ਵੱਡੇ ਪੱਧਰ ਤੇ ਮਨਾਉਣ ਅਤੇ ਮਹਿਰੋਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ  ਦੀ ਯਾਦਗਾਰ  ਬਨਾਉਣ ਦਾ ਜੀ.ਕੇ. ਨੇ ਇਸ ਮੌਕੇ ਐਲਾਨ ਕੀਤਾ।

ਗਿਆਨੀ ਗੁਰਬਚਨ ਸਿੰਘ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਦਿੱਲੀ ਕਮੇਟੀ ਦੇ ਉਸਾਰੂ ਕਾਰਜਾਂ ਕਰਕੇ ਉਸਦਾ ਮਾਣ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮੰਨਾ ‘ਚ ਵੀ ਹੋਣ ਦਾ ਦਾਅਵਾ ਕੀਤਾ। ਪ੍ਰਧਾਨ ਜੀ.ਕੇ. ਵੱਲੋਂ ਸਮੇਂ ਸਿਰ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਵਾਸਤੇ ਉਨ੍ਹਾਂ ਧੰਨਵਾਦ ਵੀ ਜਤਾਇਆ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਹੋਰ ਜਥੇਦਾਰ ਸਾਹਿਬਾਨਾ ਵੱਲੋਂ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਦੇਕੇ ਬਖਸ਼ੀਸ਼ ਵੀ ਕੀਤੀ।ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਸਰਨਾ ਧੜੇ ਦੀ ਇਸ ਵੱਡੀ ਹਾਰ ਤੇ ਸੰਤੋਸ਼ ਜਤਾਉਂਦੇ ਹੋਏ ਮੈਂਬਰਾਂ ਵੱਲੋਂ ਬਹੁ ਗਿਣਤੀ ‘ਚ ਪ੍ਰਧਾਨ ਦੇ ਹੱਕ ‘ਚ ਸਮਰਥਣ ਜਤਾਉਣ ਕਰਕੇ ਸਰਨਾ ਵੱਲੋਂ ਕਮੇਟੀ ਖਿਲਾਫ ਲਾਏ ਜਾ ਰਹੇ ਦੋਸ਼ਾਂ ਦੇ ਖਿਲਾਫ ਅੱਜ ਜਮੂਹਰੀ ਫਤਵਾ ਮਿਲਣ ਦਾ ਵੀ ਦਾਅਵਾ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>