ਨਨਕਾਣਾ ਸਾਹਿਬ ਸਾਹਿਬ ਵਿਖੇ ਬੱਬਰ ਅਕਾਲੀ ਲਹਿਰ ਦੇ ਮੋਢੀ ਕਿਸ਼ਨ ਸਿੰਘ ਗੜਗੱਜ ਅਤੇ ਉਹਨਾਂ ਦੇ ਨਾਲ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ

ਨਨਕਾਣਾ ਸਾਹਿਬ – (ਗੁਰੂ ਜੋਗਾ ਸਿੰਘ): ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ੨੭ ਫਰਵਰੀ, ੧੯੨੬ ਨੂੰ ਲਾਹੌਰ ਦੀ ਜੇਲ ‘ਚ ਫਾਂਸੀ ਦੇ ਰੱਸਿਆ ਨੂੰ ਚੁੰਮ ਕੇ ਸ਼ਹੀਦ ਹੋਣ ਵਾਲੇ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ੍ਰ. ਕ੍ਰਿਸ਼ਨ ਸਿੰਘ ‘ਗੜਗੱਜ’ ਦੀ ਸ਼ਹਾਦਤ ਦੇ ਸਬੰਧ ‘ਚ ਵਿਸ਼ੇਸ਼ ਸਮਾਗਮ ਰੱਖੇ ਗਏ।ਇਸ ਮੌਕੇ ‘ਤੇ ਭਾਈ ਸੰਤ ਸਿੰਘ ਜੀ ਹਜ਼ੂਰੀ ਰਾਗੀ ਜੱਥੇ ਦੇ ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਗਿਆਨੀ ਜਨਮ ਸਿੰਘ ਵੱਲੋਂ ਬੱਬਰ ਅਕਾਲੀ ਲਹਿਰ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਚਾਨਣ ਪਾਉਂਦਿਆਂ ਕਿਹਾ ਕਿ ਅੱਜ ਦੇ ਲਾਲਚੀ ਕਾਲੀ ਸ਼ਾਇਦ ਜਾਣਦੇ ਹੀ ਨਾ ਹੋਣ ਕਿ ਇਹ ਮਹਾਨ ਸੂਰਮਾ, ਸ੍ਰੋਮਣੀ ਅਕਾਲੀ ਦਲ ਦਾ ਪਹਿਲਾਂ ਜਨਰਲ ਸਕੱਤਰ ਸੀ, ‘ਗੜਗੱਜ” ਤੋਂ ਗੂੰਗੇਪਣ’ ਤੱਕ ਇਨ੍ਹਾਂ ਨੂੰ ਸੱਤਾ ਦੀ ਲਾਲਸਾ ਅਤੇ ਪਦਾਰਥਵਾਦ ਦੀ ਦੌੜ ਨੇ ਬਣਾ ਕੇ ਰੱਖ ਦਿੱਤਾ ਹੈ।ਕੌਮ ਲਈ ਅਜ਼ਾਦੀ ਦੀ ‘ਗੜਗੱਜ’ ਪੈਣ ਦੀ ਥਾਂ ‘ਗੂੰਗਾਪਣ’ ਭਾਰੂ ਹੋ ਗਿਆ ਹੈ।

ਕੌਮ ਲਈ ਫਾਂਸੀ ਦੇ ਰੱਸੇ ਹੱਸ-ਹੱਸ ਚੁੰਮਣ ਵਾਲਿਆਂ ਅਤੇ ਜੇਲਾਂ ਵਿਚ ਬੰਦ ਸਿੰਘਾਂ ਦੀ ਬੰਦ ਖਲਾਸੀ ਤਾਂ ਕੀ ਕਰਵਾਣੀ ਹੈ ਬਲਕਿ ਉਹਨਾਂ ਦੇ ਹੱਕ ‘ਚ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਦਬਾਇਆ ਜਾ ਰਿਹਾ ਹੈ ਇਹ ਹਰ ਰੋਜ਼ ਅਸੀਂ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਰਾਹੀਂ ਦੇਖਦੇ ਹਾਂ।ਸਿੱਖ ਨੂੰ ਮਾਰੇ ਸਿੱਖ ਜਾਂ ਮਾਰੇ ਕਰਤਾਰ।ਲੋਕਾਂ ਨੇ ਸਾਡੇ ਲਈ ਅਖਾਣ ਬਣਾ ਲਏ ਹਨ।ਸਿੱਖ ਨੂੰ ਕੋਈ ਹੋਰ ਨਹੀਂ ਮਾਰ ਸਕਦਾ ਜੇ ਕੋਈ ਗਦਾਰੀ ਨਾ ਕਰੇ।ਜਾਂ ਫਿਰ ਅਕਾਲ ਪੁਰਖ ਨੇ ਕੋਈ ਭਾਣਾ ਵਰਤਾਣਾ ਹੋਵੇ ਤਾਂ ਸਿੱਖ ਮਰਦਾ।

ਜਦੋਂ ਅਸੀਂ ਸੰਨ ੨੦੨੧ ਵਿਚ ‘ਸਾਕਾ ਨਨਕਾਣਾ’ ਸਾਹਿਬ ਦੇ ੧੦੦ ਸਾਲ ਪੂਰੇ ਹੋਣ ਤੇ ਇਤਿਹਾਸਕਾਰ ਇਤਿਹਾਸ ਲਿਖਣਗੇ ਤਾਂ ਲਿਖਿਆ ਜਾਏਗਾ ਕਿ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਛੇਤੀ ਪਿੱਛੋਂ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਜਾਲ ਤਲੀ ‘ਤੇ ਰੱਖ ਕੇ ਜੂਝਣ ਵਾਲੇ ਗਰਮ ਦਲੀਏ ਮਰਜੀਵੜਿਆਂ ਦੀ ਦਾਸਤਾਨ ਅਤੇ ਦੂਜੀ ਤਰਫ਼ ਮਹੰਤਾਂ ਅਤੇ ਸਰਕਾਰੀ ਝੋਲੀ ਚੁੱਕਾ ਦੇ ਕਾਲੇ ਕਾਰਨਾਮੇ।

ਉਹਨਾਂ ਕਿਹਾ ਸਾਡੇ ਕਿੰਨੇ ਵੱਡੇ ਭਾਗ ਹਨ ਅਸੀਂ ਉਸ ਅਸਥਾਨ ‘ਚ ਬੈਠ ਕੇ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ ਜਿਸ ਅਸਥਾਨ ਤੇ ਮੱਥਾ ਟੇਕਣ ਲਈ ਦੁਨੀਆਂ ਭਰ ‘ਚ ਵੱਸਣ ਵਾਲਾ ਗੁਰੂ ਨਾਨਕ ਲੇਵਾ ਸਿੱਖ ਨਿਤਾਪ੍ਰਤੀ ਅਰਦਾਸ ਕਰਦਾ ਹੈ।ਚਾਹੇ ਅਸੀਂ ਇੱਥੇ ਘੱਟ ਗਿਣਤੀ ਵਿੱਚ ਰਹਿ ਰਹੇ ਹਾਂ। ਪਰ ਹਾਂ ਉਹਨਾਂ ਵਿੱਚੋਂ, ਜਿਸ ਬਾਰੇ ਕਿਸੇ ਸ਼ਾਇਰ ਨੇ ਕਿਹਾ ਹੈ-

ਕਿਸੇ ਕੌਮ ਦੀ ਸ਼ਕਤੀ ਜੇ ਵੇਖਣੀ ਏ,
ਕਦੇ ਗਿਣੋ ਨਾ ਉਹਦੇ ਮੁਰੀਦ ਕਿੰਨੇ ?
ਬੰਦੇ ਗਿਣੇ ਨਾ, ਸਗੋਂ ਇਹ ਕਰੋ ਗਿਣਤੀ,
ਉਸ ਕੌਮ ਵਿਚ ਸ਼ਹੀਦ ਕਿੰਨੇ।

ਅੱਜ ਅਸੀਂ ਛੇ ਬੱਬਰ ਅਕਾਲੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਜਿਨ੍ਹਾਂ ਨੂੰ ੨੭ ਫਰਵਰੀ ੧੯੨੬ ਨੂੰ ਫਾਂਸੀ ਦੇ ਫੰਦੇ ‘ਤੇ ਲਟਕਾਇਆ ਗਿਆ।ਇਨ੍ਹਾਂ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿੱਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸਿੰਘ ਛੋਟੀ ਹਰਿਓ, ਬਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਸ਼ਾਮਲ ਸਨ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਦਲੀਪ ਸਿੰਘ ਸ਼ਹੀਦ ਭਾਈ ਵਰਿਆਮ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੀ ਨਵ ਉਸਾਰੀ ਅਤੇ ਸਿੱਖ ਲਾਇਬਰੇਰੀ ਬਨਾਉਣ ਦਾ ਨੀਂਹ ਪੱਥਰ ਰੱਖਿਆ ਹੈ।ਇਹ ਇਕ ਬਹੁਤ ਸਲਾਘਾਯੋਗ ਕਦਮ ਹੈ।ਇਸ ਦੇ ਬਨਣ ਨਾਲ ਸਿੱਖ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਮਿਲੇਗੀ।

ਇਸ ਮੌਕੇ ਤੇ ਪੰਜਾਬੀ ਸਿੱਖ ਸੰਗਤ ਤੇ ਚੇਅਰਮੈਂਨ ਸ੍ਰ.ਗੋਪਾਲ ਸਿੰਘ ਚਾਵਲਾ ਨੇ ਆਪਣੇ ਵੀਚਾਰ ਰੱਖਦੇ ਕਿਹਾ ਕਿ ਸੱਭ ਤੋਂ ਪਹਿਲਾ ਮੈਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।ਅਤੇ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਇਹਨਾਂ ਸੂਰਮਿਆਂ ਵਿੱਚੋਂ ੨੬ ਫਰਵਰੀ ਦੀ ਰਾਤ ਦੀ ਗੱਲ, ਸ੍ਰ. ਕਿਸ਼ਨ ਸਿੰਘ ਗੜਗੱਜ ਨੇ ਜੇਲ ਅੰਦਰ ਇਕ ਪ੍ਰਭਾਵਵਾਲੀ ਤਕਰੀਰ ਕੀਤੀ ਸੀ- ਮੇਰੇ ਭਰਾਵੋ ! ਸਾਡੇ ਧੰਨ ਭਾਗ ਹਨ ਕਿ ਅੱਜ ਅਸੀਂ ਉਨਾਂ ਦੇਸ਼ ਭਗਤਾਂ ਦੀ ਸਫ਼ ਵਿਚ ਖੜੇ ਹੋਣ ਵਾਲੇ ਹਾਂ ਜਿਹੜੇ ਅਪਣੀ ਧਰਤੀ ਮਾਂ ਦੀ ਬੰਦ-ਖ਼ਲਾਸੀ ਕਰਵਾਉਣ ਖਾਤਰ ਜਦੋ-ਜਹਿਦ ਕਰਦੇ ਹੋਏ ਫਾਂਸੀ ਦੇ ਤਖ਼ਤੇ ਤੇ ਚੜ੍ਹ ਰਹੇ ਹਾਂ।ਬੇਸ਼ੱਕ ਸਾਡਾ ਵੈਰੀ ਅੱਜ ਖੁਸ਼ ਹੁੰਦਾ ਹੋਵੇਗਾ ਪਰ ਹਕੀਕੀ ਖ਼ੁਸ਼ੀ ਸਾਨੂੰ ਹੈ ਕਿਉਂਕਿ ਅਸੀਂ ਆਪਣਾ ਪ੍ਰਣ ਅਤੇ ਫ਼ਰਜ਼ ਪੂਰਾ ਕਰਦੇ ਹੋਏ ਅਮਰ ਹੋ ਰਹੇ ਹਾਂ।ਉਹਨਾਂ ਕਿਹਾ-

ਉਨਾਂ ਲੋਕਾਂ ਦੀ ਮੰਜ਼ਿਲ ਦਾ ਰਾਹ ਸਿੱਧਾ, ਵੱਲ ਜਿਨਾਂ ਨੂੰ ਆਇਆ ਸ਼ਹੀਦੀਆਂ ਦਾ।

ਇਸ ਮੌਕੇ ਤੇ ਗੁਰੂਮਸਤੱਕ ਸਿੰਘ ਖਾਲਸਾ ਅਤੇ ਪ੍ਰਮਜੀਤ ਸਿੰਘ ਵੱਲੋਂ ਕਵਿਤਾਵਾਂ ਪੜੀਆਂ ਗਈਆਂ।ਭਾਈ ਪ੍ਰੇਮ ਸਿੰਘ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਈ।ਆਖਿਰ ‘ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਬਿਸ਼ਨ ਸਿੰਘ ਜੀ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਸਾਨੂੰ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਦੇ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਕਿਉਂ ਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ।ਜਿਸ ਤੋਂ ਅਸੀਂ ਗੁਜ਼ਰੇ ਕਲ ਤੋਂ ਸਿੱਖਿਆ ਲੈ ਕੇ ਆਉਣ ਵਾਲੇ ਕਲ ਨੂੰ ਉਜਲ ਕਰ ਸਕਦੇ ਹਾਂ।ਉਹਨਾਂ ਨੇ ਕਿਹਾ ਕਿ ਸ਼ਹਾਦਤ ਦਾ ਸਬਕ ਸਾਨੂੰ ਗੁਰੂ ਅਰਜਨ ਦੇਵ ਪਿਤਾ ਜੀ ਨੇ ਆਪਣੀ ਕੁਰਬਾਨੀ ਦੇ ਕੇ ਦਿੱਤਾ ਹੈ।ਉਸੀਂ ਰਾਹ ਤੇ ਚਲਦਿਆਂ ਸਰਦਾਰ ਕਿਸ਼ਨ ਸਿੰਘ ਗੜਗੱਜ ਅਤੇ ਉਹਨਾਂ ਦੇ ਸਾਥੀਆਂ ਨੇ ੨੭ ਫਰਵਰੀ ੧੯੨੩ ਨੂੰ ਅੰਮ੍ਰਿਤ ਵੇਲੇ ਰਲ ਕੇ ਨਿਤਨੇਮ ਕੀਤਾ।ਸਵੇਰ ਹੋਈ ਤਾਂ ਬੀਰ ਬਹਾਦਰਾਂ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਗਿਆ।

ਉਹਨਾਂ ਦੇ ਚਿਹਰਿਆਂ ਉਪਰ ਅਗੰਮੀ ਨੂਰ ਝਲਕ ਰਿਹਾ ਸੀ।ਛੇ ਸੂਰਮੇ ਤਖਤੇ ਪੁਰ ਇਸ ਤਰ੍ਹਾਂ ਖੜੇ ਹੋ ਗਏ ਜਿਵੇਂ ਮੌਤ ਪਰਨਾਉਣ ਤੋਂ ਪਹਿਲਾਂ ਫੋਟੋ ਖਿਚਵਾ ਰਹੇ ਹੋਣ।ਚਿਹਰਿਆਂ ਉਪਰ ਦਗਮਗ ਕਰਦਾ ਖਾਲਸਾਈ ਜਲਾਲ ਦੇਖ ਕੇ ਜੇਲ ਸਪੁਰਡੈਂਟ ਦੀਆਂ ਅੱਖਾਂ ਵਿਚ ਹੰਝੂ ਆ ਗਏ ਤਾਂ ਕਿਸ਼ਨ ਸਿੰਘ ਗੜਗੱਜ ਜੀ ਨੇ ਉਸ ਨੂੰ ਮੁਖਾਤਿਬ ਹੋ ਕੇ ਕਿਹਾ ਸੀ- ਤੇਰੇ ਹੰਝੂ ਇਸ ਲਈ ਨਿਕਲ ਰਹੇ ਹਨ ਕਿ ਤੇਰੇ ਮਨ ਨੂੰ ਜਾਬਰ ਹਕੂਮਤ ਦੀ ਗੁਲਾਮੀ ਦਾ ਅਹਿਸਾਸ ਹੋਇਆ ਹੈ।ਸਾਨੂੰ ਲਾਲੀਆਂ ਇਸ ਲਈ ਚੜੀਆ ਹਨ ਕਿ ਸਾਡੇ ਦਿਲਾਂ ਅੰਦਰ ਆਜ਼ਾਦੀ ਦੀ ਮਸਾਲ ਲਟ-ਲਟ ਕਰ ਰਹੀ ਹੈ।

ਵਿਸ਼ੇਸ਼ ਸਮਾਗਮ ਤੋਂ ਉਪਰੰਤ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਹੋਈ। ਇਸ ਮੌਕੇ ਤੇ ਸੰਗਤਾਂ ਵੱਲੋਂ ਸ਼ਹੀਦ ਭਾਈ ਲਛਮਣ ਸਿੰਘ ਦੇ ਸ਼ਹੀਦੀ ਜੰਡ, ਸ਼ਹੀਦ ਭਾਈ ਦਲੀਪ ਸਿੰਘ ਸ਼ਹੀਦ ਭਾਈ ਵਰਿਆਮ ਸਿੰਘ ਅਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੀ ਦਰਸ਼ਨੀ ਡਿਉੜੀ ‘ਚ ਬੱਬਰ ਅਕਾਲੀ ਲਹਿਰ ਦੇ ਸਹੀਦਾਂ ਦੀ ਯਾਦ ਵਿਚ ਮੋਮਬੱਤੀਆਂ ਜਗਾ ਕੇ ਆਪਣੇ ਸ਼ਰਧਾ ਦੇ ਭੁੱਲ ਵੀ ਭੇਂਟ ਕੀਤੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>