ਸੂਰਤ ਸਿੰਘ ਖ਼ਾਲਸਾ ਨੂੰ ਜ਼ਬਰੀ ਚੁੱਕਣਾ, ਜਸਪਾਲ ਸਿੰਘ ਹੇਰਾ, ਗੁਰਦੀਪ ਸਿੰਘ ਤੇ ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਅਮਲ ਕੌਮ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ 82 ਸਾਲਾਂ ਦੇ ਐਨ.ਆਰ.ਆਈ. ਬਜ਼ੁਰਗ ਸ. ਸੂਰਤ ਸਿੰਘ ਖ਼ਾਲਸਾ ਨੂੰ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਕਸਦ ਦੀ ਪ੍ਰਾਪਤੀ ਲਈ ਆਪਣੀ ਸ਼ਹੀਦੀ ਦੇਣ ਦਾ ਰਸਤਾ ਚੁਣਨਾ ਪਿਆ, ਤਾਂ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਭਾਰਤ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਸਿੱਖ ਕੌਮ ਨਾਲ ਅੱਜ ਵੀ ਨਿਰੰਤਰ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਜਾਰੀ ਹਨ । ਫਿਰ ਸ. ਸੂਰਤ ਸਿੰਘ ਖ਼ਾਲਸਾ ਜਿਨ੍ਹਾਂ ਨੇ 42 ਦਿਨਾਂ ਤੋਂ ਆਪਣੇ-ਆਪ ਨੂੰ ਜੋਖ਼ਮ ਵਿਚ ਪਾ ਕੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ ਵਿਢਿਆ ਹੋਇਆ ਹੈ, ਉਹਨਾਂ ਨੂੰ ਜ਼ਬਰੀ ਪੰਜਾਬ ਪੁਲਿਸ ਵੱਲੋਂ ਚੁੱਕ ਕੇ ਹਸਪਤਾਲ ਵਿਚ ਦਾਖਲ ਕਰਵਾਉਣ ਅਤੇ ਇਸ ਸੰਘਰਸ਼ ਵਿਚ ਖਿਆਲਾਤ ਤੇ ਕੌਮੀ ਪੱਧਰ ਤੇ ਯੋਗਦਾਨ ਪਾਉਣ ਵਾਲੇ ਦੋਵੇ ਮੋਢੀ ਆਗੂਆਂ ਸ. ਜਸਪਾਲ ਸਿੰਘ ਹੇਰਾ ਮੁੱਖ ਸੰਪਾਦਕ ਰੋਜ਼ਾਨਾ ਪਹਿਰੇਦਾਰ, ਸ. ਗੁਰਦੀਪ ਸਿੰਘ ਅਤੇ ਸ. ਮੋਹਕਮ ਸਿੰਘ ਨੂੰ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕਰਨ ਦੇ ਕੀਤੇ ਗਏ ਅਮਲ ਸਾਬਤ ਕਰਦੇ ਹਨ ਕਿ ਪੰਜਾਬ ਦੀ ਬਾਦਲ ਹਕੂਮਤ ਖੁਦ ਹੀ ਕੌਮ ਵਿਰੋਧੀ ਕਾਰਵਾਈਆਂ ਵਿਚ ਮਸਰੂਫ ਹੈ । ਜਿਸ ਤੋ ਸਿੱਖ ਕੌਮ ਨੂੰ ਹੁਣ ਕਿਸੇ ਤਰ੍ਹਾਂ ਦੀ ਵੀ ਸ਼ੱਕ-ਸੁਭਾ ਨਹੀਂ ਰੱਖਣੀ ਚਾਹੀਦੀ ਕਿ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਗੰਭੀਰ ਮਸਲਿਆ ਨੂੰ ਕਦੀ ਹੱਲ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸ. ਖ਼ਾਲਸਾ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਉਣ ਅਤੇ ਸ. ਜਸਪਾਲ ਸਿੰਘ ਹੇਰਾ, ਸ. ਗੁਰਦੀਪ ਸਿੰਘ ਅਤੇ ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਸੰਘਰਸ਼ ਨੂੰ ਕੰਮੋਜਰ ਕਰਨ ਦੀ ਸਾਜਿ਼ਸ ਅਧੀਨ ਕੀਤੀਆ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੇਸ਼ੱਕ ਬਾਦਲ-ਬੀਜੇਪੀ ਹਕੂਮਤ ਨੇ ਸ. ਸੂਰਤ ਸਿੰਘ ਖ਼ਾਲਸਾ ਨੂੰ ਤਾਨਾਸ਼ਾਹੀ ਸੋਚ ਅਧੀਨ ਚੁੱਕ ਕੇ ਹਸਪਤਾਲ ਦਾਖਲ ਕਰਵਾ ਦਿੱਤਾ ਹੈ । ਲੇਕਿਨ ਅਰਦਾਸ ਕਰਕੇ ਸੰਘਰਸ਼ ਤੇ ਬੈਠੇ ਸ. ਸੂਰਤ ਸਿੰਘ ਖ਼ਾਲਸਾ ਨੇ ਹਸਪਤਾਲ ਦੀ ਕੋਈ ਟ੍ਰੀਟਮੈਂਟ ਦਵਾਈ ਆਦਿ ਲੈਣ ਤੋ ਬਿਲਕੁਲ ਇਨਕਾਰ ਕਰਕੇ ਅਤੇ ਡਾਕਟਰਾਂ ਵੱਲੋਂ ਲਗਾਈਆ ਗਈਆਂ ਨਾਲੀਆ ਬਗੈਰਾਂ ਕੱਢਕੇ ਸੁੱਟ ਦੇਣ ਦੇ ਅਮਲ ਇਹ ਸਾਬਤ ਕਰਦੇ ਹਨ ਕਿ ਸ. ਖ਼ਾਲਸਾ ਆਪਣੇ ਮਿਸਨ ਲਈ ਦ੍ਰਿੜ ਹਨ । ਮੋਦੀ, ਬਾਦਲ-ਬੀਜੇਪੀ ਹਕੂਮਤਾਂ ਉਹਨਾਂ ਨੂੰ ਆਪਣੇ ਮਿਸਨ ਤੋਂ ਕੋਝੇ ਹੱਥਕੰਡਿਆਂ ਰਾਹੀ ਕਦੀ ਨਹੀਂ ਥਿੜਕਾ ਸਕਣਗੀਆਂ । ਸ. ਮਾਨ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੈਟਰ ਦੀ ਮੁਤੱਸਵੀ ਮੋਦੀ ਹਕੂਮਤ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਮੁਗਲਾਂ ਅਤੇ ਬਾਹਰਲੇ ਧਾੜਵੀਆਂ ਨੇ ਬੀਤੇ ਸਮੇਂ ਵਿਚ ਭਾਰਤ ਦੇ ਬਸਿੰਦਿਆਂ ਨਾਲ ਅਕਹਿ ਤੇ ਅਸਹਿ ਜੁਲਮ ਕੀਤੇ । ਲੇਕਿਨ ਸਿੱਖ ਕੌਮ ਨੇ ਅਜਿਹੇ ਜ਼ਬਰ-ਜੁਲਮਾਂ ਨੂੰ ਨਾ ਸਹਿਦੇ ਹੋਏ, ਜ਼ਾਬਰਾਂ ਵਿਰੁੱਧ ਹਮੇਸ਼ਾਂ ਆਵਾਜ਼ ਵੀ ਬੁਲੰਦ ਕੀਤੀ ਅਤੇ ਉਹਨਾਂ ਨਾਲ ਜੰਗ-ਯੁੱਧ ਕਰਦੇ ਹੋਏ ਮਨੁੱਖਤਾ ਦੀ ਰਾਖੀ ਕੀਤੀ ਹੈ ਅਤੇ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨੂੰ ਮਹਿਫੂਜ ਕਰਕੇ ਆਪਣੀਆਂ ਇਨਸਾਨੀ ਜਿ਼ੰਮੇਵਾਰੀਆਂ ਪੂਰੀਆਂ ਕਰਦੇ ਰਹੇ ਹਨ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਜਿਨ੍ਹਾਂ ਨੌਜ਼ਵਾਨਾਂ ਨੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਾਇਮ ਕਰਨ ਅਤੇ ਆਪਣਾ ਆਜ਼ਾਦ ਪ੍ਰਭੂਸਤਾ ਵਾਲਾ ਸਟੇਟ ਕਾਇਮ ਕਰਨ ਹਿੱਤ ਕੌਮ ਪੱਖੀ ਕਾਰਵਾਈਆਂ ਕੀਤੀਆਂ ਹਨ । ਉਸਦੀ ਬਦੌਲਤ ਅੱਜ ਜ਼ਾਲਮਾਂ ਦੀਆਂ ਕਾਲ-ਕੋਠੜੀਆਂ ਵਿਚ ਬੰਦੀ ਹਨ । ਇਹਨਾਂ ਨੌਜ਼ਵਾਨਾਂ ਨੇ ਕੋਈ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀ ਕੰਮ ਨਹੀਂ ਕੀਤਾ । ਇਸ ਲਈ ਇਹ ਸਿੱਖ ਨੌਜ਼ਵਾਨਾਂ ਨੂੰ ਬਤੌਰ “ਜੰਗੀ-ਕੈਦੀ” ਪ੍ਰਵਾਨ ਕਰਕੇ ਹੁਕਮਰਾਨਾਂ ਅਤੇ ਕਾਨੂੰਨ ਨੂੰ ਇਹਨਾਂ ਦੀ ਰਿਹਾਈ ਲਈ ਤੇਜੀ ਨਾਲ ਅਮਲ ਕਰਨੇ ਬਣਦੇ ਸਨ । ਪਰ ਅੱਜ ਮੁਤੱਸਵੀ ਸੋਚ ਅਧੀਨ ਅਤੇ ਬਾਦਲ ਦਲੀਆਂ ਦੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਇਹਨਾਂ ਨੌਜ਼ਵਾਨਾਂ ਦੀ ਰਿਹਾਈ ਕਰਨ ਤੋਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾਣਾ ਅਤਿ ਦੁੱਖਦਾਇਕ ਹੈ ।

ਫਿਰ ਜਦੋਂ ਉਹਨਾਂ ਦੀ ਰਿਹਾਈ ਲਈ ਸ. ਸੂਰਤ ਸਿੰਘ ਖ਼ਾਲਸਾ ਅਤੇ ਕੌਮ ਦੇ ਆਗੂਆਂ ਵੱਲੋਂ ਕੋਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ-ਜ਼ਹਿਦ ਕੀਤੀ ਜਾ ਰਹੀ ਹੈ, ਤਾਂ ਉਸ ਇਖ਼ਲਾਕੀ ਲੜਾਈ ਨੂੰ ਕੰਮਜੋਰ ਕਰਨ ਲਈ ਸ. ਪ੍ਰਕਾਸ਼ ਸਿੰਘ ਬਾਦਲ ਮੋਹਰੀ ਹੋ ਕੇ ਕੌਮ ਵਿਰੋਧੀ ਕਾਰਵਾਈਆਂ ਵਿਚ ਜੁਟੇ ਹੋਏ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ । ਜੇਕਰ ਸ. ਸੂਰਤ ਸਿੰਘ ਖ਼ਾਲਸਾ ਨੂੰ ਹਸਪਤਾਲ ਵਿਚ ਜਾਂ ਪੁਲਿਸ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਦੇਣ ਦੀ ਬਦੌਲਤ ਉਹਨਾਂ ਦਾ ਕੋਈ ਨੁਕਸਾਨ ਹੋਇਆ ਤਾਂ ਮੋਦੀ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਭਾਈਵਾਲ ਬੀਜੇਪੀ ਅਤੇ ਆਰ.ਐਸ.ਐਸ. ਦੇ ਫਿਰਕੂ ਆਗੂ ਸਿੱਖ ਕੌਮ ਦੇ ਦੂਸਰੇ ਕਾਤਲਾਂ ਦੀ ਤਰ੍ਹਾਂ ਦੋਸ਼ੀ ਹੋਣਗੇ । ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਏ ਕਿਸੇ ਜੁਲਮ ਨੂੰ ਭੁੱਲਦੀ ਹੈ ਅਤੇ ਨਾ ਹੀ ਜ਼ਾਬਰਾਂ ਅਤੇ ਜ਼ਾਲਮਾਂ ਨੂੰ ਮੁਆਫ਼ ਕਰਦੀ ਹੈ । ਇਸ ਲਈ ਸ. ਸੂਰਤ ਸਿੰਘ ਖ਼ਾਲਸਾ ਦੇ ਸੰਘਰਸ਼ ਵਿਚ ਵਿਘਨ ਪਾ ਕੇ ਜੋ ਲੋਕ ਸਿੱਖ ਸੰਘਰਸ਼ ਨੂੰ ਕੰਮਜੋਰ ਕਰਨਾ ਚਾਹੁੰਦੇ ਹਨ, ਉਹ ਆਪਣੇ ਮੰਦਭਾਵਨਾ ਭਰੇ ਮਿਸਨ ਵਿਚ ਕਦੀ ਕਾਮਯਾਬ ਨਹੀਂ ਹੋਣਗੇ । ਪੰਜਾਬ ਦੇ ਬਸਿੰਦੇ ਅਤੇ ਸਿੱਖ ਕੌਮ ਅਜਿਹੇ ਜ਼ਾਲਮ ਅਤੇ ਜ਼ਾਬਰ ਆਗੂਆਂ ਨੂੰ ਕਦੀ ਵੀ ਮੁਆਫ਼ ਨਹੀਂ ਕਰੇਗੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਕ ਵਾਰੀ ਫਿਰ ਮੌਜੂਦਾ ਬਾਦਲ-ਬੀਜੇਪੀ ਹਕੂਮਤ ਨੂੰ ਸੰਜ਼ੀਦਗੀ ਨਾਲ ਖ਼ਬਰਦਾਰ ਕਰਦੇ ਹੋਏ ਜਨਤਕ ਤੌਰ ਤੇ ਮੰਗ ਕਰਦਾ ਹੈ ਕਿ ਸ. ਸੂਰਤ ਸਿੰਘ ਖ਼ਾਲਸਾ ਨੂੰ ਆਪਣੇ ਵੱਲੋਂ ਕੀਤੀ ਅਰਦਾਸ ਨੂੰ ਪੂਰਨ ਕਰਨ ਵਿਚ ਬਿਲਕੁਲ ਵਿਘਨ ਨਾ ਪਾਇਆ ਜਾਵੇ । ਜੇਕਰ ਸਰਕਾਰ ਨੂੰ ਹਾਲਾਤ ਵਿਗੜਨ ਦਾ ਡਰ ਹੈ ਤਾਂ ਉਹ ਇਕ ਪਲ ਦੀ ਦੇਰੀ ਕੀਤੇ ਬਿਨ੍ਹਾਂ ਭਾਰਤ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਬਤੌਰ ਜੰਗੀ-ਕੈਦੀ ਐਲਾਨਕੇ ਤੁਰੰਤ ਰਿਹਾਅ ਕਰਨ ਦੇ ਹੁਕਮ ਕਰਵਾਏ । ਸ. ਜਸਪਾਲ ਸਿੰਘ ਹੇਰਾ, ਸ. ਗੁਰਦੀਪ ਸਿੰਘ ਅਤੇ ਸ. ਮੋਹਕਮ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>