ਨਵੀਂ ਦਿੱਲੀ – ਅਮਰੀਕਾ ‘ਚ ਵੱਸਦੇ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦੇ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10,000 ਅਮਰੀਕਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਕਮੇਟੀ ਦਫਤਰ ਵਿਖੇ ਨੈਸ਼ਨਲ ਸਿੱਖ ਕਮਪੇਨ ਦੇ ਸੀਨੀਅਰ ਸਹਾਲਕਾਰ ਅਤੇ ਸਿੱਖ ਕਾਉਂਸਿਲ ਆਨ ਰਿਲੀਜ਼ਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਡਾ. ਰਾਜਵੰਤ ਸਿੰਘ ਨਾਲ ਮੁਲਾਕਾਤ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਚੋਣਵੇਂ ਪੱਤਰਕਾਰਾਂ ਦੀ ਮੌਜੂਦਗੀ ‘ਚ ਇਸ ਗੱਲ ਦਾ ਐਲਾਨ ਕੀਤਾ।ਵੱਡੀ ਮੀਡੀਆ ਸਲਾਹਕਾਰ ਕੰਪਨੀ ਐ.ਕੇ.ਪੀ.ਡੀ. ਜੋ ਕਿ ਰਾਸ਼ਟਰਪਤੀ ਬਰਾਕ ਓਬਾਮਾ ਸਣੇ ਕਈ ਵੱਡੀ ਹਸਤੀਆਂ ਵਾਸਤੇ ਮੀਡੀਆ ਮੁਹਿੰਮ ਚਲਾ ਚੁੱਕੀ ਹੈ ਨੂੰ ਵਾਸ਼ਿੰਗਟਨ ਦੇ ਨੈਸ਼ਨਲ ਸਿੱਖ ਕਮਪੇਨ (ਐਨ.ਐਸ.ਸੀ.) ਵੱਲੋਂ ਪੂਰੇ ਦੇਸ਼ ‘ਚ ਸਿੱਖਾਂ ਬਾਰੇ ਜਾਗਰੁਕਤਾ ਮੁਹਿੰਮ ਚਲਾਉਣ ਦਾ ਕਰਾਰ ਕੀਤਾ ਗਿਆ ਹੈ।
ਡਾ. ਰਾਜਵੰਤ ਸਿੰਘ ਨੇ ਕਿਹਾ ਅਮਰੀਕਾ ‘ਚ ਵੱਸਦੇ ਸਿੱਖਾਂ ਨੂੰ ਨਸਲੀ ਹਮਲੇ ਅਤੇ ਭੇਦਭਾਵ ਦੀ ਧਾਰਣਾ ਕਰਕੇ 9/11 ਦੇ ਹਮਲੇ ਤੋਂ ਬਾਅਦ ਲਗਾਤਾਰ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ ‘ਚ ਸਿੱਖਾਂ ਦੀ ਹੋਂਦ ਦੀ ਜਾਣਕਾਰੀ ਬਾਰੇ “ਹਾਰਟ ਰਿਸਰਚ ਐਸੋਸਿਏਟ” ਵੱਲੋਂ ਕਰਵਾਏ ਗਏ ਇਕ ਸਰਵੇਖਣ ‘ਚ ਜੋ ਤੱਥ ਸਾਹਮਣੇ ਆਏ ਹਨ ਉਹ ਬਹੁਤ ਹੈਰਾਨੀਕੁੰਨ ਹਨ। ਸਰਵੇਖਣ ਅਨੁਸਾਰ 60 ਫੀਸਦੀ ਅਮਰੀਕੀ ਸਿੱਖ ਧਰਮ ਬਾਰੇ ਨਹੀਂ ਜਾਣਦੇ, ਜਦਕਿ 3 ਫੀਸਦੀ ਲੋਕ ਹੀ ਸਿੱਖਾਂ ਨੂੰ ਪਛਾਣਦੇ ਹਨ। 48 ਫੀਸਦੀ ਅਮਰੀਕਨ ਸਿੱਖਾਂ ਨੂੰ ਅਰਬੀ ਜਾਂ ਮੁਸਲਿਮ ਸਮਝਦੇ ਹਨ, 54 ਫੀਸਦੀ ਅਮਰੀਕਨ ਸਿੱਖਾਂ ਦੇ ਖਿਲਾਫ ਨਹੀਂ ਹਨ ਜਦਕਿ 16 ਫੀਸਦੀ ਅਮਰੀਕਨ ਦੇ ਵਿਚਾਰ ਬਹੁਤ ਠੰਡੇ ਹਨ। ਇਸੇ ਸਰਵੇਖਣ ਦੇ ਅਧਾਰ ਨੂੰ ਧਿਆਨ ‘ਚ ਰੱਖ ਕੇ ਐ.ਕੇ.ਪੀ.ਡੀ. ਵੱਲੋਂ ਕੌਮੀ ਪੱਧਰ ਤੇ ਮੀਡੀਆ ਮੁਹਿੰਮ ਚਲਾਈ ਜਾਵੇਗੀ।
ਜੀ.ਕੇ. ਨੇ ਇਸ ਮੁਹਿੰਮ ਦਾ ਸਮਰਥਣ ਕਰਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦੀ ਨੈਤਿਕ ਜ਼ਿਮੇਵਾਰੀ ਬਣਦੀ ਹੈ ਕਿ ਸਿੱਖ ਧਰਮ ਦੀ ਹੋਂਦ ਨੂੰ ਅਮਰੀਕਾ ‘ਚ ਬਚਾਉਣ ਵਾਸਤੇ ਗੈਰ ਸਿੱਖਾਂ ਦੇ ਵਿਚ ਚਲਾਈ ਜਾਉਣ ਵਾਲੀ ਇਸ ਮੁਹਿੰਮ ਨੂੰ ਕਾਮਯਾਬ ਬਣਾਕੇ ਸਿੱਖਾਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ। ਅਮਰੀਕਾ ‘ਚ ਵਸਦੇ ਸਿੱਖ ਭਾਈਚਾਰੇ ਦੀ ਪਿੱਠ ਪਿੱਛੇ ਖੜੇ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਸਿੱਖ ਬੁੱਧੀਜੀਵੀਆਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੇ ਕਾਮਯਾਬ ਹੋਣ ਦਾ ਭਰੋਸਾ ਵੀ ਜਿਤਾਇਆ। ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਲੋੜ ਪੈਣ ਤੇ ਹੋਰ ਮਦਦ ਵੀ ਦੇਣ ਦਾ ਅਮਰੀਕਨ ਸਿੱਖਾਂ ਨੂੰ ਭਰੋਸਾ ਦਿੱਤਾ।
ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਰਾਜਵੰਤ ਸਿੰਘ ਨੇ ਮਾਇਕ ਸਹਾਇਤਾ ਐਨ.ਐਸ.ਸੀ. ਦੀ ਮੀਡੀਆ ਮੁਹਿੰਮ ਨੂੰ ਦੇਣ ਨਾਲ ਅਮਰੀਕਨ ਸਿੱਖ ਭਾਈਚਾਰੇ ‘ਚ ਭਾਰਤ ਦੇ ਸਿੱਖਾਂ ਵੱਲੋਂ ਉਨ੍ਹਾਂ ਦਾ ਧਿਆਨ ਰੱਖਣ ਦਾ ਸੁਨੇਹਾ ਪੁੱਜਣ ਦੀ ਵੀ ਗੱਲ ਕਹੀ। ਇਸ ਮੀਡੀਆ ਮੁਹਿੰਮ ਨਾਲ ਜਕੜੇ ਹਲਾਤਾਂ ‘ਚ ਕੰਮ ਕਰ ਰਹੇ ਅਮਰੀਕਨ ਸਿੱਖਾਂ ਨੂੰ ਵੱਡੀ ਤਾਕਤ ਮਿਲਣ ਦਾ ਵੀ ਰਾਜਵੰਤ ਨੇ ਦਾਅਵਾ ਕੀਤਾ। ਸੰਸਾਰਭਰ ‘ਚ ਵਸਦੇ ਸਿੱਖਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦੀ ਵੀ ਰਾਜਵੰਤ ਨੇ ਅਪੀਲ ਕੀਤੀ। ਐਨ.ਐਸ.ਸੀ. ਦੇ ਸਹਾਇਕ ਸੰਸਥਾਪਕ ਗੁਰਵੀਨ ਸਿੰਘ ਅਹੁੂਜਾ ਨੇ ਦਿੱਲੀ ਕਮੇਟੀ ਦੀ ਇਸ ਮਾਇਕ ਮਦਦ ਨਾਲ ਇਸ ਮੀਡੀਆ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਣ ਦੀ ਵੀ ਗੱਲ ਆਖੀ।