ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਇੰਜਨੀਅਰਿੰਗ ਅਤੇ ਤਕਨਾਲੌਜੀ ਕਾਲਜ ਵੱਲੋਂ ਕੌਮੀ ਵਿਗਿਆਨ ਦਿਹਾੜੇ ਮੌਕੇ ‘ਵਿਗਿਆਨ ਮੇਲਾ 2015’ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਨਵੀਨਤਮ ਵਿਗਿਆਨਕ ਕਲਾ ਨੂੰ ਨਿਖਾਰਨਾ ਸੀ। ਯੂਨੀਵਰਸਿਟੀ ਅਤੇ ਇਲਾਕੇ ਭਰ ਦੇ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਵਿਗਿਆਨ ਅਤੇ ਇੰਜਨੀਅਰਿੰਗ ਨਾਲ ਸੰਬੰਧਿਤ ਮਾਡਲ ਬਣਾ ਕੇ ਇਸ ਵਿਗਿਆਨ ਮੇਲੇ ਵਿਚ ਹਿੱਸਾ ਲਿਆ।
ਮਕੈਨੀਕਲ ਇੰਜਨੀਅਰਿੰਗ, ਸਿਵਲ ਇੰਜਨੀਅਰਿੰਗ, ਕੰਪਿਊਟਰ ਸਾਇੰਸ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ, ਇਲੈਕਟ੍ਰਾੱਨਿਕਸ ਇੰਜਨੀਅਰਿੰਗ ਅਤੇ ਐਪਲਾਈਡ ਸਾਇੰਸ ਨਾਲ ਸੰਬੰਧਿਤ 50 ਦੇ ਲਗਪਗ ਪ੍ਰੋਜੈਕਟ ਮਾਡਲ ਇਸ ਮੇਲੇ ਵਿਚ ਪ੍ਰਦਰਸਿਤ ਕੀਤੇ ਗਏ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚੇਅਰਮੈਨ ਸ੍ਰ. ਗੁਰਲਾਭ ਸਿੰਘ ਸਿੱਧੂ ਅਤੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਡਾਇਰੈਕਟਰ ਕੈਂਪਸ ਡਾ. ਨਰਿੰਦਰ ਸਿੰਘ, ਡੀਨ ਰਿਸਰਚ ਡਾ. ਆਰ. ਕੇ. ਬਾਂਸਲ ਅਤੇ ਡਿਪਟੀ ਰਜਿਸਟਰਾਰ, ਡਾ. ਅਮਿਤ ਟੁਟੇਜਾ ਨੇ ਮਾਹਿਰ ਜੱਜਾਂ ਦੀ ਭੂਮਿਕਾ ਨਿਭਾਈ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕਲ਼ੁ, ਕੋਟਸ਼ਮੀਰ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ‘ਜੇ ਸੀ ਬੀ ਮਸ਼ੀਨ’ ਨੂੰ ਪਹਿਲਾ ਅਤੇ ਐੱਮ. ਐੱਸ. ਡੀ. ਸਕੂਲ ਰਾਮਾਂ ਮੰਡੀ ਦੇ ਵਿਦਿਆਿਰਥੀਆਂ ਦੇ ਪ੍ਰੋਜੈਕਟ ‘ਫੁੱਲ ਵੇਵ ਰੈਕਟੀਫਾਇਰ’ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਇਸ ਗਤੀਵਿਧੀ ਦੌਰਾਨ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਬੀ. ਐੱਸ. ਧਾਲੀਵਾਲ, ਡੀਨ ਵਿਦਿਆਰਥੀ ਭਲਾਈ ਡਾ. ਧਰੁਵ ਰਾਜ ਗੋਦਾਰਾ ਅਤੇ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਕੌਤਿਸ਼ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਿਗਿਆਨ ਮੇਲੇ ਦੀ ਇਸ ਗਤੀਵਿਧੀ ਦੀ ਸਫਲਤਾ ਲਈ ਵਧਾਈ ਦੇ ਪਾਤਰ ਦਰਸਾਇਆ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਮਾਡਲਾਂ ਨੂੰ ਸਲਾਹੁੰਦਿਆਂ ਹੋਇਆਂ ਉਨ੍ਹਾਂ ਨੂੰ ਇਸ ਸੰਬੰਧੀ ਪ੍ਰੇਰਨਾ ਸ੍ਰੋਤ ਬਣੇ ਅਧਿਆਪਕਾਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ । ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਨਵੀਨਤਮ ਵਿਚਾਰਾਂ ਸਹਿਤ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਪ੍ਰੋਗਰਾਮ ਨਿਰੰਤਰ ਕਰਵਾਏ ਜਾਣੇ ਚਾਹੀਦੇ ਹਨ।