ਨਵੀਂ ਦਿੱਲੀ – ਸ੍ਰੀ ਲੰਕਾ ਦੇ ਪ੍ਰਧਾਨਮੰਤਰੀ ਰਾਨਿਲ ਵਿਕਰਮਸਿੰਘੇ ਨੇ ਭਾਰਤ ਦੇ ਖਿਲਾਫ਼ ਇਤਰਾਜ਼ਯੋਗ ਬਿਆਨ ਦੇ ਕੇ ਮੋਦੀ ਸਰਕਾਰ ਨੂੰ ਝਟਕਾ ਦਿੱਤਾ ਹੈ।ਸ੍ਰੀ ਲੰਕਾ ਦੇ ਪ੍ਰਧਾਨਮੰਤਰੀ ਨੇ ਭਾਰਤੀ ਮਛਿਆਰਿਆਂ ਨੂੰ ਗੋਲੀ ਮਾਰਨ ਦੀ ਗੱਲ ਕੀਤੀ ਹੈ। ਇਹ ਬਿਆਨ ਮੋਦੀ ਦੇ ਸ੍ਰੀ ਲੰਕਾ ਦੇ ਦੌਰੇ ਤੇ ਜਾਣ ਤੋਂ ਕੁਝ ਹੀ ਦਿਨ ਪਹਿਲਾਂ ਆਇਆ ਹੈ।
ਵਿਦੇਸ਼ਮੰਤਰੀ ਸੁਸ਼ਮਾ ਸਵਰਾਜ ਇਸ ਸਮੇਂ ਸ੍ਰੀਲੰਕਾ ਦੇ ਦੌਰੇ ਤੇ ਹੈ ਅਤੇ ਮੋਦੀ ਵੀ 13 ਮਾਰਚ ਨੂੰ ਸ੍ਰੀਲੰਕਾ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਹਨ। ਪਰ ਇਸ ਸੱਭ ਦਰਮਿਆਨ ਪ੍ਰਧਾਨਮੰਤਰੀ ਵਿਕਰਮਸਿੰਘੇ ਨ ਕਿਹਾ ਹੈ ਕਿ ਭਾਰਤੀ ਮਛਿਆਰਿਆਂ ਨੂੰ ਭਾਰਤੀ ਜਲਖੇਤਰ ਸੀਮਾ ਪਾਰ ਕਰ ਕੇ ਸ੍ਰੀਲੰਕਾ ਦੇ ਖੇਤਰ ਵਿੱਚ ਦਾਖਿਲ ਹੋਣ ਤੇ ਸਾਨੂੰ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਕਿ ਜਾਇਜ਼ ਹੈ।
ਇੱਕ ਤਾਮਿਲ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਦੌਰਾਨ ਪ੍ਰਧਾਨਮੰਤਰੀ ਵਿਕਰਮਸਿੰਘੇ ਨੇ ਕਿਹਾ ਕਿ ਜਾਫਨਾ ਦੇ ਮਛਿਆਰਿਆਂ ਨੂੰ ਮੱਛੀ ਫੜਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮਛਿਆਰੇ ਇੱਥੇ ਕਿਉਂ ਆਉਂਦੇ ਹਨ? ਉਨ੍ਹਾਂ ਅਨੁਸਾਰ ਮਛਿਆਰਿਆਂ ਲਈ ਉਚਿਤ ਪ੍ਰਬੰਧ ਦੀ ਜਰੂਰਤ ਹੈ। ਪਰ ਇਹ ਪ੍ਰਬੰਧ ਸਾਡੇ ਉਤਰੀ ਮਛਿਆਰਿਆਂ ਦੀ ਰੋਜ਼ੀ ਰੋਟੀ ਦੀ ਕੀਮਤ ਤੇ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤੀ ਮਛਿਆਰੇ ਭਾਰਤੀ ਇਲਾਕੇ ਵਿੱਚ ਰਹਿਣਗੇ ਤਾਂ ਕੋਈ ਸਮਸਿਆ ਪੈਦਾ ਨਹੀਂ ਹੋਵੇਗੀ।