ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਚਾਹੁੰਦਾ ਰਿਹਾ ਹੈ ਕਿ ਚੌਧਰੀ ਸ੍ਰੀ ਓਮ ਪ੍ਰਕਾਸ਼ ਚੋਟਾਲਾ ਹਰਿਆਣੇ ਦੀ ਪੂਰੀ ਤਰ੍ਹਾਂ ਦੇਖ-ਭਾਲ ਕਰਨਗੇ ਅਤੇ ਹਰਿਆਣਾ ਸਾਡਾ ਗੁਆਂਢੀ ਸੂਬਾ ਹੋਣ ਦੇ ਨਾਤੇ ਇਹ ਸਿੱਖ ਕੌਮ ਜੋ ਕਿ ਹਰਿਆਣੇ ਵਿਚ ਘੱਟ ਗਿਣਤੀ ਵਿਚ ਹੈ, ਉਸ ਦੇ ਲਈ ਹਰੇਕ ਕਿਸਮ ਦੇ ਉਪਰਾਲੇ ਕਰਨਗੇ । ਸਾਨੂੰ ਅੱਜ ਬਹੁਤ ਅਫਸੋਸ ਹੋਇਆ ਹੈ ਜੋ ਕਿ ਚੋਟਾਲਾ ਸਾਹਿਬ ਤੇ ਉਹਨਾਂ ਦੇ ਲੜਕੇ ਤੇ ਹੋਰ ਅਫ਼ਸਰਾਂ ਨੂੰ 10-10 ਸਾਲਾਂ ਦੀ ਕੈਦ ਹਾਈਕੋਰਟ ਨੇ ਸੁਣਾ ਦਿੱਤੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਣਾਈ ਗਈ ਇਸ ਸਜ਼ਾ ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ੍ਰੀ ਚੌਧਰੀ ਓਮ ਪ੍ਰਕਾਸ਼ ਚੋਟਾਲਾ ਤੇ ਉਹਨਾਂ ਦੇ ਬੇਟੇ ਨੂੰ ਐਨੀ ਕੈਦ ਨਾ ਹੁੰਦੀ, ਜੇਕਰ ਉਹ ਆਪਣੇ ਖਾਸ ਮਿੱਤਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਇਸ ਲੁੱਟ-ਖੁਸੁੱਟ ਦੇ ਕੇਸਾਂ ਤੋ ਛੁਟਕਾਰਾ ਪਾਉਣ ਦੀ ਸੋਚ ਨੂੰ ਅਪਣਾਉਦੇ । ਜਿਵੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੇ ਵੀ ਇਹੀ ਲੁੱਟ-ਖਸੁੱਟ ਦੇ ਮੁਕੱਦਮੇ ਚੱਲੇ ਸੀ, ਉਹਨਾਂ ਨੇ ਆਪਣੇ ਗਵਾਹਾਂ ਨੂੰ ਮੁਕਰਾਕੇ ਆਪ ਬਾਇੱਜ਼ਤ ਇਹਨਾਂ ਕੇਸਾਂ ਵਿਚੋਂ ਬਰੀ ਹੋ ਗਏ ਹਨ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣੇ ਵਿਚ ਬਹੁਤ ਜ਼ਾਇਦਾਦ ਬਣਾਈ ਹੈ ਜੋ ਕਿ ਗੁੜਗਾਓ ਵਿਖੇ ਪੰਜ ਤਾਰਾ ਹੋਟਲ ਤੇ ਹੋਰ ਪ੍ਰਾਪਰਟੀਆਂ ਬਣਾਈਆ ਹੋਈਆਂ ਹਨ ਅਤੇ ਹਰਿਆਣੇ ਦੇ ਇਕ ਪਿੰਡ ਬਾਲਾਸਰ ਵਿਚ ਅਲੀਸਾਨ ਕੋਠੀ ਤੇ ਜ਼ਾਇਦਾਦ ਬਣਾਈ ਹੋਈ ਹੈ । ਇਸ ਤੋ ਇਲਾਵਾ ਚੰਡੀਗੜ੍ਹ ਤੇ ਆਪਣੇ ਨਿੱਜੀ ਪਿੰਡ ਬਾਦਲ ਵਿਚ ਵੀ ਆਪਣੇ ਪੁਰਾਣੇ ਘਰ ਦਾ ਨਕਸਾ ਬਣਾਕੇ ਇਕ ਟੂਰਿਸਟ ਸਪੋਟ ਬਣਾਇਆ ਹੋਇਆ ਹੈ । ਹਰਿਆਣੇ ਦੇ ਲੋਕ ਅਜੇ ਤੱਕ ਪੱਛੜੇ ਹੋਏ ਲੋਕ ਹਨ ਤੇ ਇਹ ਰੀਸ ਸਿੱਖ ਸਰਦਾਰਾਂ ਦੀ ਕਰਨ ਦੀ ਕੋਸਿ਼ਸ਼ ਕਰਦੇ ਹਨ । ਪਰ ਸ੍ਰੀ ਚੋਟਾਲਾ ਨੂੰ ਇਸਦਾ ਫ਼ਲ ਹਾਜ਼ਮ ਨਹੀਂ ਹੋ ਸਕਿਆ । ਸ੍ਰੀ ਚੋਟਾਲਾ ਨੇ ਹਿਮਾਚਲ ਦੇ ਮਨਾਲੀ ਵਿਚ ਵੀ ਬਹੁਤ ਤਕੜੀਆ ਜ਼ਾਇਦਾਦਾਂ ਖੜ੍ਹੀਆਂ ਕਰ ਦਿੱਤੀਆਂ ਹਨ ਅਤੇ ਹੋਰ ਕਈ ਜਗ੍ਹਾਂ ਤੇ ਵੀ ਜਿਥੇ ਲੋਕਾਂ ਦੀ ਪਹੁੰਚ ਨਹੀਂ ਪੈਦੀ ਉਥੇ ਵੀ ਇਹ ਵੱਡੀਆਂ ਜ਼ਾਇਦਾਦਾਂ ਹਾਸਿਲ ਕਰ ਲਈਆਂ ਹਨ । ਅਸੀਂ ਸਮਝਦੇ ਹਾਂ ਕਿ ਜਿਹੜੇ ਸਿਆਸਤਦਾਨ ਇਹੋ ਜਿਹਾ ਬੇਈਮਾਨੀ ਦਾ ਧਨ ਇਕੱਠਾ ਕਰਦੇ ਹਨ ਇਹਨਾਂ ਦੀ ਤਕੜੇ ਹੋ ਕੇ ਪੜਤਾਲ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇਹਨਾਂ ਨੂੰ ਡਰ ਰਹੇ ਕਿ ਅਕਸਰ ਕਾਨੂੰਨ ਤੇ ਰੂਲ ਆਫ਼ ਲਾਅ ਸਾਰਿਆਂ ਲਈ ਇਕ ਹਨ । ਸਾਡੀ ਪਾਰਟੀ ਸ੍ਰੀ ਓਮ ਪ੍ਰਕਾਸ ਚੋਟਾਲਾ ਦੇ ਨਾਲ ਅਫਸੋਸ ਕਰਦੀ ਹੈ ਤੇ ਜਦੋ ਸਾਨੂੰ ਮੌਕਾ ਮਿਲਿਆ ਤਾਂ ਜੇਲ੍ਹ ਵਿਚ ਜਾਂ ਕੇ ਮਿਲਾਂਗੇ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਜੋ ਵੀ ਇਹਨਾਂ ਨੇ ਕੀਤਾ ਹੈ ਜਾਂ ਨਹੀਂ ਕੀਤਾ ਉਸ ਨੂੰ ਮਹਾਰਾਜ ਸੱਚੇ ਪਾਤਸਾਹ ਇਸ ਸੰਕਟ ਵਿਚੋਂ ਜ਼ਰੂਰ ਕੱਢਣਗੇ । ਅਸੀਂ ਇਹ ਵੀ ਕੋਸਿ਼ਸ਼ ਕਰਾਂਗੇ ਕਿ ਇਹਨਾਂ ਨੂੰ ਹਰਿਆਣੇ ਦੇ ਨਾਲ ਲੱਗਦੀ ਪੰਜਾਬ ਦੀ ਜੇਲ੍ਹ ਵਿਚ ਰੱਖਿਆ ਜਾਵੇ, ਜਿਥੇ ਬੀਜੇਪੀ ਦੀ ਸਰਕਾਰ ਇਹਨਾਂ ਉਤੇ ਕਿਸੇ ਤਰ੍ਹਾਂ ਦਾ ਤਸੱਦਦ ਨਾ ਕਰਵਾ ਸਕੇ । ਇਹਨਾਂ ਦੀ ਬਿਰਧ ਉਮਰ ਇਹਨਾਂ ਨੂੰ ਮੈਡੀਕਲ ਸਹੂਲਤ ਵੀ ਸਰਕਾਰ ਮੁਹੱਈਆ ਕਰਵਾਏ ।