ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਰਕਾਰਾਂ ਨੇ ਅਣਗੋਲੇ ਕੀਤਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਕਰਵਾਏ ਗਏ ਹੋਲਾ ਮਹੱਲਾ ਸਮਾਗਮਾਂ ਦੌਰਾਨ ਬੇਬਾਕ ਹੋ ਕੇ ਸਰਕਾਰਾਂ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਬਾਰੇ ਸੁਨਣ ਲਈ ਨਹੀਂ ਤਿਆਰ ਹੋਣ ਦਾ ਦੋਸ਼ ਲਾਇਆ। ਇਥੇ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸ਼ੁਰਬੀਰਤਾ ਦੇ ਪ੍ਰਤੀਕ ਹੋਲਾ ਮਹੱਲਾ ਸਮਾਗਮ ਦੌਰਾਨ ਮੌਜੂਦ ਹਜ਼ਾਰਾਂ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਿਰਸਾ ਨੇ ਜਿਥੇ ਖਾਲਸਾ ਕੌਮ ਦੀ ਦੇਸ਼ ਕੌਮ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਉਥੇ ਹੀ ਸਰਕਾਰਾਂ ਤੇ ਸਿੱਖਾਂ ਨਾਲ ਮਤਰਈ ਮਾਂ ਵਾਂਗ ਸਲੂਕ ਕਰਨ ਦਾ ਵੀ ਦੋਸ਼ ਲਗਾਇਆ।

ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਬੀਤੇ 2 ਸਾਲਾਂ ਤੋਂ ਸੰਗਤ ਭਲਾਈ ਦੇ ਕੀਤੇ ਗਏ ਕਾਰਜਾਂ ਤੇ ਚਾਨਣਾਂ ਪਾਉਂਦੇ ਹੋਏ ਕਮੇਟੀ ਵੱਲੋਂ ਦਿੱਲੀ ਤੋਂ ਬਾਹਰ ਦੇਸ਼ ਵਿਦੇਸ਼ ‘ਚ ਵਸਦੇ ਸਿੱਖਾਂ ਦੀ ਚੜ੍ਹਦੀ ਕਲਾ ਲਈ ਕਾਰਜ ਕਰਨ ਦਾ ਵੀ ਦਾਅਵਾ ਕੀਤਾ। ਇੰਗਲੈਂਡ ‘ਚ ਪਗੜੀ ਦੀ ਪਾਬੰਦੀ ਦੇ ਖਿਲਾਫ ਲੜਾਈ, 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਐਸ.ਆਈ.ਟੀ. ਦੀ ਮੰਜ਼ੁਰੀ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਆਜ਼ਾਦ ਕਰਵਾਉਣ ਅਤੇ ਕਲਕੱਤਾ ਵਿਖੇ ਗੁਰਦੁਆਰੇ ਨੂੰ ਅੱਗ ਲਗਾਉਣ ਉਪਰੰਤ ਪੱਛਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੁਆਏ ਮੁਖਰਜੀ ਅਤੇ ਮੰਤਰੀ ਜੋਤੀ ਬਾਸੂ ਵੱਲੋਂ ਦਿੱਲੀ ਦੀਆਂ ਸੰਗਤਾਂ ਦੀ ਤਾਕਤ ਸਾਹਮਣੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੁਆਫੀ ਮੰਗਣ ਨੂੰ ਦਿੱਲੀ ਦੀਆਂ ਸਿੱਖ ਸੰਗਤਾਂ ਦੀ ਬੇਮਿਸਾਲ ਤਾਕਤ ਨਾਲ ਵੀ ਜੋੜਿਆ। ਜੀ.ਕੇ. ਨੇ 21 ਅਤੇ 22 ਮਾਰਚ ਨੂੰ ਦਿੱਲੀ ਫਤਿਹ ਦਿਵਸ ਲਾਲ ਕਿਲਾ ਮੈਦਾਨ ਵਿਖੇ ਮਨਾਉਣ ਦੀ ਜਾਣਕਾਰੀ ਵੀ ਸੰਗਤਾਂ ਨਾਲ ਸਾਂਝੀ ਕੀਤੀ। ਸਿੱਖਾਂ ਨੂੰ ਇਕ ਜੁੱਟ ਹੋਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਸਿੱਖ ਇਤਿਹਾਸ ਨੂੰ ਸਾਭੰਣ ਲਈ ਸੰਗਤਾਂ ਨੂੰ ਸਹਿਯੋਗ ਕਰਨ ਦਾ ਵੀ ਤਰਲਾ ਮਾਰਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਕੌਮ ਨੂੰ ਕਮਜ਼ੋਰ ਕਰਨ ਲਈ ਹਮੇਸ਼ਾ ਕੋਸ਼ਿਸ਼ਾਂ ਕੀਤੀਆਂ ਹਨ ਤੇ ਸਾਨੂੰ ਆਪਣੇ ਮਾਣਮਤੇ ਇਤਿਹਾਸ ਨੂੰ ਆਪਣੀ ਅਗਲੀ ਪੀੜੀ ਤੱਕ ਪਹੁੰਚਾਉਣ ਲਈ ਸੁਚੇਤ ਹੋ ਕੇ ਜੰਗੀ ਪੱਧਰ ਤੇ ਕਾਰਜ ਕਰਨ ਦੀ ਲੋੜ ਹੈ। ਜੀ.ਕੇ. ਨੇ ਪਿਛਲੇ ਕਮੇਟੀ ਪ੍ਰਬੰਧਕਾਂ ਨੂੰ ਬਾਲਾ ਸਾਹਿਬ ਹਸਪਤਾਲ ਦੇ ਚਲ ਰਹੇ ਮੁਕਦਮਿਆਂ ਨੂੰ ਵਾਪਿਸ ਲੈਣ ਦੀ ਅਪੀਲ ਕਰਦੇ ਹੋਏ ਕੌਮ ਦੀ ਝੌਲੀ ‘ਚ ਦਿੱਲੀ ਕਮੇਟੀ ਵੱਲੋਂ 400 ਬਿਸਤਰਿਆਂ ਦਾ ਹਸਪਤਾਲ ਪਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਨੂੰ ਵੀ ਕਾਮਯਾਬ ਕਰਨ ਦੀ ਗੱਲ ਕਹੀ।

ਸਿਰਸਾ ਨੇ ਗੁਰੁੂ ਸਾਹਿਬ ਵੱਲੋਂ ਬਖਸ਼ੀ ਸਿੱਖੀ ਤੇ ਸੰਗਤਾਂ ਨੂੰ ਮਾਣ ਕਰਨ ਦੀ ਗੱਲ ਕਰਦੇ ਹੋਏ ਪ੍ਰਬੰਧ ਦੀ ਸੇਵਾ ਦੌਰਾਨ ਕਮੇਟੀ ਪ੍ਰਬੰਧਕਾਂ ਵੱਲੋਂ ਬੀਤੇ 2 ਸਾਲ ਦੌਰਾਨ ਹੋਈਆਂ ਗਲਤੀਆਂ ਜਾਂ ਕਮੀਆਂ ਲਈ ਦੋ ਹੱਥ ਜੋੜ ਕੇ ਮੁਆਫੀ ਵੀ ਮੰਗੀ। ਇਕ ਨਿਮਾਣੇ ਸਿੱਖ ਵਾਂਗ ਤਕਰੀਰ ਕਰਦੇ ਭਾਵੁਕ ਹੋਏ ਸਿਰਸਾ ਨੇ ਕਿਹਾ ਕਿ ਮੇਰੇ ਪ੍ਰਬੰਧ ਦੀ ਸੇਵਾ ਸੰਭਾਲਣ ਨਾਲ ਸਾਡੀ ਚੜ੍ਹਦੀ ਕਲਾ ਤਾਂ ਹੋ ਸਕਦੀ ਹੈ ਪਰ ਗੁਰੂਘਰ ਦੀ ਚੜ੍ਹਦੀ ਕਲਾ ਦਾ ਦਾਅਵਾ ਕਰਨਾ ਸਾਡੀ ਛੋਟੀ ਸੋਚ ਦਾ ਪ੍ਰਤੀਕ ਲਗਦਾ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੂੰ ਪ੍ਰਬੰਧ ‘ਚ ਕਮੀਆਂ ਦਾ ਢਿੰਡੋਰਾ ਮੀਡੀਆ ‘ਚ ਫੋੜਨ ਦੀ ਬਜਾਏ ਸਿੱਧਾ ਉਨ੍ਹਾਂ ਤੱਕ ਪਹੁੰਚ ਕਰਕੇ ਯੋਗ ਸਲਾਹ ਦੇ ਕੇ ਕੌਮ ਨੂੰ ਮਜਬੂਤ ਕਰਨ ਦੀ ਵੀ ਸਿਰਸਾ ਨੇ ਅਪੀਲ ਕੀਤੀ। ਕਮੇਟੀ ਦਫਤਰ ‘ਚ ਸੁਝਾਵ ਅਤੇ ਸ਼ਿਕਾਇਤ ਕਰਨ ਵਾਸਤੇ ਲਗਾਏ ਗਏ ਪੱਤਰ ਬੋਕਸ ਰਾਹੀਂ ਆਪਣੀ ਗੱਲ ਉਨ੍ਹਾਂ ਤੱਕ ਪਹੁੰਚਾਉਣ ਦੀ ਵੀ ਸਿਰਸਾ ਨੇ ਅਪੀਲ ਕੀਤੀ।

1980 ਤੋਂ ਪਹਿਲੇ ਦਿੱਲੀ ਕਮੇਟੀ ਦੇ ਬਣੇ 13 ਪਬਲਿਕ ਸਕੂਲਾਂ ਦਾ ਹਵਾਲਾ ਦਿੰਦੇ ਹੋਏ ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਦੀਆਂ ਕਮੀਆਂ ਲਭਣ ਦੀ ਬਜਾਏ ਲੜਿੰਦਾ ਸਹਿਯੋਗ ਦੇਣ ਲਈ ਅੱਗੇ ਆਉਣ ਦਾ ਵੀ ਸੱਦਾ ਦਿੱਤਾ ਤਾਂਕਿ 1980 ਤੋਂ ਬਾਅਦ ਸਕੂਲੀ ਵਿਦਿਅਕ ਅਦਾਰਿਆਂ ਦੀ ਰੁਕ ਗਈ ਫਸਲ ਨੂੰ ਹਰਾ ਕੀਤਾ ਜਾ ਸਕੇ। ਸਿਰਸਾ ਨੇ ਆਪਣੇ ਆਪ ਨੂੰ ਘੱਟ ਬੁੱਧੀ ਦਸਦੇ ਹੋਏ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਪੜਾਈ ਵੇਲ੍ਹੇ ਕ੍ਰਿਸ਼ਚਨ ਸਕੂਲ਼ਾਂ ਦੇ ਰੁਝਾਨ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜ ਕੇ ਗੁਰਸਿੱਖੀ ਨਾਲ ਜੋੜਨ ਦਾ ਵੀ ਤਰਲਾ ਮਾਰਿਆ। ਦੇਸ਼ ਦੀ ਚੜ੍ਹਦੀ ਕਲਾ ਲਈ ਵਿਦੇਸ਼ੀ ਹਮਲਾਵਰਾਂ ਨਾਲ ਟਾਕਰਾ ਕਰਨ ਲਈ ਗੁਰੁ ਗੋਬਿੰਦ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਗਤ ਸਿੰਘ, ਸ਼ਹੀਦ ਉਧਮ ਸਿੰਘ ਅਤੇ ਮਾਸਟਰ ਤਾਰਾ ਸਿੰਘ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਸਿਰਸਾ ਨੇ ਇਸ ਮੌਕੇ ਯਾਦ ਕੀਤਾ। ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ। ਸਟੇਜ ਸਕੱਤਰ ਦੀ ਸੇਵਾ ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਅਤੇ ਪਰਮਜੀਤ ਸਿੰਘ ਰਾਣਾ ਵੱਲੋਂ ਨਿਭਾਈ ਗਈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਇੰਦਰਜੀਤ ਸਿੰਘ ਮੌਂਟੀ, ਦਰਸ਼ਨ ਸਿੰਘ ਅਤੇ ਰਵੈਲ ਸਿੰਘ ਵੱਲੋਂ ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>