ਨਨਕਾਣਾ ਸਾਹਿਬ ਵਿਖੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ

ਨਨਕਾਣਾ ਸਾਹਿਬ, (ਗੁਰੂ ਜੋਗਾ ਸਿੰਘ)- ਹੋਲੇ ਮਹੱਲੇ ਦੇ ਇਤਿਹਾਸਕ ਦਿਨ ਉਪਰ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹੋਲੇ ਮਹੱਲੇ ਦੀ ਖੁਸ਼ੀ ਵਿਚ ਅੰਮ੍ਰਿਤ ਵੇਲੇ ਵਿਸ਼ੇਸ਼ ਦੀਵਾਨ ਸਜਾਏ ਗਏ। ਗਿਆਨੀ ਜਨਮ ਸਿੰਘ ਜੀ ਨੇ ਹੋਲਾ ਮਹੱਲਾ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਸਮੁੱਚੇ ਖਾਲਸਾ ਪੰਥ ਨੂੰ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਹੋਲੇ ਮਹੱਲੇ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਕਿਹਾ ਖਾਲਸਾ ਪੰਥ ਨੂੰ ਆਪਣੇ ਅੰਦਰ ਪ੍ਰਹਿਲਾਦ ਦੀ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਅਤੇ ਉਸ ਨਿੰਰਕਾਰ ਉਪਰ ਪੂਰਨ ਵਿਸ਼ਵਾਸ਼ ਹੋਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੇਹਧਾਰੀ ਗੁਰੂਡੰਮ ਅਤੇ ਝੂਠੇ ਸੌਦੇ ਵਾਲੇ ਵਰਗੇ, ਜੋ ਆਪਣੇ ਆਪ ਨੂੰ ਰੱਬ ਸਮਝ ਕੇ ਹੰਕਾਰੇ ਹੋਏ ਹਰਨਾਕਸ਼ ਦੀ ਸੋਚ ਰੱਖਦੇ ਹਨ ਨਾਲ ਟੱਕਰ ਲੈਣ ਲਈ ਹੋਲਾ ਮਹੱਲਾ ਮਨਾਉਂਦਿਆਂ ਕਮਰਕੱਸੇ ਕਰ ਲੈਣੇ ਚਾਹੀਦੇ ਹਨ। ਹੋਲਾ ਮਹੱਲਾ ਤਿਉਹਾਰ ਦੀ ਸ਼ੁਰੂਆਤ ਕਲਗੀਧਰ ਪਾਤਸ਼ਾਹ ਜੀ ਨੇ ਹੋਲਗੜ੍ਹ ਕਿਲੇ ‘ਤੇ ਦੀਵਾਨ ਲਗਾ ਕੇ ਸੰਮਤ ੧੭੫੭ ਚੇਤ ਵੱਦੀ ੧ ਨੂੰ ਕੀਤੀ ਸੀ।ਇਸ ਨੂੰ ਹੋਲਾ ਮਹੱਲਾ ਨਾਮ ਦਿੱਤਾ। ਹੋਲੇ ਦਾ ਅਰਥ ਹੈ ਹਮਲਾ ਅਤੇ ਜਾਯ ਹਮਲਾ ਕਰਨਾ।ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸ਼ਤਰ ਅਤੇ ਯੁੱਧ ਵਿੱਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ। ਦੋ ਦਲ ਬਣਾ ਕੇ ਪ੍ਰਧਾਨ ਸਿੰਘਾਂ ਦੀ ਅਗਵਾਈ ਹੇਠ ਇਕ ਖਾਸ ਸਥਾਨ ‘ਤੇ ਕਬਜ਼ਾ ਕਰਨਾ।ਕਲਗੀਧਰ ਪਾਤਸਾਹ ਆਪ ਇਸ ਮਸਨੂਈ ਜੰਗ ਦਾ ਕਰਤਬ ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖਿਆ ਦਿੰਦੇ ਸੀ, ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪੇ ਬਖਸ਼ਦੇ ਸਨ।ਅੱਜ ਦੇ ਦਿਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਲਗੀਧਰ ਪਾਤਸ਼ਾਹ ਖਾਲਸੇ ਨੂੰ ਨਿਰਭਉ ਅਤੇ ਨਿਰਵੈਰ ਬਾਦਸ਼ਾਹ ਬਣਾਉਣਾ ਚਾਹੁੰਦੇ ਸੀ।ਅੱਜ ਖਾਲਸਾ ਪੰਥ ਨੂੰ ਆਪਸੀ ਧੜੇਬੰਦੀਆਂ ਤੋਂ ਬਾਹਰ ਨਿਕਲ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਲੀਆਂ ਸਾਜਸ਼ਕਾਰੀ ਕਲਮਾਂ, ਮੀਡੀਏ, ਅਖੋਤੀ ਸੰਤਾਂ-ਵਿਦਵਾਨਾਂ, ਖਾਲਸਾਈ ਰਵਾਇਤਾ ਨੂੰ ਖਤਮ ਕਰਨ ਲਈ ਲੱਗੀ ਹੋਈ ਤਾਕਤ ਦੇ ਪਿੱਠੂ ਲੀਡਰਾਂ ਤੋਂ ਸੁਚੇਤ ਹੋ ਕੇ।ਆਪਸੀ ਸਾਂਝ ਭਗਤੀ-ਸ਼ਕਤੀ ਅਤੇ ਸੰਤ-ਸਿਪਾਹੀ ਦਾ ਸੁਮੇਲ ਕਰਕੇ ਮਸਨੂਈ ਨਹੀਂ ਬਲਕਿ ਪਤਿਤਪੁਣੇ ਤੇ ਨਸ਼ਿਆਂ ਤੋਂ ਸਿੱਖ ਨੌਜਵਾਨੀ ਨੂੰ ਦੂਰ ਰੱਲ਼ਣ ਲਈ ਅਸਲੀ ਲੜਾਈ ਸ਼ੁਰੂ ਕਰਨ ਦੀ ਲੋੜ ਹੈ।ਇਹੀ ਸਾਹਿਬੇ ਕਮਾਲ ਦਾ ਹੋਲਾ ਮਹੱਲਾ ਮਨਾਉਣ ਅਤੇ ਸਾਨੂੰ ਸਮਝਾਉਣ ਦਾ ਮਕਸਦ ਸੀ ਕਿ ਖਾਲਸਾ ਇਨ੍ਹਾਂ ਮਸਨੂਈ ਜੰਗਾਂ ਦੇ ਜ਼ਰੀਏ ਆਉਣ ਵਾਲੇ ਸਮੇਂ ‘ਚ ਪੰਥ ਤੇ ਭੀੜਾ ਪੈਣ ਤੇ ਝੂਠੇ ਰੰਗਾਂ ਤੇ ਗੁਲਾਮ ਸੋਚ ਨੂੰ ਛੱਡ ਕੇ ਖ਼ੁਦਮੁਖਤਿਆਰ ਹੋ ਕੇ ਪ੍ਰਹਿਲਾਦ ਵਾਂਗ ਸੱਚ ਦੇ ਰੰਗ ਵਿੱਚ ਰੰਗ ਕੇ ਸੱਚ ਦੇ ਰਾਹ ਤੇ ਡੱਟ ਜਾਵੇ।ਉਹ ਚਾਹੁੰਦੇ ਸਨ-
ਸ਼ਸਤ੍ਰਹੀਨ ਇਹ ਕਬਹੁ ਨ ਹੋਈ॥
ਰਹਤਵੰਤ ਖਾਲਿਸ ਹੈ ਸੋਈ॥

ਕਲਗੀਧਰ ਪਾਤਸ਼ਾਹ ਦੀ ਖੁਸ਼ੀ ਅਗਰ ਖਾਲਸਾ ਚਾਹੁੰਦਾ ਹੈ ਤਾਂ ਉਹ ਇੰਂਨ੍ਹਾਂ ਬਚਨਾਂ ਨੂੰ ਯਾਦ ਰੱਖੇ-

ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ॥
ਬਿਨਾ ਤੇਗ਼ ਤੀਰੋ ਰਹੋ ਨਾਹ ਭਾਈ॥
ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ॥
ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ॥
ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ॥
ਬਿਨਾ ਕੇਸ, ਤੇਗੰ ਦਿਉਂ ਨ ਦੀਦਾਰੇ॥
ਇਹੋ ਮੋਰ ਬੈਨਾ, ਮਨੇਗਾ ਸੁ ਜੋਈ॥
ਤਿਸੇ ਇੱਛ ਪੂਰੀ, ਸਭੇ ਜਾਨ ਸੋਈ॥

ਦੁਪਹਿਰ ਤਿੰਨ ਵਜੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਅਰਦਾਸ ਤੋਂ ਬਾਅਦ ਸੁੰਦਰ ਫੁੱਲਾਂ ਨਾਲ ਸੱਜੀ ਪਾਲਕੀ ਵਾਲੀ ਬੱਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਅਰੰਭ ਹੋਇਆ।ਸਭ ਤੋਂ ਪਹਿਲਾ ਚਮਕਦੇ ਪਿੰਡੇ ਵਾਲੇ ਖੂਬਸੂਰਤ ਘੋੜਿਆਂ ਉਤੇ ਖਾਲਸਾਈ ਜਾਹੋ-ਜਲਾਲ ਨਾਲ ਨੀਲੀਆਂ ਕੇਸਰੀ ਦਸਤਾਰਾਂ ਸਜਾਏ ਚਮਕਦੇ ਸਿੰਘ, ਉਪਰੰਤ ਪੰਜ ਨਿਸ਼ਾਨਚੀ ਸਿੰਘਾਂ ਨਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ।ਨਗਰ ਕੀਰਤਨ ਦੌਰਾਨ ਸਾਰੇ ਪਾਸੇ ਕੇਸਰੀ ਨੀਲੇ ਦਸਤਾਰਾਂ, ਦੁਪੱਟਿਆਂ ਦੀ ਭਰਮਾਰ ਨਾਲ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਅਲੋਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।

ਨਗਰ ਕੀਰਤਨ ਵਿੱਚ ਵਿਸ਼ੇਸ਼ ਤੋਰ ‘ਤੇ ਨਿਰਵੈਰ ਖਾਲਸਾ ਗੱਤਕਾ ਦਲ ਦੇ ਭੁਜੰਗੀ ਸਿੰਘਾਂ ਦਾ ਜੋਸ਼ ਦੇਖਣ ਵਾਲਾ ਦੀ।ਕ੍ਰਿਪਾਨਾਂ, ਸੋਟੀਆਂ, ਚੱਕਰਾਂ ਅਤੇ ਢਾਲਾਂ ਤੇ ਵੱਜਣ ਵਾਲੀਆਂ ਕ੍ਰਿਪਾਨਾਂ, ਬੋਲੇ ਸੋ ਨਿਹਾਲ, ਰਾਜ ਕਰੇਗਾ ਖਾਲਸਾ ਅਤੇ ਦੇਗ ਤੇਗ ਫਤਹਿ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ ਅਤੇ ਅਨੰਦਪੁਰ ਸਾਹਿਬ ਕੱਢੇ ਜਾਣ ਵਾਲੇ ਹੋਲੇ ਮਹੱਲੇ ਦਾ ਅਨੰਦ ਨਨਕਾਣਾ ਸਾਹਿਬ ਵਿਚ ਵੀ ਪ੍ਰਾਪਤ ਹੋ ਰਿਹਾ ਸੀ।ਸਿੱਖ ਬੱਚੇ-ਬੱਚੀਆਂ, ਘੋੜ-ਸਵਾਰਾਂ ਅਤੇ ਖੁਲੀ ਨਿਹੰਗਾਂ ਵਾਲੀ ਜੀਪ ‘ਤੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਬੈਠੇ ਬੱਚੇ ਨੋਜਵਾਨ ਝੂਲਤੇ ਨਿਸ਼ਾਨ ਸਾਹਿਬ ਰਹੇ ਤੇ ਖਾਲਸਾ ਜੀ ਕੇ ਬੋਲ-ਬਾਲਿਆਂ ਦੀ ਤਰਜ਼ਮਾਨੀ ਕਰ ਰਹੇ ਸੀ।

ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਅਤੇ ਪੀ.ਐਸ.ਜੀ.ਪੀ.ਸੀ ਦੇ ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ ਅਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਕੇਅਰਟੇਕਰ ਅਤੀਕ ਗਿਲਾਨੀ ਸਾਹਿਬ ਨੇ ਵੀ ਨਗਰ ਕੀਰਤਨ ਵਿਚ ਹਾਜ਼ਰੀ ਲਗਾਈ।ਸ੍ਰ. ਗੋਪਾਲ ਸਿੰਘ ਚਾਵਲਾ ਨੇ ਦੁਨੀਆਂ ਭਰ ਵਿਚ ਵੱਸਣ ਵਾਲੀਆਂ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀ ਲੱਖ-ਲੱਖ ਵਧਾਈ ਦਿੱਤੀ ਅਤੇ ਕਿਹਾ ਪੀ.ਐਸ.ਜੀ.ਪੀ.ਸੀ ਸਿੱਖ ਸੰਗਤਾਂ ਦੇ ਹਰ ਉਸ ਪ੍ਰੋਗਰਾਮ ਨੂੰ ਪੂਰਾ-ਪੂਰਾ ਸਹਿਯੋਗ ਦੇਵੇਗੀ।ਜਿਹੜਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਹੋਵੇਗਾ।

ਹੋਰ ਖੇਡਾਂ ਤੋਂ ਇਲਾਵਾ ਸ਼ਾਮ ਦੇ ਦੀਵਾਨ ਵਿਚ ‘ਦਸਤਾਰ ਸਜਾਉਣ’ ਦੇ ਮੁਕਾਬਲੇ ਵੀ ਕਰਵਾਏ ਗਏ।ਸ੍ਰ.ਰਾਮ ਸਿੰਘ ਸ੍ਰ. ਦਲਵਿੰਦਰ ਸਿੰਘ ਜੀ ਵੱਲੋਂ ਜੱਜ ਦੀ ਸੇਵਾ ਨਿਭਾਈ ਗਈ।ਦਸਤਾਰ ਸਜਾਉਣ ਦੇ ਮੁਕਾਬਲੇ ਵਿਚ ਪਹਿਲੀ ਪੁਜਿਸ਼ਨ ਲਈ ਸਰਦਾਰ ਗੁਰਦਰਸ਼ਨ  ਸਿੰਘ ਦਾ ਨਾਮ ਘੋਸ਼ਿਤ ਕੀਤਾ।ਹੋਲਾ ਮਹੱਲਾ ਮਨਾਉਣ ਲਈ ਸੂਬਾ ਸਿੰਧ ਦੇ ਸ਼ਹਿਰ ਕਸ਼ਮੋਰ, ਜੈਕਬਾਬਾਦ ਅਤੇ ਹੋਰ ਸ਼ਹਿਰਾਂ ਤੋਂ ਵੀ ਸੰਗਤਾਂ ਨਨਕਾਣਾ ਸਾਹਿਬ ਪਹੁੰਚੀਆਂ ਸਨ।ਇਸ ਮੌਕੇ ਤੇ ਸ੍ਰ. ਰਮੇਸ਼ ਸਿੰਘ ਅਰੌੜਾ ਐਮ.ਪੀ.ਏ ਪੰਜਾਬ ਅਸੈਬਲੀ ਉਚੇਚੇ ਤੌਰ ‘ਤੇ ਨਨਕਾਣਾ ਸਾਹਿਬ ਪਹੁੰਚੇ।ਉਨ੍ਹਾਂ ਨੇ ਵੀ ਸ਼ਾਮ ਦੇ ਦੀਵਾਨ ਵਿਚ ਸੰਗਤਾਂ ਨੂੰ ਪੰਜਾਬ ਹਕੂਮਤ ਅਤੇ ਆਪਣੇ ਵੱਲੋਂ ਪਕਿਸਤਾਨ ‘ਚ ਵੱਸਣ ਵਾਲੀਆਂ ਸਿੱਖ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੱਤੀ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਹੋਲਾ-ਮਹੱਲਾ ਮਨਾਉਣ ਅਤੇ ਇਸ ਖੁਸ਼ੀ ਦੇ ਮੌਕੇ ‘ਤੇ ਪਹਿਲੀ ਵਾਰੀ ਸ਼ਾਨਦਾਰ ਤਰੀਕੇ ਨਾਲ ਨਗਰ ਕੀਰਤਨ ਕੱਢਣ ਤੇ ਸਿੱਖ ਸੰਗਤਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ।ਦੋਨੋਂ ਟਾਈਮ ਕੀਰਤਨ ਦੀ ਸੇਵਾ ਹਜ਼ੂਰੀ ਰਾਗੀ ਸੰਤ ਸਿੰਘ ਜੀ ਦੇ ਜੱਥੇ ਨੇ ਕੀਤੀ ਅਤੇ ਸਟੇਜ ਸੈਕਟਰੀ ਦੀ ਸੇਵਾ ਭਾਈ ਬਲਵੰਤ ਸਿੰਘ ਵੱਲੋਂ ਨਿਭਾਈ ਗਈ।ਪਾਕਿਸਤਾਨ ਦੀ ਤਰੱਕੀ ਅਮਨ-ਸ਼ਾਤੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਦੀ ਸੇਵਾ ਸਰਦਾਰ ਕਾਕਾ ਸਿੰਘ ਵੱਲੋਂ ਕੀਤੀ ਗਈ।ਉਪਰੰਤ ਗੁਰੂ ਕਾ ਲੰਗਰ ਅਤੇ ਚਾਹ ਦਾ ਲੰਗਰ ਅਤੁੱਟ ਵਰਤਿਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>