ਚੰਡੀਗੜ੍ਹ – “ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸ੍ਰੀ ਮੁਫ਼ਤੀ ਮੁਹੰਮਦ ਸਈਅਤ ਵੱਲੋਂ ਜੇਕਰ ਚਾਰ ਸਾਲ ਤੋਂ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਜ਼ਹਾਦੀ ਆਗੂ ਮਸੱਰਤ ਆਲਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਤਾਂ ਇਸ ਵਿਚ ਕੋਈ ਵੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਅਮਲ ਨਹੀਂ ਹੋਇਆ । ਬਲਕਿ ਸ੍ਰੀ ਆਲਮ ਨੂੰ ਕਈ ਵਾਰ ਜ਼ਮਾਨਤ ਮਿਲਣ ਉਪਰੰਤ ਵੀ ਵਾਰ-ਵਾਰ ਗ੍ਰਿਫ਼ਤਾਰੀ ਦੇ ਹੁਕਮਾਂ ਨੂੰ ਵਧਾਉਦੇ ਰਹਿਣ ਦੇ ਅਮਲ ਗੈਰ-ਵਿਧਾਨਿਕ ਅਤੇ ਗੈਰ-ਇਨਸਾਨੀਅਤ ਵਾਲੇ ਹਨ । ਜੋ ਜੰਮੂ-ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ, ਕਾਂਗਰਸ, ਬੀਜੇਪੀ ਜਾਂ ਹੋਰਨਾਂ ਵੱਲੋਂ ਸ੍ਰੀ ਮਸੱਰਤ ਆਲਮ ਦੀ ਰਿਹਾਈ ਹੋਣ ਉਤੇ ਰੋਲਾ ਪਾਇਆ ਜਾ ਰਿਹਾ ਹੈ, ਉਸ ਵਿਚ ਫਿਰਕੂ ਭਾਵਨਾ ਹੀ ਪ੍ਰਗਟ ਹੋ ਰਹੀ ਹੈ, ਨਾ ਕਿ ਕਾਨੂੰਨ ਅਨੁਸਾਰ ਇਨਸਾਫ਼ ਦੀ ਗੱਲ ਨੂੰ ਪ੍ਰਵਾਨ ਕੀਤਾ ਜਾ ਰਿਹਾ ਹੈ । ਵਿਰੋਧੀ ਜਮਾਤਾਂ ਅਤੇ ਮੁਤੱਸਵੀ ਆਗੂ ਬਿਨ੍ਹਾਂ ਵਜ਼ਹ ਰੋਲਾ ਪਾ ਕੇ ਜੰਮੂ-ਕਸ਼ਮੀਰ ਦੇ ਸਰਹੱਦੀ ਸੂਬੇ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਅਤੇ ਕਾਨੂੰਨੀ ਪ੍ਰਕਿਰਿਆ ਵਿਚ ਰੁਕਾਵਟਾਂ ਪਾਉਣ ਦੀਆਂ ਅਸਫ਼ਲ ਕੋਸਿ਼ਸਾਂ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਆਲਮ ਨੂੰ ਰਿਹਾਅ ਕਰਨ ਅਤੇ ਸ੍ਰੀ ਸਈਅਦ ਦੇ ਇਸ ਫੈਸਲੇ ਨੂੰ ਇਨਸਾਫ਼ ਵਾਲਾ ਕਰਾਰ ਦਿੰਦੇ ਹੋਏ ਭਰਪੂਰ ਸਵਾਗਤ ਕੀਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੁਫ਼ਤੀ ਮੁਹੰਮਦ ਸਈਅਤ ਦੀ ਜੰਮੂ-ਕਸ਼ਮੀਰ ਹਕੂਮਤ ਵੱਲੋਂ ਸ੍ਰੀ ਆਲਮ ਜਿਸ ਨੂੰ ਕਾਲੇ ਕਾਨੂੰਨਾਂ ਅਧੀਨ ਪਿਛਲੀਆਂ ਹਕੂਮਤਾਂ ਨੇ ਜ਼ਬਰਨ ਬੰਦੀ ਬਣਾਇਆ ਹੋਇਆ ਸੀ, ਉਸ ਨੂੰ ਰਿਹਾਅ ਕਰਨ ਦੇ ਹੋਏ ਅਮਲ ਉਤੇ ਸਿੱਖ ਕੌਮ ਵੱਲੋਂ ਗਹਿਰੀ ਖੁਸ਼ੀ ਦਾ ਇਜ਼ਹਾਰ ਕਰਦੇ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਿੰਦੂਤਵ ਹਕੂਮਤਾਂ ਜਾਂ ਉਹਨਾਂ ਹਕੂਮਤਾਂ ਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਕਸ਼ਮੀਰੀ ਅਤੇ ਸਿੱਖ ਆਗੂ ਕਤਈ ਵੀ ਆਪਣੀਆਂ ਕੌਮਾਂ ਦੇ ਮਨ-ਆਤਮਾ ਵਿਚ ਸਤਿਕਾਰ ਕਾਇਮ ਨਹੀਂ ਕਰ ਸਕਦੇ । ਕਿਉਂਕਿ ਇਨਸਾਫ਼ ਅਤੇ ਨਿਰਪੱਖਤਾ ਦਾ ਤਕਾਜ਼ਾਂ ਇਸ ਗੱਲ ਦੀ ਜੋਰਦਾਰ ਮੰਗ ਕਰਦਾ ਹੈ ਕਿ ਜਿੰਨੇ ਵੀ ਕਸ਼ਮੀਰੀ ਜਾਂ ਸਿੱਖ ਨੌਜ਼ਵਾਨ ਹੁਕਮਰਾਨਾਂ ਨੇ ਗੈਰ-ਕਾਨੂੰਨੀ ਅਤੇ ਮੰਦਭਾਵਨਾ ਭਰੇ ਅਮਲਾਂ ਦੀ ਬਦੌਲਤ ਲੰਮੇ ਸਮੇਂ ਤੋਂ ਬੰਦੀ ਬਣਾਏ ਹੋਏ ਹਨ, ਉਹਨਾਂ ਨੂੰ ਸ੍ਰੀ ਆਲਮ ਦੀ ਤਰ੍ਹਾਂ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ । ਸੈਟਰ ਦੀ ਹਿੰਦੂ ਹਕੂਮਤ ਅਤੇ ਜੰਮੂ-ਕਸ਼ਮੀਰ, ਪੰਜਾਬ ਦੋਵੇ ਸਰਹੱਦੀ ਸੂਬਿਆਂ ਦੀਆਂ ਹਕੂਮਤਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹਨਾਂ ਦੋਵਾਂ ਸੂਬਿਆਂ ਵਿਚ ਜਦੋ ਵੀ ਸਥਿਤੀ ਵਿਗੜੀ ਹੈ, ਉਹ ਸਿਆਸੀ ਹੁਕਮਰਾਨਾਂ ਦੇ ਗਲਤ ਫੈਸਲਿਆ ਅਤੇ ਮੁਤੱਸਵੀ ਸੋਚ ਦੇ ਗੁਲਾਮ ਬਣਨ ਦੀ ਬਦੌਲਤ ਵਿਗੜੀ ਹੈ । ਇਹਨਾਂ ਦੋਵਾਂ ਸੂਬਿਆਂ ਵਿਚ ਕ੍ਰਮਵਾਰ ਕਸ਼ਮੀਰੀ ਅਤੇ ਪੰਜਾਬੀ ਸਿੱਖ ਨੌਜ਼ਵਾਨਾਂ ਜਿਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਹੁਕਮਰਾਨਾਂ ਨੇ ਬੰਦੀ ਬਣਾਇਆ ਹੋਇਆ ਹੈ ਅਤੇ ਉਹਨਾਂ ਉਤੇ ਅਣਮਨੁੱਖੀ ਤਸੱਦਦ-ਜੁਲਮ ਢਾਹੇ ਜਾ ਰਹੇ ਹਨ, ਉਹਨਾਂ ਨੂੰ ਜੇਲ੍ਹਾਂ ਵਿਚੋ ਰਿਹਾਅ ਕਰਨ ਤੋ ਬਿਨ੍ਹਾਂ ਇਹਨਾਂ ਦੋਵਾਂ ਸੂਬਿਆਂ ਵਿਚ ਨਾ ਤਾਂ ਸਥਾਈ ਤੌਰ ਤੇ ਅਮਨ-ਚੈਨ ਸਥਾਪਿਤ ਹੋ ਸਕਦਾ ਹੈ ਅਤੇ ਨਾ ਹੀ ਜ਼ਮਹੂਰੀਅਤ ਕਾਇਮ ਹੋ ਸਕਦੀ ਹੈ । ਇਸ ਲਈ ਸੈਟਰ, ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਹਕੂਮਤਾਂ ਨੂੰ ਜਿੰਨੀ ਜਲਦੀ ਹੋ ਸਕੇ “ਕਾਲੇ-ਕਾਨੂੰਨਾਂ” ਨੂੰ ਖ਼ਤਮ ਕਰਕੇ ਕਸ਼ਮੀਰੀ ਅਤੇ ਸਿੱਖ ਨੌਜ਼ਵਾਨਾਂ ਨੂੰ ਜੇਲ੍ਹਾਂ ਵਿਚੋ ਬਿਨ੍ਹਾਂ ਸ਼ਰਤ “ਆਮ-ਮੁਆਫ਼ੀ” ਦੇ ਅਧੀਨ ਬਤੌਰ “ਜੰਗੀ ਕੈਦੀ” ਪ੍ਰਵਾਨ ਕਰਦੇ ਹੋਏ ਰਿਹਾਅ ਹੋ ਸਕਣ ਤਾਂ ਅਜਿਹੇ ਅਮਲ ਹਿੰਦ, ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਲਈ ਸੁਖਾਵਾਂ ਮਾਹੌਲ ਪੈਦਾ ਕਰਨ ਵਿਚ ਸਹਾਈ ਹੋਣਗੇ । ਦੂਸਰਾ ਇਨਸਾਫ਼ ਦਾ ਤਕਾਜ਼ਾਂ ਵੀ ਇਸ ਗੱਲ ਦੀ ਮੰਗ ਕਰਦਾ ਹੈ ਕਿ ਗੈਰ-ਕਾਨੂੰਨੀ ਤਰੀਕੇ ਅਤੇ ਫਿਰਕੂ ਮੰਦਭਾਵਨਾ ਅਧੀਨ ਕਸ਼ਮੀਰੀ ਅਤੇ ਸਿੱਖ ਨੌਜ਼ਵਾਨਾਂ ਜਿਨ੍ਹਾਂ ਨੂੰ ਲੰਮੇ ਸਮੇਂ ਤੋ ਬੰਦੀ ਬਣਾਇਆ ਗਿਆ ਹੈ, ਉਹਨਾਂ ਨੂੰ ਤੁਰੰਤ ਰਿਹਾਅ ਕਰਕੇ ਇਨਸਾਫ਼ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਜਾਵੇ ।
ਸ. ਮਾਨ ਨੇ ਇਹ ਵੀ ਕਿਹਾ ਕਿ ਜੋ ਜੰਮੂ-ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਸ੍ਰੀ ਆਲਮ ਦੇ ਰਿਹਾਅ ਹੋਣ ਤੇ ਜੋ ਗੈਰ-ਦਲੀਲ ਤਰੀਕੇ ਇਹ ਕਹਿਕੇ ਰੋਲਾ ਪਾ ਰਹੇ ਹਨ ਕਿ ਉਸ ਨੂੰ ਰਿਹਾਅ ਕਰਨ ਦਾ ਮੁੱਦਾ ਸਾਂਝੇ ਪ੍ਰੋਗਰਾਮ ਵਿਚ ਨਹੀਂ ਹੈ, ਅਜਿਹੇ ਆਗੂ ਕਸ਼ਮੀਰੀਆਂ ਅਤੇ ਹਿੰਦ ਨਿਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ । ਜਦੋਕਿ ਪੀ.ਡੀ.ਪੀ. ਅਤੇ ਬੀਜੇਪੀ ਦੇ ਸਾਂਝੇ ਪ੍ਰੋਗਰਾਮ ਵਿਚ ਜੰਮੂ-ਕਸ਼ਮੀਰ ਵਿਚ ਅਮਨ-ਚੈਨ ਤੇ ਜ਼ਮਹੂਰੀਅਤ ਨੂੰ ਕਾਇਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਗੈਰ-ਕਾਨੂੰਨੀ ਤਰੀਕੇ ਸ੍ਰੀ ਆਲਮ ਵਰਗੇ ਹੋਰ ਵੀ ਸੈਕੜੇ ਤੇ ਹਜ਼ਾਰਾਂ ਨੌਜ਼ਵਾਨ ਜਿਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ, ਉਹਨਾਂ ਨੂੰ ਰਿਹਾਅ ਕਰਨ ਤੋ ਬਿਨ੍ਹਾਂ ਉਥੇ ਅਮਨ-ਚੈਨ ਤੇ ਜ਼ਮਹੂਰੀਅਤ ਕਿਸ ਤਰ੍ਹਾਂ ਸਥਾਪਿਤ ਹੋ ਸਕਦੀ ਹੈ ? ਉਹਨਾਂ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਵੀ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਗੁਲਾਮੀ ਵਿਚੋ ਨਿਕਲਕੇ ਜਿੰਨੀ ਜਲਦੀ ਹੋ ਸਕੇ ਪੰਜਾਬ ਦੀਆਂ ਜੇਲ੍ਹਾਂ ਅਤੇ ਦੂਸਰੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖਾਂ ਨੂੰ ਰਿਹਾਅ ਕਰਵਾਵੇ । ਅਜਿਹੇ ਅਮਲ ਕਰਕੇ ਹੀ ਉਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਕੁਝ ਇਨਸਾਫ਼ ਦੇਣ ਵੱਲ ਤੁਰ ਸਕਦੇ ਹਨ । ਵਰਨਾ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀ ਕਰਕੇ ਉਹ ਪੰਜਾਬੀਆਂ ਅਤੇ ਸਿੱਖ ਮਨਾਂ ਨੂੰ ਕਤਈ ਵੀ ਨਹੀਂ ਜਿੱਤ ਸਕਣਗੇ । ਸ. ਮਾਨ ਨੇ ਕੇਵਲ ਸਿੱਖ ਅਤੇ ਮੁਸਲਿਮ ਬੰਦੀਆਂ ਨੂੰ ਹੀ ਨਹੀਂ, ਬਲਕਿ ਹੋਰ ਕੌਮਾਂ ਦੇ ਵੀ ਇਨਸਾਨਾਂ ਜਿਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਇਆ ਹੋਇਆ ਹੈ, ਸਭ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ।