ਆਲਮੀ ਪੱਧਰ ਦੇ ਸਮਾਜ ਸੇਵੀ ਡਾ ਬੈਂਸ ਪ੍ਰਧਾਨ ਮੰਤਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਿਤ

ਟਰੰਟੋ – ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਖੱਟਣ ਵਾਲੇ ਸਮਾਜ ਸੇਵੀ ਅਤੇ ਦੁਨੀਆਂ ਦਾ ਪਹਿਲਾ ਮਲਟੀਮੀਡੀਆ ਸਿੱਖ ਵਿਸ਼ਵ ਕੋਸ਼ ਬਣਾਉਣ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਵਿਆਪੀ ਪੱਧਰ ਦੀਆਂ ਸਮਾਜਿਕ ਸੇਵਾਵਾਂ ਅਤੇ ਏਡਜ਼ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਲਈ ਕੈਨੇਡਾ ਦੇ ਮਾਨਯੋਗ ਪ੍ਰਧਾਨ ਮੰਤਰੀ ਦੇ ਵੱਕਾਰੀ ਅਤੇ ਮਾਣਮੱਤੇ ਸਨਮਾਨ “ਪ੍ਰਾਈਮ ਮਨਿਸਟਰ ਵਲੰਟੀਅਰ ਐਵਾਰਡ ਆਫ ਕਮਿਊਨਿਟੀ ਲੀਡਰਸ਼ਿਪ” ਨਾਲ ਸਨਮਾਨਿਤ ਕੀਤਾ ਗਿਆ। ਨਸ਼ਿਆਂ ਦੇ ਮਾਹਰ ਥੈਰਾਪਿਸਟ ਅਤੇ ਮਲਟੀਮੀਡੀਆ ਤਕਨਾਲੋਜੀ ਰਾਹੀਂ ਵਿਸ਼ਵ ਭਰ ਵਿੱਚ ਛੇ ਮਲਟੀਮੀਡੀਆ ਸਿੱਖ ਮਿਊਜ਼ੀਅਮਾਂ ਦੇ ਪ੍ਰੋਡਿਊਸਰ ਅਤੇ ਸਿਰਜਨਹਾਰੇ ਡਾ. ਰਘਬੀਰ ਸਿੰਘ ਬੈਂਸ ਨੂੰ ਹੁਣ ਤੱਕ ਮਿਲੇ ਤਕਰੀਬਨ ਵੀਹ ਦਰਜਨ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਦੀ ਲੜੀ ਵਿਚ ਇਸ ਮਾਣਮੱਤੇ ਐਵਾਰਡ ਨਾਲ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਸਦਕਾ ਵਿਸ਼ਵ ਭਰ ਦੀਆਂ ਉੱਘੀਆਂ ਸਮਾਜ ਸੇਵੀ ਸ਼ਖਸੀਅਤਾਂ ਵਿੱਚ ਉਨ੍ਹਾਂ ਦਾ ਨਾਮ ਫਿਰ ਰੌਸ਼ਨ ਹੋਇਆ ਹੈ । ਇਨ੍ਹਾਂ ਪੁਰਸਕਾਰਾਂ ਵਿੱਚ ਗਵਰਨਰ ਜਨਰਲ  ਕੇਅਰਿੰਗ ਕੈਨੇਡੀਅਨ ਐਵਾਰਡ, ਗੁੱਡ ਸਿਟੀਜ਼ਨ ਆਫ ਸਰੀ ਦਾ ਟਾਈਟਲ, ਕੁਈਨ ਇਲਜ਼ਬੈਥ ਡਾਇਆਮੰਡ ਜੁਬਲੀ ਮੈਡਲ, ਆਰਡਰ ਆਫ ਖਾਲਸਾ ਦੀ ਉਪਾਧੀ, ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਸਿੱਖ ਸਕਾਲਰ ਆਫ ਕੰਪਿਊਟਰ ਏਜ ਦੀ ਉਪਾਧੀ,  ਆਰਡਰ ਆਫ ਬ੍ਰਿਟਸ਼ ਕੁਲੰਬੀਆ ਅਤੇ ਪੰਥ ਰਤਨ ਆਦਿ ਸੈਂਕੜੇ ਹੀ ਹੋਰ ਸਨਮਾਨ ਸ਼ਾਮਲ ਹਨ ।

ਇਹ ਤੱਥ ਵੀ ਜ਼ਿਕਰ ਯੋਗ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਵਾਲੰਟੀਅਰ ਐਵਾਰਡ ਪ੍ਰਾਪਤ ਕਰਨ ਵਾਲੇ ਡਾ ਬੈਂਸ ਭਾਰਤੀ ਮੂਲ ਦੇ ਪਹਿਲੇ ਨਿਸ਼ਕਾਮ ਸਮਾਜ ਸੇਵੀ ਅਤੇ ਨਸ਼ਿਆਂ ਦੇ ਮਾਹਰ ਥੈਰਾਪਿਸਟ ਹਨ ਜਿਨ੍ਹਾਂ ਨੇ ਦਿਨ-ਰਾਤ ਮਨੁੱਖੀ ਸੇਵਾ ਕਰਕੇ ਵਿਸ਼ਵ ਭਰ ਵਿੱਚ ਏਸ਼ੀਆ, ਯੌਰਪ, ਨਾਰਥ ਅਮਰੀਕਾ, ਅਸਟ੍ਰੇਲੀਆ ਅਤੇ ਅਫਰੀਕਾ ਵਰਗੇ ਖਿਤਿਆਂ ਵਿੱਚ ਖੂਬ ਨਾਮਨਾ ਖੱਟਿਆ ਹੈ ।

ਇਸ ਮੌਕੇ ਪ੍ਰਧਾਨ ਮੰਤਰੀ ਵਾਲੰਟੀਅਰ ਐਵਾਰਡ ਸਬੰਧੀ ਟਰੰਟੋ ਵਿਖੇ ਮੰਚ ਤੋਂ ਪ੍ਰਮਾਣ-ਪੱਤਰ ਪੜ੍ਹਦਿਆਂ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਇਹ ਵਡਮੁੱਲਾ ਅਤੇ ਵੱਕਾਰੀ ਪੁਰਸਕਾਰ ਡਾ. ਰਘਬੀਰ ਸਿੰਘ ਬੈਂਸ ਨੂੰ ਉਨ੍ਹਾਂ ਵਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ, ਵੇਸਵਾਗਮਨੀ, ਭਰੂਣ ਹੱਤਿਆ ਅਤੇ ਏਡਜ਼ ਵਰਗੀਆਂ ਭੈੜੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ, ਜਰੂਰਤਮੰਦ ਬਜ਼ੁਰਗਾਂ ਦੀ ਸੇਵਾ ਕਰਨ, ਵਿਸ਼ਵ ਸ਼ਾਂਤੀ ਦੀ ਬਹਾਲੀ ਲਈ ਤਨੋ ਮਨੋ ਕੰਮ ਕਰਨ ਅਤੇ ਸਰਬਤ ਦੇ ਭਲੇ ਲਈ ਕੀਤੀਆਂ ਗਈਆਂ ਕਈ ਹੋਰ ਵਡਮੁੱਲੀਆਂ ਸਮਾਜਿਕ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਡਾ. ਬੈਂਸ ਵਲੋਂ ਰਚੇ ਗਏ ਮਲਟੀਮੀਡੀਆ ‘ਸਿੱਖ ਵਿਸ਼ਵ ਕੋਸ਼’ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਗਈ ਅਤੇ ਇਸ ਨੂੰ ਕੈਨੇਡਾ ਵਰਗੇ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਮੁਲਕ ਵਿੱਚ ਲੋਕਾਂ ਲਈ, ਇੱਕ-ਦੂਜੇ ਨੂੰ ਨੇੜਤਾ ਤੋਂ ਸਮਝਣ ਵਾਸਤੇ ਇੱਕ ਵਰਦਾਨ ਵਜੋਂ ਪੇਸ਼ ਕੀਤਾ ਗਿਆ।

ਜਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਪੁਰ ਦੇ ਪਿੰਡ ਮਾਣਕ ਢੇਰੀ ਦੀਆਂ ਜੂਹਾਂ ਵਿੱਚ ਡੰਗਰ ਚਾਰਦਿਆਂ ਅਤੇ 10 ਸਾਲ ਦੀ ਉਮਰੇ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਮੁਫਤ ਸਫਾਈ ਕਰਨ ਵਾਲੇ ਡਾ. ਰਘਬੀਰ ਸਿੰਘ ਬੈਂਸ ਦੇ ਸਾਥੀਆਂ ਅਤੇ ਹੋਰ ਨਜ਼ਦੀਕੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਧਾਰਨ ਜੀਵਨ ਦੀ ਪੌੜੀ ਦਾ ਇੱਕ-ਇੱਕ ਡੰਡਾ ਚੜ੍ਹਦਿਆਂ ਡਾ. ਬੈਂਸ ਇਕ ਦਿਨ ਕੈਨੇਡਾ ਦੇ ਇਸ ਮਾਣਮੱਤੇ ਸਨਮਾਨ ਦਾ ਭਾਗੀ ਹੋਵੇਗਾ ਅਤੇ ਵਿਸ਼ਵ ਭਰ ਵਿੱਚ ਟੀਸੀ ਦੀ ਸੋਭਾ ਵੀ ਖਟੇਗਾ।

ਐਵਾਰਡ ਵੰਡ ਮੌਕੇ ਪਹੁੰਚੀਆਂ ਹੋਈਆਂ ਮੁੱਖ ਸ਼ਖਸੀਅਤਾਂ, ਸਿਆਸੀ ਤੇ ਸਮਾਜੀ ਲੀਡਰਾਂ ਨੇ ਡਾ. ਬੈਂਸ ਨਿੱਜੀ ਤੌਰ ‘ਤੇ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਾਣਮੱਤੇ ਸਮਾਜ ਸੇਵੀ ਸਾਡੀ ਕੌਮੀ ਵਿਰਾਸਤ ਅਤੇ ਦੇਸ਼ ਦਾ ਵੱਡਮੁੱਲਾ ਸਰਮਾਇਆ ਹਨ। ਉਹਨਾਂ ਹੋਰ ਕਿਹਾ ਕਿ ਕੈਨੇਡਾ ਦੇ ਵਾਸੀ ਇਨ੍ਹਾਂ ਸਮਾਜ ਸੇਵੀਆਂ ਦੇ ਸਦਾ ਹੀ ਰਿਣੀ ਰਹਿਣਗੇ ।

ਕਮਿਊਨਿਟੀ ਲੀਡਰ ਦਾ ਇਹ ਪੁਰਸਕਾਰ ਪ੍ਰਾਪਤ ਕਰਨ ਉੁਪਰੰਤ ਡਾ. ਰਘਬੀਰ ਸਿੰਘ ਬੈਂਸ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ, “ਮੈਂ ਮਨੁੱਖੀ ਸੇਵਾ ਲਈ ਜੋ ਵੀ ਕੰਮ ਕੀਤਾ ਹੈ ਜਾਂ ਕਰ ਰਿਹਾ ਹਾਂ, ਉਹ ਕਿਸੇ ਇਵਜ਼ਾਨੇ ਜਾਂ ਪੁਰਸਕਾਰਾਂ ਦੀ ਪ੍ਰਾਪਤੀ ਲਈ ਨਹੀਂ ਸੀ ਕੀਤਾ। ਵਿਸ਼ਵ ਦੇ ਲੋਕਾਂ ਲਈ ਮੇਰੇ ਵਲੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਕੈਨੇਡਾ ਨੇ ਇਸ ਉੱਚ ਪੱਧਰੀ ਐਵਾਰਡ ਨਾਲ ਸਨਮਾਨਤ ਕਰਕੇ ਮੈਨੂੰ ਐਸੀ ਨਿਸ਼ਕਾਮ ਸੇਵਾ ਕਰਨ ਲਈ ਹੋਰ ਵੀ ਉਤਸ਼ਾਹਿਤ ਕੀਤਾ ਹੈ । ਮੈਂ ਆਪਣੇ ਦੋਸਤਾ-ਮਿੱਤਰਾਂ, ਨਜ਼ਦੀਕੀਆਂ, ਖਾਸ ਤੌਰ ‘ਤੇ ਆਪਣੀ ਸਵਰਗਵਾਸੀ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸ. ਨਗਿੰਦਰ ਸਿੰਘ ਬੈਂਸ ਜੀ ਵਲੋਂ ਬੱਚਪਨ ‘ਚ ਦਿੱਤੀ ਗੁੜ੍ਹਤੀ, ਆਪਣੀ ਸੁਪਤਨੀ ਪਰਮਜੀਤ ਕੌਰ ਬੈਂਸ ਅਤੇ ਆਪਣੇ ਪਰਿਵਾਰ ਦਾ ਵੀ ਖਾਸ ਤੌਰ ‘ਤੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮਾਜਕ ਸੇਵਾ ਕਰਨ ਲਈ ਮੈਨੂੰ ਅੰਤਾਂ ਦਾ ਸਾਥ ਦਿੱਤਾ”।

ਇਸ ਮੌਕੇ ਡਾ. ਰਘਬੀਰ ਸਿੰਘ ਬੈਂਸ ਨੇ ਹਰ ਵਰਗ ਦੀ ਨੌਜੁਵਾਨ ਪੀੜ੍ਹੀ ਨੂੰ ਸਲਾਹ ਦਿੱਤੀ ਕਿ ਉਹ ਨਸ਼ਿਆਂ, ਘਰੇਲੂ ਹਿੰਸਾ, ਮਨੁੱਖੀ ਕਤਲੋਗਾਰਤ, ਵੇਸਵਾਗਮਨੀ, ਭਰੂਣ ਹੱਤਿਆ, ਗੈਂਗਾਂ, ਮਾਫੀਆ ਅੱਤਵਾਦੀਆਂ ਅਤੇ ਏਡਜ਼ ਵਰਗੀਆਂ ਭੈੜੀਆਂ ਉਹਨਾਂ ਬਿਮਾਰੀਆਂ ਬਾਰੇ ਖੁਦ ਜਾਗਰੂਕ ਹੁੰਦਿਆਂ, ਵਿਸ਼ਵ ਸ਼ਾਂਤੀ, ਸਮਾਜਿਕ ਖੁਸ਼ਹਾਲੀ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਮੁੜ ਬਹਾਲੀ ਵਰਗੀਆਂ ਵਡਮੁੱਲੀਆਂ ਸਮਾਜਿਕ ਸੇਵਾਵਾਂ ਨੂੰ ਸਮਰਪਿਤ ਹੋਣ ਤਾਂਕਿ ਬੁਰਾਈਆਂ ਦੀ ਭੱਠੀ ਚੇ ਸੜ ਰਹੀ ਵਿਸ਼ਵ-ਵਿਆਪੀ ਮਨੁੱਖਤਾ ਦਾ ਭਲਾ ਹੋ ਸਕੇ ।

ਇੱਥੇ ਇਹ ਵੀ ਵਰਨਣ ਯੋਗ ਹੈ ਕਿ ‘ਪ੍ਰਾਈਮ ਮਨਿਸਟਰ ਵਾਲੰਟੀਅਰ ਐਵਾਰਡ’ ਦਾ ਆਗਾਜ਼ ਸੰਨ 2011 ਵਿੱਚ ਉਸ ਵੇਲੇ ਦੇ ਮਾਨਯੋਗ ਪ੍ਰਾਈਮ ਮਨਿਸਟਰ ਸਟੀਫਨ ਹਾਰਪਰ ਵਲੋਂ ਕੀਤਾ ਗਿਆ ਸੀ । ਉਦੋਂ ਤੋਂ ਇਹ ਐਵਾਰਡ ਨਿਰੰਤਰ ਤੌਰ ‘ਤੇ ਉਹਨਾਂ ਸਮਾਜ ਸੇਵੀਆਂ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਰੱਜਕੇ ਸੇਵਾ ਕਰਦਿਆਂ ਕੈਨੇਡਾ ਤੇ ਵਿਸ਼ਵ ਦੇ ਕਈ ਹੋਰ ਮੁਲਕਾਂ ਵਿੱਚ  ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।

ਸੇਵਾ ਦੇ ਕੁੰਡ ਵਿੱਚ ਆਪਣਾ ਹਿੱਸਾ ਪਾਉਣ ਲਈ ਡਾ. ਬੈਂਸ ਅੱਜ ਕੱਲ੍ਹ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਖਡੂਰ ਸਾਹਿਬ (ਜ਼ਿਲ੍ਹਾ ਤਰਨ ਤਾਰਨ-ਪੰਜਾਬ) ਵਿਖੇ ਐਡਵਾਈਜ਼ਰ ਦੇ ਤੌਰ ‘ਤੇ ਕੋਈ 13-14 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਜਿੱਥੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਵੀਨ ਸੇਧਾਂ ਦੇਣ ਦਾ ਬੀੜਾ ਚੁੱਕਿਆ ਹੋਇਆ ਹੈ ਤਾਂਕਿ ਉਹ ਸਚਿਆਰੇ ਮਨੁੱਖ ਬਣ ਕੇ ਸਮਾਜ ਦੀ ਸੱਚੀ ਸੁੱਚੀ ਸੇਵਾ ਕਰ ਸਕਣ ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>