ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਮੌਕੇ ਪੰਜ ਅਗਾਂਹਵਧੂ ਕਿਸਾਨ ਸਨਮਾਨਿਤ ਕੀਤੇ ਜਾਣਗੇ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਯੋਜਿਤ ਦੋ ਰੋਜ਼ਾ ਕਿਸਾਨ ਮੇਲੇ ਮੌਕੇ ਪੰਜਾਬ ਦੇ ਪੰਜ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਦੇ ਵੱਖ ਵੱਖ ਖੇਤਰਾਂ ਅਹਿਮ ਯੋਗਦਾਨ ਪਾਉਣ ਸਦਕਾ 20 ਮਾਰਚ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਤਹਿਤ ਸਨਮਾਨਿਤ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਨਗਦ ਧਨ ਰਾਸ਼ੀ ਦਿੱਤੀ ਜਾਵੇਗੀ। ਇਹ ਸਨਮਾਨ ਮੇਲੇ ਦੇ ਮੁੱਖ ਮਹਿਮਾਨ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਵੱਲੋਂ ਦਿੱਤੇ ਜਾਣਗੇ।

ਇਸ ਮੌਕੇ ਸਨਮਾਨਿਤ ਹੋਣ ਵਾਲੇ ਕਿਸਾਨਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਇਸ ਪ੍ਰਕਾਰ ਹੈ।

ਖੁਦ ਕਾਸ਼ਤ ਕਰਨ ਵਾਲੇ ਕਿਸਾਨ ਸ. ਹਰਵਿੰਦਰ ਸਿੰਘ ਪਿੰਡ ਭੱਦਲਵੱਡ ਜ਼ਿਲ੍ਹਾ ਸੰਗਰੂਰ, 46 ਸਾਲ ਦਾ ਉਹ ਕਿਸਾਨ ਹੈ ਜੋ ਕਿ 30 ਏਕੜ ਦੇ ਰਕਬੇ ਦੇ ਵਿੱਚ ਖੁਦ ਕਾਸ਼ਤ ਕਰਦਾ ਹੈ । ਦਸਵੀਂ ਪਾਸ ਇਹ ਕਿਸਾਨ ਕਈ ਨਾਮੀ ਜਥੇਬੰਦੀਆਂ ਦਾ ਮੈਂਬਰ ਹੈ ਅਤੇ ਇਸ ਕਿਸਾਨ ਨੇ 23 ਏਕੜ ਰਕਬੇ ਦੇ ਵਿੱਚ ਜ਼ਮੀਨਦੋਜ਼ ਪਾਣੀ ਦੀਆਂ ਪਾਈਪਾਂ ਵਿਛਾ ਰੱਖੀਆਂ ਹਨ । ਉਹਨਾਂ ਵੱਲੋਂ ਹਮੇਸ਼ਾਂ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕੀਤੀ ਜਾਂਦੀ ਹੈ ਅਤੇ ਸਾਰੀ ਜ਼ਮੀਨ ਨੂੰ ਲੇਜ਼ਰ ਲੈਂਡ ਕਰਾਹੇ ਨਾਲ ਪੱਧਰਾ ਕੀਤਾ ਗਿਆ ਹੈ ਤਾਂ ਜੋ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਨਾਲ ਕਰਨੀ ਸੌਖੀ ਹੋਵੇ। ਉਹਨਾਂ ਵੱਲੋਂ ਬੀਜ ਉਤਪਾਦਨ ਵਿੱਚ ਵੀ ਅਨੇਕਾਂ ਮੱਲਾਂ ਮਾਰੀਆਂ ਗਈਆਂ ਹਨ। ਖੇਤੀ ਵਿੰਭਿੰਨਤਾ ਦੇ ਲਈ ਉਹਨਾਂ ਵੱਲੋਂ ਗੰਨੇ, ਮੱਕੀ, ਸੋਇਆਬੀਨ ਦੀ ਕਾਸ਼ਤ ਕੀਤੀ ਜਾਂਦੀ ਹੈ । ਸ. ਹਰਵਿੰਦਰ ਸਿੰਘ ਵੱਲੋਂ ਗੰਨੇ ਦੀ ਨਵੀਂ ਫ਼ਸਲ ਸੰਬੰਧੀ ਸਿੰਗਲ ਬੈਡ ਵਿਧੀ ਨੂੰ ਵੀ ਤਿਆਰ ਕੀਤਾ ਅਤੇ ਅਪਣਾਇਆ ਹੈ ।

ਸ. ਰਵਿੰਦਰ ਸਿੰਘ ਬਰਾੜ ਪੁੱਤਰ ਸ. ਕੰਵਰਜੀਤ ਸਿੰਘ ਬਰਾੜ ਉਮਰ 36 ਸਾਲ ਪਿੰਡ ਕਾਉਣੀ ਜ਼ਿਲ੍ਹਾ ਮੁਕਤਸਰ 71 ਕਿ¤ਲੇ ਦੀ ਖੇਤੀ ਤੇ ਕਾਸ਼ਤ ਕਰਦਾ ਹੈ । ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਵੀ ਕ੍ਰਿਸ਼ਕ ਸਮਰਾਟ ਸਨਮਾਨ ਪ੍ਰਦਾਨ ਕੀਤਾ ਗਿਆ । ਕੁਦਰਤੀ ਸੋਮਿਆਂ ਦੇ ਚੰਗੇਰੇ ਰਖ ਰਖਾਵ ਦੇ ਲਈ ਸ ਰਵਿੰਦਰ ਸਿੰਘ ਬਰਾੜ ਨੂੰ ਲੇਜ਼ਰ ਲੈਵਲਰ ਦੀ ਵਰਤੋਂ, ਸਿੰਚਾਈ ਲਈ ਜ਼ਮੀਨ ਦੋਜ਼ ਪਾਈਪਾਂ ਦੀ ਵਰਤੋਂ, ਸਪਰਿੰਕਲਰ ਦੀ ਵਰਤੋਂ, ਝੋਨੇ ਅਤੇ ਬਾਸਮਤੀ ਦੀ ਪੈਡੀ ਟਰਾਂਸਪਲਾਂਟਰ ਨਾਲ ਲਵਾਈ, ਹੈਪੀਸੀਡਰ ਨਾਲ ਬਿਜਾਈ, ਟੈਂਸ਼ੀਓਮੀਟਰ ਅਤੇ ਪੱਤਾ ਰੰਗ ਚਾਰਟ ਆਦਿ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਉਹਨਾਂ ਵੱਲੋਂ ਮੈਟ ਟਾਈਪ ਪਨੀਰੀ ਦੀ ਢੋਆ ਢੁਆਈ ਲਈ ਟਰਾਲੀ ਵਿੱਚ ਪਨੀਰੀ ਬੀਜਣ ਵਾਲੇ ਫਰੇਮਾਂ ਦੀਆਂ ਸੈਲਫਾਂ ਤਿਆਰ ਕੀਤੀਆਂ ਜਾਂਦੀਆਂ ਹਨ। ਉਹ ਪਿਛਲੇ ਕਈ ਸਾਲਾਂ ਤੋਂ ਸਾਰੇ ਰਕਬੇ ਹੇਠ ਝੋਨਾ ਸਿੱਧੀ ਬਿਜਾਈ ਨਾਲ ਲਗਾ ਰਿਹਾ ਹੈ । ਅੱਜ ਮੁਕਤਸਰ ਜ਼ਿਲ੍ਹੇ ਨੂੰ ਸੂਬੇ ਦਾ ਇੱਕ ਚੌਥਾਈ ਰਕਬਾ ਸਿੱਧੀ ਬਿਜਾਈ ਰਾਹੀਂ ਬੀਜੇ ਜਾਣ ਦਾ ਮਾਣ ਹਾਸਲ ਹੈ ।

ਸ. ਗੁਰਜੀਤ ਸਿੰਘ ਮਾਹਲ ਸਪੁੱਤਰ ਸ. ਗੁਰਰਾਜ ਸਿੰਘ ਮਾਹਲ ਪਿੰਡ ਬੁਰਜ, ਜ਼ਿਲ੍ਹਾ ਬਠਿੰਡਾ ਦਾ ਇਕ ਅਗਾਂਹਵਧੂ ਕਿਸਾਨ ਹੈ, ਜੋ ਪਿੱਛਲੇ ਪੱਚੀਆਂ ਸਾਲਾਂ ਤੋਂ ਆਪਣੀ 21 ਏਕੜ ਚਾਰ ਕਨਾਲ ਜ਼ਮੀਨ ਉਤੇ ਵਿਗਿਆਨਿਕ ਲੀਹਾਂ ਤੇ ਚਲਦਿਆਂ ਖੇਤੀ ਕਰ ਰਿਹਾ ਹੈ । ਰਵਾਇਤੀ ਫ਼ਸਲੀ ਚੱਕਰ ਤੋਂ ਹੱਟ ਕੇ ਖੇਤੀ ਵੰਨ ਸੁਵੰਨਤਾ ਨੂੰ ਅਪਨਾਉਣ ਵਾਲੇ ਸ. ਗੁਰਜੀਤ ਸਿੰਘ ਨੇ ਕੱਦੂ, ਕਰੇਲੇ ਅਤੇ ਕਿੰਨੂ ਦੀ ਕਾਸ਼ਤ ਕਰਦਿਆਂ ਬਾਗਬਾਨੀ ਦੇ ਧੰਦੇ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ ਉਸ ਤੇ ਮਾਣ ਕੀਤਾ ਜਾ ਸਕਦਾ ਹੈ ।

ਸ. ਗੁਰਜੀਤ ਸਿੰਘ ਆਪਣੇ ਫਾਰਮ ਤੇ ਦੇਸੀ ਰੂੜੀ ਅਤੇ ਸਬਜ਼ੀਆਂ ਲਈ ਬੀਜ ਆਪ ਤਿਆਰ ਕਰਦਾ ਹੈ। ਸਵੈ-ਮੰਡੀਕਰਨ ਤਹਿਤ ਉਹ ਸਬਜ਼ੀਆਂ ਅਤੇ ਫ਼ਲਾਂ ਦੀ ਦਰਜਾਬੰਦੀ ਕਰਕੇ ਕਰੇਟਾਂ ਵਿੱਚ ਡੱਬਾਬੰਦ ਕਰਕੇ ਵੇਚਦਾ ਹੈ । ਸ. ਗੁਰਜੀਤ ਸਿੰਘ ਨੇ ਆਪਣੇ ਫਾਰਮ ਵਿੱਚ ਨਹਿਰੀ ਅਤੇ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਲਈ ਦੋ ਟੈਂਕ ਬਣਾ ਰੱਖੇ ਹਨ । ਕਿੰਨੂ ਦੇ ਬਾਗ ਲਈ ਉਹ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਦਾ ਹੈ ਅਤੇ ਬਾਕੀ ਦੇ ਖੇਤ ਵਿੱਚ ਉਸਨੇ ਪਾਈਪ ਲਾਈਨਾਂ ਵੀ ਵਿਛਾ ਰੱਖੀਆਂ ਹਨ । ਤਾਂ ਜੋ ਪਾਣੀ ਦੀ ਸੰਜਮਤਾ ਨਾਲ ਅਤੇ ਉਚਿਤ ਵਰਤੋਂ ਹੋ ਸਕੇ ।

ਸ. ਰਮਨਦੀਪ ਸਿੰਘ ਸਪੁੱਤਰ ਸ. ਜਗਤਾਰ ਸਿੰਘ ਪਿੰਡ ਰੌੜੀ ਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ । ਪਿਛਲੇ 18 ਸਾਲਾਂ ਤੋਂ ਖੇਤੀ ਦੇ ਕਿੱਤੇ ਨਾਲ ਜੁੜੇ ਤੇ ਬੀ ਏ ਭਾਗ ਦੂਜਾ ਤੱਕ ਵਿਦਿਅਕ ਯੋਗਤਾ ਰੱਖਣ ਵਾਲੇ ਸ. ਰਮਨਦੀਪ ਸਿੰਘ ਕੋਲ ਕੁੱਲ 39 ਏਕੜ ਜ਼ਮੀਨ ਹੈ ਜਿਸ ਵਿੱਚੋਂ ਉਨ੍ਹਾਂ ਦੇ 34 ਏਕੜ ਠੇਕੇ ਤੇ ਲਈ ਹੋਈ ਹੈ । ਉਹ ਪੰਜਾਬ ਨੌਜਵਾਨ ਕਿਸਾਨ ਸੰਸਥਾ, ਫਰੀਦਕੋਟ ਵਰਗੀਆਂ ਪ੍ਰਗਤੀਸ਼ੀਲ ਸੰਸਥਾਵਾਂ ਦੇ ਮੈਂਬਰ ਵੀ ਹਨ। ਉਹ ਆਪਣੀ ਖੇਤੀ-ਵਾਹੀ ਲਈ ਟਿਊਬਵੈਲ, ਟਰੈਕਟਰ, ਕੰਬਾਈਨ, ਤੂੜੀ-ਰੀਪਰ, ਲੇਜ਼ਰ-ਲੈਵਲਰ, ਹੈਪੀ-ਸੀਡਰ, ਰੋਟਾ-ਵੇਟਰ, ਟ੍ਰਾਲਾ, ਟ੍ਰਾਲੀ, ਡ੍ਰਿਲ, ਕਲਟੀਵੇਟਰ, ਸੁਹਾਗਾ, ਰੀਪਰ ਆਦਿ ਮਸ਼ੀਨਰੀ ਦੀ ਖਰੀਦ ਬਾਰੇ ਜਾਗਰੂਕ ਹਨ ਅਤੇ ਉਸ ਦੀ ਸਾਂਭ-ਸੰਭਾਲ ਬਾਰੇ ਵੀ ਸੁਚੇਤ ਹਨ ਤਾਂ ਜੋ ਕੁਦਰਤੀ ਸੋਮਿਆਂ ਦੀ ਰੱਖਿਆ ਕੀਤੀ ਜਾ ਸਕੇ ।ਪਿੱਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਨੇ ਖੇਤੀ ਮਸ਼ੀਨਰੀ ਦੇ ਸਹਿਕਾਰੀ ਧੰਦੇ ਵਿੱਚੋਂ ਲਗਭਗ ਸਾਢੇ ਚਾਰ ਲੱਖ ਰੁਪਏ ਸਲਾਨਾ ਮਸ਼ੀਨਰੀ ਦੇ ਕਿਰਾਏ ਤੋਂ ਕਮਾਏ ਹਨ ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਕਲਾਲ ਵਾਲਾ ਦਾ ਅਗਾਂਹ ਵਧੂ ਕਿਸਾਨ ਸ. ਰਾਜਿੰਦਰ ਪਾਲ ਸਿੰਘ ਭਾਕਰ ਸਪੁੱਤਰ ਸ. ਬਲਦੇਵ ਸਿੰਘ ਭਾਕਰ ਪਿਛਲੇ 14 ਸਾਲਾਂ ਤੋਂ ਰਵਾਇਤੀ ਖੇਤੀ ਤੋਂ ਹਟ ਕੇ ਜੈਵਿਕ ਖੇਤੀ ਕਰ ਰਿਹਾ ਹੈ । ਮੁਢਲੇ ਤੌਰ ਤੇ ਸ. ਰਾਜਿੰਦਰ ਪਾਲ ਸਿੰਘ ਨੇ ਸਾਲ 2001 ਵਿ¤ਚ ਚਾਰ ਏਕੜ ਜ਼ਮੀਨ ਨੂੰ ਤਜ਼ਰਬੇ ਵਜੋਂ ਜੈਵਿਕ ਖੇਤੀ ਅਧੀਨ ਲਿਆਉਂਦਾ । ਘੱਟ ਲਾਗਤਾਂ ਅਤੇ ਵੱਧ ਮੁਨਾਫਿਆਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਸ. ਰਾਜਿੰਦਰ ਪਾਲ ਸਿੰਘ ਸਾਲ 2004 ਤੋਂ ਆਪਣੀ ਅਠਵੰਜਾ ਏਕੜ ਜ਼ਮੀਨ ਵਿੱਚ ਵਿਗਿਆਨਕ ਲੀਹਾਂ ਤੇ ਚਲਦਿਆਂ ਜੈਵਿਕ ਖੇਤੀ ਕਰ ਰਿਹਾ ਹੈ ।

ਕਣਕ, ਛੋਲੇ, ਸਰ੍ਹੋਂ, ਮਸਰ, ਮਟਰ, ਗੁਲਾਬ, ਬਾਸਮਤੀ, ਸੋਇਆਬੀਨ, ਮੂੰਗੀ, ਅਰਹਰ, ਗੁਆਰਾ ਅਤੇ ਸਬਜ਼ੀਆਂ ਆਦਿ ਦੀ ਜੈਵਿਕ ਕਾਸ਼ਤ ਕਰਨ ਵਾਲਾ ਸ. ਰਾਜਿੰਦਰ ਪਾਲ ਸਿੰਘ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਜਾਂ ਕਿਸੇ ਭਰੋਸੇਯੋਗ ਸੰਸਥਾ ਤੋਂ ਬੀਜ ਲੈ ਕੇ ਪਹਿਲਾਂ ਤਜ਼ਰਬੇ ਵਜੋਂ ਬਿਜਾਈ ਕਰਦਾ ਹੈ । ਬੀਜ ਨੂੰ ਸੋਧਣ ਲਈ ਉਹ ਨਿੰਮ ਦੇ ਪਾਣੀ, ਗਊ ਮੂਤਰ, ਚੂਨੇ ਦੇ ਪਾਣੀ ਅਤੇ ਹਿੰਗ ਦੇ ਘੋਲ ਦੀ ਵਰਤੋਂ ਕਰਦਾ ਹੈ । ਪੌਦਿਆਂ ਦੀ ਖੁਰਾਕੀ ਲੋੜ ਨੂੰ ਪੂਰਨ ਲਈ ਉਹ ਰੂੜੀ ਦੀ ਖਾਦ, ਹਰੀ ਖਾਦ ਅਤੇ ਪਸ਼ੂਆਂ ਦੇ ਮਲਮੂਤਰ ਤੋਂ ਜੀਵ ਅੰਮ੍ਰਿਤ ਤਿਆਰ ਕਰਦਾ ਹੈ । ਕੀੜਿਆਂ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵੀ ਉਹ ਦੇਸੀ ਤਰੀਕੇ ਨਾਲ ਹੀ ਕਰਦਾ ਹੈ।  ਉਹ ਆਪਣੀਆਂ ਸਾਫ਼ ਸੁਥਰੀਆਂ ਫ਼ਸਲਾਂ ਦੀ ਗਰੇਡਿੰਗ ਅਤੇ ਡੱਬਾਬੰਦੀ ਕਰਕੇ ਉਨ੍ਹਾਂ ਦਾ ਸਵੈ-ਮੰਡੀਕਰਨ ਕਰਦਾ ਹੈ । ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਸਾਰੇ ਖੇਤਾਂ ਵਿੱਚ ਪਾਈਪਾਂ ਵਿਛਾਈਆਂ ਹੋਈਆਂ ਹਨ ਤਾਂ ਜੋ ਪਾਣੀ ਵਿਅਰਥ ਨਾ ਜਾਏ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>