ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪਹਿਲਾ ਡਿਗਰੀ ਵੰਡ ਸਮਾਰੋਹ ਆਯੋਜਿਤ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਬੀਤੇ ਦਿਨੀਂ ਪਹਿਲੇ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪਿਛਲੇ ਸਾਲਾਂ ਦੌਰਾਨ ਆਪਣੀ ਸਿੱਖਿਆ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਨਾਲ ਨਿਵਾਜਿਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜਸਮੇਲ ਸਿੰਘ ਧਾਲੀਵਾਲ, ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਕੀਤੀ ਜਦ ਕਿ ਮੁੱਖ ਮਹਿਮਾਨ ਦੇ ਤੌਰ ‘ਤੇ ਸੰਸਾਰ ਪ੍ਰਸਿੱਧੀ ਪ੍ਰਾਪਤ ਖੇਤੀਬਾੜੀ ਵਿਗਿਆਨੀ ਡਾ. ਗੁਰਬਚਨ ਸਿੰਘ, ਮੌਜੂਦਾ ਚੇਅਰਮੈਨ, ਖੇਤੀਬਾੜੀ ਵਿਗਿਆਨੀ ਨਿਯੁਕਤੀ ਬੋਰਡ (ASRB) ਨੇ ਵਿਸ਼ੇਸ਼ ਸ਼ਿਰਕਤ ਕੀਤੀ।

ਸਮਾਗਮ ਦਾ ਆਰੰਭ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ” ਦੇ ਗਾਇਨ ਨਾਲ ਹੋਇਆ। ਉਪਰੰਤ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਯੂਨੀਵਰਸਿਟੀ ਦੀ ਰਿਪੋਰਟ ਪੜ੍ਹੀ। ਉਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਅਕਾਦਮਿਕ, ਖੇਡ-ਖੇਤਰ ਅਤੇ ਸੱਭਿਆਚਾਰਕ ਪ੍ਰਾਪਤੀਆਂ ਉਪਰ ਚਾਨਣਾ ਪਾਉਂਦਿਆਂ ਇਸ ਸੰਸਥਾ ਨੂੰ ਸਮੁੱਚੇ ਭਾਰਤ ਦੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਵਜੋਂ ਉੱਭਰ ਰਹੀ ਸੰਸਥਾ ਕਿਹਾ। ਉਨ੍ਹਾਂ ਯੂਨੀਵਰਸਿਟੀ ਦੇ ਸਮੁੱਚੇ ਮਿਆਰਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੀ ਮਾਨਤਾ ਮਿਲਣ ਉੱਪਰ ਤਸੱਲੀ ਪ੍ਰਗਟਾਈ ਅਤੇ ਨਾਲ ਹੀ ਭਵਿੱਖ ਵਿਚ ਅਕਾਦਮਿਕ ਚੁਣੌਤੀਆਂ ਲਈ ਇਸ ਸੰਸਥਾ ਦੀ ਵਚਨਬੱਧਤਾ ਨੂੰ ਦ੍ਰਿੜਤਾ ਨਾਲ ਪ੍ਰਗਟਾਇਆ। ਡਾ. ਮੱਲ੍ਹੀ ਨੇ ਭਵਿੱਖ ਵਿਚ ਧਾਰਮਿਕ ਅਤੇ ਨੈਤਿਕ ਸਿੱਖਿਆ ਨੂੰ ਅਕਾਦਮਿਕ ਪਾਠ-ਕ੍ਰਮ ਦਾ ਲਾਜ਼ਮੀ ਹਿੱਸਾ ਬਣਾਉਣ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਭਾਵਨਾ ਪ੍ਰਗਟ ਕਰਦਿਆਂ ਇਸ ਕਦਮ ਨੂੰ ਡਿੱਗ ਰਹੀਆਂ ਸਮਾਜਿਕ ਕੀਮਤਾਂ ਦੀ ਪੁਨਰ ਉਸਾਰੀ ਲਈ ਸਹਾਇਕ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਇੱਕ ਸ਼ਾਨਦਾਰ ਰਵਾਇਤ ਦਾ ਆਰੰਭ ਕਰਨ ਲਈ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ।

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕੁਲਪਤੀ, ਡਾ. ਜਸਮੇਲ ਸਿੰਘ ਧਾਲੀਵਾਲ ਹੁਰਾਂ ਨੇ ਇਸ ਡਿਗਰੀ ਵੰਡ ਸਮਾਗਮ ਨੂੰ ਉਸ ਆਦਰਸ਼ ਦੀ ਪੂਰਤੀ ਦਾ ਇਕ ਪਸਾਰ ਕਿਹਾ ਜਿਹੜਾ ਇਸ ਸੰਸਥਾ ਦੇ ਨਿਰਮਾਣ ਪਿੱਛੇ ਦੈਵੀ ਪ੍ਰੇਰਨਾ ਵਜੋਂ ਕਾਰਜਸ਼ੀਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਇਹ ਸੰਸਥਾ ਤਕਨੀਕੀ ਸਿੱਖਿਆ, ਸਖਸ਼ੀਅਤ ਨਿਰਮਾਣ, ਸਮਾਜਿਕ ਪੁਨਰ ਉਸਾਰੀ ਅਤੇ ਰੁਜ਼ਗਾਰ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਦੇ ਪ੍ਰਸਾਰ ਦਾ ਵੱਡਾ ਕੇਂਦਰ ਸਾਬਿਤ ਹੋਵੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਿੱਖਿਆ ਦੂਤਾਂ ਵਜੋਂ ਸਮਾਜ ਵਿਚ ਕਾਰਜਸ਼ੀਲ ਹੋਣ ਲਈ ਉਤਸ਼ਾਹ ਭਰੇ ਸ਼ਬਦ ਕਹੇ।
ਮੁੱਖ ਮਹਿਮਾਨ ਡਾ. ਗੁਰਬਚਨ ਸਿੰਘ ਹੁਰਾਂ ਨੇ ਸਿੱਖ ਇਤਿਹਾਸ ਦੀ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਦਿਆਂ ਇਸ ਸੰਸਥਾ ਨੂੰ ਬਾਕੀ ਸਿੱਖਿਆ ਸੰਸਥਾਵਾਂ ਨਾਲੋਂ ਵਿਲੱਖਣ ਕਿਹਾ। ਡਾ. ਗੁਰਬਚਨ ਸਿੰਘ ਹੁਰਾਂ ਨੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਸਮਾਜ ਵਿਚ ਬਿਹਤਰ ਮਨੁੱਖਾਂ ਵਜੋਂ ਕਾਰਜਸ਼ੀਲ ਹੋਣ ਲਈ ਪ੍ਰੇਰਿਤ ਕਰਦਿਆਂ ਸਿੱਖਿਆ ਅਤੇ ਅਮਲ ਵਿਚਕਾਰ ਸੰਤੁਲਨ ਸਥਾਪਿਤ ਕਰਨ ਲਈ ਕਿਹਾ।

ਇਸ ਤੋਂ ਬਾਅਦ ਡੀਨ ਅਕਾਦਮਿਕਸ, ਡਾ. ਭੁਪਿੰਦਰ ਸਿੰਘ ਧਾਲੀਵਾਲ ਹੁਰਾਂ ਸਮਾਰੋਹ ਦੀ ਵਿਧੀਵਤ ਕਾਰਵਾਈ ਆਰੰਭ ਕੀਤੀ।  ਵੱਖ-ਵੱਖ ਕਾਲਜਾਂ ਦੇ ਵਿਭਿੰਨ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵਾਰੀ-ਵਾਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਨ੍ਹਾਂ ਵਿਚ ਹਿਊਮੈਨਟੀਜ਼, ਕੰਪਿਊਟਰ ਐਪਲੀਕੇਸ਼ਨਜ਼, ਫਿਜ਼ੀਕਲ ਐਜੂਕੇਸ਼ਨ, ਇੰਜੀਨੀਅਰਿੰਗ, ਕਾਮਰਸ ਅਤੇ ਮੈਨੇਜਮੈਂਟ ਅਤੇ ਖੋਜ ਖੇਤਰ ਵਿਚ ਐੱਮ. ਫਿਲ. ਦੀਆਂ ਡਿਗਰੀਆਂ ਪ੍ਰਮੁੱਖ ਹਨ। ਇਸ ਮੌਕੇ ਅਲੱਗ-ਅਲੱਗ ਕੋਰਸਾਂ ਵਿਚ ਸਰਵਪੱਖੀ ਕਾਰਗੁਜ਼ਾਰੀ ਦੇ ਆਧਾਰ ‘ਤੇ ਯੂਨੀਵਰਸਿਟੀ ਨਿਯਮਾਂ ਮੁਤਾਬਿਕ ਵਿਦਿਆਰਥੀਆਂ ਨੂੰ ਪੰਜ ਸੋਨ ਤਮਗਿਆਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ-ਅਮਨਦੀਪ ਕੌਰ (ਬੀ.ਟੈੱਕ. ਈ.ਸੀ.ਈ-2011), ਕਮਲਜੀਤ ਕੌਰ (ਐੱਮ. ਟੈੱਕ.-2011), ਸਰਬਜੋਤ ਕੌਰ (ਐੱਮ.ਸੀ.ਏ-2011), ਜਸਪਾਲ ਕੌਰ(ਬੀ.ਪੀ.ਈ-2012) ਅਤੇ ਕੰਚਨ ਰਾਣੀ (ਐੱਮ.ਬੀ.ਏ.-2012) ਦੇ ਨਾਂਅ ਸ਼ਾਮਿਲ ਹਨ।

ਸਮੁੱਚੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਉੱਚ-ਅਧਿਕਾਰੀਆਂ ਅਤੇ ਵੱਖ-ਵੱਖ ਕਾਲਜਾਂ ਦੇ ਡੀਨ ਸਾਹਿਬਾਨ ਦੇ ਨਾਲ-ਨਾਲ ਸਿੱਖਿਆ ਅਤੇ ਗੈਰ-ਸਿੱਖਿਆ ਅਮਲਾ ਅਤੇ ਵਿਦਿਆਰਥੀ ਭਾਰੀ ਗਿਣਤੀ ਵਿਚ ਮੌਜੂਦ ਸਨ। ਸਮਾਗਮ ਦੌਰਾਨ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦੇ ਬਾਵਜੂਦ ਲਾਜਵਾਬ ਅਨੁਸ਼ਾਸ਼ਨ ਦਾ ਮੁਜ਼ਾਹਰਾ ਪੇਸ਼ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਹੋਈ। ਇਹ ਸਮਾਗਮ ਬਹੁਤ ਸਾਰੇ ਜਮਾਤੀਆਂ ਦੇ ਦੁਬਾਰਾ ਮਿਲਣ ਕਾਰਨ ਭਾਵਪੂਰਤ ਪਰ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>