ਗਦਰ ਲਹਿਰ ਦੇ ਸ਼ਹੀਦ ਸੂਰਮਿਆਂ ਵਿੱਚ ਸ਼ਹੀਦ ਕਾਂਸ਼ੀ ਰਾਮ ਦੀ ਥਾਂ ਵਿਲੱਖਣ ਹੈ-ਡਾ: ਧਾਲੀਵਾਲ

ਲੁਧਿਆਣਾ : ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਏ ਗਦਰ ਲਹਿਰ ਦੇ ਸ਼ਹੀਦ ਸੂਰਮਿਆਂ ਵਿੱਚ ਸ਼ਹੀਦ ਕਾਂਸ਼ੀ ਰਾਮ ਮੜੌਲੀ ਦਾ ਸਥਾਨ ਵਿਲੱਖਣ ਹੈ ਕਿਉਂਕਿ ਉਨ੍ਹਾਂ ਨੇ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਭਾਈ ਪਰਮਾਨੰਦ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਜਵਾਲਾ ਸਿੰਘ ਅਤੇ ਬਾਬਾ ਵਿਸਾਖਾ ਸਿੰਘ ਨਾਲ ਮਿਲ ਕੇ ਸਾਂਨਫਰਾਂਸਿਸਕੋ ਵਿੱਚ ਗਦਰ ਪਾਰਟੀ ਦੀ ਸਥਾਪਨਾ ਹੀ ਨਹੀਂ ਸੀ ਕੀਤੀ ਸਗੋਂ ਇਸ ਦੇ ਪਹਿਲੇ ਖਜ਼ਾਨਚੀ ਵਜੋਂ ਵੀ ਅਮਰੀਕਾ ਅਤੇ ਬਾਅਦ ਵਿੱਚ ਭਾਰਤ ਆ ਕੇ ਮਹੱਤਵਪੂਰਨ ਜਿੰਮੇਂਵਾਰੀਆਂ ਨਿਭਾਈਆਂ।  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਅੱਜ ਇਥੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਸ਼੍ਰੀ ਐਚ ਸੀ ਅਰੋੜਾ ਵੱਲੋਂ ਲਿਖੀ ਪੁਸਤਕ ਦੇ ਲੋਕ ਅਰਪਣ ਸਮਾਗਮ ਮੌਕੇ ਬੋਲਦਿਆਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਵਿੱਚ ਜੰਗੇ ਆਜ਼ਾਦੀ ਲਹਿਰ ਦਾ ਵਿਚਾਰ ਪ੍ਰਵਾਹ ਕਾਇਮ ਕਰਨ ਲਈ ਇਹੋ ਜਿਹੇ ਸਮਾਗਮ ਭਵਿੱਖ ਵਿੱਚ ਵੀ ਕੀਤੇ ਜਾਣਗੇ। ਉਨ੍ਹਾਂ ਸਹਿਯੋਗੀ ਸੰਸਥਾ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਦਾ ਇਹ ਸਮਾਗਮ ਯੂਨੀਵਰਸਿਟੀ ਵਿੱਚ ਕਰਵਾਉਣ ਲਈ ਧੰਨਵਾਦ ਕੀਤਾ। ਸ਼੍ਰੀ ਐਚ ਸੀ ਅਰੋੜਾ ਦੀ ਲਿਖੀ ਪੁਸਤਕ ਨੂੰ ਡਾ: ਰਵਿੰਦਰ ਕੌਰ ਧਾਲੀਵਾਲ, ਡਾ: ਨਿਰਮਲ ਜੌੜਾ, ਸਰਦਾਰ ਪੰਛੀ, ਪ੍ਰੋ: ਗੁਰਭਜਨ ਸਿੰਘ ਗਿੱਲ, ਡਾ: ਜਗਦੀਸ਼ ਕੌਰ ਨੇ ਲੋਕ ਅਰਪਣ ਕੀਤਾ। ਲੋਕ ਅਰਪਣ ਉਪਰੰਤ ਬੋਲਦਿਆਂ ਸ਼੍ਰੀ ਐਚ ਸੀ ਅਰੋੜਾ ਨੇ ਕਿਹਾ ਕਿ ਸਕੂਲਾਂ ਦੇ ਸਿਲੇਬਸ ਵਿੱਚ ਦੇਸ਼ ਭਗਤਾਂ ਦੀਆਂ ਜੀਵਨੀਆਂ ਵਧਾਉਣ ਦੀ ਲੋੜ ਹੈ ਤਾਂ ਜੋ ਸਾਨੂੰ ਸਭ ਨੂੰ ਦੇਸ਼ ਭਗਤ ਪਰੰਪਰਾ ਜਾਨਣ ਲਈ ਬਚਪਨ ਤੋਂ ਗੁੜ੍ਹਤੀ ਮਿਲੇ।

ਇਸ ਮੌਕੇ ਉੱਘੇ ਲੇਖਕ ਅਤੇ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਆਖਿਆ ਕਿ ਸ਼ਹੀਦ ਕਾਂਸ਼ੀ ਰਾਮ ਮੜੌਲੀ ਦਾ 100ਵਾਂ ਸ਼ਹੀਦੀ ਦਿਨ ਅੱਜ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ 27 ਮਾਰਚ 1915 ਨੂੰ ਸੈਂਟਰਲ ਜੇਲ ਲਾਹੌਰ ਵਿੱਚ ਫਾਂਸੀ ਲੱਗੇ ਸ਼ਹੀਦ ਨੇ ਕਿਸ ਸੂਰਮਗਤੀ ਨਾਲ ਜਾਨ ਕੁਰਬਾਨ ਕੀਤੀ ਅਤੇ ਸੁਖ ਆਰਾਮ ਦੀ ਜ਼ਿੰਦਗੀ ਤਿਆਗ ਕੇ ਸਾਡੇ ਭਵਿੱਖ ਲਈ ਆਪਣਾ ‘ਅੱਜ’ ਵਾਰਿਆ। ਉਨ੍ਹਾਂ ਆਖਿਆ ਕਿ ਅੱਜ ਦੇਸ਼ ਭਗਤੀ ਇਸ ਗੱਲ ਵਿੱਚ ਕਿ ਅਸੀਂ ਨੌਜਵਾਨ ਪੀੜ੍ਹੀ ਦੇ ਅਸਲ ਦੁਸ਼ਮਣਾਂ ਨੂੰ ਨਕਾਰੀਏ। ਸਭਿਆਚਾਰਕ ਮੁਹਾਂਦਰਾ  ਵਿਗੜਨ ਤੋਂ ਬਚਾਉਣ ਲਈ ਨਸ਼ਾਖੋਰੀ, ਹਥਿਆਰਾਂ ਦੀ ਮਹਿਮਾਂ, ਵਿਹਲੜ ਸਭਿਆਚਾਰ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਅਤੇ ਜੀਵਨ ਵਿਹਾਰ ਨੂੰ ਰੱਦ ਕਰੀਏ। ਇਸ ਪਹਿਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਇਸ ਨੇ ਹਰ ਵੇਲੇ ਹਰ ਬੁਰਾਈ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਇਸ ਮੌਕੇ ਸ਼੍ਰੀ ਐਚ ਸੀ ਅਰੋੜਾ ਨੂੰ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ, ਉੱਘੇ ਉਰਦੂ ਕਵੀ ਜਨਾਬ ਸਰਦਾਰ ਪੰਛੀ, ਕੋਆਰਡੀਨੇਟਰ ਸਭਿਆਚਾਰ ਸਰਗਰਮੀਆਂ ਡਾ: ਜਸਵਿੰਦਰ ਭੱਲਾ, ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ, ਯੰਗ ਰਾਈਟਰਜ ਐਸੋਸੀਏਸ਼ਨ ਦੀ ਅਧਿਆਪਕ ਇੰਚਾਰਜ ਡਾ: ਜਗਦੀਸ਼ ਕੌਰ ਅਤੇ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ: ਮਲਕੀਤ ਸਿੰਘ ਦਾਖਾ ਨੇ ਵੀ ਕਵੀ ਦਰਬਾਰ ਦਾ ਆਨੰਦ ਮਾਣਿਆ।

ਇਸ ਮੌਕੇ ਬੋਲਦਿਆਂ ਡਾ: ਨਿਰਮਲ ਜੌੜਾ ਅਤੇ ਡਾ: ਜਗਤਾਰ ਸਿੰਘ ਧੀਮਾਨ ਨੇ ਆਖਿਆ ਕਿ ਕੁਰਬਾਨੀਆਂ ਨਾਲ ਲਈ ਆਜ਼ਾਦੀ ਨੂੰ ਸੰਭਾਲਣਾ ਸਾਡੀ ਸਾਂਝੀ ਜਿੰਮੇਂਵਾਰੀ ਹੈ ਅਤੇ ਇਸ ਵਿੱਚ ਸਿਰਫ ਨੌਜਵਾਨ ਪੀੜ੍ਹੀ ਹੀ ਨਹੀਂ ਸਗੋਂ ਮਾਪਿਆਂ, ਅਧਿਆਪਕਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਸੰਚਾਰ ਮਾਧਿਅਮਾਂ ਦਾ ਯੋਗਦਾਨ ਵੱਧ ਹੋਣਾ ਚਾਹੀਦਾ ਹੈ। ਇਸ ਮੌਕੇ 1915 ਵਿੱਚ ਸ਼ਹੀਦ ਹੋਏ ਗਦਰ ਪਾਰਟੀ ਦੇ ਸਮੂਹ ਦੇਸ਼ ਭਗਤਾਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਉੱਘੇ ਪੰਜਾਬੀ ਕਵੀ ਤਰਲੋਚਨ ਲੋਚੀ, ਹਰਬੰਸ ਮਾਲਵਾ, ਮਨਜਿੰਦਰ ਧਨੋਆ, ਜਸਪ੍ਰੀਤ ਫਲਕ, ਕੁਲਵਿੰਦਰ ਕੌਰ ਕਿਰਨ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਪ੍ਰੇਮ ਅਵਤਾਰ ਰੈਣਾ, ਰੂਪ ਨਿਮਾਣਾ, ਸਵਰਨਜੀਤ ਸਿੰਘ ਪੀ ਏ ਯੂ, ਜੈਸਮੀਨ ਸਿੰਘ ਸਿੱਧੂ ਪੀ ਏ ਯੂ, ਗੁਰਪ੍ਰੀਤ ਸਿੰਘ ਪੀ ਏ ਯੂ, ਜਸਪ੍ਰੀਤ ਸਿੰਘ ਪੀ ਏ ਯੂ ਨੇ ਆਪਣੀਆਂ ਕਵਿਤਾਵਾਂ ਨਾਲ ਸਰਸ਼ਾਰ ਕੀਤਾ। ਮੰਚ ਸੰਚਾਲਨ ਵਿਦਿਆਰਥੀ ਕਵਿੱਤਰੀ ਬੀਬਾ ਨਵਨੀਤ ਕੌਰ ਨੇ ਬੜੇ ਜੀਵੰਤ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਉੱਘੇ ਪੰਜਾਬੀ ਲੇਖਕ ਰਾਜਵਿੰਦਰ ਸਿੰਘ ਰਾਹੀ, ਕੈਨੇਡਾ ਤੋਂ ਮੀਡੀਆ ਕਲੱਬ ਸਰੀ ਦੇ ਆਗੂ ਸ਼੍ਰੀ ਰਛਪਾਲ ਗਿੱਲ ਪੰਜਾਬੀ ਟ੍ਰਿਬਿਊਨ, ਕਰਮਜੀਤ ਸਿੰਘ ਬੁੱਟਰ ਨੱਥੋਵਾਲ, ਕੈਨੇਡਾ ਤੋਂ ਆਏ ਪੰਜਾਬੀ ਕਵੀ ਮੋਹਨ ਗਿੱਲ, ਉੱਘੇ ਵਿਗਿਆਨੀ ਡਾ: ਰਮੇਸ਼ ਕੁਮਾਰ ਸਾਬਕਾ ਡਾਇਰੈਕਟਰ ਆਈ ਸੀ ਏ ਆਰ, ਸੀਨੀਅਰ ਅਰਥ ਸਾਸ਼ਤਰੀ ਡਾ: ਮਾਨ ਸਿੰਘ ਤੂਰ, ਸੂਚਨਾ ਅਧਿਕਾਰ ਕਾਰਜਕਰਤਾ ਕੁਲਦੀਪ ਸਿੰਘ ਖਹਿਰਾ, ਸਰਬਜੀਤ ਸਿੰਘ ਕਾਹਲੋਂ, ਕਰਨਲ ਦਰਸ਼ਨ ਸਿੰਘ ਢਿੱਲੋਂ, ਪ੍ਰੋ: ਪ੍ਰਦੀਪ ਕੁਮਾਰ, ਵਰਿੰਦਰ ਤਿਵਾੜੀ ਪੰਚਕੂਲਾ, ਮੇਜਰ ਅਮਰਜੀਤ ਸਿੰਘ ਬਾਠ, ਡਾ: ਸੁਮੇਧਾ ਭੰਡਾਰੀ, ਗੁਲਨੀਤ ਚਾਹਲ, ਡਾ: ਆਸ਼ੂ ਤੂਰ, ਡਾ:  ਗੁੰਜਨ, ਮਿਸ ਜਤਿੰਦਰ ਕੌਰ, ਸ਼ਾਮਿਲ ਹੋਏ। ਇਸ ਮੌਕੇ ਟੋਰਾਂਟੋ ਕੈਨੇਡਾ ਤੋਂ ਆਏ ਫਿਲਮ ਨਿਰਮਾਤਾ ਜੋਗਿੰਦਰ ਕਲਸੀ ਵੱਲੋਂ ਪ੍ਰਸਿੱਧ ਉਰਦੂ ਕਵੀ ਸਰਦਾਰ ਪੰਛੀ ਬਾਰੇ ਬਣਾਈ ਦਸਤਾਵੇਜੀ ਫਿਲਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੰਗ ਰਾਈਟਰਜ ਐਸੋਸੀਏਸ਼ਨ ਦੀ ਪ੍ਰੋਫੈਸਰ ਇੰਚਾਰਜ ਡਾ: ਜਗਦੀਸ਼ ਕੌਰ ਨੇ ਸ਼੍ਰੀ ਐਚ ਸੀ ਅਰੋੜਾ ਐਡਵੋਕੇਟ, ਆਏ ਲੇਖਕਾਂ, ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਹਿੰਗੇ ਮੁੱਲ ਲਈ ਆਜ਼ਾਦੀ ਨੂੰ ਮਾਨਣਾ ਅਤੇ ਸੰਭਾਲਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>