ਆਪ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿੱਖ ਖ਼ਤਰੇ ‘ਚ

ਸਿਆਸਤ ਦੀ ਤਿਗੜਮਬਾਜ਼ੀ ਦੀ ਅਣਹੋਂਦ ਨਵੀਂਆਂ ਪਾਰਟੀਆਂ ਦੇ ਨੇਤਾਵਾਂ ਵਿਚ ਹੋਣ ਕਰਕੇ ਪਾਰਟੀਆਂ ਚਲਾਉਣੀਆਂ ਜੋਖ਼ਮ ਭਰਿਆ ਕੰਮ ਹੁੰਦਾ ਹੈ। ਸਿਆਸੀ ਚਾਲਾਂ ਦੀਆਂ ਮਾਹਿਰ ਪਾਰਟੀਆਂ ਨਵੀਂਆਂ ਪਾਰਟੀਆਂ ਦੀਆਂ ਬੇੜੀਆਂ ਵਿਚ ਵੱਟੇ ਪਾ ਦਿੰਦੀਆਂ ਹਨ। ਇਸੇ ਕਰਕੇ ਭਾਂਵੇਂ ਆਮ ਆਦਮੀ ਪਾਰਟੀ 26 ਨਵੰਬਰ 2012 ਨੂੰ ਹੀ ਹੋਂਦ ਵਿਚ ਆਈ ਸੀ, ਅਜੇ ਤਿੰਨ ਕੁ ਸਾਲ ਵੀ ਪੂਰੇ ਨਹੀਂ ਹੋਏ ਪ੍ਰੰਤੂ ਖ਼ਤਰੇ ਦੇ ਬਦਲ ਮੰਡਰਾਉਣ ਵੀ ਲੱਗ ਪਏ ਹਨ। ਭਰਿਸ਼ਟਾਚਾਰ ਦੇ ਮੁੱਦੇ ਤੇ ਪ੍ਰਸਿੱਧ ਸਮਾਜ ਸੇਵਕ ਅਤੇ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਜਨ ਲੋਕ ਪਾਲ ਬਿਲ ਦੀ ਮੁਹਿੰਮ ਵਿਚੋਂ ਉਪਜੀ ਆਮ ਆਦਮੀ ਪਾਰਟੀ ਅਰਵਿੰਦ ਕੇਜ਼ਰੀਵਾਲ ਦੇ ਦਿਮਾਗ਼ ਦੀ ਕਾਢ ਹੈ ਕਿਉਂਕਿ ਉਨ੍ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਮਹਿਸੂਸ ਕੀਤਾ ਸੀ ਕਿ ਰਾਜਨੀਤਿਕ ਪਾਰਟੀ ਬਣਾਉਣ ਤੋਂ ਬਿਨਾਂ ਭਰਿਸ਼ਟਾਚਾਰ ਵਰਗੀ ਨਾਮੁਰਾਦ ਬਿਮਾਰੀ ਨੂੰ ਠੱਲਿਆ ਨਹੀਂ ਜਾ ਸਕਣਾ ਕਿਉਂਕਿ ਉਦੋਂ ਸਾਰੀਆਂ ਸਿਆਸੀ ਪਾਰਟੀਆਂ ਕਹਿ ਰਹੀਆਂ ਸਨ ਕਿ ਕਾਨੂੰਨਾਂ ਵਿਚ ਸੋਧ ਅੰਦੋਲਨਾ ਨਾਲ ਨਹੀਂ ਹੁੰਦੀ, ਜੇਕਰ ਸਮਾਜ ਸੇਵਕ ਅਤੇ ਸਵੈਇੱਛਤ ਸੰਸਥਾਵਾਂ ਤਬਦੀਲੀ ਚਾਹੁੰਦੀਆਂ ਹਨ ਤਾਂ ਉਹ ਚੋਣਾ ਲੜਕੇ ਮੈਦਾਨ ਵਿਚ ਆਉਣ। ਇਸ ਲਈ ਅਰਵਿੰਦ ਕੇਜ਼ਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਵਿਚ ਸ਼ਾਮਲ ਹਮ ਖ਼ਿਆਲੀ ਸਾਥੀਆਂ ਦੀ ਸਲਾਹ ਤੇ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ,ਜਿਸ ਦਾ ਅੰਨਾ ਹਜ਼ਾਰੇ ਨੇ ਵੀ ਵਿਰੋਧ ਕੀਤਾ ਸੀ। ਸਥਾਪਤ ਸਿਆਸੀ ਪਾਰਟੀਆਂ ਨੇ ਵੀ ਕੇਜ਼ਰੀਵਾਲ ਨੂੰ ਤਾਕਤ ਦਾ ਭੁੱਖਾ ਤੱਕ ਵੀ ਕਿਹਾ ਸੀ ਪ੍ਰੰਤੂ ਉਹ ਟੱਸ ਤੋਂ ਮੱਸ ਨਹੀਂ ਹੋਇਆ, ਮਸਤ ਹਾਥੀ ਦੀ ਚਾਲ ਚਲਦਾ ਰਿਹਾ,‘ਅਖ਼ੀਰ ਸਹਿਜ ਪੱਕੇ ਸੋ ਮੀਠਾ ਹੋਏ ’ਦੀ ਕਹਾਵਤ ਅਨੁਸਾਰ ਆਪਣੇ ਨਿਸ਼ਾਨੇ ਵਿਚ ਸਫ਼ਲ ਹੋ ਗਿਆ। ਉਨ੍ਹਾਂ ਆਮ ਆਦਮੀ ਪਾਰਟੀ ਬੁਧੀਜੀਵੀਆਂ ਨਾਲ ਪੂਰੀ ਵਿਚਾਰ ਚਰਚਾ ਤੋਂ ਬਾਅਦ ਹੀ ਬਣਾਈ ਸੀ,ਅਚਾਨਕ ਰਾਤੋ ਰਾਤ ਫ਼ੈਸਲਾ ਨਹੀਂ ਕੀਤਾ ਸੀ। ਬਾਅਦ ਵਿਚ ਇੱਕ ਕਿਸਮ ਨਾਲ ਇਕੱਲੇ ਨੇ ਹੀ ਪਾਰਟੀ ਨੂੰ ਆਪਣੇ ਖ਼ੂਨ ਪਸੀਨੇ ਨਾਲ ਸਿੰਜਿਆ। ਭਾਵੇਂ ਉਸ ਨੂੰ ਉਸ ਤੇ ਦਬਾਅ ਪਾਉਣ ਲਈ ਕਈ ਕੇਸ ਪਾ ਕੇ ਡਰਾਇਆ ਵੀ ਗਿਆ।

ਆਮ ਅਤੇ ਪੜ੍ਹੇ ਲਿਖੇ ਵਿਦਵਾਨ ਵਿਅਕਤੀਆਂ ਨੇ ਕੇਜ਼ਰੀਵਾਲ ਦਾ ਸਾਥ ਦਿੱਤਾ ਅਤੇ ਆਮ ਆਦਮੀ ਦਾ ਕਾਫ਼ਲਾ ਵੱਧਦਾ ਹੀ ਗਿਆ। ਜਦੋਂ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ ਉਨ੍ਹਾਂ ਦਾ ਮਕਸਦ ਇਸ ਨਵੀਂ ਪਾਰਟੀ ਤੋਂ ਪੂਰਾ ਹੋ ਸਕਦਾ ਹੈ ਤਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਟਪੂਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਅਜਿਹੇ ਲੋਕ ਸ਼ਾਮਿਲ ਹੋ ਗਏ ਜੋ ਪਾਰਟੀ ਨੂੰ ਲਾਭ ਪਹੁੰਚਾਉਣ ਦੀ ਥਾਂ ਨੁਕਸਾਨ ਪਹੁੰਚਾਉਣ ਲੱਗ ਗਏ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਹੀ ਤਾਕਤ ਪ੍ਰਾਪਤ ਕਰਨਾ ਸੀ। ਕਈ ਖ਼ਾਸ ਆਦਮੀ ਆਮ ਆਦਮੀ ਪਾਰਟੀ ਵਿਚ ਮਖੌਟੇ ਪਾ ਕੇ ਸ਼ਾਮਲ ਹੋ ਗਏ। ਕੁਝ ਕਾਂਗਰਸ ਪਾਰਟੀ ਤੋਂ ਉਚੇ ਅਹੁਦੇ ਨਾ ਮਿਲਣ ਕਰਕੇ ਸੇਵਾ ਮੁਕਤ ਆਈ.ਪੀ.ਐਸ.ਕਿਰਨ ਬੇਦੀ ਵਰਗੇ ਅਧਿਕਾਰੀ ਅਤੇ ਫ਼ੌਜ ਦੇ ਸਾਬਕਾ ਮੁਖੀ ਵੀ.ਕੇ.ਸਿੰਘ ਵਰਗੇ ਜਰਨੈਲ ਵੀ ਆ ਗਏ। ਅਸਲ ਵਿਚ ਨਵੀਂ ਸਿਆਸੀ ਪਾਰਟੀ ਹੋਣ ਕਰਕੇ ਇਨ੍ਹਾਂ ਨੂੰ ਲੋੜ ਵੀ ਸੀ ਕਿ ਵੱਧ ਤੋਂ ਵੱਧ ਲੋਕ ਉਨ੍ਹਾਂ ਨਾਲ ਜੁੜਨ। ਖ਼ਸ਼ਕਿਸਮਤੀ ਨਾਲ ਅਤੇ ਆਮ ਲੋਕਾਂ ਦੇ ਅਥਾਹ ਜ਼ੋਸ਼ ਨਾਲ ਦਿੱਲੀ ਵਿਚ ਵਿਧਾਨ ਸਭਾ ਦੀਆਂ 28 ਸੀਟਾਂ ਜਿੱਤਕੇ ਅਰਵਿੰਦ ਕੇਜ਼ਰੀਵਾਲ ਸਰਕਾਰ ਬਣਾਉਣ ਵਿਚ ਸਫ਼ਲ ਹੋ ਗਏ, ਜਿਸ ਲਈ ਉਨ੍ਹਾਂ ਨੂੰ ਬਿਨਾ ਸ਼ਰਤ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਨਾਉਣ ਤੋਂ ਰੋਕਣ ਲਈ ਸਮਰਥਨ ਦਿੱਤਾ ਸੀ। ਅਹੁਦਿਆਂ ਦੇ ਲਾਲਚੀਆਂ ਬਿੰਨੀ ਵਰਗੇ ਵਿਧਾਨਕਾਰਾਂ ਨੇ ਬਗ਼ਾਬਤ ਕਰ ਦਿੱਤੀ। ਇਹ ਵੀ ਕਿਹਾ ਜਾਂਦਾ ਹੈ ਕਿ ਕੇਜ਼ਰੀਵਾਲ ਇਕ ਡਿਕਟੇਟਰ ਦੀ ਤਰ੍ਹਾਂ ਪਾਰਟੀ ਅਹੁਦੇਦਾਰਾਂ ਨਾਲ ਵਿਵਹਾਰ ਕਰ ਰਿਹਾ ਹੈ, ਜਿਸ ਕਰਕੇ ਪਾਰਟੀ ਵਿਚ ਬਗ਼ਾਬਤ ਦੀ ਖਿਚੜੀ ਪਾਰਟੀ ਦੀ ਸਥਾਪਤੀ ਤੋਂ ਬਾਅਦ ਛੇਤੀ ਹੀ ਪਣਪਣ ਲੱਗ ਗਹੀ ਸੀ। ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਜਦੋਂ ਬੂਰ ਪੈਂਦਾ ਨਾ ਦਿਸਿਆ ਕਿਉਂਕਿ ਸਰਕਾਰ ਤਾਂ ਕਾਂਗਰਸ ਦੀਆਂ ਵਿਸਾਖ਼ੀਆਂ ਤੇ ਨਿਰਭਰ ਸੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੀ ਸਾਥ ਨਹੀਂ ਦੇ ਰਹੀ ਸੀ ਤਾਂ ਕੇਜਰੀਵਾਲ ਨੇ 49 ਦਿਨ ਬਾਅਦ ਹੀ ਮੁਖ ਮੰਤਰੀ ਦੇ ਅਹੁਦੇ ਤੋਂ ਜਜਬਾਤੀ ਹੋ ਕੇ ਅਸਤੀਫ਼ਾ ਦੇ ਦਿੱਤਾ,ਉਨ੍ਹਾਂ ਨੂੰ ਉਮੀਦ ਸੀ ਕਿ ਜੇਕਰ ਦੁਆਰਾ ਚੋਣਾਂ ਤੁਰੰਤ ਹੋ ਗਈਆਂ ਤਾਂ ਆਮ ਆਦਮੀ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲ ਜਾਵੇਗਾ ਤੇ ਫਿਰ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦੇਣਗੇ। ਇਹ ਵੀ ਕੇਜ਼ਰੀਵਾਲ ਦੀ ਭੁੱਲ ਸੀ,ਉਸ ਨੇ ਤਾਂ ਆਪਣੇ ਆਪ ਨੂੰ ਤਿਆਗ ਦੀ ਮੂਰਤੀ ਬਣਾਉਣ ਲਈ ਅਸਤੀਫ਼ਾ ਦਿੱਤਾ ਸੀ ਪ੍ਰੰਤੂ ਸਿਆਸੀ ਪਾਰਟੀਆਂ ਅਤੇ ਲੋਕਾਂ ਨੇ ਇਸ ਫ਼ੈਸਲੇ ਨੂੰ ਜ਼ਿੰਮੇਵਾਰੀ ਤੋਂ ਭੱਜਣਾ ਸਮਝਿਆ,ਇਸ ਗ਼ਲਤੀ ਦੀ ਕੇਜ਼ਰੀਵਾਲ ਨੇ ਬਾਅਦ ਵਿਚ ਮੁਆਫ਼ੀ ਵੀ ਮੰਗ ਲਈ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਡਰਦਿਆਂ 8 ਮਹੀਨੇ ਚੋਣਾਂ ਹੀ ਨਹੀਂ ਕਰਵਾਈਆਂ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਦੁਬਾਰਾ ਚੋਣਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾ ਜਾਵੇਗੀ। ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਤਾਂ ਆਮ ਆਦਮੀ ਪਾਰਟੀ ਨੇ ਅਜੇ ਤਕ ਦਿੱਲੀ ਤੋਂ ਸਿਵਾਏ ਪਾਰਟੀ ਦਾ ਢਾਂਚਾ ਹੀ ਨਹੀਂ ਬਣਾਇਆ ਸੀ ਪ੍ਰੰਤੂ ਫਿਰ ਵੀ ਲੋਕਾਂ ਦਾ ਉਤਸ਼ਾਹ ਵੇਖਕੇ ਉਨ੍ਹਾਂ ਸਾਰੇ ਦੇਸ਼ ਵਿਚ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ,ਜੋ ਉਨ੍ਹਾਂ ਦੀ ਬੜੀ ਵੱਡੀ ਭੁੱਲ ਸੀ,ਜਿਸ ਦੇ ਨਤੀਜੇ ਚੰਗੇ ਨਹੀਂ ਰਹੇ। ਪੰਜਾਬ ਤੋਂ ਲੋਕ ਸਭਾ ਦੀਆਂ 4 ਸੀਟਾਂ ਜਿੱਤਣ ਤੋਂ ਇਲਾਵਾ ਦਿੱਲੀ ਜਿਥੋਂ ਵਿਧਾਨ ਸਭਾ ਦੀਆਂ 28 ਸੀਟਾਂ ਜਿੱਤੀਆਂ ਸੀ ,ਉਥੋਂ ਵੀ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ। ਫ਼ਰਵਰੀ 2015 ਵਿਚ ਦਿੱਲੀ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਵਿਚ 70 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਵਲੋਂ 67 ਸੀਟਾਂ ਜਿੱਤਣਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਲਈ ਸ਼ਰਮ ਦੀ ਗੱਲ ਸਾਬਤ ਹੋਈ ਹੈ ਕਿਉਂਕਿ ਦੇਸ਼ ਦੀਆਂ ਸੱਭ ਤੋਂ ਪੁਰਾਣੀਆਂ ਸਥਾਪਤ ਪਾਰਟੀਆਂ ਆਪਣੀਆਂ ਜ਼ਮਾਨਤਾਂ ਵੀ ਬਚਾ ਨਹੀਂ ਸਕੀਆਂ। ਅਸਲ ਵਿਚ ਆਮ ਆਦਮੀ ਪਾਰਟੀ ਬਾਕੀ ਸਥਾਪਤ ਪਾਰਟੀਆਂ ਦਾ ਬਦਲਾਓ ਦੇ ਤੌਰ ਤੇ ਲੋਕਾਂ ਨੇ ਸਾਥ ਦਿੱਤਾ ਸੀ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਵੀ ਕਾਂਗਰਸ ਦੇ ਬਦਲਾਓ ਲਈ ਹੀ ਤਾਕਤ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਨੇ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਵੀ ਰਾਜ ਭਾਗ ਦੇ 8 ਮਹੀਨਿਆਂ ਵਿਚ ਹੀ ਦਿੱਲੀ ਵਿਚ ਹਾਰ ਹੀ ਨਹੀਂ ਗਈ ਸਗੋਂ ਬੁਰੀ ਤਰ੍ਹਾਂ ਅਸਫਲ ਹੋ ਗਈ। ਜੇਕਰ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਹੁਣ ਲੜ ਰਹੀ ਹੈ ਏਸੇ ਤਰ੍ਹਾਂ ਲੜਦੀ ਰਹੀ ਤਾਂ ਉਸਦਾ ਹਾਲ ਵੀ ਉਹੀ ਹੋਵੇਗਾ। ਆਮ ਆਦਮੀ ਪਾਰਟੀ ਇਕ ਲਹਿਰ ਤੋਂ ਬਦੀ ਹੋਹੀ ਹੈ,ਇਸ ਲਈ ਇਸ ਵਿਚ ਸੰਜੀਦਗੀ ਨਹੀਂ ਆਈ।

ਆਮ ਆਦਮੀ ਪਾਰਟੀ ਪਰਵਾਰਵਾਦ,ਕੁਨਬਾਪਰਵਰੀ,ਪਾਰਦਰਸ਼ਤਾ,ਭਰਿਸ਼ਟਾਚਾਰ,ਸਾਂਝੇ ਰੂਪ ਵਿਚ ਫ਼ੈਸਲੇ ਕਰਨ ਦੇ ਵਾਅਦਿਆਂ ਕਰਕੇ ਹੋਂਦ ਵਿਚ ਆਈ ਸੀ। ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਹਨ। ਪ੍ਰਸ਼ਾਂਤ ਭੂਸ਼ਣ ਨੇ ਤਾਂ ਇੱਕ ਕਰੋੜ ਰੁਪਏ ਦੀ ਰਾਸ਼ੀ ਪਾਰਟੀ ਸਥਾਪਤ ਕਰਨ ਲਈ ਦਿੱਤੀ ਸੀ। ਯੋਗੇਂਦਰ ਯਾਦਵ ਨੂੰ ਇੱਕ ਕਿਸਮ ਨਾਲ ਪਾਰਟੀ ਦੀ ਵਿਚਾਰਧਾਰਾ ਬਣਾਉਣ ਵਾਲਾ ਪਾਰਟੀ ਦਾ ਦਿਮਾਗ ਕਿਹਾ ਜਾ ਸਕਦਾ ਹੈ। ਇਹ ਪਾਰਟੀ ਬਣੀ ਹੀ ਸਾਂਝੇ ਤੌਰ ਤੇ ਫ਼ੈਸਲੇ ਕਰਨ ਦੇ ਮਕਸਦ ਨਾਲ ਸੀ ਪ੍ਰੰਤੂ ਜੇ ਇਨ੍ਹਾਂ ਦੋਹਾਂ ਨੇਤਾਵਾਂ ਦੀ ਗੱਲ ਮੰਨੀਏਂ ਤਾਂ ਇਸ ਸਮੇਂ ਦੌਰਾਨ ਅਰਵਿੰਦ ਕੇਜ਼ਰੀਵਾਲ ਨੇ ਪਾਰਟੀ ਨੂੰ ਆਪਣੀ ਜਾਗੀਰ ਦੀ ਤਰ੍ਹਾਂ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਹੀ ਪ੍ਰਸ਼ਾਂਤ ਭੂਸ਼ਣ ਨੇ ਪਾਰਟੀ ਦੀ 21 ਮੈਂਬਰੀ ਕੌਮੀ ਕਾਰਜਕਾਰਨੀ ਨੂੰ ਇੱਕ ਚਿੱਠੀ ਲਿਖਕੇ ਆਗਾਹ ਕੀਤਾ ਸੀ ਕਿ ਪਾਰਟੀ ਦਾ ਢਾਂਚਾ ਸਮੁਚੇ ਦੇਸ਼ ਵਿਚ ਆਪਸੀ ਵਿਚਾਰ ਵਟਾਂਦਰੇ ਨਾਲ ਬਣਾਇਆ ਜਾਵੇ ਤਾਂ ਜੋ ਅੱਗੇ ਤੋਂ ਸੁਚੱਜੇ ਢੰਗ ਨਾਲ ਚੋਣਾਂ ਲੜੀਆਂ ਜਾ ਸਕਣ, ਪ੍ਰੰਤੂ ਪਾਰਟੀ ਵਿਚ ਕੁਝ ਖ਼ੁਦਗਰਜ਼ ਕਿਸਮ ਦੇ ਮੈਂਬਰਾਂ ਨੇ ਇਸ ਚਿੱਠੀ ਨੂੰ ਬਗ਼ਾਵਤ ਦਾ ਨਾਂ ਦੇ ਕੇ 4 ਮਾਰਚ ਨੂੰ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਕੌਮੀ ਰਾਜਨੀਤਕ ਅਫ਼ੇਅਰਜ਼ ਕਮੇਟੀ ਵਿਚੋਂ 11 ਦੇ ਮੁਕਾਬਲੇ 8 ਵੋਟਾਂ ਨਾਲ ਬਾਹਰ ਦਾ ਰਸਤਾ ਵਿਖਾ ਦਿੱਤਾ ਜੋ ਕਿ ਪਾਰਟੀ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ 40 ਫ਼ੀ ਸਦੀ ਆਮ ਆਦਮੀ ਦੇ ਨੇਤਾ ਕੇਜ਼ਰੀਵਾਲ ਦੇ ਧੜੇ ਦੇ ਵਿਰੁੱਧ ਹਨ। ਹਾਲਾਂ ਕਿ ਦੋਵਾਂ ਨੇਤਾਵਾਂ ਨੇ ਬੜੀ ਨਮਰਤਾ ਨਾਲ ਇਹ ਫ਼ੈਸਲਾ ਪ੍ਰਵਾਨ ਕਰ ਲਿਆ ਅਤੇ ਕਿਹਾ ਹੈ ਕਿ ਖ਼ੂਨ ਪਸੀਨੇ ਨਾਲ ਬਣਾਈ ਇਸ ਪਾਰਟੀ ਨੂੰ ਟੁੱਟਣ ਨਹੀਂ ਦਿਆਂਗੇ ਕਿਉ੍ਯਕ ਜੇ ਪਾਰਟੀ ਟੁੱਟ ਗਈ ਤਾਂ ਲੋਕਾਂ ਦੀਆਂ ਉਮੀਦਾਂ ਟੁੱਟ ਜਾਣਗੀਆਂ। ਜ਼ਜ਼ਬਾਤੀ ਹੋਣ ਦਾ ਸਮਾਂ ਨਹੀਂ ਪ੍ਰੰਤੂ ਅੰਤਰਝਾਤ ਮਾਰਨ ਦਾ ਸਮਾਂ ਹੈ। ਗੱਲ ਸਿਰਫ ਐਨੀ ਹੈ ਕਿ ਉਨ੍ਹਾਂ ਅਤੇ ਹੋਰ ਬਹੁਤ ਸਾਰੇ ਨੇਤਾਵਾਂ ਦਾ ਵਿਚਾਰ ਹੈ ਕਿ ਕੇਜ਼ਰੀਵਾਲ ਦਿੱਲੀ ਦੀ ਸਰਕਾਰ ਨੂੰ ਬਾਖ਼ੂਬੀ ਚਲਾਵੇ ਤੇ ਲੋਕਾਂ ਦੇ ਫਤਵੇ ਤੇ ਪੂਰਾ ਉਤਰਨ ਲਈ ਕੋਸ਼ਿਸ਼ ਕਰੇ ਕਿਉਂਕਿ ਦਿੱਲੀ ਪੂਰਾ ਰਾਜ ਨਹੀਂ, ਬਹੁਤ ਸਾਰੇ ਫ਼ੈਸਲਿਆਂ ਲਈ ਕੇਂਦਰ ਸਰਕਾਰ ਤੇ ਨਿਰਭਰ ਰਹਿਣਾ ਪੈਂਦਾ ਹੈ। ਕੇਜ਼ਰੀਵਾਲ ਨੂੰ ਵਡੱਪਣ ਵਿਖਾਉਣਾ ਚਾਹੀਦਾ ਹੈ,ਉਹ ਆਪਣੇ ਆਪ ਨੂੰ ਛੋਟਾ ਮੋਦੀ ਜਾਂ ਛੋਟਾ ਜੈ ਪ੍ਰਕਾਸ਼ ਨਰਾਇਣ ਸਾਬਤ ਕਰਨ ਦੀ ਕੋਸ਼ਿਸ਼ ਨਾ ਕਰੇ। ਵਿਅਕਤੀ ਤੋਂ ਪਾਰਟੀ ਵੱਡੀ ਹੁੰਦੀ ਹੈ। ਵਿਅਕਤੀ ਤਾਂ ਪਾਰਟੀਆਂ ਵਿਚ ਆਉਂਦੇ ਜਾਂਦੇ ਰਹਿੰਦੇ ਹਨ। ਪਾਰਟੀ ਦਾ ਕਨਵੀਨਰ ਹੋਰ ਕਿਸੇ ਨੇਤਾ ਨੂੰ ਬਣਾ ਦਿੱਤਾ ਜਾਵੇ। ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਸਮੁਚੇ ਦੇਸ਼ ਵਿਚ ਪਾਰਟੀ ਦਾ ਸੰਗਠਨ ਬਣਾਉਣ ਦੇ ਹੱਕ ਵਿਚ ਹਨ ਜਦੋਂ ਕਿ ਕੇਜ਼ਰੀਵਾਲ ਦਾ ਧੜਾ ਸਿਰਫ਼ ਦਿੱਲੀ ਤੇ ਧਿਆਨ ਲਾਉਣਾ ਚਾਹੁੰਦੇ ਹਨ। ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਨੂੰ ਵੀ ਆਪਣੀ ਅੜੀ ਛੱਡਣੀ ਚਾਹੀਦੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਅੰਦਰੂਨੀ ਲੋਕ ਪਾਲ ਰਾਮ ਦਾਸ ਨੇ ਵੀ ਲਿਖੀ ਸੀ ਕਿ ਉਹ ਕਨਵੀਨਰਸ਼ਿਪ ਛੱਡ ਦੇਣ। ਜਦੋਂ ਵਿਸ਼ਵਾਸ਼ ਟੁੱਟ ਜਾਵੇ ਉਦੋਂ ਰਾਈ ਦਾ ਪਹਾੜ ਬਣ ਜਾਂਦਾ ਹੈ। ਇੱਥੇ ਵੀ ਇਹੋ ਗੱਲ ਹੋਈ ਹੈ। ਪੰਜਾਬ ਵਿਚ ਵੀ ਇਸੇ ਤਰ੍ਹਾਂ ਰਾਈ ਦਾ ਪਹਾੜ ਬਣ ਗਿਆ ਸੀ,ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪਰਕਾਸ਼ ਸਿੰਘ ਬਾਦਲ ਨੂੰ ਕੋਈ ਆਪਣਾ ਹੀ ਵਿਸ਼ਵਾਸ਼ ਪਾਤਰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ ਕਿਹਾ ਸੀ। ਉਸਦਾ ਨਤੀਜਾ ਵੀ ਇਹੋ ਹੋਇਆ ਸੀ ਕਿ ਟੌਹੜਾ ਸਾਹਿਬ ਵਰਗੇ ਘਾਗ ਨੇਤਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ। ਜੇਕਰ ਆਮ ਆਦਮੀ ਪਾਰਟੀ ਦਾ ਸਮੁਚੇ ਦੇਸ਼ ਵਿਚ ਤਾਣਾ ਬਾਣਾ ਹੋਵੇਗਾ ਤਾਂ ਚੋਣਾਂ ਲੜਨ ਦਾ ਲਾਭ ਹੋਵੇਗਾ। ਜਿਸ ਰਾਜ ਵਿਚ ਸੰਗਠਨ ਹੀ ਨਹੀਂ ਉਥੇ ਚੋਣਾਂ ਦੇ ਨਤੀਜੇ ਸਾਰਥਿਕ ਨਹੀਂ ਹੋਣਗੇ। ਕੇਜ਼ਰੀਵਾਲ ਨੇ ਜੇਕਰ ਆਮ ਆਦਮੀ ਪਾਰਟੀ ਬਣਾ ਲਈ ਹੈ ਤਾਂ ਫਿਰ ਸਮੁਚੇ ਦੇਸ਼ ਵਿਚ ਸੰਗਠਨ ਬਣਾਉਣ ਵਿਚ ਉਸ ਨੂੰ ਕਿਉਂ ਇਤਰਾਜ਼ ਹੈ? ਉਹ ਦੋਵੇਂ ਨੇਤਾ ਆਮ ਆਦਮੀ ਪਾਰਟੀ ਵਲੋਂ ਪਾਰਟੀ ਫ਼ੰਡ ਦੇ ਖ਼ਰਚੇ ਵੈਬਸਾਈਟ ਤੇ ਪਾਉਣ ਦੀ ਮੰਗ ਕਰ ਰਹੇ ਹਨ। ਜਦੋਂ ਪਾਰਟੀ ਪਾਰਦਰਸ਼ਤਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਵੈਬ ਸਾਈਟ ਤੇ ਖ਼ਰਚੇ ਪਾਉਣ ਤੋਂ ਇਤਰਾਜ਼ ਕਿਉਂ ਹੈ? ਚੋਣਾਂ ਤੋਂ ਪਹਿਲਾਂ ਪਰਵਾਸੀ ਭਾਰਤੀਆਂ ਨੇ ਆਮ ਆਦਮੀ ਪਾਰਟੀ ਨੂੰ ਫੰਡਾਂ ਦੇ ਗੱਫ਼ੇ ਦਿੱਤੇ ਸਨ,ਉਨ੍ਹਾਂ ਦੀ ਖ਼ਪਤ ਤੋਂ ਵੀ ਉਨ੍ਹਾਂ ਨੂੰ ਜਾਣੂੰ ਕਰਾਉਣਾ ਬਣਦਾ ਹੈ। ਪੰਜਾਬ ਦੀ ਉਦਾਹਰਨ ਹੀ ਲੈ ਲਓ,ਇਥੇ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਲੜੀਆਂ ਨਹੀਂ ਅਤੇ ਨਾ ਹੀ ਧੂਰੀ ਦੀ ਉਪ ਚੋਣ ਲੜਨ ਦੀ ਸਲਾਹ ਲਗਦੀ ਹੈ। ਜਿਹੜੇ ਵਰਕਰਾਂ ਨੇ ਆਮ ਆਦਮੀ ਪਾਰਟੀ ਵਿਚ ਕੰਮ ਕੀਤਾ ਹੈ, ਉਹ ਚੋਣਾਂ ਲੜਨਾ ਚਾਹੁੰਦੇ ਹਨ,ਪਾਰਟੀ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ ਹੈ। ਵਰਕਰਾਂ ਦਾ ਜੋਸ਼ ਮੱਠਾ ਪੈ ਗਿਆ ਹੈ। ਉਹ ਤਾਂ ਜਿੱਥੇ ਉਹ ਰਹਿੰਦੇ ਹਨ ਉਥੋਂ ਚੋਣਾਂ ਲੜਨਾ ਲੋਚਦੇ ਹਨ। ਓਧਰ ਪੰਜਾਬ ਵਿਚ ਵੀ ਨੇਤਾਵਾਂ ਅਤੇ ਵਰਕਰਾਂ ਦੀ ਲੜਾਈ ਵਧੀ ਹੋਈ ਹੈ। ਉਘੇ ਨੇਤਾ ਅਤੇ ਵਕੀਲ ਐਚ.ਐਸ.ਫੂਲਕਾ ਨੇ ਯੋਗੇਂਦਰ ਯਾਦਵ ਤੇ ਉਸ ਨੂੰ ਹਰਾਉਣ ਦਾ ਇਲਜ਼ਾਮ ਮੜ੍ਹ ਦਿੱਤਾ ਹੈ। ਅਸਲ ਵਿਚ ਆਮ ਆਦਮੀ ਪਾਰਟੀ ਵਿਚ ਇਸ ਸਮੇਂ ਸੱਭ ਅੱਛਾ ਨਹੀਂ ਹੈ। ਨੇਤਾਵਾਂ ਨੇ ਇੱਕ ਦੂਜੇ ਤੇ ਚਿੱਕੜ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਪਾਰਟੀ ਦੇ ਭਵਿਖ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਬਗ਼ਾਬਤ ਦੀ ਅੱਗ ਸੁਲਗ ਰਹੀ ਹੈ,ਕਿਸੇ ਵਕਤ ਵੀ ਭਾਂਬੜ ਬਣਕੇ ਮੱਚ ਸਕਦੀ ਹੈ। ਪੰਜਾਬ ਦੇ ਚਾਰੇ ਲੋਕ ਸਭਾ ਦੇ ਮੈਂਬਰ ਆਪੋ ਆਪਣੀ ਡੱਫਲੀ ਵਜਾ ਰਹੇ ਹਨ। ਹੋਲਾ ਮਹੱਲਾ ਦੀ ਆਨੰਦਪੁਰ ਸਾਹਿਬ ਵਿਖੇ ਹੋਈ ਆਮ ਆਦਮੀ ਦੀ ਪਾਰਟੀ ਦੀ ਕਾਨਫ਼ਰੰਸ ਵਿਚ ਲੋਕਾਂ ਦਾ ਅਥਾਹ ਸਮੁੰਦਰ ਸੀ ਪ੍ਰੰਤੂ ਪੰਜਾਬ ਦੇ ਲੋਕ ਸਭਾ ਦੇ ਮੈਂਬਰ ਗਾਇਬ ਸਨ? ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉਪਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੀ ਰਾਜਨੀਤਕ ਅਫ਼ੇਅਰਜ਼ ਕਮੇਟੀ ਦੇ ਮੈਂਬਰ ਮੇਅੰਕ ਗਾਂਧੀ ਨੇ ਖੁਲਾਸਾ ਕੀਤਾ ਹੈ ਕਿ ਅਸਲ ਵਿਚ ਦੋਵਾਂ ਨੇਤਾਵਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦਾ ਫ਼ੈਸਲਾ ਅਰਵਿੰਦ ਕੇਜ਼ਰੀਵਾਲ ਦਾ ਹੀ ਹੈ ਕਿਉਂਕਿ ਮੀਟਿੰਗ ਤੋਂ ਪਹਿਲਾਂ ਜਦੋਂ ਮੈਂਬਰ ਕੇਜ਼ਰੀਵਾਲ ਨੂੰ ਮਿਲਣ ਗਏ ਸੀ ਤਾਂ ਕੇਜ਼ਰੀਵਾਲ ਨੇ ਸ਼ਪਸ਼ਟ ਤੌਰ ਤੇ ਕਹਿ ਦਿੱਤਾ ਸੀ ਕਿ ਉਹ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਕੰਮ ਨਹੀਂ ਕਰ ਸਕਦਾ। ਮੇਅੰਗ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਉਸ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਦੀ ਧਮਕੀ ਵੀ ਮਿਲ ਚੁਕੀ ਹੈ। ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੇ ਕੇਜਰੀਵਾਲ ਤੇ ਸਰਕਾਰ ਬਣਾਉਣ ਲਈ ਕਾਂਗਰਸ ਪਾਰਟੀ ਦੇ ਵਿਧਾਨਕਾਰ ਤੋੜ ਕੇ ਆਪਣੇ ਨਾਲ ਜੋੜਨ ਦੀ ਟੇਪ ਜਾਰੀ ਕਰ ਦਿੱਤੀ ਪ੍ਰੰਤੂ ਸ਼ੰਤੁਸ਼ਟੀ ਦੀ ਗੱਲ ਹੈ ਕਿ ਯੋਗੇਂਦਰ ਯਾਦਵ ਬਹੁਤ ਸੰਜੀਦਗੀ ਤੋਂ ਕੰਮ ਲੈ ਰਹੇ ਹਨ ਅਤੇ ਉਨ੍ਹਾਂ ਇਸ ਟੇਪ ਨੂੰ ਨਕਲੀ ਕਿਹਾ ਹੈ। ਹੁਣ ਤੱਕ ਤਾਂ ਕੇਜਰੀਵਾਲ ਸਾਰੇ ਫ਼ੈਸਲਿਆਂ ਨੂੰ ਇਨ੍ਹਾਂ ਦੋਹਾਂ ਨੇਤਾਵਾਂ ਦੀ ਸਹਿਮਤੀ ਤੋਂ ਬਿਨਾ ਲਾਗੂ ਨਹੀਂ ਕਰਦਾ ਸੀ,ਹੁਣ ਕਿਹੜਾ ਸੱਪ ਸੁੰਘ ਗਿਆ ਹੈ ਕਿ ਉਸ ਨੂੰ ਇਨ੍ਹਾਂ ਤੋਂ ਡਰ ਲਗਣ ਲੱਗ ਗਿਆ ਹੈ। ਅਸਲ ਵਿਚ ਇਉਂ ਲੱਗਦਾ ਹੈ ਕਿ ਜਿਵੇਂ ਤਾਕਤ ਹੱਥ ਆਉਣ ਤੇ ਹਰ ਸਿਆਸੀ ਨੇਤਾ ਨੂੰ ਘੁਮੰਡ ਆ ਜਾਂਦਾ ਹੈ, ਉਸੇ ਤਰ੍ਹਾਂ ਕੇਜਰੀਵਾਲ ਨੂੰ ਵੀ ਤਾਕਤ ਦਾ ਨਸ਼ਾ ਸਤਾ ਰਿਹਾ ਹੈ ਜੋ ਕਿ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਖ਼ੋਖ਼ਲੀਆਂ ਕਰਨ ਵਿਚ ਤੇਲ ਦੇਵੇਗਾ। ਅਸਲ ਵਿਚ ਅਜਿਹੇ ਅਫ਼ਲਾਤੂਨੀ ਫ਼ੈਸਲਿਆਂ ਨਾਲ ਕੇਜਰੀਵਾਲ ਨੂੰ ਤਾਂ ਸ਼ਾਇਦ ਬਹੁਤਾ ਫ਼ਰਕ ਨਹੀਂ ਪੈਣਾ ਕਿਉਂਕਿ ਉਹ ਆਪਣੇ ਆਪ ਨੂੰ ਤਿਆਗ ਦੀ ਮੂਰਤੀ ਸਮਝਦਾ ਹੈ। ਪ੍ਰੰਤੂ ਭਾਰਤ ਦੀ ਜਨਤਾ ਦੇ ਹੌਸਲੇ ਪਸਤ ਹੋ ਜਾਣਗੇ ਜਿਹੜੇ ਰਾਜਨੀਤਕ ਤਬਦੀਲੀ ਦੀ ਆਸ ਲਾਈ ਬੈਠੇ ਹਨ।

ਉਪਰੋਕਤ ਵਿਚਾਰ ਚਰਚਾ ਤੋਂ ਸ਼ਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਜਿਨ੍ਹਾਂ ਨੇ ਇਸ ਪਾਰਟੀ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ,ਉਹ ਆਪਸ ਵਿਚ ਗੁਥਮ ਗੁਥਾ ਹੋਏ ਪਏ ਹਨ। ਉਨ੍ਹਾਂ ਵਿਚ ਵੀ ਸਥਾਪਤ ਪਾਰਟੀਆਂ ਦੇ ਨੇਤਾਵਾਂ ਦੀ ਤਰ੍ਹਾਂ ਹਓਮੈ ਆ ਗਈ ਹੈ,ਉਹ ਇੱਕ ਦੂਜੇ ਦੀ ਚੜ੍ਹਤ ਨੂੰ ਬਰਦਾਸ਼ਤ ਹੀ ਨਹੀਂ ਕਰ ਰਹੇ। ਇਸ ਵਕਤ ਪਾਰਟੀ ਦੀ ਰਾਜਨੀਤਕ ਅਫ਼ੇਅਰਜ਼ ਕਮੇਟੀ ਵਿਚ ਦੋ ਬਰਾਬਰ ਦੇ ਧੜੇ ਬਣੇ ਹੋਏ ਹਨ,ਜੇਕਰ ਇਨ੍ਹਾਂ ਨੇਤਾਵਾਂ ਨੇ ਆਪਣੀ ਅੜੀ ਨਾ ਛੱਡੀ ਤਾਂ ਖ਼ੂਨ ਪਸੀਨੇ ਨਾਲ ਬਣਾਈ ਇਹ ਪਾਰਟੀ ਖ਼ੇਰੂੰ ਖ਼ੇਰੂ ਹੋ ਜਾਵੇਗੀ ਅਤੇ ਹੋਰਾਂ ਪਾਰਟੀਆਂ ਦੇ ਘਾਗ ਸਿਆਸਤਦਾਨਾ ਦਾ ਮੁੜ ਬੋਲਬਾਲਾ ਹੋ ਜਾਵੇਗਾ ਅਤੇ ਭਰਿਸ਼ਟਾਚਾਰ ਭਾਰਤ ਦੀ ਸਿਆਸਤ ਵਿਚ ਜੜਾਂ ਪੱਕੀਆਂ ਕਰ ਜਾਵੇਗਾ। ਜਿਵੇਂ 1977 ਵਿਚ ਬਣੀ ਜਨਤਾ ਪਾਰਟੀ ਦਾ 1979 ਵਿਚ ਹਸ਼ਰ ਹੋਇਆ ਸੀ ਅਤੇ ਉਸਤੋਂ ਬਾਅਦ ਭਰਿਸ਼ਟਾਚਾਰ ਮੁੜ ਭਾਰੂ ਹੋ ਗਿਆ ਸੀ ,ਹੁਣ ਵੀ ਉਹੀ ਹਸ਼ਰ ਹੋਵੇਗਾ। ਬਾ ਮੁਲਾਹਜ਼ਾ ਹੋ ਹੁਸ਼ਿਆਰ ?
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>